ਜਿਵੇਂ ਕਿ ਪਿਛਲੇ ਕੁਝ ਸਮੇਂ ਤੋਂ ਭਾਰਤ ਦੇਸ਼ ਅੰਦਰ ਰਾਜ ਸਰਕਾਰਾਂ ਅਤੇ ਭਾਰਤ ਸਰਕਾਰ ਦੀਆਂ ਨੀਤੀਆਂ ਪ੍ਰਤੀ ਅੱਡ-ਅੱਡ ਸੂਬਿਆਂ ਵਿੱਚ ਕਿਸੇ ਨਾ ਕਿਸੇ ਸਮਾਜਿਕ ਜਾਂ ਰਾਜਸੀ ਤੇ ਧਾਰਮਿਕ ਮੁਦਿਆਂ ਨੂੰ ਲੈ ਕੇ ਲੋਕਾਂ ਵੱਲੋਂ ਅਵਾਜ ਉਠਾਈ ਗਈ ਹੈ, ਕਈ ਵਾਰ ਇਹ ਅਵਾਜ ਕਈ ਥਾਵਾਂ ਤੇ ਹਿੰਸਾ ਦਾ ਰੂਪ ਵੀ ਧਾਰਨ ਕਰਦੀ ਹੈ। ਇਸ ਤਰਾਂ ਦੀਆਂ ਅਵਾਜਾਂ ਭਾਰਤ ਦੀ ਅਜ਼ਾਦੀ ਤੋਂ ਬਾਅਦ ਕਸ਼ਮੀਰ ਤੋਂ ਲੈ ਕੇ ਪੰਜਾਬ ਵਿੱਚੋਂ ਹੁੰਦੀਆਂ ਹੋਈਆਂ ਭਾਰਤ ਦੇ ਕਈ ਸੂਬਿਆਂ ਤੇ ਹਿਸਿਆਂ ਵਿੱਚ ਇਹ ਲੋਕਾਂ ਦੀ ਅਵਾਜ ਕਈ ਥਾਵਾਂ ਤੇ ਇਹ ਇੱਕ ਲਹਿਰ ਦੇ ਰੂਪ ਵਿੱਚ ਸਰਕਾਰਾਂ ਦੇ ਖਿਲਾਫ ਉਜਾਗਰ ਹੋਈ ਹੈ। ਕਸ਼ਮੀਰ ਅਤੇ ਪੰਜਾਬ ਅੰਦਰ ਰਾਜਨੀਤਿਕ ਅਤੇ ਧਾਰਮਿਕ ਕਾਰਨਾਂ ਕਰਕੇ ਲੋਕਾਂ ਵੱਲੋਂ ਉਠੀ ਵਿਦਰੋਹ ਦੀ ਅਵਾਜ ਨੇ ਹਿੰਸਕ ਰੂਪ ਵੀ ਧਾਰਨ ਕੀਤਾ। ਇਸੇ ਤਰਾਂ ਭਾਰਤ ਦੇ ਪੂਰਬੀ ਰਾਜਾਂ ਵਿੱਚ ਵੀ ਅਜਾਦੀ ਤੋਂ ਬਾਅਦ ਇਹ ਲੋਕਾਂ ਦੀ ਅਵਾਜ ਹਿੰਸਕ ਲਹਿਰ ਵਜੋਂ ਉਜਾਗਰ ਹੋਈ ਹੈ।

ਅੱਜ ਦੇ ਦਿਨ ਇਹ ਕਬੀਲਾਵਾਦ ਲੋਕਾਂ ਦੀ ਅਵਾਜ ਜਿਸਨੂੰ ਮਾਉਵਾਦੀ ਲਹਿਰ ਵੀ ਕਿਹਾ ਜਾਂਦਾ ਹੈ ਇਹ ੧੯੬੬ ਤੋਂ ਪਿੰਡ ਤੋਂ ਸ਼ੁਰੂ ਹੋ ਕੇ ਅੱਜ ਭਾਰਤ ਅੰਦਰ ਗਿਆਰਾਂ ਸੂਬਿਆਂ ਵਿੱਚ ਪੂਰੀ ਤਰਾਂ ਸਰਗਰਮ ਹੈ। ਇਸ ਨਕਸਲ ਜਾਂ ਮਾਉਵਾਦੀ ਲਹਿਰ ਨੂੰ ਦਬਾਉਣ ਲਈ ਸਰਕਾਰਾਂ ਵੱਲੋਂ ਪੂਰੀ ਤਰਾਂ ਸੁਰਖਿਆ ਦਸਤਿਆਂ ਦੇ ਰਾਹੀਂ ਜ਼ੋਰ ਅਜ਼ਮਾਇਸ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਮਾਉਵਾਦੀ ਲਹਿਰ ਕਿਉਂਕਿ ਆਮ ਲੋਕਾਂ ਦੇ ਜਿਉਣ ਦੇ ਅਤੇ ਮੁਢਲੀਆਂ ਮਾਨਵਤਾ ਦੀਆਂ ਲੀਹਾਂ ਨਾਲ ਜੁੜੀ ਹੋਈ ਹੈ ਇਸ ਕਰਕੇ ਇਹ ਲਹਿਰ ਕਾਫੀ ਹੱਦ ਅੱਜ ਵੀ ਆਪਣਾ ਵਜੂਦ ਬਰਕਰਾਰ ਰੱਖ ਰਹੀ ਹੈ ਤੇ ਲਹੂ-ਭਿੱਜੇ ਹਥਿਆਰਬੰਦ ਸੰਘਰਸ਼ ਵਿੱਚੋਂ ਲੰਘ ਰਹੀ ਹੈ। ਇਹਨਾਂ ਅੱਡ-ਅੱਡ ਸੂਬਿਆਂ ਅੰਦਰ ਚੱਲੀਆਂ ਲਹਿਰਾਂ ਨੂੰ ਖਦੇੜਨ ਲਈ ਭਾਰਤ ਸਰਕਾਰ ਤੇ ਰਾਜ ਸਰਕਾਰਾਂ ਨੇ ਇਹਨਾਂ ਲਹਿਰਾਂ ਨੂੰ ਖਾਮੋਸ਼ ਕਰਨ ਲਈ ਸੁਰਖਿਆਂ ਫੌਜਾਂ ਅਤੇ ਪੁਲੀਸ ਰਾਹੀਂ ਤਾਂ ਦਬਾਉਣ ਦੀ ਕੋਸ਼ਿਸ ਕੀਤੀ ਹੀ ਹੈ ਸਗੋਂ ਕਈ ਥਾਵਾਂ ਤੇ ਪੰਜਾਬ ਵਾਂਗ ਹਜ਼ਾਰਾਂ ਦੀ ਤਾਦਾਦ ਵਿੱਚ ਫਰਜੀ ਮੁਕਾਬਲੇ ਬਣਾ ਕੇ ਦਬਾ ਵੀ ਦਿੱਤੀ ਹੈ ਤੇ ਨਾਲ ਨਾਲ ਫੌਜੀ ਸ਼ਕਤੀ ਤੋਂ ਇਲਾਵਾ ਸਰਕਾਰ ਨੇ ਬੜੀ ਸੂਝ ਬੂਝ ਦੇ ਨਾਲ ਟੀ-ਵੀ ਤੇ ਹੋਰ ਅਖਬਾਰੀ ਮੀਡੀਆਂ ਨੂੰ ਵੀ ਆਪਣੇ ਅਧੀਨ ਕਰਕੇ ਇੰਨਾਂ ਲਹਿਰਾਂ ਨੂੰ ਸਰਕਾਰ ਪੱਖੀ ਖਬਰਾਂ ਰਾਹੀਂ ਗਲਤ ਢੰਗਾਂ ਨਾਲ ਪ੍ਰਚਾਰ ਕੇ ਲੋਕਾਂ ਦੀ ਅਵਾਜ ਨੂੰ ਦਬਾ ਕੇ ਵੀ ਵਰਤਿਆਂ ਹੈ ਤੇ ਕਾਫੀ ਹੱਦ ਤੱਕ ਕਾਮਯਾਬੀ ਵੀ ਹਾਸਲ ਕੀਤੀ ਹੈ ਤਾਂ ਜੋ ਲੋਕਾਂ ਦੀਆਂ ਲਹਿਰਾਂ ਸਮੇਂ ਨਾਲ ਆਪ ਹੀ ਖਿੱਲਰ ਜਾਣ।

ਅੱਜ ਦੀ ਤਾਜਾ ਮਿਸਾਲ ਜੋ ਕਿ ਮਾਉਵਾਦੀਆਂ ਨਾਲ ਸਬੰਧਤ ਹੈ ਉਨਾਂ ਦੇ ਸੰਘਰਸ਼ ਦੇ ਗੜ੍ਹ ਛਤੀਸ਼ਗੜ ਸੂਬੇ ਦੇ ਜਿੰਨਾ ਇਲਾਕਿਆਂ ਵਿੱਚ ਮਾਉਵਾਦੀ ਸੰਘਰਸ ਚੱਲ ਰਿਹਾ ਹੈ ਜਿਵੇਂ ਕਿ ਬਸਤਰ ਤੇ ਦਾਤੇਵਾੜੇ ਦਾ ਇਲਾਕਾ ਹੈ ਵਿੱਚ ਅਜਾਦਨੁਮਾ ਤੇ ਨਿਰਪੱਖ ਲੋਕਾਂ ਪ੍ਰਤੀ ਸੋਚ ਰੱਖਣ ਵਾਲੀ ਪੱਤਰਕਾਰੀ ਤੇ ਹੋਰ ਪੱਤਰਕਾਰੀ ਨਾਲ ਸਬੰਧਤ ਅਦਾਰਿਆਂ ਤੇ ਪੂਰੀ ਤਰਾਂ ਰੋਕ ਹੈ ਅਤੇ ਅਨੇਕਾਂ ਹੀ ਪੱਤਰਕਾਰ ਅੱਜ ਵੀ ਆਪਣੀ ਨਿਰਪੱਖ ਪੱਤਰਕਾਰੀ ਕਰਕੇ ਭਾਰਤ ਕਨੂੰਨ ਦੀਆਂ ਮਨੁੱਖੀ ਅਧਿਕਾਰਾਂ ਦੀਆਂ ਘਾਣ ਕਰਨ ਵਾਲੀਆਂ ਧਾਰਵਾਂ ਅਧੀਨ ਅੱਡ-ਅੱਡ ਥਾਣਿਆਂ ਤੇ ਜੇਲਾਂ ਵਿੱਚ ਬੰਦ ਹਨ ਤਾਂ ਜੋ ਉਨਾਂ ਇਲਾਕਿਆਂ ਵਿੱਚੋਂ ਸਰਕਾਰ ਵਿਰੋਧੀ ਅਤੇ ਮਾਉਵਾਦੀ ਸੰਘਰਸ਼ ਪੱਖੀ ਖਬਰ ਬਾਹਰ ਨਾ ਆ ਸਕੇ ਤੇ ਨਾ ਹੀ ਕੋਈ ਪੱਤਰਕਾਰੀ ਕਰਨ ਦੀ ਜੁਅਰਤ ਕਰ ਸਕੇ।

ਇਹੀ ਵਤੀਰਾ ਪੰਜਾਬ ਵਿੱਚ ਸਿੱਖ ਸੰਘਰਸ਼ ਨੂੰ ਦਬਾਉਣ ਲਈ ਸਫਲਤਾ ਪੂਰਵਕ ਵਰਤਿਆ ਗਿਆ ਸੀ ਤੇ ਜੇ ਕਿਸੇ ਪੱਤਰਕਾਰ ਜਾਂ ਮਨੁੱਖੀ ਅਧਿਕਾਰਾਂ ਦੇ ਕਦਰਦਾਨ ਨੇ ਨਿਰਪੱਖ ਪੱਤਰਕਾਰੀ ਜਾਂ ਜੋਈ ਹੱਥ ਸਾਹਮਣੇ ਲਿਆਉਣਾ ਚਾਹਿਆ ਸੀ ਤਾਂ ਉਸਨੂੰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵਾਂਗੂੰ ਮਿੱਟੀ ਦੀਆਂ ਪਰਤਾਂ ਵਿੱਚ ਹੀ ਸੁਰਖਿਆ ਏਜੰਸੀਆਂ ਵੱਲੋਂ ਰੋਲ ਦਿੱਤਾ ਗਿਆ ਸੀ। ਇਹੀ ਵਰਤਾਰ ਅੱਜ ਵੀ ਪੰਜਾਬ ਵਿੱਚ ਮਾਉਵਾਦੀ ਇਲਾਕਿਆਂ ਵਾਂਗ ਲੋਕਾਂ ਦੀ ਅਵਾਜ਼ ਨੂੰ ਦਬਾਉਣ ਤੇ ਕੁਚਲਣ ਲਈ ਨਿਰਪੱਖ ਪੱਤਰਕਾਰੀ ਨੂੰ ਅਣ ਐਲਾਨੀ ਸੈਂਸਰਸ਼ਿਪ ਅਧੀਨ ਬੰਦ ਕਰਨ ਲਈ ਵਰਤਿਆ ਜਾ ਰਿਹਾ ਹੈ। ਇਸ ਦੀ ਤਾਜਾ ਮਿਸਾਲ ਪੰਜਾਬ ਅੰਦਰ ਕੇਬਲ ਦੇ ਕੇਂਦਰੀ ਕਰਨ ਹੋਣ ਕਰਕੇ ਭਾਰਤ ਦਾ ਪ੍ਰ੍ਰਮੁੱਖ ਟੀ-ਵੀ ਚੈਨਲ ਜੀ ਪੰਜਾਬੀ ਨੂੰ ਇਸ ਅਣਐਲਾਨੀ ਸੈਂਸਰਸ਼ਿਪ ਦਾ ਸ਼ਿਕਾਰ ਬਣਾ ਕੇ ਪਿਛਲੇ ਹਫਤੇ ਤੋਂ ਪੂਰੀ ਤਰਾਂ ਬੰਦ ਕੀਤਾ ਹੋਇਆ ਹੈ।

੨੦੦੩ ਤੋਂ ਬਾਅਦ ਸਰਕਾਰ ਦਬਾਅ ਕਰਕੇ ਅਣਐਲਾਨੀ ਸੈਂਸਰਸ਼ਿਪ ਕਰਕੇ ਦਸ ਤੋਂ ਬਾਰਾਂ ਪੰਜਾਬੀ ਚੈਨਲ ਅਲੋਪ ਕੀਤੇ ਜਾ ਚੁੱਕੇ ਹਨ ਜਿਵੇਂ ਕਿ ਲਿਸ਼ਕਾਰਾ ਟੀ-ਵੀ, ਅਲਫਾ ਪੰਜਾਬ, ਈ.ਟੀ.ਸੀ. ਪੰਜਾਬੀ, ਪੰਜਾਬ ਟੂ ਡੇ, ਅਤੇ ਡੇ. ਐਂਡ ਨਾਈਟ ਨਿਊਜ਼ ਚੈਂਨਲ ਅਦਿ। ਇਸ ਨਾਲ ਸਬੰਧਤ ਹਜ਼ਾਰਾਂ ਲੋਕ ਬੇਰੋਜ਼ਗਾਰੀ ਦੀ ਕਤਾਰ ਵਿੱਚ ਜਾ ਖੜੇ ਹਨ। ਪਰ ਇਸ ਵਾਰੀ ਜੀ.ਪੰਜਾਬੀ ਚੈਨਲ ਤੇ ਅਣਐਲਾਨੀ ਸੈਂਸਰਸ਼ਿਪ ਦੇ ਅਧੀਨ ਆਉਣ ਕਰਕੇ ਪੰਜਾਬ ਅੰਦਰ ਕਾਫ ਹੱਦ ਤੱਕ ਆਮ ਲੋਕਾਂ ਨੇ ਅੱਡ-ਅੱਡ ਅਦਾਰਿਆਂ ਹੇਠ ਲਾਮਬੰਦ ਹੋ ਕੇ ਬਗਾਵਤ ਦੇ ਸੁਰ ਅਲਾਪਣੇ ਸੁਰੂ ਕੀਤੇ ਹਨ ਤਾਂ ਜੋ ਜੀ ਪੰਜਾਬੀ ਚੈਂਨਲ ਮੁੜ ਚੱਲ ਸਕੇ ਤੇ ਆਮ ਨਾਗਰਿਕਾਂ ਨੂੰ ਇਸ ਅਣਐਲਾਨੀ ਸੈਂਸਰਸ਼ਿਪ ਤੋਂ ਮੁਕਤ ਕੀਤਾ ਜਾ ਸਕੇ।