ਭਾਰਤ ਵਿੱਚ ਰਾਜਨੀਤੀ ਇੱਕ ਧੰਦਾ ਬਣ ਗਈ ਹੈ। ਇਸ ਦਾ ਮਕਸਦ ਜਾਂ ਨਿਸ਼ਾਨਾ ਹੁਣ ਸਮਾਜ ਅਤੇ ਦੇਸ਼ ਲਈ ਸੁਹਿਰਦ ਨੀਤੀਆਂ ਬਣਾਉਣਾਂ ਨਹੀ ਰਿਹਾ ਬਲਕਿ, ਰਾਜਨੀਤੀ ਵਿੱਚ ਆ ਕੇ ਆਪਣਾਂ ਨਿੱਜੀ ਕਾਰੋਬਾਰ ਖੜ੍ਹਾ ਕਰਨਾ ਅਤੇ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਮਾਇਆ ਦੇ ਅੰਬਾਰ ਲਾਉਣ ਦਾ ਬਣ ਗਿਆ ਹੈ। ਭਾਰਤ ਦੇ ਅਜ਼ਾਦ ਹੋਣ ਤੋਂ ਇੱਕਦਮ ਬਾਅਦ ਦੇਸ਼ ਦੀ ਰਾਜਨੀਤੀ ਵਿੱਚ ਇਹ ਅਲਾਮਤ ਪਸਰਨੀ ਸ਼ੁਰੂ ਹੋ ਗਈ ਸੀ। ਜਿਹੜੇ ਲੋਕ ਇਸ ਧੰਦੇ ਵਿੱਚ ਆਏ ਉਨ੍ਹਾਂ ਨੇ ਅੰਗਰੇਜ਼ਾਂ ਤੋਂ ਤਾਜ਼ੇ ਤਾਜ਼ੇ ਮੁਕਤ ਹੋਏ ਦੇਸ਼ ਦੇ ਸਰਕਾਰੀ ਪੈਸੇ ਨੂੰ ਲੁੱਟਣਾਂ ਹੀ ਆਪਣਾਂ ਨਿਸ਼ਾਨਾ ਬਣਾ ਲਿਆ। ਪੰਡਤ ਨਹਿਰੂ ਨੇ ਕਾਫੀ ਕੋਸ਼ਿਸ਼ ਕੀਤੀ ਕਿ ਮੁਲਕ ਨੂੰ ਕਿਸੇ ਢੰਗ ਨਾਲ ਦੁਨੀਆਂ ਦੇ ਮੰਚ ਤੇ ਖੜ੍ਹਾ ਕੀਤਾ ਜਾਵੇ ਪਰ ਉਨ੍ਹਾਂ ਦੇ ਨਾਲ ਜੋ ਵੀ ਲੋਕ ਸਨ ਉ੍ਹਹ ਸਿਰਫ ਧੰਦਾ ਕਰਨ ਆਏ ਸਨ।

ਹੌਲੀ ਹੌਲੀ ਰਾਜਨੇਤਾਵਾਂ ਦਾ ਲਾਲਚ ਵਧਦਾ ਚਲਾ ਗਿਆ। ਸਰਕਾਰੀ ਯੋਜਨਾਵਾਂ ਦਾ ਪੈਸਾ ਹੜੱਪਣਾਂ ਅਤੇ ਗੈਰਕਨੂੰਨੀ ਕੰਮ ਕਰਨੇ ਰਾਜਨੀਤੀਵਾਨਾਂ ਦਾ ਇੱਕੋ ਇੱਕ ਮਕਸਦ ਬਣ ਗਿਆ। ਭਰਿਸ਼ਟਚਾਰ ਨੂੰ ਰੋਕਣ ਲਈ ਕੋਈ ਕਾਰਗਰ ਕਨੂੰਨੀ ਪਰਬੰਧ ਨਾ ਹੋਣ ਕਾਰਨ ਹੁਣ ਇਹ ਵਪਾਰ ਏਨਾ ਕਰੂਪ ਹੋ ਗਿਆ ਹੈ ਕਿ ਹੁਣ ਦੇਸ਼ ਦਾ ਕੋਈ ਵੀ ਰਾਜਨੇਤਾ ਸ਼ਾਲੀਨ ਜਾਂ ਸੱਭਿਅਕ ਨਜ਼ਰ ਨਹੀ ਆਉਂਦਾ। ਸਾਰੇ ਹੀ       ਨਜ਼ਰ ਆਉਂਦੇ ਹਨ। ਕਿਸੇ ਕੋਲ ਕੋਈ ਸਮਝ ਨਹੀ ਹੈ ਕਿ ਮੁਲਕ ਦੀ ਆਰਥਿਕਤਾ ਨੂੰ ਕਿਵੇਂ ਮਜਬੂਤ ਰੱਖਣਾਂ ਹੈ, ਖੇਤੀ ਅਤੇ ਸਨਅਤ ਦੇ ਮਾਡਲ ਨੂੰ ਰੋਜ਼ਗਾਰ ਮੁਖੀ ਕਿਵੇਂ ਬਣਾਉਣਾਂ ਹੈ, ਲੋਕਾਂ ਦਾ ਜੀਵਨ ਪੱਧਰ ਕਿਵੇਂ ਉੱਚਾ ਚੁੱਕਣਾਂ ਹੈ, ਸਿਹਤ ਅਤੇ ਸਿੱਖਿਆ ਨੂੰ ਹਰ ਨਾਗਰਿਕ ਤੱਕ ਕਿਵੇਂ ਪਹੁੰਚਾਉਣਾਂ ਹੈ।

ਬਸ ਇੱਕ ਦੌੜ ਲੱਗੀ ਹੈ ਆਪਣੇ ਆਪ ਨੂੰ ਵੱਡਾ       ਸਾਬਤ ਕਰਨ ਦੀ। ਰਾਜਨੀਤੀ ਦਾ ਸਹਾਰਾ ਲੈਕੇ ਮਾਇਆ ਦੇ ਅੰਬਾਰ ਲਗਾਉਣ ਦੀ। ਦੇਸ਼ ਦੀ ਰਾਜਨੀਤੀ ਵਿੱਚ ਜਿਹੜੇ ਲੋਕ ਆ ਰਹੇ ਹਨ ਉਨ੍ਹਾਂ ਵਿੱਚੋਂ 95ਫੀਸਦੀ ਕੋਲ ਕੋਈ ਸਧਾਰਨ ਨੌਕਰੀ ਕਰਨ ਜੋਗੀ ਵੀ ਕਾਬਲੀਅਤ ਨਹੀ ਹੈ। ਉਹ ਆਪਣੇ ਦਮ ਤੇ ਕਿਸੇ ਮਹਿਕਮੇ ਵਿੱਚ ਜਾਂ ਕਿਸੇ ਕੰਪਨੀ ਵਿੱਚ ਛੋਟੀ ਮੋਟੀ ਨੌਕਰੀ ਵੀ ਹਾਸਲ ਨਹੀ ਕਰ ਸਕਦੇ। ਪਰ ਦੁਖਾਂਤ ਇਹ ਹੈ ਕਿ ਉਹ ਦੇਸ਼ ਦੇ ਰਾਜਨੇਤਾ ਬਣੇ ਬੈਠੇ ਹਨ।

ਜੇ ਕਿਸੇ ਦੇਸ਼ ਦੇ 95 ਫੀਸਦੀ ਰਾਜਨੇਤਾ ਆਪਣੀਆਂ ਜਿੰਮੇਵਾਰੀਆਂ ਨੂੰ ਨਿਭਾਉਣ ਦੀ ਕਾਬਲੀਅਤ ਨਹੀ ਰੱਖਦੇ ਉਹ ਦੇਸ਼ ਕਦੋਂ ਤੱਕ ਇੱਕ ਸੰਗਠਤ ਦੇਸ਼ ਦੇ ਤੌਰ ਤੇ ਅੱਗੇ ਵਧ ਸਕੇਗਾ? ਕੀ 5 ਫੀਸਦੀ ਰਾਜਨੇਤਾ ਅਤੇ ਕੁਝ ਅਫਸਰਸ਼ਾਹੀ ਭਾਰਤ ਨੂੰ ਅਗਲੇ ਦਹਾਕਿਆਂ ਤੱਕ ਕਿਸੇ ਵਿਕਸਤ ਮੁਲਕ ਦੇ ਬਰਾਬਰ ਖੜ੍ਹਾ ਕਰ ਸਕਦੇ ਹਨ? ਕੀ ਕਿਸੇ ਰਾਜਨੇਤਾ ਦੇ ਮਨ ਮਸਤਕ ਵਿੱਚ ਉਹ ਸੁਪਨਾ ਅਤੇ ਸ਼ਕਤੀ ਹੈ ਜਿਸ ਨਾਲ ਉਹ ਮੁਲਕ ਦੀ ਵਿਗੜੀ ਤਕਦੀਰ ਬਦਲ ਸਕਣ? ਦੇਸ਼ ਦੀ ਲਗਭਗ 50 ਫੀਸਦੀ ਅਬਾਦੀ ਭੁੱਖੇ ਢਿੱਡ ਸੌਂਦੀ ਹੈ। 30 ਫੀਸਦੀ ਬੱਚੇ ਸਕੂਲ ਹੀ ਨਹੀ ਜਾ ਸਕਦੇ। 50 ਫੀਸਦੀ ਬੱਚੇ ਉੱਚ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਪੰਜਾਬ ਤੋ ਬਾਹਰ ਸਮੁੱਚੇ ਭਾਰਤ ਵਿੱਚ ਕੁਪੋਸ਼ਣ ਦਾ ਸ਼ਿਕਾਰ ਔਰਤਾਂ ਭਾਰੇ ਕੰਮ ਕਰਨ ਲਈ ਮਜਬੂਰ ਹਨ। ਹੱਡੀਆਂ ਦੀ ਮੁੱਠ ਬਣੀਆਂ ਔਰਤਾਂ ਅਸੀਂ ਟਰੱਕਾਂ ਦੇ ਟਰੱਕ ਕੋਲੇ ਦੇ ਕਹੀਆਂ ਨਾਲ ਖਾਲੀ ਕਰਦੀਆਂ ਦੇਖੀਆਂ ਹਨ।

ਕਿਸੇ ਕੋਲ ਵਿਹਲ ਨਹੀ ਹੈ ਉਸ ਭਾਰਤ ਦੀ ਤਕਦੀਰ ਬਦਲਣ ਦੀ ਜੋ ਸਦੀਆਂ ਤੋਂ ਜੁਲਮ ਸਹਿ ਰਿਹਾ ਹੈ। ਇਹ ਹਾਲਤ ਇਸੇ ਲਈ ਪੈਦਾ ਹੁੰਦੇ ਹਨ ਕਿ ਦੇਸ਼ ਦੀ ਸਿਆਸੀ ਜਮਾਤ ਆਪਣੇ ਕੰਮ ਦੀ ਕਾਬਲੀਅਤ ਨਹੀ ਰੱਖਦੀ। ਸਿਰਫ ਗੁੰਡਾਗਰਦੀ ਕਰਨਾ ਜਾਣਦੀ ਹੈ।

ਵਿਦੇਸ਼ ਵਿੱਚ ਹਰ ਸਰਕਾਰ ਕੋਲ ਪਹਿਲਾਂ ਤਾਂ ਏਨੇ ਕਾਬਲ ਅਤੇ ਉੱਚ ਸਿਖਿਆ ਪ੍ਰਾਪਤ ਮੰਤਰੀ ਜਾਂ ਮੈਂਬਰ ਪਾਰਲੀਮੈਂਟ ਹਨ ਉਸਤੋਂ ਬਾਅਦ ਉਨ੍ਹਾਂ ਕੋਲ ਅਣਗਿਣਤ ਯੋਜਨਾਘਾੜੇ (ਥਿੰਕ ਟੈਂਕ) ਹਨ ਜਿਹੜੇ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਅਤੇ ਉਨ੍ਹਾਂ ਦੇ ਹੱਲ ਬਾਰੇ ਯੋਜਨਾਬੰਦੀ ਕਰਦੇ ਹਨ। ਪਰ ਭਾਰਤੀ ਸਿਆਸੀ ਸਿਸਟਮ ਇਨ੍ਹਾਂ ਦੋਹਾਂ ਖੂਬੀਆਂ ਤੋਂ ਸੱਖਣਾਂ ਹੈ। ਅਫਸਰਸ਼ਾਹੀ ਆਪਣੀ ਜੇਬ ਦੇਖਕੇ ਜਿਹੜੀਆਂ ਯੋਜਨਾਵਾਂ ਬਣਾਉਂਦੀ ਹੈ ਉਨ੍ਹਾਂ ਨੂੰ ਹੀ ਨਾਕਾਬਲ ਸਿਆਸੀ ਨੇਤਾ ਮਨਜੂਰ ਕਰ ਦਿੰਦੇ ਹਨ। ਇਹ ਨਾਕਾਬਲੀਅਤ ਦੇਸ਼ ਨੂੰ ਤੇਜ਼ੀ ਨਾਲ ਡੁਬੋ ਰਹੀ ਹੈ ਜੇ ਇਹ ਪਰਵਿਰਤੀ ਨਾ ਠੱਲ੍ਹੀ ਗਈ ਤਾਂ ਦੇਸ਼ ਸਾਹਮਣੇ ਵੱਡੇ ਸੰਕਟ ਆ ਸਕਦੇ ਹਨ।

ਇਹ ਧੰਦੇ ਦੀ ਰਾਜਨੀਤੀ ਦਾ ਹੀ ਮੁਜਾਹਰਾ ਹੈ ਕਿ ਇਸ ਵਾਰ ਪਾਰਟੀ ਟਿਕਟ ਨਾ ਮਿਲਣ ਤੇ ਨੇਤਾਵਾਂ ਦੇ ਪਰਵਾਰ ਵਾਲੇ ਭੁੱਬਾਂ ਮਾਰ ਮਾਰਕੇ ਰੋਂਦੇ ਦੇਖੇ ਗਏ ਹਨ। ਇੱਕ ਹੋਰ ਵੱਡੀ ਗੱਲ ਕਿ ਸਿਆਸਤ ਦਾ ਇਹ ਲੋਭ ਏਨਾ ਵਧ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਤਾ ਹੈ ਕਿ ਮੈਂ ਜਿੱਤਣਾਂ ਵੀ ਨਹੀ ਹੈ ਉਹ ਵੀ ਕਿਸੇ ਨਾ ਕਿਸੇ ਢੰਗ ਨਾਲ ਕਿਸੇ ਵੀ ਪਾਰਟੀ ਤੋਂ ਟਿਕਟ ਲੈਣ ਲਈ ਜਰੂਰ ਉਤਾਵਲਾ ਹੈ।

ਧੰਦੇ ਦੀ ਇਹ ਰਾਜਨੀਤੀ ਦੇਸ਼ ਦੇ ਵਿਕਾਸ ਲਈ ਖਤਰਨਾਕ ਸਿੱਧ ਹੋਵੇਗੀ।