ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਜੋ ਕਿ ਇਸ ਸਮੇਂ ਸਿੱਖਾਂ ਦੀ ਇਕੋ ਇੱਕ ਵੱਡੀ ਪ੍ਰਤੀਨਿਧ ਜਮਾਤ ਹੈ ਅਤੇ ਸਿਆਸੀ ਪਾਰਟੀ ਵਜੋਂ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਬਾਦਲ ਪਰਿਵਾਰ ਦੀ ਸ੍ਰਪ੍ਰਸਤੀ ਹੇਠ ਲੰਮੇ ਸਮੇਂ ਤੋਂ ਵਿਚਰ ਰਹੀ ਹੈ। ਇਸ ਦੇ ਮੌਜੂਦਾ ਪ੍ਰਧਾਨ ਸ੍ਰ.ਸੁਖਬੀਰ ਸਿੰਘ ਬਾਦਲ ਨੇ ਇਸ ਦੀ ਸਥਾਪਤੀ ਸਮਾਰੋਹ ਜੋ ਕਿ ੧੪ ਦਸੰਬਰ ੨੦੨੦ ਨੂੰ ਆ ਰਿਹਾ ਹੈ, ਦੀ ਤਿਆਰੀ ਦੀ ਅਰੰਭਤਾ ਕਰਦਿਆ ਹੋਇਆ ਮੰਜੀ ਸਾਹਿਬ ਦੀਵਾਨ ਹਾਲ ਤੋਂ ਇੱਕ ਵੱਡੇ ਸਮਾਰੋਹ ਦੌਰਾਨ ਇਸਦੀ ਤਿੰਨ ਸਾਲ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਤਿਹਾਸਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਜੋਂ ਨਵੰਬਰ ੧੯੨੦ ਵਿੱਚ ਹੋਂਦ ਵਿੱਚ ਆਉਣ ਤੋਂ ਬਾਅਦ ਆਪਣੇ ਇੱਕ ਸਿੱਖਾਂ ਦੀ ਸਿਆਸੀ ਵਿੰਗ ਵਜੋਂ ਸ੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ। ਇਸਦੇ ਪਹਿਲੇ ਪ੍ਰਧਾਨ ਜਥੇਦਾਰ ਸੁਰਮੁੱਖ ਸਿੰਘ ਝਬਾਲ ਬਣੇ ਸਨ। ਇਹ ੯੭ ਸਾਲ ਦਾ ਸਫਰ ਹੌਲੀ ਹੌਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਉਪਾਧੀ ਜਥੇਦਾਰੀ ਤੋਂ ਬਦਲਦਿਆ ਸਰਦਾਰੀ ਵਿੱਚ ਬਦਲਣ ਦਾ ਲੰਮਾ ਸਫਰ ਹੈ। ਜਿਸ ਦੌਰਾਨ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਅਜ਼ਾਦੀ ਤੋਂ ਪਹਿਲਾਂ ਅਤੇ ਫੇਰ ਉਸਤੋਂ ਕਾਫੀ ਅਰਸਾ ਬਾਅਦ ਸਿੱਖਾਂ ਦੀ ਚੜਦੀ ਕਲਾ ਤੇ ਆਪਣੇ ਸੂਬੇ ਪੰਜਾਬ ਦੀ ਬੇਹਤਰੀ ਲਈ ਸੰਘਰਸ਼ ਦੇ ਰਾਹ ਪੈਂਦਾ ਰਿਹਾ ਹੈ। ਇਸ ਰਾਹ ਦੌਰਾਨ ਅਨੇਕਾਂ ਕੁਰਬਾਨੀਆਂ ਵੀ ਇਸਦੇ ਇਤਿਹਾਸ ਵਿੱਚ ਲਿਖੀਆਂ ਗਈਆਂ ਹਨ। ਭਾਵੇਂ ਇਹ ਸ਼੍ਰੋਮਣੀ ਕਮੇਟੀ ਦੇ ਸਾਥ ਨਾਲ ਮੁਢ ਵਿੱਚ ਗੁਰਦੁਆਰਾ ਸਾਹਿਬਾਨ ਅਤੇ ਧਰਮ ਨੂੰ ਮਹੰਤਾਂ ਦੇ ਕਬਜਿਆਂ ਤੋਂ ਅਜ਼ਾਦ ਕਰਾਉਣਾ ਤੇ ਅਜ਼ਾਦੀ ਤੋਂ ਬਾਅਦ ਲੰਮੇ ਅਰਸੇ ਤੱਕ ਪੰਜਾਬੀ ਸੂਬੇ ਲਈ ਜੱਦੋਜਹਿਦ ਕਰਨੀ ਤੇ ਇਸਦੀ ਪ੍ਰਾਪਤੀ ਤੋਂ ਬਾਅਦ ਸਿੱਖਾਂ ਦਾ ਰਾਜਸੀ ਨਿਸ਼ਾਨਾ ਅਨੰਦਪੁਰ ਸਾਹਿਬ ਦਾ ਮਤਾ ਉਲੀਕਣਾ ਇਸਦੀਆਂ ਵੱਡੀਆਂ ਪ੍ਰਾਪਤੀਆਂ ਕਹੀਆਂ ਜਾ ਸਕਦੀਆਂ ਹਨ। ਇਸਤੋਂ ਬਾਅਦ ਵੀ ਸ਼੍ਰੋਮਣੀ ਅਕਾਲ ਦਲ ਸਮੇਂ ਨਾਲ ਅੱਡ-ਅੱਡ ਵੰਡਿਆ ਜਾਂਦਾ ਰਿਹਾ ਤੇ ਫੇਰ ਇੱਕ ਸ਼ਖਸ਼ੀਅਤ ਦੇ ਦੁਆਲੇ ਆਪਣੀ ਹੋਂਦ ਨੂੰ ਬਰਕਰਾਰ ਰੱਖਦਾ ਹੋਇਆ ਜਥੇਦਾਰ ਹਰਚੰਦ ਸਿੰਘ ਲੋਗੋਂਵਾਲ ਦੀ ਪ੍ਰਧਾਨਗੀ ਦੌਰਾਨ ਧਰਮ ਯੁੱਧ ਵਰਗੇ ਸੰਘਰਸ਼ ਨੂੰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨਾਲ ਰਲ ਕੇ ਅਗਵਾਈ ਦਿੱਤੀ। ਜਥੇਦਾਰ ਹਰਚੰਦ ਸਿੰਘ ਲੋਗੋਂਵਾਲ ਦੇ ਦੇਹਾਂਤ ਤੋਂ ਬਾਅਦ ਅਤੇ ਇਸਤੋਂ ਪਹਿਲਾਂ ਸਿੱਖਾਂ ਦੇ ਧਰਮ ਯੁੱਧ ਮੋਰਚੇ ਨੂੰ ਸਮੇਟਣ ਲਈ ਭਾਰਤੀ ਹਕੂਮਤ ਵੱਲੋਂ ਜੂਨ ੧੯੮੪ ਵਿੱਚ ਸਿੱਖਾਂ ਦੇ ਸਿਰਮੌਰ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਨੂੰ ਟੈਂਕਾਂ ਤੋਂਪਾਂ ਨਾਲ ਢਾਹੁਣ ਦੀ ਮੰਦਭਾਗੀ ਕਾਰਵਾਈ ਕੀਤੀ ਗਈ। ਇਸ ਫੌਜੀ ਹਮਲੇ ਨਾਲ ਸਿੱਖਾਂ ਦੇ ਸਵੈਮਾਨ, ਧਰਮ ਤੇ ਰਾਜਨੀਤੀ ਨੂੰ ਬਿਖੇਵਨ ਦਾ ਇੱਕ ਗੰਭੀਰਤਾ ਨਾਲ ਚੁੱਕਿਆ ਹੋਇਆ ਕਦਮ ਸੀ। ਜਿਸ ਦਾ ਸਾਹਮਣਾ ਕਰਨ ਲਈ ਇਤਿਹਾਸਕ ਪੱਖੋਂ ਮਜ਼ਬੂਤ ਉਸ ਸਮੇਂ ਦੇ ਅਕਾਲੀ ਦਲ ਨੇ ਉਸ ਸਮੇਂ ਦੇ ਆਪਣੇ ਪ੍ਰਧਾਨ ਜਥੇਦਾਰ ਲੋਗੋਂਵਾਲ ਦੀ ਅਗਵਾਈ ਅਧੀਨ ਸਿੱਖ ਪੰਥ ਨੂੰ ਇਸ ਦੁਬਿਧਾ ਵਿਚੋਂ ਕੱਢਣ ਦੀ ਬਜਾਇ ਤੇ ਆਪਣੇ ਸੂਰਬੀਰਤਾ ਵਾਲੇ ਇਤਿਹਾਸ ਤੋਂ ਪਰੇ ਹੱਟ ਕੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਅਤੇ ਇਸਦੀਆਂ ਹੱਕੀ ਮੰਗਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਹੋਇਆਂ ਭਾਰਤੀ ਹਕੂਮਤ ਅੱਗੇ ਅਜਿਹੇ ਗੋਡੇ ਟੇਕੇ ਜਿਸਦੀ ਤਾਬ ਤੇ ਸੇਕ ਨੂੰ ਉਸ ਸਮੇਂ ਦੀ ਸਿੱਖ ਨੌਜਵਾਨੀ ਨੇ ਇੱਕ ਦਹਾਕੇ ਤੋਂ ਉਪਰ ਤੱਕ ਆਪਣੀਆਂ ਕੁਰਬਾਨੀਆਂ ਨਾਲ ਨਿਭਾਇਆ। ਇਸ ਦੌਰਾਨ ਇਹੀ ਸ਼੍ਰੋਮਣੀ ਅਕਾਲੀ ਦਲ ਸਮੇਂ ਨਾਲ ਭਾਵੇਂ ਇਹਨਾਂ ਸਿੱਖ ਨੌਜਵਾਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੱਟਦਿਆਂ ਹੋਇਆਂ ਲੰਮੇ ਅਰਸੇ ਤੱਕ ਰਾਜਸੱਤਾ ਦਾ ਮੋਹ ਤਾਂ ਜਰੂਰ ਮਾਣਦਾ ਰਿਹਾ ਹੈ ਪਰ ਹੁਣ ਜੇ ਇਸਦੀ ੯੭ਵੀਂ ਸਥਾਪਨਾ ਦਿਵਸ ਦੇ ਮੱਦੇਨਜ਼ਰ ਝਾਤ ਮਾਰੀਏ ਤਾਂ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਜੋ ਕਿ ਇਤਿਹਾਸਕ ਸ਼੍ਰੋਮਣੀ ਅਕਾਲੀ ਦਲ ਦਾ ਆਪਣੇ ਆਪ ਨੂੰ ਹੱਕੀ ਵਾਰਿਸ ਸਮਝਦਾ ਹੈ ਤਾਂ ਇਸ ਅਕਾਲੀ ਦਲ ਬਾਰੇ ਪਰਿਵਾਰ ਬਾਦ ਦੀ ਉਪਾਦੀ ਤਾਂ ਲੱਗਦੀ ਹੀ ਹੈ ਸਗੋਂ ਇਸਤੇ ਵੱਖ-ਵੱਖ ਵਿਦਵਾਨਾਂ ਵੱਲੋਂ ਜੋ ਟਿੱਪਣੀਆਂ ਹੋ ਰਹੀਆਂ ਹਨ ਉਸ ਬਾਰੇ ਕੋਈ ਤਾਂ ਇਸਨੂੰ ਕਿਰਪਾਨਾਂ ਵਾਲਿਆਂ ਤੋਂ ਨਗਾਂ ਵਾਲਿਅਆਂ ਤੱਕ ਦੀ ਪਾਰਟੀ ਦੱਸਦਾ ਹੈ। ਕੋਈ ਇਸ ਪਾਰਟੀ ਦੇ ਅਕਾਲ ਚਲਾਣੇ ਦੀ ਗੱਲ ਕਰਦਾ ਹੈ। ਸਿੱਖ ਪੰਥ ਨੂੰ ਇਤਿਹਾਸਕ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਸਿਰਜਣਾ ਹੀ ਇਸਦੀ ਸ਼ਤਾਬਦੀ ਤੇ ਇਸਦਾ ਅਸਲ ਸ਼ੋਭਾ ਨੂੰ ਬਰਕਰਾਰ ਰੱਖਣ ਵਿੱਚ ਸਹਾਈ ਹੋ ਸਕਦਾ ਹੈ ਤਾਂ ਜੋ ਇਸਦਾ ਵਜ਼ਦ ਤੇ ਇਹਿਤਸ ਜ਼ਿੰਦਾ ਰਹਿ ਸਕੇ। ਅੱਜ ਦੀ ਜੋ ਸਿੱਖ ਮਾਨਸਿਕਤਾ, ਰਾਜਨੀਤੀ ਅਤੇ ਸਿੱਖ ਸੋਚ ਵਿੱਚ ਆਏ ਨਿਘਾਰ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਹੀ ਆਸ ਤੇ ਖਾਹਿਸ਼ ਰੱਖੀ ਜਾ ਸਕਦੀ ਹੈ ਕਿ ੨੦੨੦ ਤੱਕ ਇਸੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਮੁੜ ਸਿੱਖ ਵਿਚਾਰਧਾਰਾ ਨਾਲ ਜੋੜ ਸਕਣਾ ਇੱਕ ਵੱਡਾ ਨਿਸ਼ਾਨਾ ਹੋਵੇਗਾ। ਜਿਸਦੀ ਪੂਰਤੀ ਲਈ ਇਸੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਇਤਿਹਾਸਕ ਪੰਥਕ ਸੋਚ ਨਾਲ ਜੁੜਨਾ ਪਵੇਗਾ।