ਪੰਜਾਬ ਨੇ ਇਹ ਸਾਰਾ ਕੁਝ ਅੱਖੀਂ ਹੀ ਨਹੀ ਵੇਖਿਆ ਬਲਕਿ ਹੱਡੀਂ ਹੰਢਾਇਆ ਹੈੈ। ਸਰਕਾਰਾਂ ਦਾ ਅਤਿ ਨੀਵੇਂ ਦਰਜੇ ਦਾ ਜਬਰ ਪੰਜਾਬ ਨੇ ਆਪਣੇ ਸਿਰਲੱਥ ਸਬਰ ਨਾਲ ਝੱਲਿਆ ਅਤੇ ਹੱਡੀ ਹੰਢਾਇਆ। ਉਹ ਵੀ ਦਿਨ ਸਨ ਜਦੋਂ ਪੰਜਾਬ ਦੇ ਜਾਇਆਂ ਦੇ ਸਿਰਾਂ ਦੇ ਇਨਾਮ ਰੱਖੇ ਜਾਂਦੇ ਸਨ। ਜਦੋਂ ਪੰਜਾਬ ਦੇ ਜਾਇਆਂ ਦਾ ਰੈਣ ਬਸੇਰਾ ਕਮਾਦ ਦੇ ਖੇਤ ਬਣ ਗਏ ਸਨ ਅਤੇ ਜਦੋਂ ਪੰਜਾਬ ਦੀਆਂ ਨਹਿਰਾਂ, ਕੱਸੀਆਂ ਪੰਜਾਬ ਦਾ ਜਾਇਆਂ ਦੇ ਸ਼ਹੀਦੀ ਅਸਥਾਨ ਬਣ ਗਈਆਂ ਸਨ।

ਅਣਕਹੇ ਸਬਰ ਨਾਲ ਪੰਜਾਬ ਨੇ ਅਸਹਿ ਸਰਕਾਰੀ ਜਬਰ ਆਪਣੇ ਪਿੰਡੇ ਤੇ ਹੰਢਾਇਆ ਹੈੈ। ਪੰਜਾਬ ਦੇ ਲੋਕਾਂ ਦੇ ਸਿਦਕ ਨੂੰ ਕੋਈ ਜਬਰ ਨਾ ਤੋੜ ਸਕਿਆ ਹੈ ਅਤੇ ਨਾ ਹੀ ਤੋੜ ਸਕੇਗਾ। ਕਿਉਂਕਿ ਇਸਦੀ ਪਿੱਠ ਉੱਤੇ ਸ਼ਹਾਦਤਾਂ ਦਾ ਇਤਿਹਾਸ ਖੜ੍ਹਾ ਹੈੈ। ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ….। ਅਜਿਹੇ ਲੱਖਾਂ ਨਾਅ ਹਨ ਜੋ ਪੰਜਾਬ ਦੇ ਪਰੇਰਨਾ ਸਰੋਤ ਹਨ। ਇਸ ਧਰਤੀ ਦੀਆਂ ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟੇ ਆਪਣੇ ਗਲਾਂ ਵਿੱਚ ਪਵਾਏ ਹਨ। ਆਪਣੇ ਬੱਚਿਆਂ ਨੂੰ ਨੇਜਿਆਂ ਉੱਤੇ ਟੰਗਿਆ ਦੇਖਿਆ ਹੈੈ, ਅਤੇ ਆਪਣੇ ਬੱਚਿਆਂ ਨੂੰ ਨੀਹਾਂ ਵਿੱਚ ਜੈਕਾਰੇ ਗੁੰਜਾਉਂਦਿਆਂ ਵੀ ਦੇਖਿਆ ਹੈੈ।

ਸਰਕਾਰਾਂ ਨੇ ਹਮੇਸ਼ਾ ਪੰਜਾਬ ਨੂੰ ਜਬਰ ਅਤੇ ਦਹਿਸ਼ਤ ਨਾਲ ਡਰਾਉਣ ਦਾ ਯਤਨ ਕੀਤਾ ਹੈ ਪਰ ਪੰਜਾਬ ਨੇ ਨਾ ਕਦੇ ਔਰੰਗੇ ਦਾ ਭੈਅ ਮੰਨਿਆ, ਨਾ ਅਬਦਾਲੀ ਦਾ ਅਤੇ ਨਾ ਹੀ ਸੂਬਾ ਸਰਹੰਦ ਦਾ। ਇਸਦੇ ਨਾਲ ਹੀ ਜਦੋਂ ਵੀ ਪੰਜਾਬ ਨੂੰ ਮੌਕਾ ਮਿਲਿਆ ਉਹ ਵਕਤ ਦੇ ਮੱਸੇ ਰੰਘੜਾਂ ਨੂੰ ਖਾਲਸਾਈ ਜਜਬੇ ਨਾਲ ਇਨਸਾਫ ਕਰਦਾ ਰਿਹਾ ਹੈੈੈ।

ਅੱਜ ਫੇਰ ਭਾਰਤ ਦੇ ਹਾਕਮ ਆਪਣੇ ਪੂਰਵਜ਼ਾਂ ਦੇ ਕਦਮਾਂ ਉੱਤੇ ਤੁਰਦੇ ਮਹਿਸੂਸ ਹੋ ਰਹੇ ਹਨ। ਉਹ ਇੱਕ ਪਾਸੇ ਪਾਰਲੀਮੈਂਟ ਵਿੱਚ ਸਿੱਖਾਂ ਦੇ ਸੋਹਲੇ ਗਾਕੇ ਉਨ੍ਹਾਂ ਨੂੰ ਮੂਰਖ ਬਣਾਉਂਦੇ ਹਨ ਦੂਜੇ ਪਾਸੇ ਪੰਜਾਬ ਦੇ ਜਾਇਆਂ ਦੇ ਸਿਰਾਂ ਦੇ ਇਨਾਮ ਰੱਖੇ ਜਾ ਰਹੇ ਹਨ। ਦੇਸ਼ ਦਾ ਹਾਕਮ, ਦੇਸ਼ ਦੀ ਸੰਸਦ ਵਿੱਚ ਐਮਰਜੰਸੀ ਅਤੇ 1984 ਦੇ ਸਿੱਖ ਕਤਲੇਆਮ ਦੀ ਬਾਤ ਪਾਕੇ ਸਿੱਖਾਂ ਦੇ ਸਿਰ ਪਲੋਸਣ ਦਾ ਯਤਨ ਕਰ ਰਿਹਾ ਹੈ, ਪਰ 1984 ਵਾਲੀ ਉਸਦੀ ਪੁਲਿਸ, 1984 ਵਾਂਗ ਹੀ ਅੱਜ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਰਹੀ ਹੈੈ। ਉਹ ਹੀ ਅਫਸਰ ਹਨ ਜੋ 1984 ਵਿੱਚ ਸਨ, ਜੇ ਕੁਝ ਸੇਵਾ-ਮੁਕਤ ਹੋ ਗਏ ਹਨ ਤਾਂ ਉਹ ਹੀ ਮਾਨਸਿਕਤਾ ਹੈ ਜੋ 1984 ਵਿੱਚ ਸੀ। ਇੱਕ 75 ਸਾਲਾ ਬਜ਼ੁਰਗ ਦਾ ਜੋ ਹਾਲ ਕੀਤਾ ਦੇਸ਼ ਦੀ ਪੁਲਿਸ ਨੇ ਉਸਨੇ ਫਿਰ 1984 ਦੇ ਦਿਨ ਤਾਜ਼ਾ ਕਰਵਾ ਦਿੱਤੇ ਹਨ। ਬਜ਼ਾਰ ਵਿੱਚੋਂ ਮੋਮਬੱਤੀਆਂ ਲੈਣ ਗਏ ਇੱਕ ਸਿੱਖ ਬੱਚੇ ਨੂੰ ਪੁਲਿਸ ਅਗਵਾ ਕਰਕੇ ਲੈ ਜਾਂਦੀ ਹੈ ਅਤੇ ਥਾਣੇ ਵਿੱਚ ਘੋਰ ਤਸ਼ੱਦਦ ਕਰਕੇ ਆਖਿਆ ਜਾਂਦਾ ਹੈ ਕਿ ਕੀ ਖਾਲਿਸਤਾਨ ਚਾਹੀਦਾ?

23 ਸਾਲਾਂ ਦੀ ਸਿੱਖ ਬੱਚੀ ਨੌਦੀਪ ਕੌਰ ਜੋ ਕਿਸਾਨਾਂ ਮਜ਼ਦੂਰਾਂ ਦੀ ਅਵਾਜ਼ ਬੁਲੰਦ ਕਰ ਰਹੀ ਸੀ ਨੂੰ ਪੁਲਿਸ ਹਿਰਾਸਤ ਵਿੱਚ ਘੋਰ ਤਸੀਹੇ ਦਿੱਤੇ ਜਾਂਦੇ ਹਨ। ਹਾਲੇ ਤੱਕ ਜਮਾਨਤ ਨਹੀ ਹੋਣ ਦਿੱਤੀ ਜਾ ਰਹੀ। ਦੂਜੇ ਪਾਸੇ ਦੇਸ਼ ਦਾ ਪਰਧਾਨ ਮੰਤਰੀ ਆਖਦਾ ਹੈ ਸਿੱਖਾਂ ਨੂੰ ਖਾਲਸਤਾਨੀ ਨਾ ਕਹੋ, ਇਹ ਸਿੱਖਾਂ ਦਾ ਅਪਮਾਨ ਹੈੈ। ਇਨ੍ਹਾਂ ਨੇ ਤਾਂ 1947 ਅਤੇ 1984 ਵਿੱਚ ਪਹਿਲਾਂ ਹੀ ਬਹੁਤ ਜੁਲਮ ਸਹਾ ਹੈੈੈ।

ਕਿਸਦੀ ਗੱਲ ਸੱਚ ਮੰਨੀਏ। ਉਸ ਬੱਚੀ ਦੀ ਜਿਸਨੂੰ ਘੋਰ ਤਸੀਹੇ ਦਿੱਤੇ ਗਏ ਜਾਂ ਉਸ ਪਰਧਾਨ ਮੰਤਰੀ ਦੀ ਜੋ ਸਿਰਫ ਸ਼ਬਦਾਂ ਦੀ ਜਾਦੂਗਿਰੀ ਜਾਣਦਾ ਹੈੈ।

ਬਹੁਤ ਫਰਕ ਹੈ ਪੰਜਾਬ ਦੇ ਪੁਰਾਣੇ ਅਤੇ ਨਵੇਂ ਦੁਸ਼ਮਣਾਂ ਵਿੱਚ। ਪੰਜਾਬ ਦੇ ਪੁਰਾਣੇ ਦੁਸ਼ਮਣ-ਬਿਲਕੁਲ ਸਪਸ਼ਟ ਹੋਕੇ ਪੰਜਾਬ ਉੱਤੇ ਹਮਲਾ ਕਰਦੇ ਸਨ। ਕੋਈ ਕਪਟ ਨਹੀ, ਕੋਈ ਲੁਕ ਲੁਕਾ ਨਹੀ। ਉਨ੍ਹਾਂ ਲਈ ਪੰਜਾਬ ਦੁਸ਼ਮਣ ਸੀ ਅਤੇ ਉਹ ਦੁਸ਼ਮਣਾਂ ਵਾਂਗ ਹੀ ਪੰਜਾਬ ਤੇ ਹਮਲਾ ਕਰਦੇ ਤੇ ਵੱਢ ਟੁੱਕ ਕਰਦੇ। ਪੰਜਾਬ ਨੂੰ ਉਸ ਵੇਲੇ ਆਪਣੇ ਦੁਸ਼ਮਣ ਬਾਰੇ ਕੋਈ ਭੁਲੇਖਾ ਨਹੀ ਸੀ। ਉਸਦੀ ਘੋਰ ਪਾਪੀ ਬਿਰਤੀ ਬਾਰੇ ਪੰਜਾਬ ਨੂੰ ਕੋਈ ਸ਼ੱਕ ਨਹੀ ਸੀ। ਇਸੇ ਲਈ ਪੰਜਾਬ ਉਸ ਸਪਸ਼ਟ ਦੁਸ਼ਮਣ ਸਾਹਮਣੇ ਹਿੱਕਾਂ ਡਾਹ ਕੇ ਲੜਦਾ ਸੀ।

ਪਰ ਪੰਜਾਬ ਦਾ ਮੌਜੂਦਾ ਦੁਸ਼ਮਣ ਪੰਜਾਬ ਨਾਲ ਲੜਦਾ ਵੀ ਹੈ ਅਤੇ ਛਲ-ਕਪਟ ਵੀ ਰੱਖਦਾ ਹੈੈ। ਪੰਜਾਬ ਨੂੰ ਜਿਬ੍ਹਾਂ ਕਰਦਾ ਕਰਦਾ ਵੀ ਉਹ ਇਹ ਹੀ ਆਖਦਾ ਹੈ ਕਿ ਇਸਨੂੰ ਖਾਲਸਤਾਨੀ ਕਹਿ ਕੇ ਨਾ ਭੰਡੋ, ਇਸਨੇ ਦੇਸ਼ ਲਈ ਬਹੁਤ ਕੁਰਬਾਨੀ ਕੀਤੀ ਹੈ, ਇਹ ਆਪਣਾਂ ਹੀ ਹੈੈ। ਪੰਜਾਬ ਦੇ ਮੌਜੂਦਾ ਦੁਸ਼ਮਣ ਦਾ ਹਮਲਾ ਪੁਰਾਣੇ ਦੁਸ਼ਮਣ ਨਾਲੋਂ ਵੱਧ ਘਾਤਕ ਹੈੈ। ਕਿਉਂਕਿ ਨਵੇਂ ਦੁਸ਼ਮਣ ਦੇ ਮਨ ਦਾ ਕਪਟ ਪੜ੍ਹਨਾ ਹਰ ਭੋਲੇ ਪੰਜਾਬ ਵਾਸੀ ਦੇ ਵਸ ਦਾ ਰੋਗ ਨਹੀ ਹੈੈ। ਪੰਜਾਬ ਦੇ ਵਰਤਮਾਨ ਦੁਸ਼ਮਣ ਦਾ ਕਪਟ ਉਸਦੇ ਜੁਲਮ ਨਾਲੋਂ ਵੱਧ ਖਤਰਨਾਕ ਹੈੈ।

ਉਮੀਦ ਕਰਦੇ ਹਾਂ ਕਿ ਪੰਜਾਬ ਦੇ ਸਿਦਕੀ ਲੋਕ ਇਸ ਨਵੇਂ ਦੁਸ਼ਮਣ ਦੇ ਕਪਟ ਨੂੰ ਉਸਦੇ ਜੁਲਮ ਨਾਲੋਂ ਪਹਿਲਾਂ ਪਹਿਚਾਨਣਗੇ।