ਅਫਰੀਕਾ ਮਹਾਂਦੀਪ ਵਿੱਚ Chad ਮੁਲਕ ਦੇ ਰਹਿ ਚੁੱਕੇ ਤਾਨਾਸ਼ਾਹੀ ਹੁਕਮਰਾਨ ਹੈਸਨ ਹਾਬਰੇ ਜਿਸਨੇ ਕਿ ੧੯੮੨ ਤੋਂ ਲੈ ਕੇ ੧੯੯੦ ਤੱਕ ਬੇਖੋਫ Chad ਦੇ ਲੋਕਾਂ ਉੱਪਰ ਜ਼ੋਰ-ਜੁਲਮ ਅਤੇ ਅੱਤਿਆਚਾਰ ਦਾ ਨੰਗ੍ਹਾ ਨਾਚ ਨੱਚਿਆ ਤੇ ਜਿਸ ਕਰਕੇ ਲੋਕਾਂ ਦੇ ਰੋਹ ਅੱਗੇ ਝੁਕਦਿਆਂ ੧੯੯੦ ਵਿੱਚ ਹਾਬਰੇ ਨੂੰ ਮੁਲਕ ਛੱਡ ਕੇ ਆਪਣੇ ਪਰਿਵਾਰ ਸਮੇਤ ਨਾਲ ਦੇ ਮੁਲਕ ਸਨੇਗਲ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ ਸੀ। ਹਾਬਰੇ ਜਿਸਨੂੰ ਕਿ ਚਿੱਲੀ ਮੁਲਕ ਦੇ ਰਹਿ ਚੁੱਕੇ ਤਾਨਸ਼ਾਹ ਹੁਕਮਰਾਨ ਪਿਨੋਸ਼ੇ ਵਾਂਗ ਅਫਰੀਕੀ ਪਿਨੋਸ਼ੇ ਵੀ ਕਿਹਾ ਜਾਂਦਾ ਹੈ। Chad ਮੁਲਕ ਜੋ ਕਿ ਇੱਕ ਸਦੀ ਤੱਕ ਫਰਾਂਸ ਮੁਲਕ ਦੇ ਕਬਜੇ ਵਿੱਚ ਇੱਕ ਕਲੋਨੀ ਸੀ ਅਤੇ ਹਾਬਰੇ ਨੇ ਵੀ ਆਪ ਜਨਮ ੧੯੪੨ ਵਿੱਚ ਗੁਲਾਮ ਮੁਲਕ ਵਿੱਚ ਹੀ ਲਿਆ ਸੀ ਅਤੇ ਮੁਢਲੀ ਸਿੱਖਿਆ ਤੋਂ ਬਾਅਦ ਪੀ.ਐਚ.ਡੀ. ਦੀ ਪੜਾਈ ਕਰਨ ਲਈ ਫਰਾਂਸ ਹਕੂਮਤ ਦੇ ਵਜੀਫੇ ਰਾਹੀਂ ਫਰਾਂਸ ਦੇ ਅੱਡ-ਅੱਡ ਸਕੂਲਾਂ ਵਿੱਚ ਪੜਾਈ ਕੀਤੀ ਅਤੇ ੧੯੭੦ ਦੇ ਸ਼ੁਰੂ ਵਿੱਚ ਆਪਣੀ ਪੜਾਈ ਤੇ ਸਿੱਖਿਆ ਪੂਰੀ ਕਰਨ ਤੋਂ ਬਾਅਦ ਹਾਬਰੇ ਲਿਬੀਆ ਮੁਲਕ ਵਿੱਚ ਚਲਾ ਗਿਆ ਸੀ। ਉਸ ਸਮੇਂ ਫਰਾਂਸੀ ਹਕੂਮਤ ਦੇ ਖਿਲਾਫ Chad ਦੇ ਲੋਕਾਂ ਨੇ ਅੱਡ-ਅੱਡ ਹਥਿਆਰਬੰਦ ਸ਼ੰਘਰਸ਼ ਲਈ ਗਰੁੱਪ ਬਣਾ ਲਏ ਸਨ ਜਿਨਾਂ ਦੀ ਮੱਦਦ ਲਿਬੀਆਂ ਸਰਕਾਰ ਕਰ ਰਹੀ ਸੀ। ਇਨਾਂ ਗੁਰੀਲਾ ਗੁਰੱਪਾ ਵਿੱਚੋਂ ਇੱਕ ਗਰੁੱਪ ਵਿੱਚ ਹਾਬਰੇ ਵੀ ਲਿਬਰੇਸ਼ਨ ਆਰਮੀ ਦਾ ਕਮਾਂਡਰ ਬਣ ਗਿਆ ਸੀ। ਇਸ ਦੀ ਸਭ ਤੋਂ ਵੱਡੀ ਜੰਗੀ ਬਗਾਵਤ ਵਾਲੀ ਦਾਸਤਾਨ ਫਿਰੌਤੀ ਲਈ ਤਿੰਨ ਯੂਰਪੀਅਨ ਬੰਦਿਆਂ ਨੂੰ ਅਗਵਾ ਕਰਨਾ ਸੀ ਜੋ ਕਿ ਬਾਅਦ ਵਿੱਚ ਬੜੇ ਚਰਚਿਤ ਸਾਕੇ ਵਜੋਂ ਮਸ਼ਹੂਰ ਹੋਇਆ।

੧੯੭੮ ਦੇ ਅੱਧ ਤੱਕ ਹਾਬਰੇ Chad ਮੁਲਕ ਦਾ ਪ੍ਰਧਾਨ ਮੰਤਰੀ ਬਣ ਗਿਆ ਸੀ। ਪਰ ਇਸਨੂੰ ਇੱਕ ਸਾਲ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਇਸਦੀ ਜਗਾ ਕਿਸੇ ਹੋਰ ਤਾਨਾਸ਼ਾਹੀ Chadian ਤਾਨਸ਼ਾਹ ਕੁਦਈ ਨੇ ਰਾਜਭਾਗ ਸੰਭਾਲ ਲਿਆ ਸੀ। ਇਸ ਕੁਦਈ ਦੇ ਰਾਜਭਾਗ ਦੇ ਖਿਲਾਫ ਹਾਬਰੇ ਨੇ ਆਪਣੇ ਸਾਥੀਆਂ ਨਾਲ ੧੯੮੨ ਦੇ ਅੱਧ ਵਿੱਚ ਕਦਈ ਨੂੰ ਰਾਜਭਾਗ ਤੋਂ ਲਾਹ ਕੇ Chadian ਹਕੂਮਤ ਤੇ ਪੂਰੀ ਤਰਾਂ ਹੁਕਮਰਾਨ ਦਾ ਦਰਜਾ ਲੈ ਲਿਆ ਸੀ। ਇਹ ਹਾਬਰੇ ਦਾ ਰਾਜ ੧੯੯੦ ਦੇ ਅੰਤ ਤੱਕ ਚੱਲਿਆ। ਹਾਬਰੇ ਨੂੰ ਰਾਜਭਾਗ ਸੰਭਾਲ ਸਕਣ ਵਿੱਚ ਅਮਰੀਕਾ ਦੀ ਖੁਫੀਆ ਏਜੰਸੀ CIA ਅਤੇ ਫਰਾਂਸ ਵਰਗੇ ਮੁਲਕ ਦੀ ਮੱਦਦ ਮਿਲੀ ਸੀ। ਹਾਬਰੇ ਨੇ ਆਪਣੇ ਰਾਜ-ਭਾਗ ਦੌਰਾਨ ਆਪਣੇ ਸਿਆਸੀ ਵਿਰੋਧੀਆਂ ਅਤੇ ਹੋਰ ਆਮ ਨਾਗਰਿਕਾਂ ਨੂੰ ਡਰ ਦੇ ਮਹੌਲ ਵਿੱਚ ਜਕੜੀ ਰੱਖਿਆ। ਦੁਨੀਆਂ ਦੀਆਂ ਵੱਡੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਹਾਬਰੇ ਦੇ ਰਾਜ-ਭਾਗ ਦਾ ਲੇਖਾ-ਜੋਖਾ ਕਰਨ ਉਪਰੰਤ ਇਹ ਤੱਥ ਦੁਨੀਆਂ ਅੱਗੇ ਲਿਆਂਦੇ ਸੀ ਕਿ ਹਾਬਰੇ ਨੇ ਆਪਣੇ ਰਾਜ ਦੌਰਾਨ ੪੦ ਹਜ਼ਾਰ ਤੋਂ ਉੱਪਰ ਆਪਣੇ ਸਿਆਸੀ ਵਿਰੋਧੀਆਂ ਨੂੰ ਤਸੀਹੇ ਦੇ ਕੇ ਮਾਰ ਮੁਕਾਇਆ ਸੀ ਅਤੇ ਦੋ ਲੱਖ ਤੋਂ ਉੱਪਰ ਲੋਕਾਂ ਨੂੰ ਕੈਦ ਕਰ ਕੇ ਅੰਤਾਂ ਦੇ ਵਹਿਸ਼ੀਆਨਾ ਤਰੀਕੇ ਨਾਲ ਆਪਣੀਆਂ ਸੁਰੱਖਿਆ ਏਜੰਸੀਆਂ ਰਾਹੀਂ ਤਸੀਹੇ ਦਿੰਦੇ ਰਿਹਾ ਜਿੰਨਾ ਵਿੱਚੋਂ ਅੱਜ ਵੀ ਸੈਕੜੇ ਬੰਦੇ ਜਿਉਂਦੇ ਹਨ ਅਤੇ ਮਨੁੱਖੀ ਅਧਿਕਾਰਾਂ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਉਹ ਹਾਬਰੇ ਨੂੰ ਅੰਤਰਰਾਸ਼ਟਰੀ ਕਨੂੰਨੀ ਕਾਰਵਾਈ ਲਿਆ ਸਕਣ ਲਈ ਯਤਨਸ਼ੀਲ ਰਹੇ ਹਨ ਤੇ ਹੁਣ ਵੀ ਉਹਨਾਂ ਦੇ ਯਤਨਾਂ ਸਦਕਾ ਹਾਬਰੇ ਨੂੰ ਸਨੇਗਲ ਦੀ ਹਕੂਮਤ ਨੇ ੨੦੧੩ ਵਿੱਚ ਕੈਦ ਕਰ ਲਿਆ ਸੀ ਅਤੇ ਅੱਜ ਤੋਂ ਉਸ ਦੇ ਖਿਲਾਫ ਜੰਗ ਦੇ ਦੌਰਾਨ ਹੋਏ ਇਸ war crimes ਦੇ ਕਨੂੰਨ ਅਧੀਨ ਮੁਕੱਦਮਾ ਸ਼ੁਰੂ ਹੋ ਰਿਹਾ ਹੈ। ਅੰਤਰਾਸ਼ਟਰੀ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਜਿਵੇਂ ਕਿ ਮਨੁੱਖੀ ਅਧਿਕਾਰ ਵਾਚ ਅਤੇ ਐਮੀਨੈਸਟੀ ਇੰਨਰਨੈਸ਼ਨਲ ਅਤੇ ਬੈਲਜ਼ੀਅਮ ਮੁਲਕ ਵੱਲੋਂ ਲੰਮੇ ਚਿਰ ਦੀ ਅਵਾਜ ਉਠਾਉਣ ਤੋਂ ਬਾਅਦ ੨੦੧੨ ਵਿੱਚ ਯੂ.ਐਨ. ਸੰਸਥਾ ਵੱਲੋਂ ਬਣਾਈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਸਨੇਹਗਲ ਦੀ ਹਕੂਮਤ ਨੂੰ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਹਾਬਰੇ ਨੂੰ ਅੱਤਿਆਚਾਰ ਵਿਰੋਧੀ ਕਨੂੰਨ ਅਧੀਨ ਕਟਹਿਰੇ ਵਿੱਚ ਖੜਾ ਕੀਤਾ ਜਾਵੇ। ਦੁਨੀਆਂ ਦੇ ਆਪਣੇ ਆਪ ਨੂੰ ਸਭ ਤੋਂ ਵੱਡੇ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਅਤੇ ਜਮਹੂਰੀਅਤ ਦਾ ਮੁਰੀਦ ਅਖਵਾਉਣ ਵਾਲਾ ਦੇਸ਼ ਅਮਰੀਕਾ ਅਤੇ ਫਰਾਂਸ ਨੇ ਹਾਬਰੇ ਦੇ ਰਾਜ ਭਾਗ ਨੂੰ ਚੱਲਦਿਆ ਰੱਖਣ ਲਈ ਪੂਰੀ ਤਰਾਂ ਹਮਾਇਤ ਦਿੱਤੀ ਹੈ। ਇਸ ਤੋਂ ਵੀ ਵੱਧ ਦੁੱਖ ਦੀ ਗੱਲ ਦੁਨੀਆਂ ਦੀ ਮਾਨਵਤਾ ਲਈ ਹੈ ਕਿ ਅਮਰੀਕਾ ਤੇ ਫਰਾਂਸ ਨੂੰ ਇਸ ਗੱਲ ਪ੍ਰਤੀ ਪੂਰੀ ਜਾਣਕਾਰੀ ਸੀ ਕਿ ਹਾਬਰੇ ਆਪਣੀ ਹਕੂਮਤ ਦੌਰਾਨ ਆਪਣੇ ਲੋਕਾਂ ਨਾਲ ਕਿਸ ਤਰਾਂ ਦਾ ਵਤੀਰਾ ਰੱਖ ਰਿਹਾ ਹੈ। ਇਸ ਤੋਂ ਵੀ ਸ਼ਰਮਦਾਇਕ ਗੱਲ ਕਿ ਅਮਰੀਕਾ ਵਰਗੀ ਜ਼ਮਹੂਰੀਅਤ ਨੇ ਹਾਬਰੇ ਦੇ ਵੱਡੇ ਕਮਾਂਡਰਾਂ ਨੂੰ ਅਤਿਆਚਾਰ ਦੇ ਢੰਗ ਤਰੀਕੇ ਸਿਖਾਉਣ ਲਈ ਅਮਰੀਕਾ ਸਰਕਾਰ ਵੱਲੋਂ ਬਣੇ ਅੱਤਿਆਚਾਰ ਕਰਨ ਦੇ ਸਕੂਲਾਂ ਵਿੱਚ ਟਰੇਨਿੰਗ ਦਿੱਤੀ ਗਈ।

ਚਾਰਡੀਅਨ ਲੋਕਾਂ ਦਾ ਲੰਮਾ ਸੰਘਰਸ਼ ਆਪਣੇ ਕਨੂੰਨੀ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਨੂੰ ਨਾ ਭੁਲਦਿਆ ਕੀਤੇ ਗਏ ਯਤਨਾਂ ਸਦਕਾ ਅੱਜ ਦੁਨੀਆ ਦੇ ਦਬਾਅ ਅੱਗੇ ਝੁਕਦਿਆ ਸਨੇਹਗਲ ਹਕੂਮਤ ਨੂੰ ਹਾਬਰੇ ਜਿਹੇ ਦਹਿਸ਼ਤਵਾਦੀ ਰਹਿ ਚੁੱਕੇ ਹੁਕਮਰਾਨ ਨੂੰ ਅੱਤਿਆਚਾਰ ਵਿਰੋਧੀ ਕਨੂੰਨ ਹੇਠ ਕਚਹਿਰੀ ਵਿੱਚ ਲਿਆ ਖੜਾ ਕੀਤਾ ਹੈ ਤਾਂ ਜੋ ਚਾਰਡੀਅਨ ਲੋਕਾਂ ਦੇ ਲੰਮੇ ਅਰਸੇ ਤੋਂ ਰਿਸ ਰਹੇ ਦੁੱਖ ਤਕਲੀਫ ਤੇ ਦਰਦ ਨੂੰ ਕੋਈ ਇਨਸਾਫ ਮਿਲ ਸਕੇ। ਚਾਰਡੀਅਨ ਲੋਕਾਂ ਨੂੰ ਪੰਜਾਬ ਦੇ ਸੰਦਰਭ ਵਿੱਚ ਤੁਲਨਾ ਕਰਕੇ ਬਿਆਨ ਕੀਤਾ ਜਾਵੇ ਕਿ ਇਹ ਕਹਿਣਾ ਅਤਿ ਕਥਨੀ ਨਹੀਂ ਹੋਵੇਗੀ ਕਿ ਉਹਨਾਂ ਨੂੰ ਬਾਪੂ ਸੂਰਤ ਸਿੰਘ ਵਰਗੇ ਚਰਚਿਤ ਸ਼ਖਸ਼ੀਅਤ ਦੀ ਡਰਾਮੇ ਵੱਜੋਂ ਚਲ ਰਹੀ ਭੁੱਖ ਹੜਤਾਲ ਦਾ ਸਹਾਰਾ ਨਹੀਂ ਲੈਣਾ ਪਿਆ। ਸਗੋਂ ਚਾਰਡੀਅਨ ਲੋਕਾਂ ਨੇ ਦੁਨੀਆਂ ਦੀਆਂ ਮਨੁੱਖੀ ਅਧਿਕਾਰਾਂ ਪ੍ਰਤੀ ਸੰਸਥਾਵਾਂ ਤੇ ਹੋਰ ਅਦਾਰਿਆਂ ਅੱਗੇ ਤਰਤੀਬਵਾਰ ਢੰਗ ਨਾਲ ਕੀਤੀ ਪਹੁੰਚ ਸਦਕਾ ਅੱਜ ਉਹ ਹਾਬਰੇ ਵਰਗੇ ਤਾਨਾਸ਼ਾਹੀ ਰਾਜੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਲੈ ਆਏ ਹਨ ਤਾਂ ਜੋ ਅਫਰੀਕਾ ਮਹਾਂਦੀਪ ਵਿੱਚ ਇਸ ਤਰਾਂ ਦੇ ਰਹਿੰਦ ਖੂੰਹਦ ਹੋਰ ਰਾਜ-ਭਾਗ ਸੰਭਾਲੀ ਬੈਠੇ ਰਾਜਿਆਂ ਦੇ ਹੌਸਲੇ ਡਿੱਗ ਸ਼ਕਣ ਅਤੇ ਅਫਰੀਕਾ ਮਹਾਂਦੀਪ ਵਿੱਚ ਲੋਕਾਂ ਦੀਆਂ ਸਰਕਾਰਾਂ ਤੇ ਜ਼ਮਹੂਰੀਅਤ ਪੂਰੀ ਤਰਾਂ ਕਾਮਯਾਬ ਹੋ ਸਕੇ।