ਪੰਜਾਬ ਵਿੱਚ ਪਿਛਲੇ ਸਾਲ ਜੂਨ ਮਹੀਨੇ ਤੋਂ ਸ਼ੁਰੂ ਹੋਈ ਗੁਰੂ ਗ੍ਰੰਥ ਪ੍ਰਤੀ ਨਿਰਾਦਰੀ ਦੀਆਂ ਘਟਨਾਵਾਂ ਤੋਂ ਬਾਅਦ ਅੱਜ ਤੱਕ ਦਸ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆਂ ਹੈ ਪਰ ਇਹ ਘਟਨਾਵਾਂ ਦਿਨ ਪ੍ਰਤੀ ਦਿਨ ਪੰਜਾਬ ਅੰਦਰ ਜੋ ਕਿ ਸਿੱਖ ਵਸੋਂ ਵਾਲਾ ਸੂਬਾ ਹੈ, ਅੰਦਰ ਵਧਦੀਆਂ ਹੀ ਜਾ ਰਹੀਆਂ ਹਨ। ਇਸ ਤਰਾਂ ਗੁਰਬਾਣੀ ਅਤੇ ਗੁਰੂ ਸਾਹਿਬ ਦਾ ਚੱਲ ਰਿਹਾ ਘਾਣ ਅੱਜ ਪੰਜਾਬ ਦੇ ਥਾਂ-ਥਾਂ ਤੇ ਪਿੰਡਾ ਵਿੱਚ ਖਿੱਲਰੇ ਹੋਏ ਗੁਰਬਾਣੀ ਦੇ ਪੱਤਰੇ ਸੂਬਾ ਸਰਕਾਰ ਲਈ ਅਤੇ ਸਿੱਖਾਂ ਲਈ ਇੱਕ ਬਹੁਤ ਹੀ ਦੁਖਦਾਈ ਅਤੇ ਮਾਨਸਿਕਤਾ ਦੇ ਤੌਰ ਤੇ ਬੜੀ ਵੱਡੀ ਘਟਨਾ ਹੈ। ਸੂਬਾ ਸਰਕਾਰ ਵੱਲੋਂ ਭਾਵੇਂ ਬਰਗਾੜੀ ਵਿੱਚ ਹੋਈ ਪਹਿਲੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਕੇਂਦਰੀ ਜਾਂਚ ਏਜੰਸੀ ਨੂੰ ਵੀ ਸੋਪਿਆ ਹੈ ਤੇ ਇਸਦੇ ਨਾਲ ਵੱਡੀ ਰਕਮ ਇੱਕ ਕਰੋੜ ਰੁਪਿਆ ਸੂਚਨਾ ਦੇਣ ਵਾਲੇ ਲਈ ਇਨਾਮ ਵੀ ਰੱਖਿਆ ਹੈ ਪਰ ਅੱਜ ਤੱਕ ਇਸ ਬੇਦਅਬੀ ਕਰਨ ਵਾਲੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਇਹਨਾਂ ਘਟਨਾਵਾਂ ਪਿਛਲੇ ਲੋਕਾਂ ਦਾ ਅਤੇ ਉਨਾਂ ਦੇ ਮਕਸਦ ਵੀ ਪਤਾ ਨਹੀਂ ਲੱਗ ਸਕਿਆ। ਅੱਜ ਪੰਜਾਬ ਸੂਬਾ ਬਰਗਾੜੀ ਕਾਂਡ ਤੋਂ ਬਾਅਦ ਦੀ ਉਠੀ ਪੀੜ ਅਤੇ ਦੋ ਨਿਹੱਥੇ ਸਿੰਘਾਂ ਦੀ ਸ਼ਹੀਦੀ ਜੋ ਕਿ ਸਾਂਤਮਈ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਰਕਾਰ ਕੋਲੋਂ ਸੰਗਤ ਵਿੱਚ ਬੈਠ ਕੇ ਜਵਾਬ ਮੰਗ ਰਹੇ ਸਨ, ਉਸਦਾ ਵੀ ਅੱਜ ਤੱਕ ਸੂਬਾ ਸਰਕਾਰ ਜਵਾਬ ਨਹੀਂ ਦੇ ਸਕੀ ਤੇ ਨਾ ਹੀ ਕਿਸੇ ਦੋਸ਼ੀ ਨੂੰ ਫੜ ਸਕੀ ਹੈ।

ਇਸ ਬਰਗਾੜੀ ਘਟਨਾ ਤੋਂ ਬਾਅਦ ਸਿੱਖਾਂ ਵਿੱਚ ਉਠੇ ਰੋਸ ਨੇ ਚੱਬੇ ਪਿੰਡ ਵਿੱਚ ਜਾ ਕੇ ਲੱਖਾਂ ਦੀ ਤਾਦਾਦ ਵਿੱਚ ਇੱਕਠੇ ਹੋ ਕਿ ਤੀਹ ਸਾਲਾਂ ਬਾਅਦ ਇੱਕ ਪੰਥਕ ਇੱਕਠ ਦੇ ਰੂਪ ਵਿੱਚ ਆਪ ਮੁਹਾਰੇ ਰੋਸ ਪ੍ਰਗਟਾਉਣ ਲਈ ਇੱਕਤਰਤਾ ਕੀਤੀ ਸੀ। ਪਰ ਹਮੇਸਾਂ ਵਾਂਗ ਸਿੱਖਾਂ ਦੀਆਂ ਭਾਵਨਾਵਾਂ ਨਾਲ ਜਿਸ ਤਰਾਂ ਦਾ ਖਿਲਵਾੜ ਸਦਾ ਹੁੰਦਾ ਆਇਆ ਹੈ ਉਸੇ ਤਰਾਂ ਚੱਬੇ ਦੇ ਪੰਥਕ ਇੱਕਠ ਨੂੰ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀਆਂ ਧਿਰਾਂ ਨੇ ਆਪਣਾ ਜਾਤੀ ਇੱਕਠ ਦਰਸਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਦਾ ਵਾਂਗ ਫੋਕੇ ਨਾਅਰਿਆ ਤੇ ਘਸੀਆਂ ਪਿਟੀਆਂ ਪੰਥਕ ਤਕਰੀਰਾਂ ਵਿੱਚ ਹੀ ਰੋਲ ਦਿੱਤਾ ਤੇ ਨਾਲ ਹੀ ਆਪਣੇ ਆਪ ਨੂੰ ਪੰਥ ਦੇ ਸੂਬੇਦਾਰ ਕਹਾਉਂਦੇ ਹੋਏ ਨਵੇਂ ਜੱਥੇਦਾਰਾਂ ਨੂੰ ਉਜਾਗਰ ਕਰਕੇ ਪੰਥ ਨੂੰ ਇਕ ਵਾਰ ਫੇਰ ਗੁੰਮਰਾਹ ਕੀਤਾ। ਇਸ ਦੇ ਨਾਲ ਹੀ ਇਹ ਵੀ ਸਾਬਿਤ ਕਰ ਦਿਤਾ ਕਿ ਲੰਮੇ ਸਮੇਂ ਤੋਂ ਪੰਥਕ ਪੀੜ ਝੱਲਦੇ ਹੋਏ ਸਿੱਖ ਅਵਾਮ ਨੂੰ ਉਨਾਂ ਦੀਆਂ ਭਾਵਨਾਵਾਂ ਮੁਤਾਬਕ ਕੋਈ ਹਾਣਦਾ ਆਗੂ (ਪੰਥਕ) ਲੱਭਣ ਵਿੱਚ ਨਾਕਾਮਯਾਬੀ ਬਾਰ-ਬਾਰ ਸਾਹਮਣੇ ਆ ਰਹੀ ਹੈ।

ਇਹ ਵੀ ਇੱਕ ਵੱਡਾ ਕਾਰਨ ਹੈ ਕਿ ਪੰਥਕ ਵਿਰੋਧੀ ਤਾਕਤਾਂ ਦਾ ਮੂੰਹ ਇੰਨੇ ਖੁੱਲ ਚੁੱਕੇ ਹਨ ਕਿ ਉਹ ਅੱਜ ਵੰਗਾਰ ਕਿ ਭਾਰਤ ਅੰਦਰ ਇਹ ਨਾਅਰਾ ਦੇ ਰਹੇ ਹਨ ਕਿ ਆਪਣੇ ਗੁਰੂ ਤੇ ਪੰਥ ਤੋਂ ਬੇਮੁੱਖ ਹੋ ਕਿ ਦੇਸ਼ ਪ੍ਰਸਤ ਹੋਣ ਲਈ ਇਹ ਨਾਅਰਾ ਲਾਉ “ਭਾਰਤ ਮਾਤਾ ਦੀ ਜੈ”। ਇਹਨਾਂ ਮਿਥਹਾਸਕ ਤੱਖਾਂ ਰਾਹੀਂ ਅੱਜ ਲੋਕਾਂ ਨੂ ਵਹਿਮਾਂ-ਭਰਮਾਂ ਵੱਲ ਧੱਕਿਆ ਜਾ ਰਿਹਾ ਹੈ ਤਾਂ ਜੋ ਲੋਕ ਆਪਣੀ ਕੌਮ ਪ੍ਰਸਤੀ ਤੇ ਨਿੱਜ ਪ੍ਰਸਤੀ ਨੂੰ ਭੁੱਲ ਕੇ ਇੱਕ ਕੱਟੜਵਾਦੀ ਹਿੰਦੂ ਤਵ ਸੋਚ ਅਧੀਨ ਆਪਣੇ ਆਪ ਨੂੰ ਅਰਪਣ ਕਰ ਦੇਣ ਜੋ ਕਿ ਸਦੀਆਂ ਤਾਈਂ ਤਕਰੀਬਨ ਹਜ਼ਾਰ ਸਾਲ ਮੁਗਲਾਂ ਤੇ ਅੰਗਰੇਜਾਂ ਦੀ ਗੁਲਾਮੀ ਦਾ ਅਨੰਦ ਮਾਣਦੀ ਰਹੀ ਹੈ ਤੇ ਸਿੱਖ ਕੌਮ ਸਦਾ ਵਾਂਗ ਇੰਨਾਂ ਭਾਰਤ ਮਾਤਾ ਦੀ ਜੈ ਕਹਿਣ ਵਾਲਿਆਂ ਦੀ ਰਾਖੀ ਲਈ ਆਪਣਾ ਨਿੱਜ, ਪਰਿਵਾਰ ਤੇ ਸਰਬੰਸ ਵਾਰ ਕੇ ਛਾਤੀ ਤਾਣ ਕੇ ਕੁਰਬਾਨੀਆਂ ਨਾਲ ਆਪਣੇ ਆਪ ਨੂੰ ਰੰਗ ਕੇ ਇੰਨਾਂ ਦੀਆਂ ਲੀਕਾਂ ਨੂੰ ਸੰਭਾਲਦੀ ਰਹੀ ਹੈ।

ਅੱਜ ਪੰਜਾਬ ਵਿੱਚ ਸਿੱਖ ਕੌਮ ਬਹੁਤ ਹੀ ਗੰਭੀਰਤਾ ਨਾਲ ਸੂਬਾ ਸਰਕਾਰ ਤੋਂ ਵਾਰ-ਵਾਰ ਇਹ ਮੰਗ ਕਰ ਰਹੀ ਹੈ ਕਿ ਗੁਰੂ ਸਾਹਿਬ ਦੀ ਥਾਂ-ਥਾਂ ਤੇ ਹੋਈ ਬੇਦਅਬੀ ਇਸ ਪਿੱਛੇ ਲੁਕੀਆਂ ਤਾਕਤਾਂ ਦਾ ਖੁਰਾ ਖੋਜ ਲੱਭ ਦੇ ਆਪਣੇ ਨਿੱਜ ਨਾਲੋਂ ਵੱਡੇ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਥਾਂ-ਥਾਂ ਬੇਦਅਬੀ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ। ਨਾ ਕਿ ਚਾਰ ਅਪ੍ਰੈਲ ੧੯੮੩ ਦੇ ਰਸਤਾ ਰੋਕ ਸਾਕੇ ਵਾਂਗ ੨੪ ਸਿੰਘਾਂ ਦੀ ਪੁਲੀਸ ਰਾਹੀਂ ਹੋਈ ਗੋਲੀਬਾਰੀ ਨਾਲ ਸ਼ਹੀਦੀ ਨੂੰ ਜਿਵੇਂ ਪੰਥ ਤੇ ਸੂਬਾ ਸਰਕਾਰ ਵਿਸਾਰ ਚੁੱਕੀ ਹੈ ਕਿਤੇ ਇਸੇ ਤਰਾਂ ਸਮੇਂ ਨਾਲ ਗੁਰੁ ਗ੍ਰੰਥ ਸਾਹਿਬ ਪ੍ਰਤੀ ਹੋਏ ਇੰਨੇ ਵੱਡੇ ਖਿਲਵਾੜ ਨੂੰ ਵੀ ਵਿਸਾਰ ਨਾ ਜਾਵੇ। ਇਹ ਰਸਤਾ ਰੋਕੋ ਸਾਕਾ ਮੌਜੂਦਾ ਸੂਬਾ ਸਰਕਾਰ ਵਿੱਚ ਰਾਜ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਗਏ ਧਰਮ ਯੁੱਧ ਮੋਰਚੇ ਦਾ ਹੀ ਇੱਕ ਹਿੱਸਾ ਸੀ ਜਿਸ ਵਿੱਚ ੨੪ ਸਿੰਘ ਸ਼ਹੀਦ ਹੋਏ ਸਨ ਪਰ ਸਮੇਂ ਨਾਲ ਕਦੇ ਵੀ ਇਸ ਪ੍ਰਤੀਨਿਧ ਸਿੱਖ ਜਮਾਤ ਜਾਂ ਪੰਥਕ ਧਿਰ ਨੇ ਇੰਨਾ ਸ਼ਹੀਦਾ ਪ੍ਰਤੀ ਕਦੀ ਨਾ ਸੋਚਿਆ ਹੈ ਤੇ ਨਾ ਹੀ ਉਨਾਂ ਦੀ ਯਾਦ ਵਿੱਚ ਸਿਰ ਝੁਕਾਉਣ ਦਾ ਸਮਾਂ ਕੱਢਿਆ ਹੈ ਹਾਂ ਇੰਨਾ ਵਧੀਕੀਆਂ ਤੇ ਜੁਲਮਾਂ ਦਾ ਵਾਸਤਾ ਪਾਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਰਾਜ ਭਾਗ ਤੇ ਕੁਰਸੀ ਦਾ ਅਨੰਦ ਹੰਢਾਇਆ ਹੈ ਤੇ ਅੱਜ ਵੀ ਦਰਬਾਰ ਸਾਹਿਬ ਤੇ ਦਿੱਲੀ ਸਾਕਿਆਂ ਦੀ ਯਾਦ ਕਰਾ ਕੇ ਮੁੜ ਤੋਂ ੨੦੧੭ ਵਿੱਚ ਆਪਣੇ ਰਾਜ-ਭਾਗ ਨੂੰ ਸੁਰੱਖਿਅਤ ਕਰਨਾ ਹੈ।