ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਨਿਭਾਅ ਰਹੇ ਗੁਰਸਿੱਖ ਨੂੰ ਸਿੱਖ ਕੌਮ ਵਿੱਚ ਜਥੇਦਾਰ ਦੇ ਨਾਅ ਨਾਲ ਜਾਣਿਆਂ ਜਾਂਦਾ ਹੈੈ। ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਜਥੇਦਾਰ ਰਾਹੀਂ ਹੀ ਕੌਮ ਨੂੰ ਸਮੇਂ ਦੇ ਹਾਣੀ ਬਣਾਉਂਣਾਂ ਹੁੰਦਾ ਹੈੈ। ਖਾਲਸਾ ਪੰਥ ਨੂੰ ਜਿਹੜੀਆਂ ਧਾਰਮਕ, ਸਮਾਜਕ ਅਤੇ ਰਾਜਨੀਤਿਕ ਮੁਸ਼ਕਲਾਂ ਦਰਪੇਸ਼ ਹਨ ਜਥੇਦਾਰ ਸਾਹਿਬ ਨੇ ਉਨ੍ਹਾਂ ਮੁਸ਼ਕਲਾਂ ਮੌਕੇ ਜਿੱਥੇ ਪੰਥ ਨੂੰ ਸੁਚੱਜੀ ਸੇਧ ਅਤੇ ਅਗਵਾਈ ਦੇਣੀ ਹੁੰਦੀ ਹੈ ਉਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੌਮ ਵਿੱਚ ਰੁਹਾਨੀ ਜਜਬਾ ਭਰਨ ਲਈ ਧਰਮ ਪਰਚਾਰ ਦੇ ਕਾਰਜ ਕਰਨ ਖਾਤਰ ਕੌਮ ਦੀ ਯੋਗ ਜਥੇਬੰਦਕ ਅਗਵਾਈ ਵੀ ਕਰਨੀ ਹੁੰਦੀ ਹੈੈ।

ਸਮੇਂ ਸਮੇਂ ਤੇ ਸਿੱਖ ਕੌਮ ਦੇ ਜਥੇਦਾਰਾਂ ਨੇ ਹਰ ਮੌਕੇ ਤੇ ਕੌਮ ਨੂੰ ਸੁਚੱਜੀ ਅਗਵਾਈ ਦੇਣ ਦਾ ਯਤਨ ਕੀਤਾ ਹੈੈ। ਪਰ 1999 ਤੋਂ ਬਾਅਦ ਇਖਲਾਕੀ ਤੌਰ ਤੇ ਨੀਵੇਂ ਡਿਗ ਚੁੱਕੇ ਸਿਆਸਤਦਾਨਾਂ ਨੇ ਆਪਣੀ ਇਖਲਾਕੀ ਕਮਜ਼ੋਰੀ ਨੂੰ ਢਕਣ ਲਈ ਅਤੇ ਖਾਲਸਾ ਪੰਥ ਤੋਂ ਆਪਣੀ ਜਵਾਬਦੇਹੀ ਖਤਮ ਕਰਨ ਲਈ ਕੁਝ ਬਹੁਤ ਹੀ ਕਮਜੋਰ ਅਤੇ ਲਾਲਚੀ ਲੋਕਾਂ ਨੂੰ ਤਖਤ ਸਾਹਿਬ ਦੀ ਸੇਵਾ ਤੇ ਬਿਠਾਉਣ ਦੇ ਯਤਨ ਕੀਤੇ। ਉਨ੍ਹਾਂ ਕਮਜੋਰ ਅਤੇ ਲਾਲਚੀ ਲੋਕਾਂ ਨੇ ਤਖਤ ਸਾਹਿਬ ਦੀ ਸੇਵਾ ਸੰਭਾਲ ਕੇ ਸਿਆਸਤਦਾਨਾਂ ਦੇ ਹੁਕਮ ਬਜਾਉਣ ਤੋਂ ਵੱਧ ਕੁਝ ਨਹੀ ਕੀਤਾ। ਇਸਦਾ ਸਿੱਟਾ ਇਹ ਨਿਕਲਿਆ ਕਿ ਪਿਛਲੇ 20 ਸਾਲਾਂ ਦੌਰਾਨ ਸਿੱਖ ਕੌਮ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰਾਂ ਤੇ ਭਰੋਸਾ ਕਰਨਾ ਹੀ ਛੱਡ ਦਿੱਤਾ। ਅਸਲ ਵਿੱਚ ਜਿਨ੍ਹਾਂ ਲਾਲਚੀ ਸਿਆਸਤਦਾਨਾਂ ਨੇ ਕਮਜ਼ੋਰ ਲੋਕਾਂ ਨੂੰ ਤਖਤ ਸਾਹਿਬ ਦੀ ਸੇਵਾ ਤੇ ਧੱਕੇ ਨਾਲ ਬਿਠਾਇਆ ਸੀ ਉਨ੍ਹਾਂ ਦਾ ਇੱਕ ਮਕਸਦ ਇਹ ਵੀ ਸੀ ਕਿ ਸਿੱਖ ਕੌਮ ਹਰ ਮਸਲੇ ਲਈ ਤਖਤ ਸਾਹਿਬ ਵੱਲ ਵੇਖਣਾਂ ਬੰਦ ਕਰ ਦੇਵੇ। ਉਹ ਕੌਮ ਨੂੰ ਤਖਤ ਸਾਹਿਬ ਦੀ ਅਗਵਾਈ ਤੋਂ ਵਾਂਝਾ ਕਰਨਾ ਚਾਹੁੰਦੇ ਸਨ। ਇਸੇ ਲਈ ਹੌਲੀ ਹੌਲੀ 20 ਸਾਲਾਂ ਦੌਰਾਨ ਤਖਤ ਸਾਹਿਬ ਤੇ ਬਿਰਾਜਮਾਨ ਹੋਏ ਸੱਜਣਾਂ ਨੇ ਜੋ ਗੁੱਲ ਖਿਲਾਏ ਉਨ੍ਹਾਂ ਕਾਰਨ ਸਿੱਖ ਕੌਮ ਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਤੋਂ ਭਰੋਸਾ ਉੱਠਣ ਲੱਗ ਪਿਆ ਸੀ।

ਪਰ ਹੁਣ ਭਾਈ ਹਰਪਰੀਤ ਸਿੰਘ ਨੇ ਜਦੋਂ ਤੋਂ ਤਖਤ ਸਾਹਿਬ ਦੀ ਸੇਵਾ ਸੰਭਾਲੀ ਹੈ ਤਾਂ ਉਨ੍ਹਾਂ ਨੇ ਫਿਰ ਤੋਂ ਤਖਤ ਸਾਹਿਬ ਦੀ ਮਾਣ-ਮਰਯਾਦਾ ਨੂੰ ਬਹਾਲ ਕਰਨ ਦੇ ਮਨਸ਼ੇ ਨਾਲ ਸਿੱਖ ਕੌਮ ਨੂੰ ਯੋਗ ਅਗਵਾਈ ਦੇਣ ਦਾ ਯਤਨ ਅਰੰਭਿਆ ਹੋਇਆ ਹੈੈ। ਭਾਈ ਹਰਪਰੀਤ ਸਿੰਘ ਨੂੰ ਅਸੀਂ ਵੀ ਪਹਿਲਾਂ ਸਿਆਸਤਦਾਨਾਂ ਵੱਲੋਂ ਥੋਪਿਆ ਹੋਇਆ ਜਥੇਦਾਰ ਹੀ ਸਮਝਦੇ ਸੀ ਪਰ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪੁਰਬ ਤੇ ਉਨ੍ਹਾਂ ਨੇ ਕੌਮ ਨੂੰ ਜੋ ਸੰਦੇਸ਼ ਦਿੱਤਾ ਉਸਨੇ ਅਜਿਹੇ ਗੰਭੀਰ ਮਹੌਲ ਦੀ ਸ਼ੁਰੂਆਤ ਕੀਤੀ ਜਿਸਦੀ ਕੌਮ ਨੂੰ ਬਹੁਤ ਸ਼ਿੱਦਤ ਨਾਲ ਉਡੀਕ ਸੀ। ਜਥੇਦਾਰ ਸਾਹਿਬ ਦਾ ਉਹ ਸੰਦੇਸ਼ ਉਚੀਆਂ ਰੁਹਾਨੀ ਉਡਾਰੀਆਂ ਦੇ ਨਾਲ ਨਾਲ ਪੰਥ ਦੀ ਬਿਖਰ ਰਹੀ ਕੌਮੀ ਸ਼ਕਤੀ ਨੂੰ ਵੀ ਇੱਕਜੁੱਟ ਕਰਨ ਵਾਲਾ ਸੀ। ਉਸ ਗਹਿਰ ਗੰਭੀਰ ਸੰਦੇਸ਼ ਵਿੱਚ ਜਥੇਦਾਰ, ਅਕਾਲ ਤਖਤ ਸਾਹਿਬ ਨੇ ਉਸ ਸਭ ਕੁਝ ਨੂੰ ਸੰਬੋਧਿਤ ਹੋਣ ਦਾ ਯਤਨ ਕੀਤਾ ਜੋ ਕੌਮ ਸਾਹਮਣੇ ਚੁਣੌਤੀ ਬਣਕੇ ਉਭਰ ਰਿਹਾ ਹੈੈ। ਧਾਰਮਕ ਗਿਰਾਵਟ ਤੋਂ ਲੈਕੇ ਭਾਰਤੀ ਸਟੇਟ ਦੀ ਚੁਣੌਤੀ ਤੱਕ।

ਉਸ ਤੋਂ ਬਾਅਦ ਆਪਣੇ ਵਿਦੇਸ਼ ਦੌਰੇ ਦੌਰਾਨ ਵੀ ਜਥੇਦਾਰ ਭਾਈ ਹਰਪਰੀਤ ਸਿੰਘ ਨੇ ਕੌਮ ਨੂੰ ਵਿਚਾਰਧਾਰਕ ਤੌਰ ਤੇ ਮਜਬੂਤ ਕਰਨ ਦੇ ਯਤਨ ਨੂੰ ਅੱਗੇ ਵਧਾਇਆ। ਉਨ੍ਹਾਂ ਕੌਮ ਨੂੰ ਨਕਾਰਾਤਮਕ ਸੋਚ ਛੱਡਕੇ ਸਕਾਰਤਮਕ ਸੋਚਣ ਦਾ ਜਜਬਾ ਜਗਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕੌਮ ਨੂੰ ਯਾਦ ਦਿਵਾਇਆ ਕਿ ਇਹ ਸਿੱਖ ਹੀ ਸਨ ਜਿਨ੍ਹਾਂ ਨੇ 7 ਸਦੀਆਂ ਦੇ ਮੁਗਲ ਰਾਜ ਦਾ ਅੰਤ ਕੀਤਾ, ਇਸ ਲਈ ਕੌਮ ਨੂੰ ਇਹ ਗੱਲ ਨਹੀ ਸੋਚਣੀ ਚਾਹੀਦੀ ਕਿ ਮਾੜੇ ਮੋਟੇ ਹੱਲੇ ਨਾਲ ਸਿੱਖ ਕੌਮ ਦਾ ਕੁਝ ਵਿਗੜ ਸਕੇਗਾ।

ਪਿਛਲੇ ਦਿਨੀ ਹੋਲੇ ਮੁਹੱਲੇ ਉੱਤੇ ਅਤੇ ਹੁਣ ਖਾਲਸਾ ਸਾਜਨਾ ਦਿਵਸ ਮੌਕੇ ਤੇ ਭਾਈ ਹਰਪਰੀਤ ਸਿੰਘ ਨੇ ਪੰਥਕ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਕੌਮ ਨੂੰ ਵਿਚਾਰਧਾਰਕ ਤੌਰ ਤੇ ਸਪਸ਼ਟ ਹੋਣ ਦਾ ਸੰਦੇਸ਼ ਦਿੱਤਾ ਹੈੈ। ਬਹੁਤ ਨਪੇ ਤੁਲੇ ਸ਼ਬਦਾਂ ਵਿੱਚ ਉਨ੍ਹਾਂ ਆਖਿਆ ਹੈ ਕਿ ਜਿਹੜੇ ਲੋਕਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਸਤਿਕਾਰ ਨਹੀ ਕੀਤਾ ਉਹ ਤੁਹਾਡੇ ਚਲਾਏ ਹੋਏ ਲੰਗਰਾਂ ਦਾ ਕਦੋਂ ਸਤਿਕਾਰ ਕਰਨਗੇ।

ਇੱਕ ਤਰ੍ਹਾਂ ਨਾਲ ਜਥੇਦਾਰ ਸਾਹਿਬ ਨੇ ਸਿੱਖਾਂ ਨੂੰ ਵਿਚਾਰਧਾਰਕ ਤੌਰ ਤੇ ਆਪਣੇ ਨਿਆਰੇ ਕਿਰਦਾਰ ਦੀਆਂ ਲਕੀਰਾਂ ਗੂੜ੍ਹੀਆਂ ਕਰਨ ਦਾ ਸੰਦੇਸ਼ ਦਿੱਤਾ ਹੈੈ। ਸਿੱਖ ਕੌਮ ਨੂੰ ਜਥੇਦਾਰ ਸਾਹਿਬ ਦਾ ਸੰਦੇਸ਼ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਤੇ ਗੁਰੂ ਸਾਹਿਬ ਵੱਲੋਂ ਬਖਸ਼ੀ ਨਿਆਰੀ ਪਾਤਸ਼ਾਹੀ ਦੇ ਵਿਚਾਰਧਾਰਕ ਪਰਚਮ ਬੁਲੰਦ ਕਰਨ ਲਈ ਯਤਨਸ਼ੀਲ ਹੋਣਾਂ ਚਾਹੀਦਾ ਹੈ।