੩੩ ਸਾਲ ਪਹਿਲਾਂ ਅੱਜ ਦੇ ਦਿਨਾਂ ਵਿੱਚ ਸਿੱਖ ਕੌਮ ਨੇ ਆਪਣੇ ਮਾਣ-ਮੱਤੇ ਇਤਿਹਾਸ ਨੂੰ ਦੁਹਰਾਉਂਦਿਆਂ ਦਿੱਲੀ ਤੋਂ ਚੜ੍ਹਕੇ ਆਈ ਪਾਪ ਕੀ ਜੰਝ ਦਾ ਸੂਰਮਗਤੀ ਨਾਲ ਮੁਕਾਬਲਾ ਕਰਦੇ ਹੋਏ ਸ਼ਹਾਦਤਾਂ ਪਾਈਆਂ ਸਨ। ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ, ਸਿੱਖ ਕੌਮ ਦੇ ਜਾਂਬਾਜ ਸੂਰਮਿਆਂ ਨੇ ੨੦ਵੀਂ ਸਦੀ ਦੇ ਇਤਿਹਾਸ ਨੂੰ ਇਹ ਦਰਸਾ ਦਿੱਤਾ ਸੀ ਕਿ ਸਿੱਖ ਕੌਮ ਲਈ ਉਸਦਾ ਇਤਿਹਾਸ, ਰਵਾਇਤਾਂ, ਗੁਰਧਾਮ ਅਤੇ ਗੈਰਤ ਕਿਸੇ ਵੀ ਕਨੂੰਨ ਜਾਂ ਦੇਸ਼ ਨਾਲੋਂ ਜਿਆਦਾ ਮਹੱਤਵਪੂਰਨ ਹਨ।
ਜੂਨ ੧੯੮੪ ਨੂੰ ਸਿੱਖ ਕੌਮ ਨੇ ਅਜਿਹਾ ਇਤਿਹਾਸ ਸਿਰਜਿਆ ਜਿਸਨੇ ਭਵਿੱਖ ਦੀ ਰਾਹ ਦਰਸਾਵੇ ਦਾ ਮਘਦਾ ਸੂਰਜ ਬਣਨਾ ਸੀ। ਮੁੱਠੀਭਰ ਭੁੱਖਣਭਾਣੇ ਸਿੰਘਾਂ ਨੇ ਦੁਨੀਆਂ ਦੀ ਛੇਵੀਂ ਫੌਜੀ ਤਾਕਤ ਨੂੰ ਜਿਸ ਤਰ੍ਹਾਂ ਆਪਣੇ ਇਤਿਹਾਸ ਦੇ ਜੋਰ ਨਾਲ ਚਣੇ ਚਬਾਏ ਉਹ ਸਾਡੇ ਵਰਤਮਾਨ ਇਤਿਹਾਸ ਦਾ ਸੁਨਹਿਰੀ ਪੰਨਾ ਹੈ। ਜੂਨ ੧੯੮੪ ਨੇ ਸਿੱਖਾਂ ਦੇ ਭਾਰਤ ਨਾਲ ਰਿਸ਼ਤੇ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਤ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਸਿੱਖਾਂ ਵਿੱਚ ਉਸ ਦੇਸ਼ ਨਾਲ ਅਜਿਹਾ ਰਿਸ਼ਤਾ ਬਣ ਗਿਆ ਸੀ ਜਿਸ ਨਾਲ ਕਿਸੇ ਵੀ ਸ਼ਹਿਰੀ ਨੂੰ ਲਗਾਓ ਅਤੇ ਮੋਹ ਹੁੰਦਾ ਹੈ ਪਰ ਭਾਰਤੀ ਸਟੇਟ ਨੇ ਸਿੱਖ ਗੁਰਧਾਮਾਂ ਤੇ ਹਮਲਾ ਕਰਕੇ ਸਿੱਖਾਂ ਦੇ ਉਸ ਰਿਸ਼ਤੇ ਨੂੰ ਨਵੇਂ ਅਰਥ ਦੇ ਦਿੱਤੇ ਸਨ। ਸਿੱਖਾਂ ਨੂੰ ਪਹਿਲੀ ਵਾਰ ਪੂਰਾ ਦਰਦਮੰਦ ਅਹਿਸਾਸ ਹੋਇਆ ਸੀ ਕਿ ਜਿਸ ਧਰਤੀ ਲਈ ਉਨ੍ਹਾਂ ਦੇ ਪੁਰਖੇ ਆਪਣੀਆਂ ਜਾਨਾ ਵਾਰ ਗਏ ਸਨ ਉਸ ਧਰਤੀ ਦੇ ਹਾਕਮਾਂ ਲਈ ਅਸੀਂ ਕੀ ਚੀਜ ਹਾਂ।
ਅਜ਼ਾਦੀ ਅਤੇ ਗੁਲਾਮੀ ਦੇ ਅਰਥ ਸਿੱਖਾਂ ਨੂੰ ਜੂਨ ੧੯੮੪ ਵਿੱਚ ਹੀ ਸਮਝ ਆਏ ਸਨ। ਉਸ ਦਿਨ ਇਤਿਹਾਸ ਨੇ ਨਵੀਆਂ ਨੀਹਾਂ ਰੱਖ ਦਿੱਤੀਆਂ ਸਨ। ਸਾਂਝੇ ਦੁਖਾਂ, ਸਾਂਝੀਆਂ ਯਾਦਾਂ ਅਤੇ ਸਾਂਝੇ ਸ਼ਹੀਦਾਂ ਦੇ ਇਤਿਹਾਸ ਦੀਆਂ ਨੀਹਾਂ। ਸਿੱਖਾਂ ਨੇ ਜੂਨ ੧੯੮੪ ਤੋਂ ਬਾਅਦ ਪਹਿਲੀ ਵਾਰ ਇੱਕ ਸਿੱਖ ਵੱਜੋਂ ਸੋਚਣਾਂ ਅਰੰਭ ਕੀਤਾ ਸੀ। ਜੂਨ ੧੯੮੪ ਤੋਂ ਬਾਅਦ ਸਿੱਖਾਂ ਦੀਆਂ ਸੋਚਾਂ ਦੇ ਅਚੇਤ ਜੰਗਲ ਵਿੱਚ ਵੱਡੀ ਹਲਚਲ ਹੋ ਗਈ ਸੀ।
ਅਸੀਂ ਕੌਣ ਹਾਂ ਅਤੇ ਸਾਡਾ ਆਪਣੇ ਹਾਕਮਾਂ ਨਾਲ ਕੀ ਰਿਸ਼ਤਾ ਹੈ ਇਸ ਦਾ ਅਹਿਸਾਸ ਸਿੱਖਾਂ ਨੂੰ ਪਹਿਲੀ ਵਾਰ ਹੋਇਆ ਸੀ। ਇਹ ਵੀ ਪਹਿਲੀ ਵਾਰ ਵਾਪਰਿਆ ਸੀ ਕਿ ਕੌਮ ਦਾ ਇੱਕ ਵੱਡਾ ਹਿੱਸਾ ਆਪਣੇ ਸਾਂਝੇ ਦੁਸ਼ਮਣ ਦੇ ਖਿਲਾਫ ਬਗਾਵਤ ਦੇ ਰਾਹ ਪੈ ਗਿਆ ਸੀ। ਕੌਮ ਦੀ ਜਿਸ ਪੀੜ੍ਹੀ ਨੂੰ ੧੯੮੪ ਦੇ ਸਾਕੇ ਦੀ ਸਭ ਤੋਂ ਜਿਆਦਾ ਪੀੜ ਹੋਈ ਸੀ ਉਸ ਪੀੜ੍ਹੀ ਨੇ ਸਿਰਾਂ ਤੇ ਮੌਤ ਦੇ ਮੰਡਾਸੇ ਬੰਨ੍ਹ ਕੇ ਆਪਣੇ ਕੌਮੀ ਆਪਣੇਪਣ ਦੀ ਰਾਖੀ ਲਈ ਇਤਿਹਾਸ ਦਾ ਹਰ ਜੁਲਮ ਸਹਾਰਿਆ ਪਰ ਸੀਅ ਨਾ ਕੀਤੀ।
ਸਿੱਖ ਅਰਦਾਸ ਦੇ ਸ਼ਹੀਦ ਸਿੰਘ ੨੦ਵੀਂ ਸਦੀ ਵਿੱਚ ਫਿਰ ਮੂਰਤੀਮਾਨ ਹੋ ਗਏ । ਸਿੱਖ ਜੁਝਾਰੂਪਣ ਦੀਆਂ ਗੁਝੀਆਂ ਰਮਜ਼ਾਂ ਨੇ ਪੰਜਾਬ ਦੇ ਨਾਲ ਨਾਲ ਭਾਰਤ ਦੀ ਧਰਤੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸ਼ਹੀਦ ਸੰਤ ਜਰਨੈਲ ਸਿੰਘ ਕੌਮ ਦੇ ਨਾਇਕ ਬਣ ਗਏ। ਉਹ ਕੌਮ ਲਈ ਪ੍ਰੇਰਨਾ ਸਰੋਤ ਬਣ ਗਏ। ਹਜਾਰਾਂ ਨੌਜਵਾਨਾਂ, ਬੀਬੀਆਂ ਅਤੇ ਬਜ਼ੁਰਗਾਂ ਨੇ ਆਪਣੇ ਉਸ ਨਾਇਕ ਦੇ ਕਦਮਾਂ ਤੇ ਚੱਲਦਿਆਂ ਕੌਮ ਦੇ ਬੇਗਾਨੇਪਣ ਨੂੰ ਦੂਰ ਕਰਨ ਦਾ ਯਤਨ ਕੀਤਾ। ਸਿੱਖ ਸ਼ਹੀਦਾਂ ਨੇ ਆਪਣੇ ਲਹੂ ਨਾਲ ਕੌਮ ਦੇ ਰਾਹ ਰੁਸ਼ਨਾਉਣ ਦੇ ਅਣਥਕ ਯਤਨ ਕੀਤੇ। ਇਹ ਯਤਨ ਲਗਭਗ ੧੫ ਸਾਲ ਤੱਕ ਚਲਦੇ ਰਹੇ। ਬਿਨਾ ਥੱਕੇ ਬਿਨਾ ਅੱਕੇ ਸਿੱਖ ਯੋਧੇ ਬਿਨਾ ਕਿਸੇ ਅੰਦਰੂਨੀ ਅਤੇ ਬਾਹਰੀ ਸਹਾਇਤਾ ਦੇ ਉਦੋਂ ਤੱਕ ਜੂਝਦੇ ਰਹੇ ਜਦੋਂ ਤੱਕ ਕਿ ਉਹ ਸ਼ਹੀਦ ਨਾ ਹੋ ਗਏ।
੧੯੮੪ ਦੇ ਸ਼ਹੀਦਾਂ ਨੇ ਜੋ ਪੈੜਾਂ ਪਾਈਆਂ ਉਹ ਪੈੜਾਂ ਬਹੁਤ ਲੰਬੇ ਸਮੇਂ ਤੱਕ ਪੰਜਾਬ ਦੇ ਇਤਿਹਾਸ ਦੇ ਅੰਗ ਸੰਗ ਰਹੀਆਂ।
ਅੱਜ ਉਹ ਇਤਿਹਾਸਕ ਪੈੜਾਂ ਕਿਸੇ ਨਵੇਂ ਰੂਪ ਵਿੱਚ ਰਾਹ ਦਰਸਾਵੇ ਦਾ ਕੰਮ ਕਰ ਰਹੀਆਂ ਹਨ। ਸਿੱਖ ਕੌਮ ਲਈ ਜੂਨ ਦਾ ਮਹੀਨਾ ਹਰ ਸਾਲ ਇਹ ਯਾਦ ਲੈ ਕੇ ਆਉਂਦਾ ਹੈ ਕਿ ਅਸੀਂ ਗੁਲਾਮ ਹਾਂ।
ਸਪੇਨ ਦੇ ਕੈਟੇਲੋਨ ਨੂੰ ੩੦੦ ਸਾਲ ਹੋ ਗਏ ਹਨ ਅਜ਼ਾਦੀ ਲਈ ਸੰਘਰਸ਼ ਕਰਦਿਆਂ ਨੂੰ। ਉਹ ਆਪਣੇ ਹਰ ਬੱਚੇ ਨੂੰ ਇਹ ਦੱਸਦੇ ਹਨ ਕਿ ਅਸੀਂ ਗੁਲਾਮ ਹਾਂ। ਪੀੜ੍ਹੀ ਦਰ ਪੀੜ੍ਹੀ ੩੦੦ ਸਾਲ ਤੋਂ ਇਹ ਅਹਿਸਾਸ ਅੱਗੇ ਵਧਦਾ ਜਾ ਰਿਹਾ ਹੈ।
ਜੂਨ ੧੯੮੪ ਦੇ ਸਿੱਖਾਂ ਲਈ ਵੀ ਇਹ ਅਰਥ ਹਨ। ਗੁਲਾਮੀ ਦੇ ਅਹਿਸਾਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਹਸਤਾਂਤਰਿਤ ਕਰਨਾ ਹੀ ਜੂਨ ੧੯੮੪ ਦੇ ਸੂਰਮਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।