ਤੇਜ਼ ਗਤੀ ਨਾਲ ਚਲਦੀ ਜਿੰਦਗੀ ਨੂੰ ਕੁਝ ਲੋਕ ਹਿੰਦਸਿਆਂ ਦੀ ਮਦਦ ਨਾਲ ਹੀ ਦੇਖਦੇ ਹਨ। ਸਮੁੱਚੀ ਕਾਇਨਾਤ ਨੂੰ ਹਿੰਦਸਿਆਂ ਨਾਲ ਦੇਖਦੇ ਦੇਖਦੇ ਅਜਿਹੇ ਲੋਕ ਫਿਰ ਆਪ ਵੀ ਹਿੰਦਸਾ ਹੀ ਬਣ ਜਾਂਦੇ ਹਨ। ਜਿੰਦਗੀ ਦੀ ਖੂਬਸੂਰਤੀ ਉਨ੍ਹਾਂ ਲਈ ਹਿਸਾਬ ਜਾਂ ਅਲਜੈਬਰੇ ਦਾ ਸਵਾਲ ਬਣ ਜਾਂਦੀ ਹੈੈ। ਉਨ੍ਹਾਂ ਲਈ ਸਖਤ ਮਿਹਨਤ ਕਰਕੇ ਆਪਣੀ ਜਿੰਦਗੀ ਨੂੰ ਮਾਣ ਰਹੇ ਲੋਕਾਂ ਦੀ ਖੂਬਸੂਰਤੀ ਕਈ ਵਾਰ ਜੜ੍ਹਤਾ ਦਾ ਪੱਜ ਬਣ ਜਾਂਦੀ ਹੈੈ।

ਆਧੁਨਿਕ ਕਹੀ ਜਾਂਦੀ ਜਿੰਦਗੀ ਦੀ ਤੋਰ ਨੇ ਸਾਡੇ ਸਮਾਜ ਵਿੱਚ ਅਜਿਹੇ ਧੰਦੇ ਪੈਦਾ ਕਰ ਦਿੱਤੇ ਹਨ ਜਿਨ੍ਹਾਂ ਦਾ ਜੀਵਨ ਦੀ ਪਾਕੀਜ਼ਗੀ ਨਾਲ ਕੋਈ ਨਾਤਾ ਨਹੀ ਹੈੈ। ਸਾਡੇ ਸਮਾਜ ਦੇ ਮੀਡੀਆ ਕਰਮੀ, ਇੰਟੈਲੀਜੈਂਸ ਅਫਸਰ, ਸਿਆਸੀ ਸਲਾਹਕਾਰ (Political Strategist) ਅਤੇ ਰਾਜਸੀ ਵਿਸ਼ਲੇਸ਼ਕ ਅਜਿਹੇ ਬਹੁਤ ਸਾਰੇ ਲੋਕਾਂ ਵਿੱਚ ਸ਼ਾਮਲ ਹਨ ਜੋ ਸਾਡੇ ਲੋਕਾਂ ਦੀ ਕਰੜੀ ਮਿਹਨਤ ਨੂੰ, ਸਾਡੇ ਲੋਕਾਂ ਦੀ ਗੁਰਬਤ ਵਿੱਚ ਮਾਣੀ ਖੁਸ਼ੀ ਨੂੰ ਅਤੇ ਉਨ੍ਹਾਂ ਦੇ ਸੁਪਨੇ ਖਾਹਸ਼ਾਂ ਨੂੰ ਹਿੰਦਸਿਆਂ ਅਤੇ ਡਾਲਰਾਂ ਦੀ ਨਜ਼ਰ ਤੋਂ ਦੇਖਦੇ ਹਨ। ਅਜਿਹਾ ਕਰਦੇ ਕਰਦੇ ਉਹ ਮਾਨਸਿਕ ਅਤੇ ਰੁਹਾਨੀ ਤੌਰ ਤੇ ਏਨੇ ਹੀਣੇ ਹੋ ਜਾਂਦੇ ਹਨ ਕਿ ਅਜਿਹੇ ਜਮ੍ਹਾਂ ਘਟਾਅ ਵਿੱਚੋਂ ਹੀ ਆਪਣੀ ਰੋਜ਼ੀ ਰੋਟੀ ਅਤੇ ਨੌਕਰੀ ਭਾਲਣ ਲੱਗ ਜਾਂਦੇ ਹਨ।

ਵੇਖਣ ਨੂੰ ਉਨ੍ਹਾਂ ਦੇ ਅਹੁਦੇ ਬੇਸ਼ੱਕ ਬਹੁਤ ਵੱਡੇ ਅਤੇ ਸੱਭਿਅਕ ਲਗਦੇ ਹਨ ਪਰ ਉਹ ਲੋਕ ਅੰਦਰੋਂ ਕਿੰਨੇ ਕੰਗਾਲ ਹੁੰਦੇ ਹਨ ਇਹ ਜੀਵਨ ਬਾਰੇ ਵੱਖਰਾ ਨਜ਼ਰੀਆ ਰੱਖਣ ਵਾਲਾ ਕੋਈ ਸ਼ਖਸ਼ ਹੀ ਸਮਝ ਸਕਦਾ ਹੈੈ।

ਪਿਛਲੇ ਦਿਨੀ ਮੈਨੂੰ ਇੱਕ ਅਜਿਹੇ ਸੱਜਣ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਿਲਆ। ਉਹ ਮੁਲਾਕਾਤ ਬਸ ਅਚਾਨਕ ਹੀ ਹੋਈ ਸੀ। ਰਾਹ ਜਾਂਦੇ ਹੀ ਕੋਈ ਸੱਜਣ ਮਿਲ ਪਿਆ ਅਤੇ ਗੱਲੀਂ ਪੈ ਗਿਆ। ਕੁਝ ਸਧਾਰਨ ਗੱਲਾਂ ਤੋਂ ਬਾਅਦ ਫਿਰ ਉਸਨੇ ਮੇਰੇ ਉੱਤੇ ਆਪਣੀ ਵਿਦਵਤਾ ਦਾ ਰੋਅਬ ਝਾੜਨ ਲਈ ਅਤੇ ਆਪਣੇ ਕਥਿਤ ਵੱਡੇ ਅਹੁਦੇ ਦੀ ਦੱਸ ਪਾਉਣ ਲਈ ਅਸਲ ਗੱਲ ਛੇੜ ਲਈ।

ਇਹ ਗੱਲ ਇੰਗਲੈਂਡ ਦੇ ਸੰਘਣੀ ਸਿੱਖ ਵਸੋਂ ਵਾਲੇ ਸ਼ਹਿਰ ਵੁਲਵਰਹੈਂਪਟਨ ਦੀ ਹੈੈ। ਮੈਂ ਆਪਣੇ ਕਿਸੇ ਕੰਮ ਲਈ ਉੱਥੇ ਗਿਆ ਸੀ ਕਿ ਸ਼ਹਿਰ ਦੇ ਕੇਂਦਰ ਵਿੱਚ ਇਹ ਸੱਜਣ ਮਿਲ ਪਿਆ। ਸਰਸਰੀ ਹੈਲੋ-ਹਾਇ ਤੋਂ ਬਾਅਦ ਉਹ ਸੱਜਣ ਆਪਣੀ ਅਸਲ ਗੱਲ ਵੱਲ ਆ ਗਿਆ। ਸ਼ਾਇਦ ਮੈਨੂੰ ਦੇਖਕੇ ਉਹ ਆਪਣੀ ਨਫਰਤ ਬਾਹਰ ਕੱਢਣ ਆਇਆ ਸੀ। ਉਸ ਦਿਨ ਚੰਗਾ ਖਾਸਾ ਮੀਹ ਪੈ ਰਿਹਾ ਸੀ ਅਤੇ ਵੁਲਵਰਹੈਂਪਟਨ ਦੇ ਸ਼ਹਿਰੀ ਕੇਂਦਰ (Town Centre) ਵਿੱਚ ਬਹੁਤੀ ਚਹਿਲ ਪਹਿਲ ਨਹੀ ਸੀ। ਮੀਂਹ ਕਾਰਨ ਬਹੁਤ ਘੱਟ ਲੋਕ ਸ਼ਹਿਰ ਵਿੱਚ ਸਨ, ਪਰ ਚੰਗੇ ਦਿਨਾਂ ਦੌਰਾਨ ਸ਼ਹਿਰ ਵਿੱਚ ਕਾਫੀ ਰੌਣਕ ਰਹਿੰਦੀ ਹੈੈ।

ਉਸ ਦਿਨ ਸ਼ਹਿਰ ਦੇ ਇਕਾਾਂਤ ਨੂੰ ਦੇਖਕੇ ਉਸ ਸੱਜਣ ਨੇ ਗੱਲ ਛੇੜ ਲਈ ਕਿ ਸ਼ਹਿਰ ਵਿੱਚ ਵੀਰਾਨਗੀ ਕਿਉਂ ਹੈੈ। ਮੈਂ ਆਖਿਆ ਕਿ ਮੀਂਹ ਪੈਣ ਕਾਰਨ ਘੱਟ ਲੋਕ ਬਾਹਰ ਨਿਕਲੇ ਹਨ। ਜਦੋਂ ਮੌਸਮ ਸਾਫ ਹੋ ਜਾਵੇਗਾ ਤਾਂ ਠੀਕ ਹੋ ਜਾਵੇਗਾ। ਉਹ ਮੇਰੀ ਗੱਲ ਸੁਣਨ ਤੋ ਪਹਿਲਾਂ ਹੀ ਬੋਲ ਪਿਆ। ਇਸ ਵੀਰਾਨਗੀ ਪਿੱਛੇ ਸਿਰਫ ਮੀਂਹ ਹੀ ਵੱਡਾ ਕਾਰਨ ਨਹੀ ਹੈ ਬਲਕਿ ਕੋਈ ਹੋਰ ਵੀ ਕਾਰਨ ਹਨ। ਉਹ ਸੱਜਣ ਕਿਸੇ ਅਰਬ ਮੁਲਕ ਦਾ ਸੀ, ਨਾਮ ਉਸਨੇ ਆਪਣਾਂ ਮੁਹੰਮਦ ਦੱਸਿਆ ਅਤੇ ਆਪਣੇ ਟੈਲੀਫੋਨ ਤੇ ਉਹ ਜੋ ਵੀਡੀਓਜ਼ ਦੇਖ ਰਿਹਾ ਸੀ ਉਹ ਅਰਬੀ ਭਾਸ਼ਾ ਦੀਆਂ ਸਨ।

ਮੈਨੂੰ ਵੀ ਉਸਦਾ ਜਵਾਬ ਸੁਣਕੇ ਕੁਝ ਉਤਸੁਕਤਾ ਜਾਗੀ, ਕਿ ਮੈਂ ਵੀ ਉਸ ਜਾਣਕਾਰੀ ਨੂੰ ਹਾਸਲ ਕਰਾਂ ਜੋ ਇਹ ਸ਼ਖਸ਼, ਸ਼ਹਿਰ ਦੇ ਇਕਾਂਤ ਬਾਰੇ ਆਖਣ ਲੱਗਾ ਸੀ। ਮੈਂ ਉਸ ਨੂੰ ਪੁਛਿਆ ਕਿ ਕੀ ਕਾਰਨ ਹੋ ਸਕਦੇ ਹਨ, ਇਸ ਸਮੱਸਿਆ ਦੇ? ਉਸਨੇ ਮੇਰੇ ਤੇ ਰੋਅਬ ਪਾਉਣ ਦੇ ਅੰਦਾਜ਼ ਵਿੱਚ ਆਖਿਆ, ਜਦੋਂ ਤੂੰ ਮੇਰੀ ਨੌਕਰੀ ਅਤੇ ਅਹੁਦੇ ਬਾਰੇ ਜਾਣੇਗਾ ਤਾਂ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਕਿੰਨੀ ਵੱਡੀ ਤਸਵੀਰ ਦੇਖ ਸਕਦਾ ਹਾਂ। ਮੈਂ ਥੋੜੀ ਉਸਦੀ ਤਾਰੀਫ ਕਰਕੇ ਗੱਲ ਕਢਵਾਉਣ ਦੀ ਕੀਤੀ।

ਉਸਨੇ ਦੱਸਿਆ ਕਿ ਉਹ ਇੰਗਲੈਂਡ ਦੇ ਸਿਆਸੀ ਲੀਡਰਾਂ ਨੂੰ ਸਲਾਹ ਦੇਣ ਵਾਲਾ ਸ਼ਖਸ਼ ਹੈੈ। ਅੰਗਰੇਜ਼ੀ ਵਿੱਚ ਉਸਨੂੰ Political Strategist ਆਖਦੇ ਹਨ। ਉਸਨੇ ਸ਼ਹਿਰ ਦੇ ਇਕਾਂਤ ਦਾ ਜੋ ਕਾਰਨ ਦੱਸਿਆ ਉਸਨੂੰ ਸੁਣਕੇ ਮੈਨੂੰ ਉਸ ਸ਼ਖਸ਼ ਤੇ ਤਰਸ ਆਉਣ ਲੱਗਾ। ਉਸ ਦੱਸਿਆ ਕਿ ਇਸ ਸ਼ਹਿਰ ਵਿੱਚ ਰਲਵੀਂ ਮਿਲਵੀਂ ਅਬਾਦੀ ਰਹਿੰਦੀ ਹੈੈ। ਖਾਸ ਕਰਕੇ ਭਾਰਤੀ ਪੰਜਾਬੀ ਅਤੇ ਪਾਕਿਸਤਾਨੀ ਪੰਜਾਬੀ। ਇੱਥੋਂ ਦੀ ਕੌਂਸਲ ਵਿੱਚ ਇਨ੍ਹਾਂ ਕੌਮਾਂ ਦੇ ਹੀ ਲੋਕ ਵੱਧ ਗਿਣਤੀ ਵਿੱਚ ਹਨ। ਇਨ੍ਹਾਂ ਲੋਕਾਂ ਦਾ ਇੰਗਲੈਂਡ ਦੀ ਧਰਤੀ ਨਾਲ ਕੋਈ ਮੋਹ ਨਹੀ ਹੈੈ। ਇਹ ਹਾਲੇ ਵੀ ਲਹੌਰ ਅਤੇ ਅੰਮ੍ਰਿਤਸਰ-ਜਲੰਧਰ ਵੱਲ ਹੀ ਦੇਖਦੇ ਹਨ। ਇਹ ਸਮਝਦੇ ਹਨ ਕਿ ਗੋਰਿਆਂ ਨੇ ਸਾਨੂੰ 200 ਸਾਲ ਲੁੱਟਿਆ ਹੈ ਅਤੇ ਹੁਣ ਸਾਡੀ ਵਾਰੀ ਹੈ। ਇਸੇ ਲਈ ਉਹ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਕੋਈ ਯੋਜਨਾ ਨਹੀ ਬਣਾਉਂਦੇ।ਗੋੋਰਿਆਂ ਦੀਆਂ ਕੌਂਸਲਾਂ ਵਾਲੇ ਸ਼ਹਿਰਾਂ ਵਿੱਚ ਰੌਣਕ ਲੱਗੀ ਰਹਿੰਦੀ ਹੈੈ।

ਉਸ ਰਾਜਸੀ ਸਲਾਹਕਾਰ ਨੇ ਜਦੋਂ ਆਪਣੀ ਨਫਰਤ ਮੇਰੇ ਸਾਹਮਣੇ ਉਗਲ ਦਿੱਤੀ ਤਾਂ ਮੈਨੂੰ ਉਸਤੇ ਬਹੁਤ ਤਰਸ ਆਇਆ। ਮੈਨੂੰ ਅਹਿਸਾਸ ਹੋਇਆ ਕਿ ਸਿਸਟਮ ਕਿਵੇਂ ਬੰਦਿਆਂ ਨੂੰ ਅਸੀਲ ਬਣਾ ਲੈਂਦਾ ਹੈੈ। ਕਿਵੇਂ ਉਨ੍ਹਾਂ ਵਿੱਚੋਂ ਜਿੰਦਗੀ ਦੀ ਖੂਬਸੂਰਤੀ ਦਾ ਫੁੱਲ ਮੁਰਝਾ ਦਿੱਤਾ ਜਾਂਦਾ ਹੈੈ। ਕਿਵੇਂ ਜਿੰਦਗੀ ਅਜਿਹੇ ਲੋਕਾਂ ਲਈ ਦੂਣੀ ਦਾ ਪਹਾੜਾ ਬਣ ਜਾਂਦੀ ਹੈੈ। ਮੈਂ ਉਸਨੂੰ ਸਵਾਲ ਕੀਤਾ ਅਤੇ ਫਿਰ ਅਸੀਂ ਉਸ ਸੰਖੇਪ ਮਿਲਣੀ ਤੋਂ ਬਾਅਦ ਆਪਣੇ ਰਾਹ ਪਏ।

ਮੈਂ ਆਖਿਆ ਕਿ ਇਸ ਦੇਸ਼ ਨੂੰ ਚਲਾਉਣ ਵਾਲੇ ਲਗਭਗ 95 ਫੀਸਦੀ ਰਾਜਸੀ ਲੀਡਰ ਗੋਰੇ ਹਨ। ਫਿਰ ਕਿਉਂ ਇਹ ਮੁਲਕ ਅਤੇ ਬਹੁਤ ਸਾਰੇ ਯੂਰਪੀ ਮੁਲਕ ਲਗਾਤਾਰ ਆਰਥਕ ਤੰਗੀ ਵਿੱਚ ਫਸਦੇ ਜਾ ਰਹੇ ਹਨ। ਕਿਉਂ ਇੱਥੇ ਵਸਣ ਵਾਲੀ ਗਰੀਬ ਜਨਤਾ ਬਹੁਤ ਨਿਤਾਣਾਂ ਜੀਵਨ ਜੀਓ ਰਹੀ ਹੈੈ। ਕਿਉਂ ਨੌਜਵਾਨੀ ਦਾ ਵੱਡਾ ਹਿੱਸਾ ਸ਼ਰਾਬ ਅਤੇ ਫੁੱਟਬਾਲ ਤੋਂ ਬਿਨਾ ਕੁਝ ਵੀ ਨਹੀ ਜਾਣਦਾ।ਪੜ੍ਹਾਈ ਦੇ ਏਨੇ ਮੌਕੇ ਹੋਣ ਦੇ ਬਾਵਜੂਦ ਵੀ ਕਿਉਂ ਵੱਡੀ ਗਿਣਤੀ ਵਿੱਚ ਨੌਜਵਾਨ ਯੂਨੀਵਰਸਿਟੀਆਂ ਵਿੱਚ ਨਹੀ ਜਾਂਦੇ। ਕਿਉਂ ਹਰ ਸਾਲ ਯੂਨੀਵਰਸਿਟੀਆਂ ਦੀਆਂ ਹਜਾਰਾਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ।

ਪਰ ਉਹ ਆਪਣੀ ਦੁਨੀਆਂ ਵਿੱਚ ਮਸਤ ਸੀ। ਉਹ ਆਪਣੇ ਸਿਆਸੀ ਨੇਤਾਵਾਂ ਨੂੰ ਉਹ ਜਾਣਕਾਰੀ ਹੀ ਦੇ ਰਿਹਾ ਸੀ ਜਿਹੋ ਜਿਹੀ ਜਾਣਕਾਰੀ ਗੋਰੇ ਸਿਆਸਤਦਾਨ ਸੁਣਨਾ ਪਸੰਦ ਕਰਦੇ ਹਨ। ਉਹ ਨਹੀ ਚਾਹੁੰਦੇ ਕਿ ਕੋਈ ਉਨ੍ਹਾਂ ਦੀ ਅਸਫਲਤਾ ਦੀ ਬਾਤ ਪਾਵੇ, ਬਲਕਿ ਉਹ ਹਰ ਅਸਫਲਤਾ ਦਾ ਭਾਂਡਾ ਘੱਟ-ਗਿਣਤੀਆਂ ਸਿਰ ਭੰਨਣ ਦੇ ਆਦੀ ਹੋ ਗਏ ਹਨ।

ਇਸ ਮਹੌਲ ਵਿੱਚ ਫਿਰ ਹਿੰਦਿਆਂ ਦੀ ਮਜ਼ਦੂਰੀ ਕਰਨ ਵਾਲੇ ਅਜਿਹੇ ਸੱਜਣ ਪੈਦਾ ਹੁੰਦੇ ਹਨ ਜਿਹੋ ਜਿਹਾ ਇੱਕ ਸ਼ਖਸ਼ ਮੈਨੂੰ ਮਿਿਲਆਅਤੇ ਉਸਨੇ ਆਪਣੇ ‘ਬਹੁਤ ਹੀ ਕੀਮਤੀ ਤਜ਼ਰਬੇ’ ਮੇਰੇ ਨਾਲ ਸਾਂਝੇ ਕੀਤੇ।