ਦੁਨੀਆਂ ਦੇ ਪ੍ਰਸਿੱਧ ਬੁਧਜੀਵੀ ਚਾਰਲਿਸ ਡਾਰਵਿਨ ਮੁਤਾਬਿਕ ਜੀਵਨ ਜੋ ਇੱਕ ਸੰਘਰਸ਼ ਹੈ ਉਸ ਵਿੱਚ ਉਹੀ ਕਾਮਯਾਬ ਹੋ ਸਕਦਾ ਹੈ ਜੋ ਹਾਲਾਤ ਨੂੰ ਸਮਝ ਸਕਣ ਦੀ ਸਮਰੱਥਾ ਰੱਖਦਾ ਹੋਵੇ ਅਤੇ ਉਸਦਾ ਸਹੀ ਢੰਗ ਨਾਲ ਸਾਹਮਣਾ ਕਰਨ ਦੀ ਯੋਗਤਾ ਰੱਖਦਾ ਹੋਵੇ। ਇਸ ਯੋਗਤਾ ਲਈ ਸਭ ਤੋਂ ਵਡਮੁੱਲਾ ਵਸੀਲਾ ਕਿਸੇ ਵੀ ਇਨਸਾਨ ਲਈ ਵਿਦਿਆ ਪੱਖੋਂ ਪੂਰੀ ਤਰਾਂ ਨਿਪੁੰਨ ਹੋਣਾ ਇੱਕ ਵਿਸ਼ੇਸ਼ ਹਿੱਸਾ ਹੈ। ਇਸ ਵਿਦਿਆ ਦੀ ਸ਼ੁਰੂਆਤ ਜੀਵਨ ਦੇ ਮੁੱਢ ਤੋਂ ਬੱਚਿਆਂ ਲਈ ਸਕੂਲੀ ਵਿਦਿਆ ਤੋਂ ਸ਼ੁਰੂ ਹੁੰਦੀ ਹੈ ਅਤੇ ਉਥੋਂ ਵਰੇ ਦਰ ਵਰੇ ਅਧਿਆਪਕਾਂ ਕੋਲੋਂ ਅਧਿਐਨ ਕੀਤਾ ਗਿਆ ਵਿਦਿਅਕ ਗਿਆਨ ਆਪਣਾ ਨਿੱਜੀ ਚਰਿੱਤਰ, ਸੋਚ ਸਮਝ ਵਿੱਚ ਨਿਪੁੰਨਤਾ ਲਿਆਉਣ ਦੇ ਮੁੱਢ ਨਾਲ ਸ਼ੁਰੂ ਹੁੰਦਾ ਹੈ, ਜਿਸ ਨੇ ਸਮੇਂ ਨਾਲ ਜੀਵਨ ਨੂੰ ਆਉਣ ਵਾਲੇ ਸਮੇਂ ਅਤੇ ਹੁਣ ਵਾਲੇ ਸਮੇਂ ਲਈ ਪੂਰਨ ਨਿੰਪੁਨ ਬਣਾਉਣਾ ਹੈ।

ਬੱਚਿਆਂ ਦਾ ਮੁੱਢ ਸਕੂਲੀ ਸਿੱਖਿਆ ਤੋਂ ਸ਼ੁਰੂ ਹੁੰਦਾ ਹੈ ਅਤੇ ਇੰਨਾ ਦੀ ਯੋਗਤਾ ਦਾ ਪਹਿਲਾ ਮੁਕਾਮੀ ਇਮਤਿਹਾਨ ਦਸਵੀਂ ਜਮਾਤ ਦਾ ਇਮਤਿਹਾਨ ਹੁੰਦਾ ਹੈ। ਹੁਣੇ ਹੁਣੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਇਮਤਿਹਾਨਾਂ ਦੇ ਨਤੀਜੇ ਆਏ ਹਨ ਜਿੰਨਾਂ ਵਿੱਚ ਕੁੱਲ ਬੱਚਿਆਂ ਵਿਚੋਂ ੪੨% ਤੋਂ ਵਧੇਰੇ ਬੱਚੇ ਨਾਕਾਮਯਾਬ ਰਹੇ ਹਨ। ਇਸ ਤੋਂ ਵੀ ਹੋਰ ਗੰਭੀਰ ਵਿਸ਼ਾ ਇਹ ਹੈ ਕਿ ਸਰਕਾਰੀ ਸਕੂਲ ਜਿੰਨਾਂ ਵਿੱਚ ਵਧੇਰੇ ਗਿਣਤੀ ਵਿੱਚ ਬੱਚੇ ਪੜਦੇ ਹਨ ਦੇ ਨਤੀਜੇ ਨਿਜੀ ਸਕੂਲਾਂ ਦੇ ਮੁਕਾਬਲੇ ਹੋਰ ਵੀ ਖਰਾਬ ਹਨ। ਇਥੋਂ ਤੱਕ ਕੇ ਪੰਜਾਬ ਦੀ ਮਾਂ-ਬੋਲੀ ਪੰਜਾਬੀ ਪ੍ਰਤੀ ਵੀ ਨਤੀਜਿਆਂ ਦਾ ਰੁਝਾਨ ਉਤਸ਼ਾਹਜਨਕ ਨਹੀਂ ਹੈ। ਸਗੋਂ ਇਸ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਬੱਚੇ ਫੇਲ ਹੋਏ ਹਨ ਤੇ ਸਭ ਤੋਂ ਵੱਧ ਅੰਕ ਪੰਜਾਬੀ ਬੋਲੀ ਵਿੱਚ ਪ੍ਰਵਾਸੀ ਬੱਚਿਆਂ ਨੇ ਪ੍ਰਾਪਤ ਕੀਤੇ ਹਨ ਜਿੰਨਾਂ ਦੀ ਮਾਂ ਬੋਲੀ ਪੰਜਾਬੀ ਨਹੀਂ ਹੈ। ਇਸੇ ਤਰਾਂ ਤਕਰੀਬਨ ਸਾਰੇ ਉਪਰਲੇ ਨੰਬਰਾਂ ਤੇ ਆਉਣਾਂ ਵਾਲੇ ਬੱਚੇ ਸਧਾਰਨ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ।

ਨਿੱਜੀ ਸਕੂਲ ਤਾਂ ਇੱਕ ਤਰਾਂ ਨਾਲ ਵਪਾਰਿਕ ਕੇਂਦਰ ਹੀ ਬਣ ਗਏ ਹਨ ਜਿਥੇ ਆਮ ਨਾਗਰਿਕ ਆਪਣੇ ਬੱਚਿਆਂ ਨੂੰ ਪੜਾਉਣ ਤੋਂ ਅਸਮਰੱਥ ਹੈ। ਸਰਕਾਰੀ ਸਕੂਲੀ ਢਾਂਚਾ ਸਮੇਂ ਨਾਲ ਨਿਗਾਰ ਵੱਲ ਨੂੰ ਜਾ ਰਿਹਾ ਹੈ। ਇਸੇ ਲਈ ਤਾਂ ਕਈ ਸਕੂਲਾਂ ਵਿੱਚ ਦਸਵੀਂ ਜਮਾਤ ਦੇ ਪੂਰੇ ਬੱਚੇ ਹੀ ਫੇਲ ਹੋ ਗਏ ਹਨ। ਸਰਕਾਰੀ ਸਕੂਲ ਪੰਜਾਬ ਦੇ ਖੇਤਰਾਂ ਮੁਤਾਬਕ ਚੰਗੇ ਮਾੜੇ ਵਿੱਚ ਵੰਡੇ ਗਏ ਹਨ। ਜਿਹੜੇ ਸਰਕਾਰੀ ਸਕੂਲ ਸ਼ਹਿਰਾਂ ਦੀ ਚੰਗੀ ਵਸੋਂ ਵਾਲੇ ਇਲਾਕਿਆਂ ਵਿੱਚ ਹਨ ਉਥੇ ਅਧਿਆਪਕ ਵੀ ਚਿੰਤਨਸ਼ੀਲ ਹਨ, ਇਮਾਰਤਾਂ ਵੀ ਚੰਗੀਆਂ ਹਨ ਤੇ ਬੱਚਿਆਂ ਦੇ ਮਾਂ-ਪਿਉ ਵੀ ਪੂਰੀ ਤਰਾਂ ਸੁਚੇਤ ਹੋਣ ਕਾਰਨ ਉਨਾਂ ਸਕੂਲਾਂ ਦੇ ਨਤੀਜੇ ਚੰਗੇ ਰਹਿੰਦੇ ਹਨ। ਮਾੜੀ, ਵਸੋਂ ਵਾਲੇ ਸਰਕਾਰੀ ਸਕੂਲ ਸ਼ਹਿਰੀ ਖੇਤਰ ਵਿੱਚ ਵੀ ਪਿਛੜੇ ਹੋਏ ਹਨ ਤੇ ਇਸੇ ਤਰਾਂ ਪੰਜਾਬ ਦੇ ਪਿੰਡਾਂ ਦੇ ਸਕੂਲ ਵੀ ਖੇਤਰਾਂ ਦੀ ਪਰਿਭਾਸ਼ਾਂ ਅਧੀਨ ਚੰਗੇ-ਮਾੜੇ ਵਿੱਚ ਵੰਡੇ ਹੋਏ ਹਨ। ਬਹੁਤੇ ਪੰਜਾਬ ਦੇ ਪਿੰਡਾਂ ਵਿੱਚ ਤਾਂ ਸਾਲਾਂ ਤੋਂ ਕੋਈ ਵਿਸ਼ਾ ਨਿਰਧਾਰਤ ਅਧਿਆਪਕ ਵੀ ਨਹੀਂ ਲਾਏ ਗਏ ਹਨ।

ਭਾਵੇਂ ਪੰਜਾਬ ਸਰਕਾਰ ਹਰ ਸਾਲ ਸਿੱਖਿਆ ਤੇ ਸਲਾਨਾ ਬਜਟ ਵਿਚੋਂ ਨੌਂ ਹਜ਼ਾਰ ਕਰੋੜ ਰੁਪਿਆ ਖਰਚ ਕਰਦੀ ਹੈ ਪਰ ਇਹ ਅਜੇ ਵੀ ਬਹੁਤ ਅਧੂਰਾ ਹੈ ਜਿਸ ਕਾਰਨ ਸਕੂਲੀ ਵਿਦਿਆ ਦਾ ਮਿਆਰ ਨਿਘਰਦਾ ਜਾ ਰਿਹਾ ਹੈ ਅਤੇ ਇਸਦਾ ਸਿੱਧਾ ਅਸਰ ਬੱਚਿਆਂ ਦੀ ਵਿਦਿਆ ਰਾਹੀਂ ਸਮਾਜ ਦੇ ਭਵਿੱਖ ਤੇ ਪੈ ਰਿਹਾ ਹੈ ਕਿਉਂਕਿ ਮਿਆਰੀ ਸਿੱਖਿਆ ਦੀ ਘਾਟ ਕਾਰਨ ਬੱਚਿਆਂ ਵਿੱਚ ਮੁਢ ਤੋਂ ਹੀ ਲਗਨ, ਚਰਿਤਰ ਉਸਾਰੀ ਅਤੇ ਸਮਾਜ ਪ੍ਰਤੀ ਉਸਾਰੂ ਤੇ ਯੋਗ ਪਹੁੰਚ ਕਿਵੇਂ ਰੱਖਣੀ ਵਰਗੇ ਗੁਣਾਂ ਦੀ ਘਾਟ ਸਾਫ ਨਜਰ ਆਉਂਦੀ ਹੈ। ਜਿਸ ਕਾਰਨ ਬੁਨਿਆਦੀ ਢਾਂਚੇ ਵਿੱਚ ਖੜੋਤ ਆਉਣੀ ਲਾਜਮੀਂ ਹੈ ਕਿਉਂਕਿ ਸੂਝਵਾਨ ਬੱਚਾ ਹੀ ਸਮਾਜ ਦੀ ਨਰੋਈ ਨੀਂਹ ਹੁੰਦਾ ਹੈ। ਇਸ ਵਿਦਿਅਕ ਨਿਘਾਰ ਕਾਰਨ ਦੇਸ਼ ਦੀ ਪ੍ਰਗਤੀਸ਼ੀਲ ਉੱਨਤੀ ਵਿੱਚ ਖੜੋਤ ਆਉਣੀ ਲਾਜ਼ਮੀ ਹੈ। ਇਸ ਲਈ ਸਮੁੱਚੀ ਸਿੱਖਿਆ ਪ੍ਰਣਾਲੀ ਤੇ ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਨੂੰ ਜ਼ਮੀਨੀ ਹਕੀਕਤ ਤੱਕ ਪੜਚੋਲ ਕਰਨ ਦੀ ਲੋੜ ਹੈ।