ਸ਼ੂਚਨਾ ਤਕਨੀਕ ਵਿੱਚ ਆਏ ਵੱਡੇ ਇਨਕਲਾਬ ਨੇ ਦੁਨੀਆਂ ਭਰ ਵਿੱਚ ਹਰ ਸਮੂਹ ਅਤੇ ਹਰ ਨਿਵਾਸੀ ਨੂੰ ਆਪਣੀ ਗੱਲ ਕਹਿਣ ਦਾ ਇੱਕ ਨਵਾਂ ਮੁਹਾਜ ਦੇ ਦਿੱਤਾ ਹੈੈ। ਸ਼ੋਸ਼ਲ ਮੀਡੀਆ ਦੇ ਨਾਅ ਨਾਲ ਜਾਣੇ ਜਾਂਦੇ ਇਸ ਤਕਨੀਕੀ ਇਨਕਲਾਬ ਨੇ ਸੂਚਨਾ ਅਤੇ ਸਿੱਖਿਆ ਉੱਤੇ ਇਜਾਰੇਦਾਰੀ ਬਣਾ ਕੇ ਬੈਠੀਆਂ ਤਾਕਤਾਂ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈੈ। ਅੱਜ ਤੋਂ ਵੀਹ ਸਾਲ ਪਹਿਲਾਂ ਸਾਨੂੰ ਇਹ ਉਦੋਂ ਤੱਕ ਪਤਾ ਨਹੀ ਸੀ ਲਗਦਾ ਕਿ ਹਰਿਆਣੇ ਵਿੱਚ ਕੀ ਵਾਪਰਿਆ, ਅਤੇ ਬਿਹਾਰ ਵਿੱਚ ਕੀ ਹੋ ਰਿਹਾ ਹੈ ਜਦੋਂ ਤੱਕ ਮੀਡੀਆ ਨੂੰ ਕਾਬੂ ਕਰਕੇ ਚਲਾਉਣ ਵਾਲੀਆਂ ਤਾਕਤਾਂ ਇਹ ਨਹੀ ਸੀ ਚਾਹੁੰਦੀਆਂ। ਪਰ ਹੁਣ ਇਸ ਤਕਨੀਕੀ ਇਨਕਲਾਬ ਨੇ ਸਿਰਫ ਹਰਿਆਣੇ ਅਤੇ ਬਿਹਾਰ ਦੀਆਂ ਹੀ ਨਹੀ ਬਲਕਿ ਉੜੀਸਾ ਤੋਂ ਲੈਕੇ, ਅਫਰੀਕਾ, ਅਰਬ ਮੁਲਕਾਂ ਅਤੇ ਤਕਨੀਕੀ ਤੌਰ ਤੇ ਵਿਕਸਿਤ ਮੁਲਕਾਂ ਦੀਆਂ ਖਬਰਾਂ ਸਰਗਰਮੀਆਂ ਵੀ ਸਾਡੀ ਮੁੱਠੀ ਵਿੱਚ ਲੈ ਆਂਦੀਆਂ ਹਨ। ਇੰਟਰਨੈਟ ਤੇ ਤੁਸੀਂ ਕਿਸੇ ਵੀ ਮਾਮਲੇ ਜਾਂ ਮਸਲੇ ਬਾਰੇ ਬਹੁ-ਭਾਂਤੀ ਜਾਣਕਾਰੀ ਹਾਸਲ ਕਰ ਸਕਦੇ ਹੋ ਅਤੇ ਉਸ ਸਾਰੀ ਜਾਣਕਾਰੀ ਦੀ ਡੂੰਘੀ ਘੋਖ ਪੜਤਾਲ ਕਰਕੇ ਕਿਸੇ ਮਸਲੇ ਬਾਰੇ ਆਪਣੀ ਰਾਇ ਬਣਾ ਸਕਦ ਹੋੋ। ਪਹਿਲਾਂ ਇਹ ਹੁੰਦਾ ਸੀ ਕਿ ਅਖਬਾਰ ਜਾਂ ਟੈਲੀਵਿਜ਼ਨ ਦੇ ਮਾਲਕ ਜਿਸ ਕਿਸਮ ਦੀ ਜਾਣਕਾਰੀ ਦਰਸ਼ਕਾਂ ਨੂੰ ਦੇਣੀ ਚਾਹੁੰਦੇ ਸਨ ਉਸ ਕਿਸਮ ਦੀ ਜਾਣਕਾਰੀ ਹੀ ਸਾਡੇ ਤੱਕ ਪਹੁੰਚਦੀ ਸੀ। ਇਸ ਤਰ੍ਹਾਂ ਸੂਚਨਾ ਅਤੇ ਜਾਣਕਾਰੀ ਉੱਤੇ ਕੁਝ ਅਮੀਰ ਇਜਾਰੇਦਾਰਾਂ ਦਾ ਕਬਜਾ ਹੋ ਗਿਆ ਸੀ ਜੋ ਸਿੱਖਿਆ ਅਤੇ ਸੂਚਨਾ ਦੇ ਵਹਾਅ ਦੇ ਕੁਦਰਤੀ ਵੇਗ ਦੇ ਵਿਰੋਧ ਵਿੱਚ ਭੁਗਤਦਾ ਸੀ।

ਸੂਚਨਾ ਦੇ ਖੇਤਰ ਵਿੱਚ ਆਏ ਇਸ ਤਕਨੀਕੀ ਇਨਕਲਾਬ ਨੇ ਹੁਣ ਉਨ੍ਹਾਂ ਲੋਕਾਂ ਨੂੰ ਫਿਕਰਮੰਦ ਕਰ ਦਿੱਤਾ ਹੈ ਜਿਨ੍ਹਾਂ ਨੇ ਸਦੀਆਂ ਤੋਂ ਸਿਿਖਆ ਅਤੇ ਸੂਚਨਾ ਉੱਤੇ ਜੱਫਾ ਮਾਰ ਰੱਖਿਆ ਸੀ।

ਭਾਰਤ ਦੇ ਕੁਝ ਪ੍ਰਮੁੱਖ ਅਖਬਾਰਾਂ ਨੇ ਅੱਜਕੱਲ੍ਹ ਇੱਕ ਮੁਹਿੰਮ ਛੇੜੀ ਹੋਈ ਹੈ ਜਿਸ ਵਿੱਚ ਉਹ ਸ਼ੋਸ਼ਲ ਮੀਡੀਆ ਦੇ ਖਿਲਾਫ ਪਰਚਾਰ ਕਰ ਰਹੇ ਹਨ। ਸੂਚਨਾ ਉੱਤੇ ਸਦੀਆਂ ਤੋਂ ਇਜਾਰੇਦਾਰੀ ਕਰਦੇ ਆ ਰਹੇ ਇਨ੍ਹਾਂ ਮੀਡੀਆ ਸਮੂਹਾਂ ਦਾ ਤਰਕ ਹੈ ਕਿ ਸ਼ੋਸ਼ਲ ਮੀਡੀਆ ਉੱਤੇ ਜੋ ਜਾਣਕਾਰੀ ਆ ਰਹੀ ਹੈ ਉਸਦੀ ਕੋਈ ਛਾਣਬੀਣ ਨਹੀ ਹੁੰਦੀ ਅਤੇ ਨਾ ਹੀ ਉਸ ਬਾਰੇ ਓਨਾ ਭਰੋਸਾ ਹੁੰਦਾ ਹੈ ਜਿੰਨਾ ਭਰੋਸਾ ਮੁੱਖ_ਧਾਰਾਈ ਮੀਡੀਆ ਵੱਲੋਂ ਖੋਜ ਕਰਕੇ ਪੇਸ਼ ਕੀਤੀ ਜਾਣਕਾਰੀ ਤੇ ਕੀਤਾ ਜਾ ਸਕਦਾ ਹੈੈ। ਇਨ੍ਹਾਂ ਅਖਬਾਰਾਂ ਅਤੇ ਉਨ੍ਹਾਂ ਦੇ ਮਾਲਕਾਂ ਨੇ ਇਹ ਤਰਕ ਦੇਣੇ ਅਰੰਭ ਕਰ ਦਿੱਤੇ ਹਨ ਕਿ ਸ਼ੋਸ਼ਲ ਮੀਡੀਆ ਦੀ ਜਾਣਕਾਰੀ ਸਮਾਜ ਵਿੱਚ ਕਈ ਤਰ੍ਹਾਂ ਦੇ ਭੁਲੇਖੇ ਪੈਦਾ ਕਰ ਰਹੀ ਹੈ ਅਤੇ ਇਸ ਨਾਲ ਪੱਤਰਕਾਰਤਾ ਦਾ ਸਤਿਕਾਰ ਘੱਟ ਰਿਹਾ ਹੈੈ।

ਅਸੀਂ ਸਮਝਦੇ ਹਾਂ ਕਿ ਇਹ ਵੱਡੀ ਸਮੱਸਿਆ ਨਹੀ ਹੈੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀ ਹੈ ਕਿ ਸ਼ੋਸ਼ਲ ਮੀਡੀਆ ਤੇ ਵਰਤੀ ਜਾਂਦੀ ਸ਼ਬਦਾਵਲੀ ਕਈ ਵਾਰ ਗੈਰ-ਸੱਭਿਅਕ ਹੋ ਜਾਂਦੀ ਹੈ ਅਤੇ ਕੁਝ ਸੱਜਣ ਆਪਣੇ ਮਨ ਭਾਉਂਦੇ ਰਾਜਸੀ, ਆਰਥਕ ਅਤੇ ਸਮਾਜਕ ਸੁਆਦਾਂ ਨੂੰ ਖਬਰ ਬਣਾ ਕੇ ਪੇਸ਼ ਕਰ ਜਾਂਦੇ ਹਨ, ਪਰ ਇਹ ਗਲਤੀ ਉਸ ਗੁਨਾਹ ਨਾਲੋਂ ਕਿਤੇ ਛੋਟੀ ਹੈ ਜੋ ਮੁਖ-ਧਾਰਾਈ ਮੀਡੀਆ ਦੇ ਮਾਲਕ ਅਤੇ ਸੰਪਾਦਕ ਸਰਕਾਰਾਂ ਨਾਲ ਮਿਲਕੇ ਕਰ ਰਹੇ ਹਨ। ਸੂਚਨਾ ਅਤੇ ਖਬਰਾਂ ਦੇ ਨਾਅ ਤੇ ਜਿਵੇਂ ਮੁੱਖ-ਧਾਰਾਈ ਮੀਡੀਆ ਨੇ ਸਰਕਾਰਾਂ ਦੇ, ਲੋਕ ਸੰਪਰਕ ਅਫਸਰ ਬਣਨ ਦਾ ਗੁਨਾਹ ਕਰਨਾ ਅਰੰਭ ਕਰ ਦਿੱਤਾ ਹੈ ਉਹ ਲੋਕਾਂ ਦੇ ਅਸਲ ਜਾਣਕਾਰੀ ਲੈਣ ਦੇ ਹੱਕ ਨਾਲ ਬਹੁਤ ਵੱਡਾ ਵਿਸ਼ਵਾਸ਼ਘਾਤ ਹੈੈ। ਮੁੱਖ-ਧਾਰਾਈ ਮੀਡੀਆ ਦੇ ਕਰਿੰਦੇ ਅਤੇ ਮਾਲਕ ਦਹਾਕਿਆਂ ਤੋਂ ਲੋਕਾਂ ਨੂੰ ਹਨੇਰੇ ਵਿੱਚ ਰੱਖ ਕੇ ਆਪਣਾਂ ਆਰਥਕ ਵਿਕਾਸ ਕਰ ਰਹੇ ਹਨ। ਉਹ ਕਿਸੇ ਵਿਰੋਧੀ ਵਿਚਾਰ ਨੂੰ ਆਪਣੇ ਮੰਚ ਤੇ ਥਾਂ ਹੀ ਨਹੀ ਦਿੰਦੇ ਜਾਂ ਅਧੀਨਗੀ ਹੇਠ ਰਹਿ ਰਹੀਆਂ ਕੌਮਾਂ ਦੀ ਅਵਾਜ਼ ਹੀ ਖਤਮ ਕਰ ਦਿੰਦੇ ਹਨ।

ਸ਼ੋਸ਼ਲ ਮੀਡੀਆ ਉੱਤੇ ਜੇ ਕੋਈ ਸੱਜਣ ਗਲਤ ਜਾਣਕਾਰੀ ਸਾਂਝੀ ਕਰਦਾ ਵੀ ਹੈ ਤਾਂ ਉਸਦੇ ਵਿਚਾਰਾਂ ਨਾਲ ਸਹਿਮਤੀ ਨਾ ਰੱਖਣ ਵਾਲੇ ਨੂੰ ਵੀ ਪੂਰਾ ਹੱਕ ਹੁੰਦਾ ਹੈ ਕਿ ਉਹ ਵੀ ਆਪਣੇ ਵਿਚਾਰ ਪੂਰੀ ਸ਼ਿੱਦਤ ਨਾਲ ਪੇਸ਼ ਕਰੇ। ਪਰ ਭਾਰਤ ਸਮੇਤ ਦੁਨੀਆਂ ਦੇ ਬਹੁਤੇ ਮੀਡੀਆ ਸਮੂਹਾਂ ਨੇ ਸਰਕਾਰਾਂ ਦੇ ਦਲਾਲ ਬਣਨ ਦੀ ਜੋ ਕਵਾਇਦ ਬਹੁਤ ਦੇਰ ਪਹਿਲਾਂ ਅਰੰਭ ਕੀਤੀ ਸੀ ਸ਼ੋਸ਼ਲ ਮੀਡੀਆ ਨੇ ਉਹ ਤਾਰ ਤਾਰ ਕਰਕੇ ਰੱਖ ਦਿੱਤੀ ਹੈੈ। ਮੁੱਖ-ਧਾਰਾਈ ਮੀਡੀਆ ਦਾ ਅਸਰ ਘੱਟ ਹੋਣ ਨਾਲ ਹੁਣ ਇਸਦੀ ਆਮਦਨ ਵੀ ਘਟ ਰਹੀ ਹੈ। ਇੱਕ ਅੰਦਾਜ਼ੇ ਅਨੁਸਾਰ ਪਿਛਲੇ ਇੱਕ ਦਹਾਕੇ ਦੌਰਾਨ ਮੁਖ-ਧਾਰਾਈ ਮੀਡੀਆ ਦੀ ਆਮਦਨ ਵਿੱਚ 26 ਫੀਸਦੀ ਦਾ ਘਾਟਾ ਦਰਜ ਕੀਤਾ ਗਿਆ ਹੈੈ। ਇਸੇ ਲਈ ਇਸ ਮੀਡੀਆ ਦੇ ਮਾਲਕ ਤੜਪ ਰਹੇ ਹਨ ਅਤੇ ਸ਼ੋਸ਼ਲ ਮੀਡੀਆ ਤੇ ਦੋਸ਼ ਲਾ ਰਹੇ ਹਨ।

ਸ਼ਾਇਦ ਸਥਿਤੀ ਹੁਣ ਉਨ੍ਹਾਂ ਦੇ ਹੱਥਾਂ ਵਿੱਚੋਂ ਨਿਕਲ ਗਈ ਹੈੈ।