ਆਪਣੀਆਂ ਸਰਹੱਦਾਂ ਦੀ ਰਾਖੀ ਨੂੰ ਲੈ ਕੇ ਕਿਸੇ ਵੀ ਦੇਸ਼ ਦਾ ਚਿੰਤਿਤ ਹੋਣਾਂ ਸੁਭਾਵਿਕ ਹੈ। ਭਾਰਤ ਦੇ ਸਿਆਸਤਦਾਨ ਵੀ ਆਪਣੀਆਂ ਸਰਹੱਦਾਂ ਦੀ ਰਾਖੀ ਨੂੰ ਲੈ ਕੇ ਚਿੰਤਿਤ ਰਹਿੰਦੇ ਹਨ। ਪਰ ਇਸ ਚਿੰਤਾ ਦਾ ਪੈਮਾਨਾ ਬਿਲਕੁਲ ਵੱਖਰੀ ਕਿਸਮ ਦਾ ਹੈ।

ਭਾਰਤ ਦੀ ਸਰਹੱਦ ਮੁੱਖ ਤੌਰ ਤੇ ਚੀਨ ਅਤੇ ਪਾਕਿਸਤਾਨ ਨਾਲ ਲੱਗਦੀ ਹੈ। ਬੰਗਲਾਦੇਸ਼ ਨਾਲ ਵੀ ਇਸਦੀ ਸਰਹੱਦ ਸਾਂਝੀ ਹੈ। ਪਰ ਗੜਬੜ ਹਮੇਸ਼ਾ ਪਾਕਿਸਤਾਨ ਅਤੇ ਚੀਨ ਦੀਆਂ ਸਰਹੱਦਾਂ ਤੇ ਹੀ ਹੁੰਦੀ ਹੈ। ਦੋਵਾਂ ਮੁਲਕਾਂ ਨਾਲ ਇਤਿਹਾਸਕ ਦੁਸ਼ਮਣੀ ਹੋਣ ਦੇ ਬਾਵਜੂਦ ਭਾਰਤ ਦੇ ਸਿਆਸਤਦਾਨਾਂ, ਅਫਸਰਸ਼ਾਹੀ ਅਤੇ ਇੱਥੋਂ ਤੱਕ ਮੁਹੱਲਾ ਪੱਧਰ ਦੇ ਆਮ ਹਿੰਦੂ ਲੀਡਰਾਂ ਦ ਰਵੱਈਆ ਬਿਲਕੁਲ ਵੱਖਰੀ ਕਿਸਮ ਦਾ ਹੁੰਦਾ ਹੈ।

ਜੇ ਪਾਕਿਸਤਾਨ ਵੱਲੋਂ ਸਰਹੱਦ ਤੇ ਕੋਈ ਗੜਬੜ ਹੁੰਦੀ ਹੈ, ਜੋ ਕਿ ਅਕਸਰ ਹੁੰਦੀ ਰਹਿੰਦੀ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਗ੍ਰਹਿ ਮੰਤਰੀ ਤੋਂ ਲੈ ਕੇ ਪਰਵੀਨ ਤੋਗੜੀਆ ਵਰਗੇ ਅਤੇ ਹੋਰ ਮੁਹੱਲਾ ਪੱਧਰ ਡੇ ਲੀਡਰ ਨਾ ਕੇਵਲ ਧੂੰਆਂਧਾਰ ਬਿਆਨਬਾਜ਼ੀ ਕਰਦੇ ਹਨ ਬਲਕਿ ਵਾਰਾਨਸੀ ਤੋਂ ਲੈ ਕੇ ਫਗਵਾੜੇ ਤੱਕ ਪਾਕਿਸਤਾਨ ਸਰਕਾਰ ਦੇ ਪੁਤਲੇ ਵੀ ਫੂਕੇ ਜਾਂਦੇ ਹਨ।

ਪਰ ਜਦੋਂ ਚੀਨ ਭਾਰਤ ਦੀ ਸਰਹੱਦ ਤੇ ਜਬਰੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਭਾਰਤ ਦੇ ਫੌਜੀ ਉਨ੍ਹਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਨਾਲ ਵਾਪਸ ਜਾਣ ਦੀਆਂ ਬੇਨਤੀਆਂ ਕਰਦੇ ਰਹਿੰਦੇ ਹਨ। ਜਿਹੜਾ ਗੁੱਸਾ ਅਤੇ ਰੋਹ ਪਾਕਿਸਤਾਨ ਦੀ ਘੁਸਪੈਠ ਵੇਲੇ ਪੂਰੇ ਦੇਸ਼ ਵਿੱਚ ਪੈਦਾ ਹੋ ਜਾਂਦਾ ਹੈ ਅਤੇ ਜਿਸਦੀ ਵਿਹੁ ਲਾਹੁਣ ਲਈ ਭਾਰਤ ਦੇ ਟੀ.ਵੀ. ਚੈਨਲ ਕਈ ਕਈ ਦਿਨ ਅਖੌਤੀ ਰੱਖਿਆ ਮਾਹਰਾਂ ਤੋਂ ਲੈ ਕੇ ਭਾਜਪਾ ਦੇ ਬੁਲਾਰਿਆਂ ਨੂੰ ਸਾਰਾ ਸਾਰਾ ਦਿਨ ਚੈਨਲਾਂ ਤੇ ਖਿੱਚੀ ਫਿਰਦੇ ਰਹਿੰਦੇ ਹਨ ਉਹ ਰੋਹ, ਉਹ ਅੱਗ, ਉਹ ਦੁਸ਼ਮਣੀ ਅਤੇ ਉਹ ਪ੍ਰਤੀਬੱਧਤਾ ਚੀਨ ਦੀ ਘੁਸਪੈਠ ਵੇਲੇ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਸਾਰੇ ਨੇਤਾ ਵੀ ਚੁੱਪ ਹੋ ਜਾਂਦੇ ਹਨ ਅਤੇ ਸਾਰੇ ਚੈਨਲ ਵੀ। ਚੈਨਲ ਜੇ ਉਸ ਸਬੰਧੀ ਗੱਲ ਵੀ ਕਰਦੇ ਹਨ ਤਾਂ ਬਿਲਕੁਲ ਹੀ ਦੋਸਤਾਨਾ ਅੰਦਾਜ਼ ਵਿੱਚ ਅਤੇ ਬਹੁਤ ਹੀ ਦੱਬੀ ਹੋਈ ਸੁਰ ਵਿੱਚ।

ਪਿਛਲੇ ਦਿਨੀ ਅਜਿਹਾ ਹੀ ਵਾਪਰਿਆ। ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਚੀਨੀ ਫੌਜੀ ਭਾਰਤੀ ਸਰਹੱਦ ਵਿੱਚ ਜਬਰਦਸਤੀ ਘੁਸਣ ਦਾ ਯਤਨ ਕਰ ਰਹੇ ਹਨ। ਭਾਰਤੀ ਫੌਜੀ ਉਨ੍ਹਾਂ ਨੂੰ ਬਹੁਤ ਪਿਆਰ ਸਤਿਕਾਰ ਨਾਲ ਰੋਕਣ ਦਾ ਯਤਨ ਕਰਦੇ ਹਨ। ਕੋਈ ਗੁੱਸਾ ਨਹੀ, ਕੋਈ ਚੇਤਾਵਨੀ ਨਹੀ ਅਤੇ ਕੋਈ ਹਵਾਈ ਫਾਇਰਿੰਗ ਨਹੀ।

ਭਾਰਤ ਦੇ ਹਿੰਦੂ ਨੇਤਾਵਾਂ ਅਤੇ ਟੀ.ਵੀ. ਚੈਨਲਾਂ ਦੀ ਇਹ ਕਮਜ਼ੋਰੀ ਅਤੇ ਡਰਪੋਕਪੁਣਾਂ ਸਮਝ ਆਉਂਦਾ ਹੈ। ਅਸੀਂ ਕੁਝ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਮੀਡੀਆ ਅਤੇ ਸਿਆਸਤਦਾਨਾਂ ਲਈ ਦੇਸ਼ ਭਗਤੀ ਸਿਰਫ ਉਹ ਚੀਜ ਹੈ ਜੋ ਉਨ੍ਹਾਂ ਨੂੰ ਪੈਸੇ ਬਣਾਉਣ ਵਿੱਚ ਸਹਾਇਤਾ ਕਰਦੀ ਹੈ। ਕ੍ਰਿਕਟ ਦੀ ਦੇਸ਼ ਭਗਤੀ ਕਰੋੜਾਂ ਰੁਪਏ ਦਾ ਸੱਟਾ ਹਜ਼ਮ ਕਰਨ ਲਈ ਪੈਦਾ ਕੀਤੀ ਜਾਂਦੀ ਹੈ ਅਤੇ ਇਹੋ ਦੇਸ਼ ਭਗਤੀ ਸਰਹੱਦਾਂ ਤੇ ਹੁੰਦੀ ਘੁਸਪੈਠ ਵੇਲੇ ਵੀ ਚੈਨਲਾਂ ਦੀ ਟੀ.ਆਰ.ਪੀ. ਵਧਾਉਣ ਅਤੇ ਵੱਧ ਇਸ਼ਿਤਿਹਾਰ ਇਕੱਠੇ ਕਰਨ ਲਈ ਵਰਤੀ ਜਾਂਦੀ ਹੈ।

ਦੇਸ਼ ਭਗਤੀ ਦਾ ਮਤਲਬ ਆਪਣੇ ਮੁਲਕ ਜਾਂ ਆਪਣੇ ਲੋਕਾਂ ਲਈ ਕੁਰਬਾਨੀ ਕਰਨ ਦਾ ਨਹੀ ਹੈ ਬਲਕਿ ਮਾਲ ਕਮਾਉਣ ਦਾ ਹੈ। ਇਸੇ ਲਈ ਜਿਹੜੇ ਲੋਕ ਆਪਣੀ ਸਰਕਾਰ ਅਤੇ ਫੌਜ ਦੇ ਬਲਬੂਤੇ ਤੇ ਪੰਜਾਬ ਵਿੱਚ ਛੋਟੇ-ਛੋਟੇ ਬੱਚਿਆਂ ਦੇ ਹੱਥਾਂ ਵਿੱਚ ਤ੍ਰਿਸ਼ੂਲ ਫੜਾ ਕੇ ਸਿੱਖਾਂ ਨੂੰ ਭੈਅਭੀਤ ਕਰਨ ਦਾ ਡਰਾਮਾ ਕਰ ਰਹੇ ਹਨ ਉਨ੍ਹਾਂ ਵਿੱਚੋਂ ਕੋਈ ਇੱਕ ਵੀ ਨਾ ਤਾਂ ਸਰਹੱਦ ਤੇ ਜਾਕੇ ਲੜ ਸਕਦਾ ਹੈ ਅਤੇ ਨਾ ਹੀ ਆਪਣੇ ਦੇਸ਼ ਲਈ ਕਿਸੇ ਹੋਰ ਮੁਲਕ ਵਿੱਚ ਜਾ ਕੇ ਹੱਸ-ਹੱਸਕੇ ਫਾਂਸੀ ਚੜ੍ਹ ਸਕਦਾ ਹੈ। ਸੁਰੱਖਿਅਤ ਏਅਰ-ਕੰਡੀਸ਼ਨਡ ਘਰਾਂ ਅਤੇ ਟੀ.ਵੀ. ਸਟੂਡੀਓਜ਼ ਵਿੱਚ ਬੈਠਕੇ ਦੇਸ਼ ਭਗਤੀ ਦੀਆਂ ਗੱਲਾਂ ਕਰਨੀਆਂ ਬਹੁਤ ਵਧੀਆ ਲਗਦੀਆਂ ਹਨ ਪਰ ਦੇਸ਼ ਲਈ ਆਪਣੇ ਪਰਿਵਾਰ ਦੀ ਕੁਰਬਾਨੀ ਹੱਸ-ਹੱਸ ਕੇ ਦੇਣੀ ਬਹੁਤ ਔਖ਼ੀ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਹੜੇ ਡਾਢੇ ਦੁਸ਼ਮਣ ਸਾਹਮਣੇ ਆਪਣਾਂ ਸਾਰਾ ਪੇਸ਼ ਕਰ ਦਿੰਦੇ ਸਨ। ਉਨ੍ਹਾਂ ਤੋਂ ਸ਼ਹਾਦਤ ਦੀ ਆਸ ਰੱਖਣੀ ਬਹੁਤ ਔਖੀ ਹੈ।