ਕਿਸਾਨੀ ਨਾਲ ਸਬੰਧਤ ਤਿੰਨ ਕਨੂੰਨ ਰੱਦ ਕਰਕੇ ਭਾਰਤ ਦੇ ਪਰਧਾਨ ਮੰਤਰੀ ਨੇ ਸਿੱਖਾਂ ਨੂੰ ਇੱਕ ਸੰਦੇਸ਼ ਦਿੱਤਾ ਹੈ। ਸਿੱਖ ਸਿਆਸਤ ਨਾਲ ਵਾਸਤਾ ਰੱਖਣ ਵਾਲੇ ਹਰ ਸੁਹਿਰਦ ਪੱਤਰਕਾਰ ਅਤੇ ਵਿਦਵਾਨ ਨੇ ਪਿਛਲੇ ਹਫਤੇ ਦੌਰਾਨ ਅਜਿਹੀਆਂ ਹੀ ਟਿੱਪਣੀਆਂ ਕੀਤੀਆਂ ਹਨ। ਹਰ ਵਿਦਵਾਨ ਦਾ ਕਹਿਣਾਂ ਹੈ ਕਿ ਭਾਵੇਂ ਵੋਟ ਸਿਆਸਤ ਦੀਆਂ ਮਜਬੂਰੀਆਂ ਕਾਰਨ ਹੀ ਸਹੀ ਪਰ ਨਰਿੰਦਰ ਮੋਦੀ ਨੇ ਜਿਸ ਕਿਸਮ ਦਾ ਮਹੱਤਵਪੂਰਨ ਫੈਸਲਾ ਲਿਆ ਹੈ ਉਸਦਾ ਬਹੁਤ ਜਿਆਦਾ ਸਬੰਧ ਸਿੱਖਾਂ ਨਾਲ ਜਾ ਜੁੜਦਾ ਹੈ। ਹੁਣ ਸਿੱਖ ਲੀਡਰਸ਼ਿੱਪ ਦੀ ਜਾਂ ਸਿੱਖ ਵਿਦਵਾਨਾਂ ਦੀ ਇਹ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਕਿਸੇ ਤਰ੍ਹਾਂ ਭਾਰਤ ਸਰਕਾਰ ਦੇ ਇਸ ਇਸ਼ਾਰੇ ਨੂੰ ਸਮਝਕੇ ਅੱਗੇ ਕਦਮ ਵਧਾਉਣ।

 ਭਾਜਪਾ ਨੇ ਪੰਜਾਬ ਲਈ ਆਪਣੇ ਪੱਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ਸਿੱਖ ਗੁਰਦੁਆਰਾ ਪਰਬੰਧਕ ਕਮੇਟੀ ਦੇ ਸਾਬਕਾ ਪਰਧਾਨ, ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਵਿੱਚ ਸ਼ਾਮਲ ਕਰਵਾ ਲਿਆ ਗਿਆ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਪਰਧਾਨ ਜੇ ਪੀ ਨੱਢਾ ਦੀ ਅਗਵਾਈ ਹੇਠ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ ਹੈ। ਭਾਜਪਾ ਵਿੱਚ ਸ਼ਾਮਲ ਹੁੰਦੀ ਸਾਰ ਹੀ ਮਨਜਿੰਦਰ ਸਿੰਘ ਸਿਰਸਾ ਨੇ ਬਹੁਤ ਭਰੋਸੇ ਨਾਲ ਆਖਿਆ ਕਿ ਉਹ ਕੁਝ ਸਮੇਂ ਵਿੱਚ ਹੀ ਸਿੱਖਾਂ ਦੇ ਬਹੁਤ ਸਾਰੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਡਟਕੇ ਯਤਨ ਕਰਨਗੇ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਿੱਖ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਹੈ। ਇਸ ਤੋਂ ਸਾਫ ਪਤਾ ਲਗਦਾ ਕਿ ਇਸ ਸਿਆਸੀ ਖੇਡ ਵਿੱਚ ਪਰਧਾਨ ਮੰਤਰੀ ਵੀ ਸ਼ਾਮਲ ਹਨ। ਪਿਛਲੇ ਦਿਨੀ ਇੱਕ ਹੋਰ ਸਿੱਖ ਸਿਆਸਤਦਾਨ, ਤਰਲੋਚਨ ਸਿੰਘ ਨਾਲ ਆਪਣੀ ਗੱਲਬਾਤ ਦੌਰਾਨ ਨਰਿੰਦਰ ਮੋਦੀ ਨੇ ਪੰਜਾਬ ਦੀ ਸਿੱਖ ਲੀਡਰਸ਼ਿੱਪ ਬਾਰੇ ਕਾਫੀ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਕਿ ਇਸ ਲੀਡਰਸ਼ਿੱਪ ਨੇ ਆਪਣੇ ਨਿੱਜੀ ਹਿੱਤ ਅੱਗੇ ਰੱਖੇ ਪੰਜਾਬ ਦੇ ਨਹੀ।

ਮਨਜਿੰਦਰ ਸਿੰਘ ਸਿਰਸਾ ਤੋਂ ਬਾਅਦ ਭਾਜਪਾ ਅਕਾਲੀ ਦਲ ਨੂੰ ਕੁਝ ਹੋਰ ਵੱਡੇ ਝਟਕੇ ਦੇਣ ਦਾ ਯਤਨ ਕਰੇਗੀ। ਕਿਉਂਕਿ ਅਕਾਲੀ ਦਲ ਨੇ ਸਿੱਖਾਂ ਦੀ ਰਾਜਨੀਤੀ ਕਰਦੇ ਕਰਦੇ ਆਪਣੀ ਨਿੱਜੀ ਰਾਜਨੀਤੀ ਤੱਕ ਹੀ ਨਜ਼ਰ ਰੱਖੀ, ਪੰਜਾਬ ਲਈ ਉਨ੍ਹਾਂ ਨਹੀ ਸੋਚਿਆ।

ਹੁਣ ਜੇ ਭਾਜਪਾ ਵੱਖ ਵੱਖ ਪਾਰਟੀਆਂ ਵਿੱਚ ਸ਼ਾਮਲ ਸਿੱਖਾਂ ਨੂੰ ਆਪਣੇ ਨਾਲ ਜੋੜ ਲੈਂਦੀ ਹੈ ਅਤੇ ਅਕਾਲੀ ਦਲ ਲਈ ਚੁਣੌਤੀ ਖੜ੍ਹੀ ਕਰ ਦੇਂਦੀ ਹੈ ਤਾਂ ਇਸ ਲਈ ਅਕਾਲੀ ਦਲ ਨੂੰ ਵੀ ਆਪਣੇ ਗਿਰੇਬਾਨ ਵਿੱਚ ਝਾਤੀ ਮਾਰਕੇ ਦੇਖਣਾਂ ਚਾਹੀਦਾ ਹੈ ਕਿ ਕੀ ਇਸ ਸਥਿਤੀ ਲਈ ਉਹ ਖੁਦ ਜਿੰਮੇਵਾਰ ਨਹੀ ਹਨ? ਜਦੋਂ ਅਕਾਲੀ ਦਲ ਦੇ ਰਾਜ ਵਿੱਚ ਸਿੱਖ ਵਿਰੋਧੀ ਦਨਦਨਾਉਂਦੇ baajpaਫਿਰਦੇ ਰਹੇ, ਜਦੋਂ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਰਕਾਰੀ ਸੁਰੱਖਿਆ ਦਿੱਤੀ ਜਾਂਦੀ ਰਹੀ, ਜਦੋਂ ਮਨੁੱਖੀ ਅਧਿਕਾਰਾਂ ਦਾ ਕਤਲ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਅਕਾਲੀ ਸਰਕਾਰ ਸੁਪਰੀਮ ਕੋਰਟ ਤੱਕ ਬਚਾਉਂਦੀ ਰਹੀ, ਜਦੋਂ ਅਕਾਲੀਆਂ ਦੀ ਪੁਲਿਸ ਸ਼ਰੇਆਮ ਸਿੱਖਾਂ ਦਾ ਕਤਲੇਆਮ ਕਰਦੀ ਰਹੀ ਉਸ ਵੇਲੇ ਅਕਾਲੀ ਦਲ ਸਿਰਫ ਨਿੱਜ ਦੀ ਰਾਜਨੀਤੀ ਕਰ ਰਿਹਾ ਸੀ। ਪੰਜਾਬ ਦੇ ਵਿਰੋਧ ਦੀ ਰਾਜਨੀਤੀ। ਹੁਣ ਜੇ ਭਾਜਪਾ ਉਸ ਲਈ ਚੁਣੌਤੀ ਬਣ ਰਹੀ ਹੈ ਤਾਂ ਇਸ ਵਿੱਚ ਕਸੂਰ ਅਕਾਲੀ ਦਲ ਦਾ ਹੈ ਨਾ ਕਿ ਭਾਜਪਾ ਦਾ। ਜੇ ਅਕਾਲੀ ਦਲ ਪਹਿਲੇ ਦਿਨ ਤੋਂ ਹੀ ਸਿੱਖਾਂ ਦੇ ਹਿੱਤਾਂ ਲਈ ਪਹਿਰਾ ਦੇਂਦਾ। ਜੇ ਅਕਾਲੀ ਦਲ ਆਪਣੇ ਸੰਗਠਨ ਨੂੰ ਭਾਜਪਾ ਅਤੇ ਕਾਂਗਰਸ ਵਰਗਾ ਨਾ ਬਣਨ ਦੇਂਦਾ। ਜੇ ਉਹ ਸ਼ੁੱਧ ਰੂਪ ਵਿੱਚ ਸਿੱਖ ਪਾਰਟੀ ਰਹਿੰਦਾ। ਜੇ ਉਸਦਾ ਭਾਜਪਾ ਅਤੇ ਕਾਂਗਰਸ ਨਾਲੋਂ ਕੋਈ ਵੱਖਰਾ ਸਿਧਾਂਤ ਤੇ ਰਾਜਨੀਤੀ ਹੁੰਦੀ ਤਾਂ ਕਿਸੇ ਵੀ ਹਾਲਤ ਵਿੱਚ ਕਾਂਗਰਸ ਜਾਂ ਭਾਜਪਾ ਪੰਜਾਬ ਵਿੱਚ ਪੈਰ ਨਹੀ ਸੀ ਪਸਾਰ ਸਕਦੀ।

ਅੱਜ ਜੇ ਅਗਲੀਆਂ ਚੋਣਾਂ ਵਿੱਚ ਫਿਰ ਕਾਂਗਰਸ ਦੀ ਵੱਡੀ ਜਿੱਤ ਦੀਆਂ ਖਬਰਾਂ ਆ ਰਹੀਆਂ ਹਨ, ਅੱਜ ਜੇ ਭਾਜਪਾ ਆਪਣੇ ਬਲਬੂਤੇ ਤੇ ਪੰਜਾਬ ਵਿੱਚ ਸਰਗਰਮ ਹੋਣਾਂ ਲੋਚਦੀ ਹੈ ਤਾਂ ਇਸ ਵਿੱਚ ਕਸੂਰ ਅਕਾਲੀ ਲੀਡਰਸ਼ਿੱਪ ਜਾਂ ਕਹਿ ਲਵੋ ਕਿ ਬਾਦਲ ਪਰਵਾਰ ਦਾ ਹੈ ਜਿਸਨੇ ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ ਫੈਸਲੇ ਲੈਂਦਿਆਂ ਲੈਂਦਿਆਂ ਅਕਾਲੀ ਦਲ ਦਾ ਭਾਜਪਾ ਅਤੇ ਕਾਂਗਰਸ ਨਾਲੋਂ ਫਰਕ ਹੀ ਮਿਟਾ ਦਿੱਤਾ।

ਜੇ ਨਵੀਂ ਸਥਿਤੀ ਵਿੱਚ ਭਾਜਪਾ ਸਿੱਖਾਂ ਨਾਲ ਚੰਗਾ ਰਿਸ਼ਤਾ ਬਣਾਉਣਾਂ ਚਾਹੁੰਦੀ ਹੈ ਤਾਂ ਸਿੱਖਾਂ ਨੂੰ ਚਾਹੀਦਾ ਹੈ ਕਿ ਆਪਣੇ ਮਸਲੇ ਹੱਲ ਕਰਵਾਉਣ ਲਈ ਅਤੇ ਆਪਣੇ ਹਿੱਤਾਂ ਨੂੰ ਮਜਬੂਤ ਕਰਨ ਲਈ ਉਨ੍ਹਾਂ ਨੂੰ ਭਾਜਪਾ ਦੀ ਸਹਾਇਤਾ ਲੈ ਲੈਣੀ ਚਾਹੀਦੀ ਹੈ। ਸਾਡਾ ਮੁੱਖ ਸਰੋਕਾਰ ਸਿੱਖਾਂ ਦੇ ਹਿੱਤ ਹੋਣੇ ਚਾਹੀਦੇ ਹਨ। ਪਾਰਟੀ ਕੋਈ ਵੀ ਹੋਵੇ ਜਿਹੜੀ ਸਿੱਖਾਂ ਦੇ ਹਿੱਤਾਂ ਲਈ ਕੰਮ ਕਰਨ ਨੂੰ ਤਿਆਰ ਹੈ ਉਸ ਤੋਂ ਸਹਾਇਤਾ ਲੈ ਲੈਣੀ ਚਾਹੀਦੀ ਹੈ।