ਪੰਜਾਬ ਦਾ ਸਿਆਸੀ ਦ੍ਰਿਸ਼ ਇਸ ਵੇਲੇ ਦੋ ਧਾਰੀ ਤਲਵਾਰ ਵਾਂਗ ਚਲ ਰਿਹਾ ਹੈ। ਅਗਲੇ ਸਾਲ ੨੦੧੭ ਦੇ ਫਰਵਰੀ ਮਹੀਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਤਿੰਨੇ ਪ੍ਰਮੁੱਖ ਪਾਰਟੀਆਂ ਨੇ ਆਪਣਾਂ ਜੋਰ ਲਗਾਉਣਾਂ ਅਰੰਭ ਕਰ ਦਿੱਤਾ ਹੈ। ਅਕਾਲੀ ਦਲ ਅਤੇ ਕਾਂਗਰਸ ਆਪਣੇ ਪੱਕੇ ਹਮਾਇਤੀਆਂ ਦੇ ਬਲਬੂਤੇ ਤੇ ਚੋਣ ਪਿੜ ਵਿੱਚ ਉਤਰਨ ਦੀ ਤਿਆਰੀ ਕਰ ਰਹੇ ਹਨ ਪਰ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਸਰ ਕਰਨ ਲਈ ਰਵਾਇਤੀ ਸਿਆਸੀ ਹਥਿਆਰ ਵਰਤਣੇ ਅਰੰਭ ਕਰ ਦਿੱਤੇ ਹਨ। ਦਿੱਲੀ ਦੀ ਸਰਕਾਰ ਹੋਣ ਕਾਰਨ ਅੱਜਕੱਲ਼੍ਹ ਪੰਜਾਬ ਵਿੱਚ ਉਹ ਹਰ ਦੂਜੇ ਤੀਜੇ ਦਿਨ ਸਾਰੇ ਪ੍ਰਮੁੱਖ ਅਖਬਾਰਾਂ ਵਿੱਚ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਵੱਡੇ ਇਸ਼ਤਿਹਾਰ ਛਪਵਾ ਰਹੇ ਹਨ। ਸੀਨੀਅਰ ਲੀਡਰਸ਼ਿੱਪ ਲਗਾਤਾਰ ਰੈਲੀਆਂ ਕਰ ਰਹੀ ਹੈ। ਨੌਜਵਾਨ ਵਿੰਗ ਨੇ ਨਵਾਂ ਪੰਜਾਬ ਨਾਅ ਦਾ ਮਾਰਚ ਅਰੰਭ ਕਰ ਲਿਆ ਹੈ ਜਿਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਪੰਜਾਬ ਨੂੰ ਕਾਬੂ ਕਰਕੇ ਰੱਖਣ ਵਾਲੀ ਭਾਰਤੀ ਇੰਟੈਲੀਜੈਂਸ ਇਸ ਵੇਲੇ ਪੰਜਾਬ ਬਾਰੇ ਕਈ ਨਵੇਂ ਤਜਰਬੇ ਕਰਨ ਦੀ ਸੋਚ ਰਹੀ ਹੈ। ਇੰਟੈਲੀਜੈਂਸ ਦੀਆਂ ਗਿਣਤੀਆਂ ਮਿਣਤੀਆਂ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਬਜ਼ੁਰਗਾਂ ਅਤੇ ਵੱਡੀ ਉਮਰ ਦੇ ਲੋਕਾਂ ਨੂੰ ਤਾਂ ਆਪਣੇ ਮਗਰ ਲਾ ਸਕਦਾ ਸੀ ਪਰ ਉਹ ਨੌਜਵਾਨ ਪੀੜ੍ਹੀ ਜਿਸਦੀ ਗਿਣਤੀ ਕਾਫੀ ਹੈ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਨਹੀ ਹੋ ਸਕਿਆ। ਉਸਦਾ ਬੇਟਾ ਜੋ ਆਏ ਦਿਨ ਆਪਣੇ ਵਿਵਾਦਿਤ ਬਿਆਨਾਂ ਕਰਕੇ ਸ਼ੋਸ਼ਲ ਮੀਡੀਆ ਵਿੱਚ ਮਖੌਲ ਦਾ ਪਾਤਰ ਬਣਿਆ ਰਹਿੰਦਾ ਹੈ ਉਹ ਵੀ ਨੌਜਵਾਨੀ ਨੂੰ ਆਕ੍ਰਸ਼ਿਤ ਕਰਨ ਵਿੱਚ ਕਾਮਯਾਬ ਨਹੀ ਹੋ ਸਕਿਆ। ਇਸ ਲਈ ਭਾਰਤੀ ਨੀਤੀਘਾੜੇ ਹਾਲੇ ਪੰਜਾਬ ਬਾਰੇ ਦੁਚਿੱਤੀ ਵਿੱਚ ਹਨ। ਹਾਲੇ ਇਸ ਸਬੰਧੀ ਕੋਈ ਫੈਸਲਾ ਦਿੱਲੀ ਵਿੱਚ ਨਹੀ ਹੋਇਆ ਕਿ ਪੰਜਾਬ ਨੂੰ ਦਿੱਲੀ ਦੇ ਸਿਕੰਜੇ ਵਿੱਚ ਰੱਖੀ ਰੱਖਣ ਲਈ ਜਾਂ ਪੰਜਾਬ ਨੂੰ ਦਿੱਲੀ ਦੀ ਬਸਤੀ ਬਣਾਈ ਰੱਖਣ ਲਈ ਬਾਦਲ ਪਰਿਵਾਰ ਤੇ ਹੀ ਟੇਕ ਰੱਖੀ ਜਾਵੇ ਜਾਂ ਕੋਈ ਹੋਰ ਬਦਲ ਜੋ ਸੋਚ ਲਏ ਗਏ ਹਨ, ਉਹ ਵਿਚਾਰੇ ਜਾਣ।
ਖੈਰ ਵਿਧਾਨ ਸਭਾ ਚੋਣਾਂ ਨੂੰ ਲਗਭਗ ਸਾਲ ਪਿਆ ਹੈ ਪਰ ਸਿੱਖ ਪੰਥ ਦੀ ਹੋਣੀ ਅਤੇ ਰੁਹਾਨੀ ਉਚਤਾ ਲਈ ਪੰਥ ਦਰਦੀਆਂ ਨੂੰ ਸਰਕਾਰ ਬਦਲਣ ਨਾਲ਼ੋਂ ਸਿੱਖਾਂ ਦੀ ਸ਼ਰੋਮਣੀ ਸੰਸਥਾ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾਪਾਕ ਤਾਕਤਾਂ ਵੱਲ਼ੋਂ ਮਾਰੇ ਜਾ ਰਹੇ ਡਾਕੇ ਦੇ ਖਿਲਾਫ ਖੜ੍ਹੇ ਹੋਣ ਦੀ ਲੋੜ ਹੈ। ਸਰਕਾਰ ਬਾਦਲ ਪਰਿਵਾਰ ਦੇ ਹੱਥ ਵਿੱਚ ਹੋਣ ਨਾਲ ਸਿੱਖਾਂ ਦਾ ਭਾਵੇਂ ਵੱਡਾ ਨੁਕਸਾਨ ਹੋ ਰਿਹਾ ਹੈ ਪਰ ਉਸ ਨੁਕਸਾਨ ਨੂੰ ਝੱਲਿਆ ਜਾ ਸਕਦਾ ਹੈ ਪਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਪੰਥ ਦੋਖੀਆਂ ਦੇ ਹੱਥ ਵਿੱਚ ਹੋਣ ਨਾਲ ਸਿਰਫ ਵਰਤਮਾਨ ਦਾ ਹੀ ਨਹੀ ਬਲਕਿ ਸਿੱਖਾਂ ਦੇ ਭਵਿੱਖ ਦਾ ਵੀ ਨੁਕਸਾਨ ਹੋ ਰਿਹਾ ਹੈ।
ਕਮੇਟੀ ਵੱਲ਼ੋਂ ਜੋ ਸਾਹਿਤ ਜਾਂ ਇਤਿਹਾਸ ਛਾਪਿਆ ਜਾ ਰਿਹਾ ਹੈ ਉਹ ਬਿਲਕੁਲ ਭਾਰਤੀ ਸਟੇਟ ਦੇ ਗੁਣਗਾਣ ਕਰਨ ਵਾਲਾ ਹੈ। ਉਸ ਵਿੱਚੋਂ ਸਿੱਖਾਂ ਦੀ ਵਿਲੱਖਣਤਾ, ਅਤੇ ਖਾਸ ਕਰਕੇ ਹਮ ਹਿੰਦੂ ਨਹੀ ਵਰਗੀ ਪਵਿੱਤਰਤਾ ਖਤਮ ਕੀਤੀ ਜਾ ਰਹੀ ਹੈ। ਇਸ ਕੁਕਰਮ ਦਾ ਭਾਵੇਂ ਹਾਲੇ ਬਹੁਤਾ ਦਰਦ ਮਹਿਸੂਸ ਨਹੀ ਹੋ ਰਿਹਾ ਪਰ ੫੦ ਸਾਲਾਂ ਬਾਅਦ ਜਦੋਂ ਸਿੱਖ ਅਤੇ ਗੈਰ ਸਿੱਖ ਵਿਦਵਾਨ ਸਿੱਖਾਂ ਦੇ ਇਤਿਹਾਸ ਦੀ ਖੋਜ ਕਰਨਗੇ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ਼ੋਂ ਛਾਪੇ ਸਿੱਖ ਵਿਰੋਧੀ ਇਤਿਹਾਸ ਦੇ ਪ੍ਰਮਾਣ ਦੇਕੇ ਸਿੱਖਾਂ ਨੂੰ ਇੱਕ ਮੁਰਦਾ ਹੋ ਗਈ ਕੌਮ ਦਾ ਖਿਤਾਬ ਦੇਣਗੇ।
ਪਿਛਲੇ ੧੫ ਸਾਲਾਂ ਦੌਰਾਨ ਕਮੇਟੀ ਦਾ ਮਾਸਿਕ ਰਸਾਲਾ ਗੁਰਮਤ ਪ੍ਰਕਾਸ਼ ਵੀ ਸਿੱਖ ਪੰਥ ਦੇ ਰਸਾਲੇ ਨਾਲ਼ੋਂ ਹਿੰਦੂ ਮਹਾਂ ਸਭਾ ਦੇ ਰਸਾਲੇ ਦੀ ਭਿਣਕ ਜਿਆਦਾ ਦੇਂਦਾ ਹੈ। ਸਿੱਖਾਂ ਦੇ ਇਤਿਹਾਸ, ਪਰੰਪਰਾਵਾਂ ਅਤੇ ਰਵਾਇਤਾਂ ਨੂੰ ਸ਼੍ਰੋਮਣੀ ਕਮੇਟੀ ਬਹੁਤ ਬੇਦਰਦੀ ਨਾਲ ਹਿੰਦੂ ਤਰਜ਼ੇ ਜਿੰਦਗੀ ਅਨੁਸਾਰ ਪਰਿਭਾਸ਼ਤ ਕਰ ਰਹੀ ਹੈ। ਜੋ ਕਿ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਦੇ ਰਾਹ ਵਿੱਚ ਕੰਡੇ ਹੀ ਨਹੀ ਬਲਕਿ ਲਾਸ਼ਾਂ ਬੀਜ ਜਾਵੇਗਾ।
ਇਸ ਲਈ ਪੰਥ ਦਰਦੀਆਂ ਨੂੰ ਇਸ ਵੇਲੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਖਿਆਲ ਛੱਡਕੇ ਸਿੱਖਾਂ ਦੇ ਲਹੂ ਨਾਲ ਰੰਗੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਬਹੁਤ ਹੀ ਇਮਾਨਦਾਰੀ ਅਤੇ ਨਿੱਜੀ ਹਉਮੇ ਦਾ ਤਿਆਗ ਕਰਕੇ ਨੂੰ ਸਿੱਖ ਮੁੱਖਧਾਰਾ ਵਿੱਚ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ। ਭਾਰਤੀ ਇੰਟੈਲੀਜੈਂਸ ਨਹੀ ਚਾਹੁੰਦੀ ਕਿ ਕਮੇਟੀ ਤੋਂ ਬਾਦਲ ਪਰਿਵਾਰ ਦਾ ਗਲਬਾ ਖਤਮ ਹੋਵੇ। ਕਿਉਂਕਿ ੨੦੦੩ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਮੇਟੀ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਕਬਜਾ ਕਰਵਾਉਣ ਦਾ ਯਤਨ ਕੀਤਾ ਸੀ ਤਾਂ ਆਖਰੀ ਰਾਤ ਭਾਰਤੀ ਇੰਟੈਲੀਜੈਂਸ ਨੇ ਅਡਵਾਨੀ, ਵਾਜਪਾਈ ਅਤੇ ਸੋਨੀਆ ਗਾਂਧੀ ਦੀ ਸਾਂਝੀ ਮੁਲਾਕਾਤ ਕਰਵਾਕੇ ਇਹ ਜੋਰ ਪਵਾਇਆ ਸੀ ਕਿ ਕੈਪਟਨ ਨੂੰ ਅਜਿਹਾ ਕਰਨ ਤੋਂ ਰੋਕੋ ਵਰਨਾ ਕਮੇਟੀ ਤੇ ਅੱਤਵਾਦੀ ਕਾਬਜ ਹੋ ਜਾਣਗੇ।
ਦੁਸ਼ਮਣ, ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾਵਾਂ ਨੂੰ ਰੋਲਣ ਲਈ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ ਇਸ ਲਈ ਸਾਰੇ ਪੰਥਕ ਧੜਿਆਂ ਨੂੰ ਹੁਣ ਤੋਂ ਹੀ ਸੀਟਾਂ ਦੀ ਵੰਡ ਦਾ ਰੇੜਕਾ ਮੁਕਾ ਕੇ ਇੱਕ ਸਾਂਝੀ ਨੀਤੀ ਤੈਅ ਕਰ ਲੈਣੀ ਚਾਹੀਦੀ ਹੈ।
ਬਾਦਲ ਦਲੀਆਂ ਨੇ ਅਦਾਲਤ ਨੂੰ ਉਲੰਘ ਕੇ ਜਿੰਨੀ ਤੇਜੀ ਨਾਲ ਰਾਜ ਸਭਾ ਵਿੱਚ ਸਹਿਜਧਾਰੀਆਂ ਵਾਲਾ ਬਿਲ ਪਾਸ ਕਰਵਾਇਆ ਹੈ ਉਸ ਤੋਂ ਕੋਈ ਸ਼ੱਕ ਨਹੀ ਕਿ ਬਾਦਲ ਪਰਿਵਾਰ ਇਸੇ ਸਾਲ ਹੀ ਕਮੇਟੀ ਚੋਣਾਂ ਕਰਵਾਏਗਾ। ੁuਹ ਪੰਜਾਬ ਦੀ ਸਰਕਾਰ ਤਾਂ ਹਾਰ ਸਕਦਾ ਹੈ ਪਰ ਸ਼੍ਰੋਮਣੀ ਕਮੇਟੀ ਨਹੀ। ਸਿੱਖਾਂ ਦਾ ਏਕਾ ਹੀ ਸ਼ਹੀਦਾਂ ਦੀ ਇਸ ਸੰਸਥਾ ਤੇ ਕੌਮੀ ਪਰਵਾਨਿਆਂ ਦੀ ਅਗਵਾਈ ਦੀ ਪੁਸ਼ਟੀ ਕਰ ਸਕਦਾ ਹੈ। ਇਸ ਲਈ ਸ੍ਰ ਸਿਮਰਨਜੀਤ ਸਿੰਘ ਮਾਨ,ਹਰਪਾਲ ਸਿੰਘ ਚੀਮਾਂ, ਦਲ ਖਾਲਸਾ, ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਬਲਦੇਵ ਸਿੰਘ ਵਡਾਲਾ ਅਤੇ ਭਾਈ ਮੋਹਕਮ ਸਿੰਘ ਵਰਗੇ ਪੰਥ ਦਰਦੀਆਂ ਨੂੰ ਇੱਕ ਸਾਂਝੀ ਟੀਮ ਬਣਾਕੇ ਹੁਣ ਤੋਂ ਹੀ ਸਰਗਰਮੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਆਪਸੀ ਹਉਮੈਂ ਸਾਲਾਂ ਤੱਕ ਪੰਥ ਦਾ ਹੋਰ ਨੁਕਸਾਨ ਕਰਦੀ ਰਹੇਗੀ।