ਪੰਜਾਬ ਵਿੱਚ ਚਲੀ ਸਰਕਾਰੀ ਦਹਿਸ਼ਤ ਦੀ ਹਨੇਰੀ ਦੇ ਕੁਝ ਕੁਝ ਪੰਨੇ ਗਾਹੇ ਬਗਾਹੇ ਪਰਗਟ ਹੁੰਦੇ ਰਹਿੰਦੇ ਹਨ। ਜਦੋਂ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਜਿਸ ਵਿੱਚ ਸਰਕਾਰੀ ਦਹਿਸ਼ਤ ਤੋਂ ਪੀੜਤ ਕਿਸੇ ਪਰਵਾਰ ਦੀ ਕਹਾਣੀ ਮੀਡੀਆ ਵਿੱਚ ਨਸ਼ਰ ਹੁੰਦੀ ਹੈ ਤਾਂ ਹਜਾਰਾਂ ਪਰਵਾਰਾਂ ਦਾ ਦਰਦ ਇੱਕ ਵਾਰ ਫਿਰ ਬਹਿ ਉੱਠਦਾ ਹੈੈ। ਇਤਹਾਸ ਦੇ ਜ਼ਖਮਾਂ ਦੀ ਪੀੜ ਫਿਰ ਹਰੀ ਹੋ ਜਾਂਦੀ ਹੈੈ। ਹੰਝੂਆਂ ਦੇ ਵਹਿਣ ਫਿਰ ਵਗ ਤੁਰਦੇ ਹਨ ਅਤੇ ਲਾਪਤਾ ਹੋ ਗਏ ਜਣਿਆਂ ਦਾ ਵੈਰਾਗ ਫਿਰ ਸ਼ਾਖਸ਼ਾਤ ਹੋ ਉਠਦਾ ਹੈੈ।

ਪੰਜਾਬ ਵਿੱਚ ਸਰਕਾਰੀ ਜੁਲਮਾਂ ਦੀ ਹਨੇਰੀ ਝੁਲਾਉਣ ਵਾਲੇ ਸੁਮੇਧ ਸੈਣੀ ਦਾ ਕੇਸ ਮੁੜ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਇੱਕ ਵਾਰ ਫਿਰ ਬਹੁਤ ਸਾਰੇ ਅਜਿਹੇ ਸ਼ਖਸ਼ ਸਾਹਮਣੇ ਆ ਗਏ ਹਨ ਜਿਨ੍ਹਾਂ ਨੇ ਸੁਮੇਧ ਸੈਣੀ ਦੇ ਜੁਲਮਾਂ ਨੂੰ ਜਾਂ ਤਾਂ ਆਪ ਹੰਢਾਇਆ ਜਾਂ ਫਿਰ ਆਪਣੇ ਅੱਖੀਂ ਦੇਖਿਆ ਸੀ।

ਇਨ੍ਹਾਂ ਵਿੱਚ ਸਭ ਤੋਂ ਪਹਿਲਾ ਨਾਅ ਸੀਨੀਅਰ ਵਕੀਲ ਬੀਬੀ ਜੀ.ਕੇ. ਮਾਨ ਦਾ ਆਇਆ ਜਿਨ੍ਹਾਂ ਨੇ ਸੁਮੇਧ ਸੈਣੀ ਤੇ ਕੇਸ ਦਰਜ ਹੁੰਦਿਆਂ ਹੀ ਅਦਾਲਤ ਅਤੇ ਮੀਡੀਆ ਦੇ ਸਾਹਮਣੇ ਆਕੇ ਦੱਸਿਆ ਕਿ ਕਿਵੇਂ 20ਵੀਂ ਸਦੀ ਦੇ ਜਕਰੀਆ ਖਾਨ ਨੇ ਭਾਈ ਬਲਵੰਤ ਸਿੰਘ ਮੁਲਤਾਨੀ ਤੇ ਅਣਮਨੁੱਖੀ ਤਸ਼ੱਦਦ ਕੀਤਾ ਅਤੇ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬੀਬੀ ਜੀ ਦੇ ਦਰਦ ਭਰੇ ਬਿਆਨ ਸੁਣਕੇ ਹਰ ਕਿਸੇ ਦੇ ਮਨ ਵਿੱਚ ਆਇਆ ਕਿ ਕੀ ਭਾਰਤੀ ਪੁਲਿਸ ਸੇਵਾ ਦਾ ਵੱਡਾ ਇਮਤਿਹਾਨ ਪਾਸ ਕਰਕੇ ਅਜਿਹੇ ਲੋਕ ਪੈਦਾ ਕੀਤੇ ਜਾ ਰਹੇ ਹਨ ਜੋ ਮਨੁੱਖਤਾ ਦੀਆਂ ਸਾਰੀਆਂ ਕਦਰਾਂ ਕੀਮਤਾਂ ਤੋਂ ਗਿਰੇ ਹੋਏ ਹਨ?

ਉਸ ਤੋਂ ਬਾਅਦ ਭਾਈ ਹਰਵਿੰਦਰ ਸਿੰਘ ਰੋਪੜ ਵਾਲਿਆਂ ਦੀ ਵਿਸਥਾਰਤ ਮੁਲਾਕਾਤ ਪਰਸਾਰਤ ਕੀਤੀ ਗਈ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਸੁਮੇਧ ਸੈਣੀ ਨੇ ਭਾਈ ਬਲਦੇਵ ਸਿੰਘ ਭੱਕੂਮਾਜਰਾ ਅਤੇ ਭਾਈ ਗੁਰਮੀਤ ਸਿੰਘ ਰੋਪੜ ਨੂੰ ਕਿਸੇ ਜਗ੍ਹਾ ਬੁਲਾਕੇ ਕਤਲ ਕਰ ਦਿੱਤਾ ਸੀ। ਜਿਸ ਵੇਲੇ ਉਨ੍ਹਾਂ ਦਾ ਕਤਲ ਕੀਤਾ ਗਿਆ ਉਸ ਵੇਲੇ ਉਨ੍ਹਾਂ ਕੋਲ ਕੋਈ ਹਥਿਆਰ ਨਹੀ ਸੀ। ਇਸਦੇ ਨਾਲ ਹੀ ਭਾਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਸੈਣੀ ਨੇ ਉਨ੍ਹਾਂ ਤੇ ਘੋਰ ਤਸ਼ੱਦਦ ਕੀਤਾ। ਉਨ੍ਹਾਂ ਦੇ ਨਾਲ ਫੜੇ ਗਏ ਪਰਮਿੰਦਰ ਸਿੰਘ ਰਾਜਾ ਨੇ ਜਦੋਂ ਸੈਣੀ ਦੇ ਚਪੇੜ ਕੱਢ ਮਾਰੀ ਤਾਂ ਸੈਣੀ ਦੇ ਹੁਕਮਾਂ ਤੇ ਭਾਈ ਪਰਮਿੰਦਰ ਸਿੰਘ ਦੇ ਹੱਥ ਪੈਰ ਵੱਢਕੇ ਉਸਨੂੰ ਕਤਲ ਕਰ ਦਿੱਤਾ ਗਿਆ।

ਇਸਦੇ ਨਾਲ ਹੀ ਭਾਈ ਬਲਵਿੰਦਰ ਸਿੰਘ ਜਟਾਣਾਂ ਦੇ ਪਰਵਾਰ ਨੂੰ ਜਿੰਦਾ ਸਾੜ ਦੇਣ ਦੀ ਘਟਨਾ ਵੀ ਮੁੜ ਸੁਰਖੀਆਂ ਵਿੱਚ ਆ ਗਈ।

ਅਗਲੀ ਵੀਡੀਓ ਭਾਈ ਚੰਨਣ ਸਿੰਘ ਸਿੱਧੂ ਦੀ ਸੀ ਜਿਸਨੇ ਦੱਸਿਆ ਕਿ ਸੈਣੀ ਨੇ ਉਨ੍ਹਾਂ ਤੇ 5-6 ਵਾਰ ਘੋਰ ਤਸ਼ੱਦਦ ਕੀਤਾ ਅਤੇ ਉਨਾਂ ਨੂੰ ਮਾਰ ਦੇਣ ਦਾ ਹਰ ਹਰਬਾ ਵਰਤਿਆ। ਉਨ੍ਹਾਂ ਆਪਣੀ ਮੁਲਾਕਾਤ ਵਿੱਚ ਭਾਈ ਅਮਰੀਕ ਸਿੰਘ ਕੌਲੀ ਉੱਤੇ ਹੋਏ ਤਸ਼ੱਦਦ ਨੂੰ ਬਿਆਨ ਕੀਤਾ ਹੈੈ। ਉਨ੍ਹਾਂ ਦੱਸਿਆ ਕਿ ਭਾਈ ਅਮਰੀਕ ਸਿੰਘ ਕੌਲੀ ਨੂੰ ਪੁੱਠਾ ਟੰਗ ਕੇ ਉਸਦੇ ਥੱਲੇ ਅੱਗ ਬਾਲੀ ਗਈ ਤਾਂ ਕਿ ਜਿਉਂਦੇ ਜੀਅ ਹੀ ਸਾੜਿਆ ਜਾ ਸਕੇ। ਪਰ ਤਸ਼ੱਦਦ ਦੇ ਭੰਨੇ ਹੋਏ ਭਾਈ ਅਮਰੀਕ ਸਿੰਘ ਨੇ ਸੁਮੇਧ ਸੈਣੀ ਦੇ ਮੂੰਹ ਤੇ ਥੁੱਕ ਦਿੱਤਾ, ਜਿਸਤੋਂ ਗੁਸੇ ਵਿੱਚ ਆਕੇ ਸੈਣੀ ਨੇ ਉਸਦੀ ਗਰਦਨ ਮਰੋੜ ਕੇ ਉਸਦਾ ਮਣਕਾ ਤੋੜ ਦਿਤਾ ਅਤੇ ਉਸਨੂੰ ਕਤਲ ਕਰ ਦਿੱਤਾ।

ਭਾਈ ਰੌਸ਼ਨ ਲਾਲ ਬੈਰਾਗੀ ਦੀ ਪਤਨੀ ਬੀਬੀ ਨਿਰਪਜੀਤ ਕੌਰ ਦੀ ਮੁਲਾਕਾਤ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਨ੍ਹਾਂ ਸੈਣੀ ਦੇ ਜੁਲਮਾਂ ਦੀ ਬਾਤ ਪਾਈ ਹੈੈ।

ਇਸਦੇ ਨਾਲ ਹੀ ਇੱਕ ਸਿੱਖ ਵਪਾਰੀ ਕੰਵਲਜੀਤ ਸਿੰਘ ਆਹਲੂਵਾਲੀਆ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਨ੍ਹਾਂ ਸੈਣੀ ਦੇ ਜੁਲਮਾਂ ਅਤੇ ਘਟੀਆ ਹਰਕਤਾਂ ਦਾ ਜਿਕਰ ਕੀਤਾ ਹੈੈ। ਕਰੋੜਾਂ ਪਤੀ ਵਪਾਰੀ ਜਿਸਦਾ ਖਾੜਕੂਵਾਦ ਨਾਲ ਕੋਈ ਸਬੰਧ ਨਹੀ ਸੀ ਨੂੰ ਨੰਗਾ ਕਰਕੇ ਉਸਦੀ ਵੀਡੀਓ ਬਣਾਈ ਗਈ ਅਤੇ ਫਿਰ ਉਹ ਵੀਡੀਓ ਉਸ ਸਿੱਖ ਵਪਾਰੀ ਦੀ ਬੇਟੀ ਦੇ ਕੰਪਿਊਟਰ ਵਿੱਚ ਡਾਊਨਲੋਡ ਕੀਤੀ ਗਈ।

ਅਜਿਹੀ ਹੀ ਇੱਕ ਕਹਾਣੀ ਪਟਵਾਰੀ ਮੋਹਣ ਸਿੰਘ ਦੀ ਸਾਹਮਣੇ ਆਈ ਹੈ ਜਿਸਨੂੰ ਸੈਣੀ ਨੇ ਨੰਗਾ ਕਰਕੇ ਉਸਦੀ ਵੀਡੀਓ ਬਣਾਕੇ ਉਸਨੂੰ ਮਾਨਸਕ ਤੌਰ ਤੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਿਦਕੀ ਸਿੱਖ ਆਪਣੇ ਗੁਰੂ ਤੇ ਭਰੋਸਾ ਕਰਕੇ ਜੁਲਮਾਂ ਦਾ ਸਾਹਮਣਾਂ ਕਰਦਾ ਰਿਹਾ ਅਤੇ ਅੰਤ ਨੂੰ, ਜਾਲਮ ਉਸਦੀ ਤਪੱਸਿਆ ਅੱਗੇ ਹਾਰ ਗਿਆ।

ਇਸ ਸਾਰੇ ਘਟਨਾਕ੍ਰਮ ਨੂੰ ਦੇਖ ਸੁਣਕੇ ਇਹ ਮਹਿਸੂਸ ਹੁੰਦਾ ਹੈ ਕਿ ਮੇਰੇ ਲੋਕ ਕਿੰਨਾ ਦਰਦ ਲਈ ਫਿਰਦੇ ਹਨ ਅਤੇ ਇਤਿਹਾਸ ਨੇ ਉਨ੍ਹਾਂ ਨੂੰ ਕਿੰਨੀਆਂ ਵੱਡੀਆਂ ਚੁਣੌਤੀਆਂ ਦੇ ਸਨਮੁੱਖ ਖੜ੍ਹ੍ਹਾ ਕੀਤਾ ਹੈੈ। ਪਰ ਇਸਦੇ ਨਾਲ ਹੀ ਇਹ ਗੱਲ ਵੀ ਵਿਚਾਰਨਯੋਗ ਹੈ ਕਿ ਜੁਲਮਾਂ ਦੇ ਭੰਨੇ ਹੋਏ ਗੁਰੂ ਦੇ ਸਿੱਖ ਕਦੇ ਜਾਲਮ ਦੇ ਚਪੇੜ ਮਾਰ ਦਿੰਦੇ ਹਨ ਅਤੇ ਕਦੇ ਜਾਲਮ ਦੇ ਮੂੰਹ ਤੇ ਥੁੱਕ ਦਿੰਦੇ ਹਨ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਆਪਣੇ ਸਪੁੱਤਰ ਹੋਣ ਦਾ ਮਾਣ ਜੁਲਮਾਂ ਦੀ ਅੱਗ ਵਿੱਚ ਵੀ ਬਖਸ਼ੀ ਰੱਖਿਆ।