ਸਿੱਖ ਤਖਤਾਂ ਦੇ ਜਥੇਦਾਰਾਂ ਦਾ ਕੌਮ ਵਿੱਚ ਵੱਡਾ ਸਤਕਾਰ ਰਿਹਾ ਹੈ ਅਤੇ ਰਹੇਗਾ ਵੀ।ਸਿੱਖ ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਬਾਅਦ ਸਿੱਖ, ਤਖਤ ਸਾਹਿਬਾਨ ਦੇ ਜਥੇਦਾਰਾਂ ਦਾ ਹੀ ਸਤਕਾਰ ਕਰਦੇ ਹਨ। ਇਸ ਵੱਡੀ ਅਤੇ ਸਤਿਕਾਰਯੋਗ ਪਦਵੀ ਤੇ ਬੈਠੀਆਂ ਸ਼ਖਸ਼ੀਅਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਣ ਸਤਕਾਰ ਨੂੰ ਕਾਇਮ ਰੱਖਣ ਵਾਲੀਆਂ ਕਾਰਵਾਈਆਂ ਹੀ ਕਰਨ। ਇਸ ਵੇਲੇ ਸਿੱਖ ਤਖਤ ਸਾਹਿਬਾਨ ਦੇ ਜਥੇਦਾਰਾਂ ਅਤੇ ਕੁਝ ਹੋਰ ਧਾਰਮਕ ਸ਼ਖਸ਼ੀਅਤਾਂ ਦੀ ਕਾਰਗੁਜ਼ਾਰੀ ਤੇ ਸੁਆਲ ਉਠ ਰਹੇ ਹਨ।

ਇਸ ਵਾਰ ਸੁਆਲ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫਿਲਮ ਬਣਾਉਣ ਵਾਲੇ ਇੱਕ ਅਜਿਹੇ ਸ਼ਖਸ਼ ਨੂੰ ਦਿੱਤੇ ਥਾਪੜੇ ਬਾਰੇ ਉਠ ਰਹੇ ਹਨ ਜੋ ਸਿੱਖ ਧਰਮ ਦੇ ਮੂਲ ਸਿਧਾਂਤਾਂ ਨਾਲ ਹੀ ਖਿਲਵਾੜ ਕਰ ਰਿਹਾ ਹੈ। ਮੂਰਤੀ ਪੂਜਾ ਦੀ ਸਿੱਖ ਕੌਮ ਵਿੱਚ ਪੂਰੀ ਤਰ੍ਹਾਂ ਮਨਾਹੀ ਹੈ, ਪਰ ਉਸ ਸ਼ਖਸ਼ ਨੇ ਗੁਰੂ ਸਿਧਾਂਤ ਤੋਂ ਬੇਮੁਖ ਹੋਕੇ ਫਿਲਮ ਦੇ ਨਾਅ ਤੇ ਆਧੁਨਿਕ ਮੂਰਤੀ ਪੂਜਾ ਦੀ ਰਵਾਇਤ ਚਲਾਉਣ ਦੀ ਕੋਸ਼ਿਸ਼ ਕੀਤੀ। ਖਤਰਨਾਕ ਗੱਲ ਇਹ ਹੋਈ ਕਿ ਉਹ ਚਾਲਬਾਜ ਕਿਸਮ ਦਾ ਆਦਮੀ, ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਗੁੰਮਰਾਹ ਕਰਨ ਵਿੱਚ ਸਫਲ ਹੋ ਗਿਆ। ਝੂਠੀਆਂ ਸੱਚੀਆਂ ਗੱਲਾਂ ਕਰਕੇ ਉਸਨੇ ਤਖਤ ਸਾਹਿਬਾਨ ਦੇ ਜਥੇਦਾਰਾਂ ਤੋਂ ਵੀ ਸਹਿਮਤੀ ਵਾਲਾ ਪੱਤਰ ਲੈ ਲਿਆ। ਇਸ ਪੱਤਰ ਬਾਰ ਹੁਣ ਪੰਥਕ ਸੱਥ ਵਿੱਚ ਜਥੇਦਾਰਾਂ ਦੀ ਕਾਰਗੁਜ਼ਾਰੀ ਬਾਰੇ ਸੁਆਲ ਉਠ ਰਹੇ ਹਨ।

ਇਸ ਤੋਂ ਪਹਿਲਾਂ ਇੱਕ ਵਿਵਾਦਗ੍ਰਸਤ ਡੇਰੇ ਦੇ ਮੁਖੀ ਨੂੰ ਮੁਆਫੀ ਦੇਣ ਦੇ ਸੁਆਲ ਤੇ ਜਥੇਦਾਰਾਂ ਦੀ ਕਾਰਗੁਜ਼ਾਰੀ ਬਾਰੇ ਸ਼ੱਕੇ ਪੈਦਾ ਹੋਏ ਸਨ ਅਤੇ ਸਿੱਖ ਕੌਮ ਨੇ ਇਨ੍ਹਾਂ ਸਤਿਕਾਰਯੋਗ ਸ਼ਖਸ਼ੀਅਤਾਂ ਨੂੰ ਇੱਕ ਤਰ੍ਹਾਂ ਨਕਾਰ ਹੀ ਦਿੱਤਾ ਸੀ।

ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ੧੯੯੯ ਦੀ ਵਿਸਾਖੀ ਤੋਂ ਪਹਿਲਾਂ ਅਰੰਭ ਹੋਇਆ ਇਹ ਸਿਧਾਂਤਕ ਖੋਰਾ ਇਸ ਵੇਲੇ ਬਹੁਤ ਜਿਆਦਾ ਵਧ ਗਿਆ ਹੈ। ਤਖਤ ਸਾਹਿਬ ਦੇ ਜਥੇਦਾਰਾਂ ਦਾ ਰੁਤਬਾ ਸਾਰੀਆਂ ਬਾਦਸ਼ਾਹੀਆਂ ਤੋਂ ਵੱਡਾ ਅਤੇ ਨਿਆਰਾ ਹੈ। ਸਿਧਾਂਤਕ ਤੌਰ ਤੇ ਤਖਤ ਸਾਹਿਬਾਨ ਦੇ ਜਥੇਦਾਰ ਕਿਸੇ ਬਾਦਸ਼ਾਹੀ ਅੱਗੇ ਜੁਆਬਦੇਹ ਨਹੀ ਹਨ। ਪਰ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਇਹ ਸਤਿਕਾਰਯੋਗ ਸ਼ਖਸ਼ੀਆਂ ਕੁਝ ਨੀਵੇਂ ਕਿਸਮ ਦੇ ਰਾਜਸੀ ਨੇਤਾਵਾਂ ਦੇ ਹੁਕਮਾਂ ਤੇ ਫੁੱਲ ਚੜ੍ਹਾਉਂਦੀਆਂ-ਚੜ੍ਹਾਉਂਦੀਆਂ ਆਪਣੀ ਅਸਲ ਤਾਕਤ ਅਤੇ ਨਿਆਰੇਪਣ ਨੂੰ ਹੀ ਭੁੱਲ ਬੈਠੀਆਂ ਹਨ।

ਹੁਣ ਅਕਾਲ ਤਖਤ ਸਾਹਿਬ ਤੋਂ ਆਇਆ ਹਰ ਹੁਕਮ ਚੰਡੀਗੜ੍ਹ ਵਿੱਚ ਬੈਠੇ ਇੱਕ ਸਿਆਸਤਦਾਨ ਦੀ ਗੰਦੀ ਖੇਡ ਤੋਂ ਵੱਧ ਕੁਝ ਨਹੀ ਲਗਦਾ। ਉਸ ਹੁਕਮ ਵਿੱਚ ਗੁਰਬਾਣੀ ਦੇ ਰੰਗ ਵੀ ਨਹੀ ਹੁੰਦੇ ਅਤੇ ਸਿੱਖ ਧਰਮ ਦੀ ਰੁਹਾਨੀ ਉਚਤਾ ਵੀ ਨਹੀ ਹੁੰਦੀ ਇਸੇ ਲਈ ਖਾਲਸਾ ਪੰਥ ਅਜਿਹੇ ਨਕਲੀ ਹੁਕਮਾਂ ਦੀ ਪਰਵਾਹ ਕਰਨੋਂ ਹਟ ਗਿਆ ਹੈ।

ਸਿੱਖ ਤਖਤ ਸਾਹਿਬਾਨ ਦੇ ਜਥੇਦਾਰ ਇਸ ਵੇਲੇ ਵਿਸ਼ਵਾਸ਼ ਦੇ ਸੰਕਟ ਦਾ ਸ਼ਿਕਾਰ ਹਨ। ਕੌਮ ਵਿੱਚੋਂ ਉਨ੍ਹਾਂ ਦਾ ਵਿਸ਼ਵਾਸ਼ ਖਤਮ ਹੋ ਰਿਹਾ ਹੈ। ਅਸੀਂ ਸਮਝਦੇ ਹਾਂ ਕਿ ਜਥੇਦਾਰ ਸਾਹਿਬਾਨ ਨੂੰ ਇਸ ਵਿਸ਼ਵਾਸ਼ ਦ ਸੰਕਟ ਨੂੰ ਮੁੜ ਤੋਂ ਬਹਾਲ ਕਰਨ ਲਈ ਕੁਝ ਅਜਿਹਾ ਕਰਨਾ ਚਾਹੀਦਾ ਹੈ ਜਿਸ ਨਾਲ ਉਹ ਸਿਆਸਤਦਾਨਾਂ ਵੱਲ਼ੋਂ ਉਨ੍ਹਾਂ ਦੇ ਪੈਰਾਂ ਵਿੱਚ ਪਾਈਆਂ ਬੇੜੀਆਂ ਨੂੰ ਵੀ ਤੋੜ ਸਕਣ ਅਤੇ ਕੌਮ ਦੀ ਹਿੱਤ ਵਿੱਚ ਖੜ੍ਹਨ ਦਾ ਸੱਚਾ ਕਾਰਜ ਵੀ ਕਰ ਸਕਣ।

ਅਜਿਹਾ ਵਿਸ਼ਵਾਸ਼ ਬਹਾਲ ਕਰਵਾਉਣ ਲਈ ਪੰਜੇ ਤਖਤਾਂ ਦੇ ਜਥੇਦਾਰਾਂ ਨੂੰ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਮੋਰਚਾ ਅਰੰਭ ਕਰ ਦੇਣਾਂ ਚਾਹੀਦਾ ਹੈ। ਸਿਆਸਤਦਾਨਾਂ ਦੇ ਹੁਕਮਾਂ ਨੂੰ ਦਰ-ਕਿਨਾਰ ਕਰਕੇ ਅਤੇ ਆਪਣੇ ਪਰਿਵਾਰਕ ਨਫੇ ਨੁਕਸਾਨਾਂ ਨੂੰ ਭੁੱਲ ਕੇ, ਜੇਕਰ ਜਥੇਦਾਰ ਸਾਹਿਬਾਨ ਇਸ ਸੱਚੀ ਸੁੱਚੀ ਸਰਗਰਮੀ ਨੂੰ ਅਰੰਭ ਕਰ ਲੈਣ ਤਾਂ ਸਾਡਾ ਮੰਨਣਾਂ ਹੈ ਕਿ ਸਮੁੱਚੀ ਸਿੱਖ ਕੌਮ ਸਾਰ ਪਿਛਲੇ ਗਲਤ ਕੰਮ ਭੁੱਲ ਕੇ ਉਨ੍ਹਾਂ ਦੇ ਨਾਲ ਆ ਖੜ੍ਹੇਗੀ। ਇਸ ਨਾਲ ਸਿੱਖ ਕੌਮ ਵਿੱਚ ਏਕਾ ਵੀ ਬਹਾਲ ਹੋਵੇਗਾ ਜੋ ਸਮੇਂ ਦੀਆਂ ਸਰਕਾਰਾਂ ਨਹੀ ਚਾਹੁੰਦੀਆਂ। ਇਸ ਨਾਲ ਇੱਕ ਤਾਂ ਸਿੱਖ ਬੰਦੀਆਂ ਦੀ ਰਿਹਾਈ ਲਈ ਰਾਹ ਪੱਧਰਾ ਹੋ ਜਾਵੇਗਾ ਅਤੇ ਕੌਮ ਵਿੱਚ ਏਕਤਾ ਵੀ ਹੋ ਜਾਵੇਗੀ।