੨ ਜੁਲਾਈ ਨੂੰ ਅਕਾਲ ਤਖਤ ਸਾਹਿਬ ਦਾ ੩੦੮ਵਾਂ ਸਥਾਪਨਾ ਦਿਵਸ ਸਿੱਖ ਕੌਮ ਨੇ ਸ਼ਰਧਾ ਤੇ ਗਰਮਜ਼ੋਸ਼ੀ ਨਾਲ ਮਨਾਇਆ ਹੈ। ਪਰ ਅਫਸੋਸ ਹੈ ਕਿ ਜਿਸ ਗਰਮਜੋਸ਼ੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਸਮਾਗਮ ਦਾ ਅਗਾਜ਼ ਇੱਕ ਜੁਲਾਈ ਨੂੰ ਪੂਰੀ ਵਾਹ ਲਾ ਕੇ ਤਲਵੰਡੀ ਸਾਬੋ ਤਖਤ ਦਮਦਮਾ ਸਾਹਿਬ ਵਿਖੇ ਮਨਾਉਣ ਦਾ ਯਤਨ ਕੀਤਾ ਸੀ ਉਸ ਤਰਾਂ ਦੀ ਯਤਨਸ਼ੀਲਤਾ ਤੇ ਪ੍ਰਤੀਬੱਧਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਨਜ਼ਰ ਨਹੀਂ ਆਈ। ਨਾ ਹੀ ਤਾਂ ਇਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੋਈ ਆਪਣਾ ਪ੍ਰਤੀਨਿਧ ਭੇਜਿਆ ਤੇ ਨਾ ਹੀ ਹੋਰ ਪੰਥਕ ਜੱਥੇਬੰਦੀਆਂ ਨੇ ਇਸ ਵਿੱਚ ਸ਼ਾਮਲ ਹੋਣ ਨੂੰ ਤਰਜ਼ੀਹ ਦਿੱਤੀ। ਭਾਵੇਂ ਕਿ ਸ਼੍ਰੋਮਣੀ ਕਮੇਟੀ ਦੇ ਬਹੁਗਿਣਤੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਹਨ ਪਰ ਇੰਨਾ ਦੇ ਚੁਣੇ ਜਾਣ ਤੋਂ ਬਾਅਦ ਇਹ ਸਿੱਖਾਂ ਦੀ ਸਿਰਮੌਰ ਸੰਸਥਾ ਬਣ ਜਾਂਦੀ ਹੈ ਜਿਸਦਾ ਫਰਜ਼ ਸਮੂਹ ਸਿੱਖ ਭਾਈਚਾਰੇ ਦੀ ਸੇਵਾ ਸੰਭਾਲ ਤੇ ਉਸਦੀ ਉਚਿੱਤਾ ਨੂੰ ਬਰਕਰਾਰ ਰੱਖਣਾ ਹੈ। ਇਹ ਇਸਦੇ ਹੋਂਦ ਵਿੱਚ ਆਉਂਣ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ। ਪਰ ਸਮੇਂ ਨਾਲ ਤੇ ਹਾਕਮ ਧਿਰਾਂ ਦੀਆਂ ਤਬਦੀਲੀਆਂ ਨਾਲ ਸਿੱਖਾਂ ਦੀ ਇਹ ਸਿਰਮੌਰ ਸੰਸਥਾ ਕਿਸੇ ਇੱਕ ਰਾਜਸੀ ਧਿਰ ਦੀ ਜਗੀਰ ਵਜੋਂ ਹੀ ਵਿਚਰ ਰਹੀ ਹੈ। ਜਿਸਦਾ ਆਮ ਸਿੱਖਾਂ ਵਿੱਚ ਬਹੁਤ ਭਾਰੀ ਰੋਸ ਹੈ ਪਰ ਉਸਦੇ ਬਾਵਜੂਦ ਸ਼੍ਰੋਮਣੀ ਕਮੇਟੀ ਇਸ ਰੋਸ ਨੂੰ ਸਮਝਣ ਦੀ ਬਜਾਇ ਆਪਣੇ ਰਾਜਸੀ ਪਿਤਾਮਾ ਦੀ ਚੜਤ ਲਈ ਹਰ ਰੋਜ ਨਵੇਂ ਤੇ ਫਜ਼ੂਲ ਉਪਰਾਲੇ ਕਰ ਰਹੀ ਹੈ। ਇੰਨਾ ਦਾ ਕੁਝ ਦਿਨ ਪਹਿਲਾਂ ਕਰਾਇਆ ਗਿਆ ਧਾਰਮਿਕ ਸਮਾਗਮ ਵੀ ਰਾਜਨੀਤਿਕ ਲੀਹਾਂ ਵੱਲ ਨੂੰ ਚੱਲਦਾ ਇੱਕ ਕਦਮ ਹੀ ਮੰਨਿਆ ਗਿਆ ਹੈ। ਕਿਉਂਕਿ ਇਨਾਂ ਦੀ ਪਿਤਾਮਾ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਹਾਸੀਏ ਤੇ ਆ ਚੁੱਕੀ ਹੈ। ਉਸਦਾ ਪ੍ਰਭਾਵ ਲੋਕਾਂ ਤੇ ਸਿੱਖਾਂ ਵਿੱਚ ਉੱਪਰ ਚੁੱਕਣ ਲਈ ਇਹ ਧਰਮ ਪ੍ਰਚਾਰ ਸਮਾਗਮਾਂ ਦੀ ਲੜੀ ਚਰਚਾ ਦਾ ਵਿਸ਼ਾ ਹੈ। ਜਿਸਦਾ ਅਰਥ ਧਰਤੀ ਪੱਧਰ ਤੇ ਪਹਿਲਾਂ ਵੀ ਸਿਫਰ ਸੀ ਅਤੇ ਅੱਜ ਵੀ ਸਿਫਰ ਹੀ ਹੈ। ਸਮਾਂ ਮੰਗ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਆਪਣੀ ਖੁਦਮੁਖਤਿਆਰੀ ਤੇ ਪ੍ਰਭੂਸੱਤਾ ਦੀ ਖੁਦ-ਰਖਵਾਲ ਬਣੇ ਤੇ ਕਿਸੇ ਸਿੱਖ ਰਾਜਸੀ ਘਰਾਣੇ ਦੀ ਜਾਗੀਰ ਨਾ ਬਣੇ। ਇਸੇ ਵਿੱਚ ਹੀ ਸਿੱਖੀ ਦਾ ਸਤਿਕਾਰ ਹੈ ਤੇ ਜੱਥੇਦਾਰਾਂ ਦੇ ਮਾਣਸੱਤੇ ਰੁਤਬੇ ਦੇ ਬਹਾਲ ਹੋਣ ਦੀ ਆਸ ਕੀਤੀ ਜਾ ਸਕਦੀ ਹੈ।