ਅੱਜ ਮੇਰੇ ਪੰਜਾਬ ਦੀ ਧਰਤੀ ਜੋ ਕਿ ਸਿੱਖ ਹੋਣ ਦੇ ਨਾਤੇ ਗੁਰੂਆਂ ਤੇ ਪੀਰਾਂ ਦੀਆਂ ਬੰਦਗੀਆਂ ਤੇ ਦਰਵੇਸ ਅਵਸਥਾਵਾਂ ਦੇ ਸਤਿਕਾਰ ਵਜੋਂ ਗੁਰੂਆਂ ਦੀ ਧਰਤੀ ਜਾਣੀ ਜਾਂਦੀ ਹੈ। ਇਹ ਪਿਛਲੀ ਸਦੀ ਤੋਂ ਚਲਦਿਆਂ ਚਲਦਿਆਂ ਅੱਜ ਇਕੀਵੀਂ ਸਦੀ ਵਿੱਚ ਸਾਧਾਂ ਤੇ ਬਾਬਿਆਂ ਦੀ ਧਰਤੀ ਵਜੋਂ ਆਪਣੀ ਪਛਾਣ ਬਣਾ ਰਹੀ ਹੈ। ਅੱਜ ਇਹ ਆਪਣੇ ਬਾਬਿਆਂ ਤੇ ਸਾਧਾਂ ਦੀਆਂ ਸਾਲਾਂ ਬੱਧੀ ਤੋਂ ਬਰਸੀਆਂ ਤੇ ਯਾਦਾਂ ਮਨਾਉਣ ਲਈ ਬੇਹਤਰਹੀਨ ਮੁਜ਼ਾਹਰਿਆਂ ਦੀ ਧਰਤੀ ਬਣ ਚੁੱਕੀ ਹੈ। ਇਨਾਂ ਸਾਧਾਂ ਤੇ ਬਾਬਿਆਂ ਨਾਲ ਜੁੜੀਆਂ ਹਜਾਰਾਂ ਲੱਖਾਂ ਲੋਕਾਂ ਦੀ ਸ਼ਰਧਾ ਅਤੇ ਭੇਟਾਵਾਂ ਰਾਹੀਂ ਇਹ ਸਮਾਗਮ ਵੱਡੀਆਂ ਸੰਪਰਦਾਵਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਅੱਜ ਆਪਣੇ ਗੁਰੂਆਂ ਦੀ ਧਰਤੀ ਤੇ ਆਪਣੇ ਗੁਰੂ ਸਾਹਿਬਾਨਾਂ ਦੇ ਗੁਰ-ਪੁਰਬ ਤਾਂ ਸਿਰਫ ਇੱਕ ਦਿਖਾਵੇ ਵਜੋਂ ਮਸਾਂ ਹੀ ਇੱਕ ਦਿਨ ਲਈ ਮਨਾਏ ਜਾਂਦੇ ਹਨ ਭਾਵੇਂ ਕਿ ਇਹ ਇੱਕ ਦਿਨ ਦੇ ਗੁਰਪੁਰਬ ਵੀ ਪੰਥਕ ਸੋਚ ਅੱਗੇ ਸਾਧਾਂ ਤੇ ਬਾਬਿਆਂ ਦੀ ਪਕੜ ਕਰਕੇ ਇੱਕ ਨਿਸ਼ਚਤ ਦਿਨ ਤੇ ਨਹੀਂ ਸਗੋਂ ਅਲੱਗ ਅਲੱਗ ਮਨਾਏ ਜਾਂਦੇ ਹਨ ਤੇ ਹਰ ਗੁਰੂ ਸਾਹਿਬਾਨ ਦਾ ਗੁਰ-ਪੁਰਬ ਦੋ ਦੋ ਤਰੀਕਾਂ ਵਿੱਚ ਵੰਡੇ ਗਏ ਹਨ। ਦੂਜੇ ਪਾਸੇ ਇੰਨਾਂ ਸਾਧਾਂ ਅਤੇ ਬਾਬਿਆਂ ਦੀਆਂ ਬਰਸੀਆਂ ਬਕਾਇਦਾ ਤੌਰ ਤੇ ਹਫਤਿਆਂ-ਬੱਧੀ ਮੁਦਤਾਂ ਤੋਂ ਕਈ ਕਈ ਦਿਨ ਮਨਾਇਆਂ ਜਾਂਦੀਆਂ ਹਨ ਤੇ ਅਖਬਾਰ ਤੇ ਹੋਰ ਪ੍ਰਚਾਰਕ ਜ਼ਰੀਆਂ ਰਾਹੀਂ ਕਈ ਮਹੀਨੇ ਪਹਿਲਾਂ ਹੀ ਵੱਡੇ ਪੱਧਰ ਤੇ ਪ੍ਰਚਾਰਨਾਂ ਸ਼ੁਰੂ ਕਰ ਦਿੱਤਾ ਜਾਂਦਾ ਹੈ।

ਅੱਜ ਦੇ ਪੰਜਾਬ ਦੀ ਅਵਸਥਾ ਇਹ ਸਿੱਧ ਕਰ ਰਹੀ ਹੈ ਕਿ ਪੰਜਾਬ ਆਪਣੇ ਗੁਰੂਆਂ ਦੇ ਵਿਰਸੇ ਤੋਂ ਕਿੰਨਾ ਕੁ ਨਿੱਖੜ ਚੁੱਕਿਆ ਹੈ। ਇਸ ਦਾ ਮੁੱਖ ਪ੍ਰਛਾਵਾਂ ਭਾਰਤ ਸਰਕਾਰ ਵੱਲੋਂ ਹੁਣੇ ਤਾਜ਼ਾ ਕੀਤੇ ਗਏ ਧਰਮਾਂ ਦੇ ਅਧਾਰ ਤੇ ਗਿਣਤੀਆਂ ਦਾ ਅੰਕੜਾ ਜੋ ਸਾਹਮਣੇ ਆਇਆ ਹੈ ਉਸ ਨੇ ਇਹ ਦਰਸਾਇਆ ਹੈ ਕਿ ਸਿੱਖਾਂ ਦੀ ਕੁੱਲ ਅਬਾਦੀ ਭਾਰਤ ਵਿੱਚ ਲੱਖਾਂ ਦੇ ਹਿਸਾਬ ਨਾਲ ਡਿੱਗ ਰਹੀ ਹੈ ਤੇ ਪੰਜਾਬ ਵਿੱਚ ਵੀ ਪਿਛਲੇ ਦਸਾਂ ਸਾਲਾਂ ਵਿੱਚ ੬੪% ਤੋਂ ਘਟ ਕੇ ੫੭% ਰਹਿ ਗਈ ਹੈ। ਆਪਣੇ ਗੁਰੂਆਂ ਦੇ ਘਰਾਂ ਵਿੱਚ ਸ਼ਰਧਾ ਵਜੋਂ ਜਾਂਦੀ ਸਿੱਖ ਸੰਗਤ ਉਤੇ ਗਹੁ ਨਾਲ ਗੌਰ ਕੀਤਾ ਜਾਵੇ ਤਾਂ ਵੱਡੀ ਗਿਣਤੀ ਵਡੇਰੀ ਉਮਰ ਦੇ ਸਿੱਖਾਂ ਦੀ ਤੇ ਸਿੱਖ ਬੀਬੀਆਂ ਦੀ ਹੁੰਦੀ ਹੈ। ਨੌਜਵਾਨ ਤੇ ਮੱਧ-ਉਮਰ ਦੇ ਸਿੱਖਾਂ ਦੀ ਗਿਣਤੀ ਨਾ-ਮਾਤਰ ਹੀ ਗੁਰੂਆਂ ਦੇ ਦਰਬਾਰ ਵਿੱਚ ਮੱਥਾ ਟੇਕਦੀ ਨਜ਼ਰ ਆਉਂਦੀ ਹੈ। ਇਹੀ ਹਾਲ ਆਪਣੇ ਗੁਰੂ ਵਿਰਸੇ ਨਾਲ ਪਰਣਾਏ ਕੁਰਬਾਨੀਆਂ ਦੇ ਪੁੰਜ ਸ਼ਹੀਦ ਤੇ ਗਦਰੀ ਬਾਬਿਆਂ ਵਰਗੇ ਯੋਧੇ ਇਨਾਂ ਬਾਬਿਆਂ ਦੇ ਤੇ ਸਾਧਾਂ ਦੇ ਸੰਪਰਦਾਇਕ ਜ਼ੋਰ ਥੱਲੇ ਦਬ ਕੇ ਰਹਿ ਗਏ ਹਨ।

ਇਸੇ ਤਰਾਂ ਜੇ ਪੰਜਾਂ ਤਖਤਾਂ ਦੀ ਰਹਿਤ-ਮਰਿਯਾਦਾ ਵੱਲ ਝਾਤ ਮਾਰੀ ਜਾਵੇ ਤਾਂ ਇਹ ਵੇਖਣ ਨੂੰ ਆਉਂਦਾ ਹੈ ਕਿ ਹਰ ਤਖਤ ਦੀ ਮਰਿਯਾਦਾ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਦਰਬਾਰ ਸਾਹਿਬ ਤੱਕ ਅਤੇ ਦੂਸਰੇ ਤਖਤਾਂ ਵਿੱਚ ਪ੍ਰਤੱਖ ਰੂਪ ਵਿੱਚ ਵੱਖਰੀ ਵੱਖਰੀ ਹੈ। ਇਸ ਤਰ੍ਹਾਂ ਦੀਆਂ ਦੁਬਿਧਾਵਾਂ ਸਹਿਜੇ ਹੀ ਸਿੱਖ ਅਵਾਮ ਵਿੱਚ ਦੁਬਿਧਾ ਦਾ ਵੱਡਾ ਕਾਰਨ ਬਣੀਆਂ ਹੋਈਆਂ ਹਨ। ਇਸੇ ਦੁਬਿਧਾ ਕਾਰਨ ਅਤੇ ਸਿੱਖ ਅਵਾਮ ਦਾ ਗੁਰੂ ਸਾਹਿਬਾਨ ਦੀ ਬਜਾਏ ਸਾਧਾਂ ਸੰਤਾਂ ਦੇ ਲੜ ਲੱਗਣਾ ਇੱਕ ਰੀਤ ਬਣ ਚੁੱਕਿਆਂ ਹੈ। ਇਨਾਂ ਕਈ ਬਾਬਿਆਂ ਤੇ ਸਾਧਾਂ ਦੀਆਂ ਸੰਪਰਵਾਵਾਂ ਵਿੱਚ ਗੁਰੂ ਸਾਹਿਬਾਨ ਵੱਲੋਂ ਬਖਸ਼ਿਆਂ ਮੀਰੀ-ਪੀਰੀ ਦਾ ਚਿੰਨ ਨਿਸ਼ਾਨ ਸਾਹਿਬ ਜੋ ਕਿ ਸਿੱਖ ਕੌਮ ਦੀ ਬਹਾਦਰੀ-ਉਚੀ ਸੋਚ ਤੇ ਸਮਝ ਦਾ ਪ੍ਰਤੀਕ ਸੀ, ਨੂੰ ਵੀ ਤਰਜ਼ੀਹ ਨਹੀਂ ਦਿੱਤੀ ਜਾਂਦੀ। ਬਾਕੀ ਗੁਰੂ ਸਾਹਿਬਾਨ ਵੱਲੋਂ ਬਖਸੇ ਕਕਾਰ, ਜਿਸ ਤਰਾਂ ਛੇਵੀਂ ਪਾਤਸ਼ਾਹੀ ਵੱਲੋਂ ਬਖਸ਼ੀ ਮੀਰੀ-ਪੀਰੀ ਦੀ ਤਲਵਾਰ ਤੱਕ ਵੀ ਗਾਇਬ ਹੈ।

ਹੋਰ ਤਾਂ ਹੋਰ ਮੌਜੂਦਾ ਸਮੇਂ ਦੇ ਸਿੱਖ ਕੌਮ ਦੇ ਮਹਾਨ ਨਾਇਕ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲੇ ਦੀ ਬਰਸੀ ਵੀ ਇੱਕ ਦਿਨ ਦੀ ਮਾਮੂਲੀ ਰਸਮ ਵਜੋਂ, ਸਾਧਾਂ-ਬਾਬਿਆਂ ਦੇ ਪ੍ਰਭਾਵ ਕਾਰਨ ਆਮ ਸਿੱਖਾਂ ਤੋਂ ਦੂਰ ਵੱਖ-ਵੱਖ ਡੇਰਿਆਂ ਵਿੱਚ ਵੰਡੀ ਗਈ ਹੈ। ਅੱਜ ਪੰਜਾਬ ਸਰਕਾਰ ਜਿਸ ਤੇ ਲੰਮੇ ਸਮੇਂ ਤੋਂ ਸਿੱਖਾਂ ਦੀ ਪ੍ਰਤੀਨਿਧ ਜਮਾਤ ਅਕਾਲੀ ਦਲ ਬਾਦਲ ਦਾ ਰਾਜ-ਭਾਗ ਹੈ, ਵੱਲੋਂ ਇੰਨੀ ਜ਼ੁਅਰਤ ਨਹੀਂ ਕੀਤੀ ਗਈ ਕਿ ਸੰਤਾਂ ਦੀ ਸ਼ਹੀਦੀ ਵਾਲੇ ਦਿਨ ਤੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਦਿਨ ਨੂੰ ਸਰਕਾਰੀ ਛੁੱਟੀ ਵਜੋਂ ਐਲਾਨਿਆ ਜਾਵੇ ਤੇ ਨਾ ਹੀ ਸਿੱਖ ਕੌਮ ਤੇ ਹੋਰ ਉੱਘੀਆਂ ਹਸਤੀਆਂ ਜੋ ਸੰਤ ਭਿੰਡਰਾਵਲੇ ਦੇ ਪੈਰੋਕਾਰ ਹਨ, ਵੱਲੋਂ ਵੀ ਇਹੱ ਮੰਗ ਨਹੀਂ ਉਠਾਈ ਗਈ। ਇਸ ਤੋਂ ਵੀ ਵੱਡੀ ਗੱਲ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨਾਲ ਜੁੜੀ ਹੋਈ ਦਮਦਮੀ ਟਕਸਾਲ ਜਿਸਨੇ ਬੜੇ ਮਾਣ ਤੇ ਸ਼ਾਨ ਨਾਲ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਇੱਟਾਂ-ਪੱਥਰਾਂ ਦੀ ਯਾਦਗਾਰ ਤਾਂ ਖੜੀ ਕਰ ਲਈ ਹੈ ਪਰ ਅੱਜ ਤੱਕ ਇੰਨੀ ਹਿੰਮਤ ਨਹੀਂ ਕੀਤੀ ਕਿ ਮਾਣਮੱਤੇ ਤਰੀਕੇ ਨਾਲ ਇਸ ਮਹਾਨ ਨਾਇਕ ਦੀ ਯਾਦਗਾਰ ਇਸ ਜਗਾ ਤੇ ਸਲਾਨਾ ਮਨਾਈ ਹੋਵੇ। ਇਹ ਜਰੂਰ ਹੈ ਕਿ ਹਰ ਸਾਲ ਛੇ ਜੂਨ ਨੂੰ ਇਹ ਗੱਲ ਪੱਕੀ ਹੈ ਕਿ ਉਥੇ ਰਵਾਇਤੀ ਸਮਾਗਮ ਦੌਰਾਨ ਇਸ ਮਹਾਨ ਨਾਇਕ ਦੇ ਪੈਰੋਕਾਰ ਅਖਵਾਉਣ ਵਾਲੇ ਖੁੱਲ ਕੇ ਨਾਅਰਿਆਂ ਦੀ ਰਾਜਨੀਤੀ ਅਧੀਨ ਆਪਸੀ ਸਿੱਖਾਂ ਦੇ ਟਕਰਾਅ ਵਿੱਚ ਪੱਗਾਂ ਲਾਹੁਣ ਤੋਂ ਵੀ ਗੁਰੇਜ਼ ਨਹੀਂ ਕਰਦੇ ਤੇ ਨੰਗੀਆਂ ਤਲਵਾਰਾਂ ਕੱਢ ਕੇ ਫੋਕੇ ਲਲਕਾਰੇ ਜਰੂਰ ਮਾਰ ਦਿੰਦੇ ਹਨ। ਅੱਜ ਸਿੱਖ ਕੌਮ ਦੀ ਤੇਜੀ ਨਾਲ ਘੱਟ ਰਹੀ ਅਬਾਦੀ ਨੂੰ ਠੱਲ ਪਾਉਣ ਲਈ ਪੰਜਾਬ ਨੂੰ ਲੋੜ ਹੈ ਕਿ ਇਹ ਮੁੜ ਤੋਂ ਗੁਰੂਆਂ-ਪੀਰਾਂ ਦੀ ਧਰਤੀ ਵਜੋਂ ਆਪਣੀ ਪਛਾਣ ਬਣਾਵੇ ਤਾਂ ਜੋ ਬਾਬਿਆਂ ਤੇ ਸਾਧਾਂ ਦੇ ਘੇਰੇ ਤੋਂ ਸਿੱਖ ਕੌਮ ਨੂੰ ਅਜ਼ਾਦ ਕਰਾਵਿਆ ਜਾ ਸਕੇ।