ਬੀਤੇ ਸ਼ਨੀਵਾਰ ਨੂੰ ਪੰਜਾਬ ਵਿੱਚ ਪਟਿਆਲਾ ਜੇਲ ਦੇ ਅੰਦਰ ਇੱਕ ਉਘੇ ਪੱਤਰਕਾਰ ਕੰਵਰ ਸੰਧੂ ਨਾਲ ਮੁਲਾਕਾਤ ਕਰਨ ਸਮੇਂ ਖਿੱਚ ਧੂਹ ਕੀਤੀ ਗਈ ਜਿਸ ਵਿੱਚ ਇਸ ਉੱਘੇ ਪੱਤਰਕਾਰ ਕੰਵਰ ਸੰਧੂ ਦੀ ਦਸਤਾਰ ਤੱਕ ਵੀ ਸਿਰ ਤੋਂ ਲਹਿ ਗਈ। ਇਹ ਮੁਲਾਕਾਤ ਕੰਵਰ ਸੰਧੂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ, ਜਿਸ ਨੂੰ ਕਿ ਅਕਾਲ ਤਖਤ ਦੇ ਜਥੇਦਾਰ ਵੱਲੌੰ ਉਣਾਂ ਦੀ ਕੌਮ ਪ੍ਰਤੀ ਕੀਤੀ ਗਈ ਕੁਰਬਾਨੀ ਕਾਰਨ ਜਿੰਦਾ ਸ਼ਹੀਦ ਦੀ ਉਪਾਧੀ ਨਾਲ ਨਿਵਾਜ਼ਿਆ ਹੋਇਆ ਹੈ, ਦੇ ਕਹਿਣ ਉਪਰ ਹੋਈ ਸੀ। ਇਸ ਮੁਲਾਕਾਤ ਦੌਰਾਨ ਭਾਈ ਰਾਜੋਆਣਾ ਨੇ ਇਹ ਕਹਿ ਕਿ ਮੁਲਾਕਾਤ ਲਈ ਸਮਾਂ ਨਿਰਧਾਰਤ ਕੀਤਾ ਸੀ ਕਿ ਉਹ ਕੰਵਰ ਸੰਧੂ ਅੱਗੇ ਉਨਾਂ ਵੱਲੋਂ ਉਠਾਏ ਹੋਏ ਕੁਝ ਪ੍ਰਸ਼ਨਾ ਬਾਰੇ ਸਪਸ਼ਟੀਕਰਨ ਦੇਣਗੇ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੰਵਰ ਸੰਧੂ ਭਾਈ ਰਾਜੋਆਣਾ ਨੂੰ ਮਿਲਨ ਲਈ ਜੇਲ ਅੰਦਰ ਗਏ ਅਤੇ ਕੋਈ ਸਪਸ਼ਟੀਕਰਨ ਦੇਣ ਦੀ ਬਜਾਇ ਭਾਈ ਰਾਜੋਆਣਾ ਨੇ ਆਪਣੀ ਕੁਰਬਾਨੀ ਨੂੰ ਵਿਸਾਰਦਿਆਂ ਹੋਇਆ ਸਪਸ਼ਟੀਕਰਨ ਦੀ ਥਾਂ ਨਿੱਜ ਦੀ ਹਾਉਮੈਂ ਨੂੰ ਵੱਡਾ ਰੱਖ ਕੇ ਕੰਵਰ ਸੰਧੂ ਹੋਰਾਂ ਦੀ ਦਸਤਾਰ ਨੂੰ ਹੱਥ ਪਾਇਆ ਅਤੇ ਖਿੱਚ ਧੂਹ ਕੀਤੀ ਜਿਸ ਦੌਰਾਨ ਕੰਵਰ ਸੰਧੂ ਜੀ ਦੀ ਪੱਗ ਖਿੱਲਰ ਗਈ, ਇਸ ਘਟਨਾ ਬਾਰੇ ਜੋ ਸਪਸ਼ਟੀਕਰਨ ਸਾਹਮਣੇ ਆਏ ਹਨ ਉਸ ਨਾਲ ਸਿੱਖ ਕੌਮ ਸ਼ਰਮਸ਼ਾਰ ਹੋਈ ਹੈ ਸਗੋਂ ਮਾਨਵਤਾ ਵੀ ਟੁੰਬੀ ਗਈ ਹੈ। ਕੋਈ ਹੋਰ ਵਿਅਕਤੀ ਭਾਈ ਰਾਜੋਆਣਾ ਦੀ ਬਜਾਇ ਇਹ ਘਟਨਾ ਕਰਦਾ ਤਾਂ ਅਫ਼ਸੋਸ ਨਹੀ ਸੀ ਹੋਣਾ। ਪਰ ਇੱਕ ਜਿੰਦਾ ਸ਼ਹੀਦ ਵਜ਼ੋਂ ਜਾਣੀ ਜਾਂਦੀ ਸਖਸ਼ੀਅਤ ਵੱਲੋਂ ਇਹ ਕਾਰਾ ਕਰਨਾ ਅਤਿ ਨਿੰਦਣਯੋਗ ਹੈ।

ਕੰਵਰ ਸੰਧੂ ਹੋਰਾਂ ਨੇ ਪਿਛਲੇ ਕੁਝ ਸਮੇਂ ਅੰਦਰ ਗੁਰਮੀਤ ਸਿੰਘ ਪਿੰਕੀ ਜੋ ਕਿ ਸਾਬਕਾ ਪੁਲੀਸ ਇੰਸ਼ਪੈਕਟਰ ਹੈ ਅਤੇ ਜਿਸ ਨੂੰ ਪਿੰਕੀ ਕੈਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਵੱਲੋਂ ਸਿੱਖ ਸੰਘਰਸ਼ ਦੌਰਾਨ, ਪੰਜਾਬ ਪੁਲੀਸ ਵੱਲੋਂ ਸਿੱਖਾਂ ਨਾਲ ਹੋਈਆਂ ਬੇਹਤਾਸ਼ਾ ਵਧੀਕੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਇਸ ਰਾਹੀਂ ਕੰਵਰ ਸੰਧੂ ਨੇ ਆਪਣੀ ਪੱਤਰਕਾਰੀ ਦਾ ਸਹੀ ਮੁਜ਼ਾਹਰਾ ਕਰਦੇ ਹੋਏ ਗੰਭੀਰਤਾ ਨਾਲ ਸਿੱਖ ਸੰਘਰਸ਼ ਦੌਰਾਨ ਹੋਏ ਸਿੱਖਾਂ ਤੇ ਜ਼ੁਲਮਾਂ ਦੀ ਦਾਸਤਾਨ ਲੋਕਾਂ ਦੇ ਸਾਹਮਣੇ ਲਿਆਂਦੀ ਹੈ। ਇਹਨਾਂ ਖੁਲਾਸਿਆਂ ਦੌਰਾਨ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਵੀ ਕਈ ਲੁਕੇ ਹੋਏ ਤੱਥ ਲੋਕਾਂ ਸਾਹਮਣੇ ਆਏ ਹਨ, ਜੋ ਕਿ ਉਹਨਾਂ ਦੀ ਸ਼ਖਸ਼ੀਅਤ ਉੱਪਰ ਸਵਾਲੀਆ ਚਿੰਨ ਲਗਾ ਰਹੇ ਹਨ। ਭਾਈ ਬਲਵੰਤ ਸਿੰਘ ਰਾਜੋਆਣਾ ਜਿੰਦਾ ਸ਼ਹੀਦ ਦੀ ਜੋ ਸਖਸ਼ੀਅਤ ਗੁਰਮੀਤ ਸਿੰਘ ਪਿੰਕੀ ਵੱਲੋਂ ਸਾਹਮਣੇ ਲਿਆਂਦੀ ਗਈ ਹੈ। ਜਿਸ ਬਾਰੇ ਪਹਿਲਾਂ ਵੀ ਸਿਖਾਂ ਵਿੱਚ ਚਰਚਾ ਸੀ, ਉਸ ਨਾਲ ਇਹ ਸਾਹਮਣੇ ਆਇਆ ਹੈ, ਕਿ ਭਾਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਹੱਸ ਕੇ ਫਾਂਸੀ ਦੇ ਤਖਤੇ ਤੇ ਚੜਨ ਦਾ ਚਾਅ ਪ੍ਰਗਟਾਇਆ ਹੈ ਪਰ ਇਸ ਚਾਅ ਪਿੱਛੇ ਉਹਨਾਂ ਨੇ ਆਪਣੇ ਨਾਲ ਦੇ ਸਾਥੀਆਂ ਦੀ ਵੀ ਭੂਮੀਕਾ ਬਾਹਰ ਲਿਆਂਦੀ ਹੈ। ਇੱਕ ਪਾਸੇ ਇਸ ਤਰਾਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾਂ ਅਤੇ ਸ਼ਹੀਦ ਸੁਖਦੇਵ ਸਿੰਘ ਸੁੱਖਾ ਨੇ ਵੀ ਹੱਸ ਕੇ ਫਾਂਸੀ ਦਾ ਰੱਸ਼ਾ ਚਾਅ ਨਾਲ ਗੱਲ ਵਿੱਚ ਪਾਇਆ ਸੀ ਪਰ ਉਹਨਾਂ ਨੇ ਇਨਸਾਨੀਅਤ ਦਿਖਾਉਦੇਂ ਹੋਏ ਆਪਣੇ ਨਾਲ ਦੇ ਸਾਥੀਆਂ ਨੂੰ ਆਂਚ ਤੱਕ ਵੀ ਨਹੀ ਸੀ ਆਉਣ ਦਿੱਤੀ। ਦੂਜੇ ਪਾਸੇ ਇਹੀ ਜਿੰਦਾ ਸ਼ਹੀਦ ਨੇ ਗੁਰਮੀਤ ਸਿੰਘ ਪਿੰਕੀ ਦੁਆਰਾ ਕੰਵਰ ਸੰਧੂ ਅੱਗੇ ਕੀਤੇ ਖੁਲਾਸੇ ਰਾਹੀਂ ਇਹ ਦੱਸਿਆ ਹੈ ਕਿ ਕਿਵੇਂ ਆਪਣੇ ਸਾਥੀਆਂ ਨੂੰ ਹੀ ਕਿਵੇਂ ਪੁਲੀਸ ਖੁਲਾਸੇ ਕਰਕੇ ਫਸਾਉਣਾ ਚਾਹਿਆ ਹੈ। ਇਥੇ ਗੱਲ ਇਹ ਨਹੀ ਕਿ ਇੱਕ ਨਾਮੀ ਪੱਤਰਕਾਰ ਕੰਵਰ ਸੰਧੂ ਹੋਰਾਂ ਦੀ ਪੱਗ ਨੂੰ ਉਛਾਲਿਆ ਗਿਆ ਹੈ, ਸਗੋਂ ਇੱਕ ਸਿੱਖ ਵੱਲੋਂ ਉਹ ਵੀ ਉਹ ਸਿੱਖ ਜਿਸਨੂੰ ਕੌਮ ਨੇ ਇਹਨਾਂ ਮਾਣ ਸਤਿਕਾਰ ਦਿੱਤਾ ਹੋਵੇ, ਵੱਲੋਂ ਇੱਕ ਸਿੱਖ ਦੀ ਦਸਤਾਰ ਉਛਾਲਣੀ ਮੰਦਭਾਗੀ ਅਤੇ ਦੁਖਦਾਈ ਘਟਨਾ ਹੈ। ਇਸ ਤੋਂ ਵੀ ਹੋਰ ਇਸ ਘਟਨਾ ਬਾਰੇ ਜਿੰਦਾ ਸ਼ਹੀਦ ਬਾਹਵਾਂ ਉਛਾਲ ਕੇ ਇਸ ਘਟਨਾ ਨੂੰ ਬੜੇ ਫਖਰ ਅਤੇ ਮਾਣ ਨਾਲ ਕਬੂਲਦਾ ਹੈ ਜਿਸਦਾ ਪ੍ਰਗਟਾਵਾ ਉਹਨਾਂ ਨੇ ਆਪਣੀ ਮੂੰਹ ਬੋਲੀ ਭੈਣ ਰਾਹੀਂ ਜੇਲ ਵਿੱਚੋ ਚਿੱਠੀ ਭੇਜ ਕੇ ਕੀਤਾ ਹੈ ਅਤੇ ਇਹ ਮੂੰਹ ਬੋਲੀ ਭੈਣ ਜਦੋਂ ਵੈਨਕੂਵਰ ਦੇ ਮਸ਼ਹੂਰ ਪੰਜਾਬੀ ਰੇਡੀਉ ਪ੍ਰੋਗਰਾਮ ਦਿਲਾਂ ਦੀ ਸਾਂਝ ਵਿੱਚ ਇੰਟਰਵਿਊ ਆਉਂਦੀ ਹੈ ਤਾਂ ਇਸ ਨੂੰ ਪ੍ਰੋਗਰਾਮ ਦੇ ਸੰਚਾਲਕ ਕੁਲਦੀਪ ਸਿੰਘ ਹੋਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੀ ਥਾਂ ਆਪਣੀ ਸ਼ਖਸੀਅਤ ਦਾ ਸਹੀ ਮੁਜ਼ਾਹਰਾ ਕਰਦੇ ਹੋਏ ਆਪਣੇ ਆਪ ਤੋਂ ਬਾਹਰ ਹੋ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਊਲ–ਜਲੂਲ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਅਤੇ ਆਪਣੇ ਜਿੰਦਾ ਸ਼ਹੀਦ ਭਰਾ ਨੂੰ ਇੱਕ ਸਿੱਖ ਕੌਮ ਦੀ ਕਿਸੇ ਜਵਾਬਦੇਹੀ ਤੋਂ ਉੱਪਰ ਸ਼ਖਸੀਅਤ ਵੱਜ਼ੋਂ ਦਰਸਾਉਣ ਦੀ ਕੋਸ਼ਿਸ ਕੀਤੀ।

ਕੰਵਰ ਸੰਧੂ ਇੱਕ ਨਾਮੀਂ ਪੱਤਰਕਾਰ ਹੋਣ ਨਾਤੇ ਆਪਣੀ ਜਿੰਮੇਵਾਰੀ ਨੂੰ ਸੁੱਚਜੇ ਢੰਗ ਨਾਲ ਨਿਭਾਅ ਰਹੇ ਹਨ, ਸਿੱਖ ਕੌਮ ਨੂੰ ਇਹ ਸੋਚਣਾ ਪਵੇਗਾ ਕਿ ਅਜਿਹੇ ਕਾਰਿਆਂ ਨੂੰ ਹਰ ਇੱਕ ਪੱਖ ਤੋਂ ਸੋਚ ਸਮਝ ਨਾਲ ਨਿੰਦਣਾ ਤਾਂ ਚਾਹੀਦਾ ਹੀ ਹੈ ਅਤੇ ਇਹ ਵੀ ਸੋਚਣਾ ਚਾਹੀਦਾ ਹੈ ਕਿ ਅਜਿਹੇ ਨਾਮੀ ਜਿੰਦਾ ਸ਼ਹੀਦ ਜਿਹੇ ਵਿਅਕਤੀ ਦੀ ਸਿੱਖ ਕੌਮ ਵਿੱਚ ਕੀ ਜਗ੍ਹਾ ਬਣਦੀ ਹੈ। ਕੁਰਬਾਨੀ ਆਪਣੇ ਥਾਂ ਤੇ ਹੈ ਪਰ ਇਸ ਨਾਲ ਜੋ ਇੱਕ ਸਿੱਖ ਦੀ ਗੁਰਸਿੱਖੀ ਵਾਲੀ ਜਿੰਮੇਵਾਰੀ ਹੈ ਉਸ ਤੋਂ ਵੀ ਭੱਜਣਾ ਨਹੀਂ ਚਾਹੀਦਾ।