ਕੁਝ ਦਿਨ ਪਹਿਲਾਂ ਦੁਨੀਆਂ ਵਿੱਚ ਪਹਿਲੀ ਵਾਰ ਇੱਕ ਸਮਾਜ ਸੇਵੀ ਸੰਸਥਾ ‘Varkey’ ਫਾਊਂਡੇਸ਼ਨ ਨੇ ਆਪਣੇ ਵੱਲੋਂ ਦੁਨੀਆਂ ਦੇ ਸਭ ਤੋਂ ਉੱਤਮ ਅਧਿਆਪਕ ਨੂੰ ਇੱਕ ਮਿਲੀਅਨ ਡਾਲਰ ਦੀ ਇਨਾਮ ਰਾਸ਼ੀ ਰਾਹੀਂ ਦੁਨੀਆਂ ਦੇ ਉੱਤਮ ਅਧਿਆਪਕ ਦਾ ਸਨਮਾਨ ਦਿੱਤਾ ਹੈ। ਇਸ ਪਿਛੇ ਇਸ ਸੰਸਥਾ ਦਾ ਮੂਲ ਮਨੋਰਥ ਸਿੱਖਿਆ ਅਤੇ ਉਸਦੇ ਮੁਢਲੇ ਸਿਧਾਤਾਂ ਨੂੰ ਦੁਨੀਆਂ ਦੀ ਨਜ਼ਰ ਵਿੱਚ ਅਸਰਦਾਇਕ ਅਸਥਾਨ ਪ੍ਰਦਾਨ ਕਰਨਾ ਸੀ।

ਇਸ ਇਨਾਮ ਦੇਣ ਵਾਲੀ ਸੰਸਥਾ ਨਾਲ ਦੁਨੀਆਂ ਦੇ ਕੁਝ ਨਾਮੀਂ ਵਿਅਕਤੀ, ਜਿਵੇਂ ਕਿ ਅਮਰੀਕਾ ਦੇ ਪਹਿਲਾਂ ਰਹਿ ਚੁੱਕੇ ਰਾਸ਼ਟਰਪਤੀ ਬਿਲ ਕਲਿੰਟਨ, ਅਰਬ ਅਮਰਾਇਟਸ ਦੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਇਸੇ ਤਰਾਂ ਮਸ਼ਹੂਰ ਨਾਮਵਰ ਵਿਅਕਤੀ ਬਿਲ ਗੇਟਸ ਵੀ ਇਸ ਸੰਸਥਾ ਨਾਲ ਜੁੜੇ ਹੋਏ ਹਨ। ਪਹਿਲਾ ਦੁਨੀਆ ਦੇ ਉੱਤਮ ਅਧਿਆਪਕ ਦਾ ਇਨਾਮ ਅਮਰੀਕਾ ਦੀ ਨਿਵਾਸੀ ਸਿੱਖਿਆ ਪ੍ਰਸਾਰਕ ਮਿਸ ਨੈਨਸੀ ਐਟਵੈਲ ਨੂੰ ਦਿੱਤਾ ਗਿਆ ਹੈ। ਇਸ ਇਨਾਮ ਅਧੀਨ ਇਸ ਸੰਸਥਾ ਨੇ ਦੁਨੀਆਂ ਵਿੱਚੋਂ ਅੱਡ-ਅੱਡ ਸਿੱਖਿਆ ਨਾਲ ਜੁੜੇ ਪਹਿਲੂਆਂ ਅਤੇ ਹੋਰ ਯੋਗਤਾਵਾਂ ਤੇ ਅਧਾਰਿਤ ਦਸ ਵਿਅਕਤੀਆਂ ਦੀ ਇੱਕ ਲਿਸ਼ਟ ਖੋਜ ਕਰਨ ਤੋਂ ਬਾਅਦ ਬਣਾਈ ਸੀ। ਇੰਨਾ ਦਸ ਵਿਅਕਤੀਆਂ ਵਿਚੋਂ ਮੇਨ ਸਟੇਟ ਦੀ ਨਿਵਾਸੀ ਜੋ ਕਿ ਇਸ ਸਟੇਟ ਦੇ ਛੋਟੇ ਜਿਹੇ ਸ਼ਹਿਰ ਅੱਜਕੌਮ ਵਿੱਚ ਰਹਿੰਦੀ ਹੈ ਨੈਨਸੀ ਐਟਵੈਲ ਨੂੰ ਦਿੱਤਾ ਗਿਆ ਹੈ।

ਨੈਨਸੀ ਐਟਵੈਲ ੧੯੭੩ ਤੋਂ ਬੱਚਿਆ ਦੀ ਮਢਲੀ ਸਿੱਖਿਆ ਪ੍ਰਸਾਰਨ ਨਾਲ ਜੁੜੀ ਹੋਈ ਹੈ ਅਤੇ ੨੫ ਸਾਲਾਂ ਤੋਂ ਅੱਜਕੌਮ ਸ਼ਹਿਰ ਵਿੱਚ ਇੱਕ ਸਿੱਖਿਆ ਤੇ ਅਧਾਰਿਤ, ਪੜਾਉਣ ਦਾ ਸੈਂਟਰ ਚਲਾ ਰਹੀ ਹੈ, ਜਿਸ ਦਾ ਨਾਮ ‘Centre for teaching and learning’ ਭਾਵ ਸਿੱਖਿਆ ਪੜਾਉਣੀ ਤੇ ਗ੍ਰਹਿਣ ਕਰਨੀ ਹੈ। ਹੁਣ ਤੱਕ ਨੈਨਸੀ ਐਟਵੈਲ ਦਾ ਸੈਂਟਰ ਅੱਠਵੀਂ ਗ੍ਰੇਡ ਤੱਕ ਦੇ ਬੱਚਿਆ ਨੂੰ ਸਰਵ-ਵਿਆਪੀ ਤੇ ਬੱਚਿਆਂ ਦੇ ਅਧਾਰ ਮੁਤਾਬਕ ਸਿੱਖਿਆ ਪੜਾਉਣ ਅਤੇ ਸਿਖਾਉਣ ਦੇ ਯਤਨਾਂ ਵਿੱਚ ਇੱਕ ਸੇਵਾ ਵਾਗੂੰ ਜੁਟਿਆ ਹੋਇਆ ਹੈ। ਇਥੋਂ ਦੇ ਪੜੇ ਬੱਚੇ ਪਿਛਲੇ ੨੫ ਸਾਲਾਂ ਵਿੱਚ ਚੰਗੇ ਤੇ ਸੂਝਵਾਨ ਨਾਗਰਿਕ ਤਾਂ ਬਣੇ ਹੀ ਹਨ ਸਗੋਂ ਦੁਨੀਆਂ ਦੀਆਂ ਨਾਮੀਂ ਅਤੇ ਮੁੱਖ ਵਿਸ਼ਵ ਵਿਦਿਆਲਿਆਂ ਵਿੱਚ ਪੜਾਈ ਵੀ ਕਰ ਰਹੇ ਹਨ ਅਤੇ ਨਾਲ ਨਾਲ ਨੈਨਸੀ ਐਟਵੈਲ ਨਾਲ ਆਪਣੇ ਸਾਥੀ ਵਿਦਿਆਰਥੀਆਂ ਤੇ ਸਮਾਜ ਲਈ ਨਵੀਆਂ ਲੀਹਾਂ ਪਾ ਰਹੇ ਹਨ। ਨੈਨਸੀ ਐਟਵਲ ਅਤੇ ਉਸਦੇ ਸਹਿਯੋਗੀ ਅਧਿਆਪਕ ਬੱਚਿਆਂ ਨੂੰ ਸਮੇਂ ਮੁਤਾਬਕ ਸਰਵ-ਵਿਕਾਸ ਅਤੇ ਮਨੋਬਲ ਨੂੰ ਉੱਚਾ ਚੁੱਕਣ ਦਾ ਟੀਚਾਂ ਰੱਖ ਕੇ ਅਜਿਹੀ ਸਿੱਖਿਆ ਪ੍ਰਣਾਲੀ ਅਪਣਾ ਰਹੇ ਹਨ ਜੋ ਰਵਾਇਤੀ ਤੇ ਪ੍ਰਚਲਤ ਸਿੱਖਿਆ ਪ੍ਰਣਾਲੀ ਤੋਂ ਵੱਖਰੀ ਹੈ। ਇਥੋਂ ਦਾ ਪੜਿਆ ਹਰ-ਇੱਕ ਬੱਚਾ ਸਾਲ ਵਿੱਚ ੪੪ ਕਿਤਾਬਾਂ ਸਕੂਲ ਦੀ ਲਾਇਬਰੇਰੀ ਵਿੱਚੋਂ ਲੈ ਕੇ ਪੜਦਾ ਹੈ ਅਤੇ ਸਿੱਖਿਆ ਨੂੰ ਗ੍ਰਹਿਣ ਕਰਨ ਲਈ ਆਪ ਉਸ ਵਿੱਚ ਲੀਨ ਹੋ ਕੇ ਅਤੇ ਆਪਣੇ ਨਿੱਜ ਦੇ ਤਜ਼ਰਬਿਆਂ ਰਾਹੀ ਗ੍ਰਹਿਣ ਕਰਨ ਦੀ ਸਮਰਥਾ ਸਿੱਖ ਰਿਹਾ ਹੈ।

ਜੋ ਦੁਨੀਆਂ ਵਿਚੋਂ ਉੱਤਮ ਅਧਿਆਪਕ ਚੁਣੇ ਗਏ ਹਨ ਉਨਾਂ ਵਿਚੋਂ ਦੋ ਸਿੱਖ ਧਰਮ ਨਾਲ ਸਬੰਧਤ ਅਧਿਆਪਕ ਮਿਸ ਕਿਰਨਬੀਰ ਸੇਠੀ ਜੋ ਕਿ ਭਾਰਤ ਦੀ ਨਾਗਰਿਕ ਹੈ ਅਤੇ ਅਹਿਮਦਾਬਾਦ ਗੁਜਰਾਤ ਵਿੱਚ ਆਪਣਾ ਨਿੱਜੀ ਸਕੂਲ ਕੁਝ ਸਾਲਾਂ ਤੋਂ ਚਲਾ ਰਹੀ ਹੈ ਅਤੇ ਦੂਸਰਾ ਵਿਅਕਤੀ ਮਲੇਸ਼ੀਆ ਦਾ ਨਾਗਰਿਕ ਮਦਨਜੀਤ ਸਿੰਘ ਹੈ ਜੋ ਕਿ ਅੱਜ ਮਲੇਸ਼ੀਆ ਵਿੱਚ ਸਿੱਖਿਆ ਦੇ ਵੱਖਰੇ ਸੈਂਟਰ ਚਲਾ ਰਿਹਾ ਹੈ ਜਿਨਾਂ ਦਾ ਮੁੱਖ ਮੰਤਵ ਜ਼ਿੰਦਗੀ ਨੂੰ ਜਿਉਣ ਦੇ ਢੰਗ ਤਰੀਕੇ, ਸਿੱਖਿਆ ਰਾਹੀਂ ਕਿਵੇਂ ਗ੍ਰਹਿਣ ਕਰਨੇ ਹਨ, ਬਾਰੇ ਜਾਨੂੰ ਕਰਾਉਣਾ ਹੈ। ਚੰਗਾ ਸਿੱਖਿਆ ਪ੍ਰਸ਼ਾਰਕ ਅਤੇ ਅਧਿਆਪਕ ਕਿਸੇ ਵੀ ਸਮਾਜ ਨੂੰ ਸਿਹਤਮੰਤ ਅਤੇ ਤਰੱਕੀ ਯਾਫਤਾ ਬਣਾਉਣ ਲਈ ਇੱਕ ਅਹਿਮ ਰੋਲ ਅਦਾ ਕਰਦਾ ਹੈ। ਵਾਰਕੀ ਸੰਸਥਾ ਜਿਸਨੇ ਦੁਨੀਆਂ ਦੇ ਉੱਤਮ ਅਧਿਆਪਕ ਦਾ ਇਨਾਮ ਤਹਿ ਕੀਤਾ ਹੈ ਵੱਲੋਂ ਕੀਤਾ ਇਹ ਉਪਰਾਲਾ ਆਉਣ ਵਾਲੇ ਸਮੇਂ ਵਿੱਚ ਅਧਿਆਪਕ ਅਤੇ ਸਿੱਖਿਆ ਪ੍ਰਸਾਰਕ ਦੇ ਸਮਾਜ ਵਿੱਚ ਅਸਥਾਨ ਨੂੰ ਇੱਕ ਨਵੀਂ ਕਦਰ ਅਤੇ ਸਤਿਕਾਰਯੋਗ ਹਸਤੀ ਵਜੋਂ ਸਾਹਮਣੇ ਲਿਆਉਣ ਵਿੱਚ ਸਹਾਈ ਹੋਵੇਗਾ।

ਇਸ ਸੰਸਥਾ ਵੱਲੋਂ ਨੈਨਸੀ ਐਟਵੈਲ ਜਿਹੇ ਸੂਝਵਾਨ ਉੱਤਮ ਅਧਿਆਪਕ ਲੱਭਣਾ ਅਤੇ ਹੋਰ ਨੌਂ ਉੱਮਤ ਆਧਿਆਪਕਾਂ ਨੂੰ ਦੁਨੀਆਂ ਦੇ ਅੱਡ-ਅੱਡ ਕੋਨਿਆਂ ਵਿੱਚ ਜਾ ਕੇ ਲੱਭ ਅਤੇ ਉਨਾਂ ਵੱਲੋਂ ਸਿੱਖਿਆਂ ਨੂੰ ਸਮਾਜ ਦਾ ਇੱਕ ਅਹਿਮ ਅੰਗ ਸਮਝ ਕੇ ਵੱਖਰੇ-ਵੱਖਰੇ ਤਰੀਕਿਆ ਨਾਲ ਬੱਚਿਆਂ ਨੂੰ ਮੁਢਲੇ ਜੀਵਨ ਤੋਂ ਹੀ ਸਿੱਖਿਆ ਅਤੇ ਵਿੱਦਿਆ ਪ੍ਰਤੀ ਲਗਨ ਪੈਦਾ ਕਰਨ ਵਿੱਚ ਇੱਕ ਨਵੀਂ ਲੀਹ ਸਾਬਤ ਕਰੇਗਾ। ਹਰ ਇੱਕ ਧਰਮ, ਸਮਾਜ ਅਤੇ ਦੇਸ਼ ਦੀ ਨੀਂਹ ਸਿੱਖਿਆ ਅਤੇ ਵਿੱਦਿਆ ਦੇ ਗਿਆਨ ਤੇ ਹੀ ਰੱਖੀਂ ਜਾਂਦੀ ਹੈ ਕਿਉਂ ਕਿ ਸਿੱਖਿਅਤ ਅਤੇ ਵਿਦਿਅਕ ਪੱਖੋਂ ਸੂਝਵਾਨ ਵਿਅਕਤੀ ਹੀ ਦੁਨੀਆਂ ਨੂੰ ਕਦਮ ਕਦਮ ਤੇ ਨਵੀਂ ਦਿਸ਼ਾ ਪ੍ਰਦਾਨ ਕਰ ਸਕਦਾ ਹੈ। ਨੈਨਸੀ ਐਟਵੈਲ ਜਿਹੇ ਸਿੱਖਿਆ ਪ੍ਰਸਾਰਕ ਇਸ ਇਨਾਮ ਨਾਲ ਸਨਮਾਨਤ ਹੋਣ ਤੋਂ ਬਾਅਦ ਸਿੱਖਿਆ ਦੇ ਖੇਤਰ ਵਿੱਚ ਇੱਕ ਅਹਿਮ ਰੋਲ ਮਾਡਲ ਵਜੋਂ ਜਾਣੇ ਜਾਣਗੇ ਅਤੇ ਇਸਤੋਂ ਇਹੀ ਉਮੀਦ ਰੱਖੀ ਜਾ ਸਕਦੀ ਹੈ ਕਿ ਇਸ ਨਾਲ ਸਿੱਖਿਆ ਦੇ ਅਦਾਰੇ ਅਤੇ ਇਸ ਨਾਲ ਜੁੜੀ ਅਹਿਮ ਕੜੀ ਅਧਿਆਪਕ ਦੀ ਭੂਮਿਕਾ ਅਲੱਗ ਅਤੇ ਸਤਿਕਾਰਯੋਗ ਵਿਆਕਤੀ ਵਜੋਂ ਜਾਣੀ ਜਾਵੇਗੀ।