ਮਾਂ ਬੋਲੀ ਪੰਜਾਬੀ ਦੇ ਦੁਸ਼ਮਣਾਂ ਅਤੇ ਸੂਰਮਿਆਂ ਦਰਮਿਆਨ ਲਕੀਰਾਂ ਸਪਸ਼ਟ ਖਿੱਚੀਆਂ ਜਾਣ ਲੱਗ ਪਈਆਂ ਹਨ। ਹਿੰਦੂ ਹੰਕਾਰਵਾਦੀਆਂ ਦੇ ਤਰਕ ਵਿਹੂਣੇ ਸਾਮਰਾਜ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਪੰਜਾਬ ਉੱਠ ਖੜਾ ਹੋਇਆ ਹੈੈ।ਪੰੰਜਾਬੀ ਮਾਂ ਬੋਲੀ ਦੇ ਨਾਅ ਤੇ ਵਪਾਰ ਕਰਨ ਵਾਲੇ ਅਤੇ ਇਸ ਲਈ ਆਪਣੀਆਂ ਜਾਨਾਂ ਵਾਰਨ ਲਈ ਤਤਪਰ ਲੋਕਾਂ ਦਰਮਿਆਨ ਸਪਸ਼ਟ ਕਤਾਰਬੰਦੀ ਹੋਣ ਲੱਗ ਪਈ ਹੈੈੈ। ਦਿੱਲੀ ਦੇ ਹਾਕਮ ਲਗਾਤਾਰ ਇਹ ਪਰਖ ਕਰ ਰਹੇ ਹਨ ਕਿ ਸਿੱਖਾਂ ਵਿੱਚ ਹਾਲੇ ਕੋਈ ਜਾਨ ਬਚੀ ਹੈ ਜਾਂ ਨਹੀ। 1984 ਤੋਂ ਬਾਅਦ ਉਨ੍ਹਾਂ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ, ਸਿੱਖਾਂ ਦੀ ਜਿੰਦਾਦਿਲੀ ਨੂੰ ਪਰਖਿਆ ਜਾਵੇ।

ਅਸੀਂ ਇਹ ਗੱਲ ਮਾਣ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਸਪੂਤ ਹਰ ਪਰੀਖਿਆ ਵਿੱਚ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ।

ਭਾਰਤ ਨੂੰ ਇੱਕ ਕੌਮ ਵਿੱਚ ਤਬਦੀਲ ਕਰਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦੇਸ਼ ਦੇ ਵਰਤਮਾਨ ਹਾਕਮ ਜਮਹੂਰੀਅਤ ਦੇ ਨਾਅ ਹੇਠ ਕਾਫੀ ਜਿਆਦਾ ਖੁਲ੍ਹਾਂ ਲੈ ਰਹੇ ਹਨ। ਸ਼ਾਇਦ ਏਨੀਆਂ ਖੁੱਲ੍ਹਾਂ ਅੱਜ ਤੱਕ ਕਿਸੇ ਵੀ ਹਾਕਮ ਨੇ ਨਾ ਲਈਆਂ ਹੋਣ, ਇੰਦਰਾ ਗਾਂਧੀ ਨੇ ਵੀ ਨਹੀ ਸ਼ਾਇਦ।

ਆਪਣੀ ਇਸ ਨਵੀਂ ਮੁਹਿੰਮ ਨੂੰ ਸਿਰੇ ਚਾੜ੍ਹਨ ਲਈ ਪਹਿਲਾ ਵਾਰ ਪੰਜਾਬ ਤੇ ਕਰਨਾ ਬਣਦਾ ਸੀ। ਕਿਉਂਕਿ ਪੰਜਾਬ ਤੋਂ ਹੀ ਦੇਸ਼ ਵਿੱਚ ਚੱਲਣ ਵਾਲੇ ਅੰਦੋਲਨ ਦੀ ਤਾਸੀਰ ਤਹਿ ਹੋਣੀ ਸੀ। ਬੇਸ਼ੱਕ ਦੱਖਣੀ ਰਾਜਾਂ ਨੇ ਅਤੀਤ ਵਿੱਤ ਅਤੇ ਹੁਣ ਵਰਤਮਾਨ ਵਿੱਚ ਵੀ ਹਿੰਦੀ ਥੋਪਣ ਦੇ ਮਨਸੂਬਿਆਂ ਖਿਲਾਫ ਡਟਵਾਂ ਸੰਘਰਸ਼ ਲੜਿਆ ਅਤੇ ਜਿੱਤਿਆ ਹੈ ਪਰ ਫਿਰ ਵੀ ਹਰ ਹਾਕਮ ਦੇਸ਼ ਦੇ ਅੰਦੋਲਨ ਦੀ ਤਾਸੀਰ ਜਾਨਣ ਲਈ ਪੰਜਾਬ ਨੂੰ ਹੀ ਚੁਣਦਾ ਹੈੈ।

ਪੰਜਾਬ ਨੂੰ ਅਤੇ ਪੰਜਾਬੀ ਬੋਲੀ ਨੂੰ ਚੁਣੌਤੀ ਦੇਣ ਲਈ ਉਨ੍ਹਾਂ ਫਿਰ ਇੱਕ ਵਾਰ ਗੁਰਦਾਸ ਮਾਨ ਨੂੰ ਚੁਣਿਆ, ਕਿਉਂਕਿ ਗੁਰਦਾਸ਼ ਮਾਨ ਪਹਿਲਾਂ ਵੀ ਦਿੱਲੀ ਦਰਬਾਰ ਨੂੰ ਆਪਣੀ ਵਫਾਦਾਰੀ ਦੇ ਸਬੂਤ ਦੇ ਚੁਕਿਆ ਸੀ। ਪੰਜਾਬੀ ਦੀ ਥਾਂ ਤੇ ਇਸ ਧਰਤ ਤੇ ਹਿੰਦੀ ਨੂੰ ਮੁਢਲੀ ਭਾਸ਼ਾ ਬਣਾਉਣ ਦੀ ਨੀਤੀ ਸਬੰਧੀ ਬਿਆਨ ਗੁਰਦਾਸ਼ ਮਾਨ ਨੇ ਕਿਸੇ ਭੁਲੇਖੇ ਜਾਂ ਗਲਤੀ ਨਾਲ ਨਹੀ ਦਿੱਤਾ। ਜੇ ਅਜਿਹਾ ਹੋਇਆ ਹੁੰਦਾ ਤਾਂ ਉਹ ਅਗਲੇ ਦਿਨ ਹੀ ਮੁਆਫੀ ਮੰਗ ਲੈਂਦਾ। ਪਰ ਨਹੀ ਉਹ ਹਿੱਕ ਥਾਪੜ ਕੇ ਆਪਣੇ ਵਿਚਾਰਾਂ ਦੀ ਪੁਸ਼ਟੀ ਕਰ ਰਿਹਾ ਹੈ ਅਤੇ ਹੁਣ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਵੀ ਹਿੰਦੂ ਮੰਤਰਾਂ ਨਾਲ ਲਬਰੇਜ਼ ਕਰਕੇ ਆਪਣੀ ਵਫਾਦਾਰੀ ਦੇ ਸਬੂਤ ਦੇ ਰਿਹਾ ਹੈੈ।

ਖੈਰ ਭਾਰਤ ਨੂੰ ਇੱਕੋ-ਇਕਹਿਰੀ ਕੌਮ ਵਿੱਚ ਤਬਦੀਲ ਕਰਨ ਦਾ ਮਨਸੂਬੇ ਪਾਲ ਰਹੇ ਲੋਕਾਂ ਨੇ ਅਜਿਹਾ ਹੀ ਕਰਨਾ ਸੀ।ਪੰਜਾਬ ਨਾਲ ਇਹ ਕੁਝ ਨਵਾਂ ਨਹੀ ਹੋਇਆ। ਕੋਈ ਹੈਰਾਨੀ ਨਹੀ, ਕੋਈ ਅਚੰਭਾ ਨਹੀ।

ਸਭ ਤੋਂ ਮਾਣ ਵਾਲੀ ਗੱਲ ਇਹ ਰਹੀ ਕਿ ਹਿੰਦੀ-ਪੰਜਾਬੀ ਦੇ ਇਸ ਸੰਘਰਸ਼ ਵਿੱਚ ਮਾਂ ਧਰਤੀ ਦੇ ਪੁੱਤ ਦੇਸ਼ ਵਿਦੇਸ਼ ਵਿੱਚ ਆਪਣੀ ਮਾਂ ਦੇ ਪੱਲੂ ਦੀ ਰਾਖੀ ਲਈ ਪੂਰੀ ਸ਼ਿੱਦਤ ਨਾਲ ਮੈਦਾਨ ਵਿੱਚ ਆਏ। ਜਿਨੀ ਕੁ ਵੀ ਕਿਸੇ ਨੂੰ ਸਮਝ ਸੂਝ ਸੀ ਉਸ ਸਮਝ ਸੂਝ ਦੇ ਹਿਸਾਬ ਨਾਲ ਉਨ੍ਹਾਂ ਨੇ ਆਪਣੇ ਪ੍ਰਤੀਕਰਮ ਦਿੱਤੇ। ਕਿਸੇ ਨੇ ਵਾਰਾਂ ਗਾਈਆਂ, ਕਿਸੇ ਨੇ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਵਿੱਚ ਗੀਤ ਗਾਏ, ਕੋਈ ਮਹਿੰਗੀਆਂ ਟਿਕਟਾਂ ਸ਼ਰੇਆਮ ਫਾੜਕੇ ਉਸ ਕਾਫਲੇ ਵਿੱਚ ਆ ਰਲਿਆ ਜੋ, ਪੰਜਾਬ ਵਾਸੀਆਂ ਨੂੰ ਗੈਰਤ ਦੇ ਹੋਕੇ ਦੇ ਰਿਹਾ ਸੀ।

ਇਸ ਸਾਰੀ ਸਰਗਰਮੀ ਵਿੱਚ ਕੇਂਦਰੀ ਗੱਲ ਇਹ ਰਹੀ ਕਿ, ਗੁਰੂ ਸਾਹਿਬ ਦੇ ਉਪਦੇਸ਼, ਸਿੱਖ ਸ਼ਹੀਦਾਂ ਦੀਆਂ ਜਾਂਬਾਜ ਕਾਰਵਾਈਆਂ ਅਤੇ ਮਹਾਨ ਸਿੱਖ ਵਿਰਸਾ ਹਰ ਕਿਸੇ ਦੀ ਸਰਗਰਮੀ ਦਾ ਕੇਂਦਰ ਰਿਹਾ। ਜਿਹੜੇ ਐਬਸਟਫੋਡ ਵਿੱਚ, ਹਾਲ ਦੇ ਸਾਹਮਣੇ ਪਰਦਰਸ਼ਨ ਕਰ ਰਹੇ ਸੀ ਉਨ੍ਹਾਂ ਸਾਰਿਆਂ ਦੀ ਸੁਰ ਵਿੱਚ ਗੁਰੂ ਸਾਹਿਬ ਅਤੇ ਸਿੱਖ ਇਤਿਹਾਸ ਠਾਠਾਂ ਮਾਰ ਰਿਹਾ ਸੀ। ਸਿੱਖ ਬੀਬੀਆਂ ਦੇ ਇੱਕ ਕਵੀਸ਼ਰੀ ਜਥੇ ਨੇ ਜੇ ਗੁਰਦਾਸ ਮਾਨ ਨੂੰ ਲਾਹਨਤਾਂ ਪਾਈਆਂ ਤਾਂ ਉਹ ਵੀ ਸਿੱਖ ਇਤਿਹਾਸ ਦੇ ਸਨਮੁੱਖ ਹੋਕੇ।

ਇਸ ਸਮੁੱਚੀ ਸਰਗਰਮੀ ਤੋਂ ਇਹ ਗੱਲ ਸਾਫ ਹੋ ਰਹੀ ਹੈ ਕਿ ਮਾਂ ਬੋਲੀ ਪੰਜਾਬੀ ਦੇ ਸੂਰਮੇ, ਗੁਰੂ ਸ਼ਬਦ ਨਾਲ ਅਤੇ ਗੁਰੂ ਇਤਿਹਾਸ ਨਾਲ ਹਾਲੇ ਵੀ ਬਹੁਤ ਚੇਤੰਨ ਤੌਰ ਤੇ ਜੁੜੇ ਹੋਏ ਹਨ, ਪੰਜਾਬੀ ਬੋਲੀ ਅਤੇ ਗੁਰੂ ਸਾਹਿਬਾਨ ਦੇ ਉਪਦੇਸ਼ ਉਨ੍ਹਾਂ ਲਈ ਇੱਕੋ ਜਿੰਨੇ ਮਹੱਤਵਪੂਰਨ ਹਨ। ਉਹ ਹਾਲੇ ਵੀ ਆਪਣੀ ਮਾਂ ਧਰਤੀ ਅਤੇ ਮਾਂ ਬੋਲੀ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ।

ਪੰਜਾਬੀ ਬੋਲੀ ਦੇ ਸੂਰਮਿਆਂ ਦੀ ਇਸ ਸ਼ਿੱਦਤ ਨੂੰ ਹੁਣ ਅਮਲੀ ਜਾਮਾਂ ਪਹਿਨਾਉਣ ਦੀ ਲੋੜ ਹੈੈ। ਇਹ ਕਾਰਜ ਸਿੱਖ ਵਿਦਵਾਨਾਂ ਦਾ ਹੈ ਕਿ ਉਹ ਪੰਜਾਬੀ ਬੋਲੀ ਦੇ, ਕਿਤਾਬੀ ਗਿਆਨ ਨੂੰ ਗੁਰੂ ਸ਼ਬਦ ਅਤੇ ਗੁਰਞ ਇਤਿਹਾਸ ਨਾਲ ਜੋੜ ਕੇ ਨਵੀਂਆਂ ਕਿਤਾਬਾਂ ਅਤੇ ਸਕੂਲੀ ਸਿਲੇਬਸ ਘੜਨ ਤਾਂ ਕਿ ਪੰਜਾਬੀ ਬੋਲੀ ਦੇ ਅਕਾਦਮਿਕ ਕਾਰਜ ਦੌਰਾਨ ਗੁਰ-ਸ਼ਬਦ ਅਤੇ ਸਿੱਖ ਇਤਿਹਾਸ ਨਾਲ ਵੀ ਲਗਾਤਾਰ ਵਾਬਸਤਾ ਹੋਇਆ ਜਾ ਸਕੇ।

ਅਜਿਹਾ ਕਰਕੇ ਹੀ ਸੰਘਵਾਦੀਆਂ ਦੇ ਨੀਵੇਂ ਮਨਸੂਬਿਆਂ ਨੂੰ ਹਾਰ ਦਿੱਤੀ ਜਾ ਸਕੇਗੀ।