ਸ਼੍ਰੋਮਣੀ ਅਕਾਲੀ ਦਲ ਆਪਣੀ ਸੰਪੂਰਨਤਾ ਦੀ ਸਦੀ ਪੂਰੀ ਕਰ ਚੁੱਕਾ ਹੈ।ਅਕਾਲੀ ਦਲ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਅਜ਼ਾਦ ਕਰਾਉਣ ਲਈ ਕੀਤੇ ਸੰਘਰਸ਼ ਦੀ ਦੇਣ ਹੈ ਜਿਸ ਦੀ ਤਰਬੀਅਤ ਸਾਮਰਾਜ ਵਿਰੋਧੀ ਸੀ।ਪੰਥਕ ਪਰੰਪਰਾਵਾਂ, ਅਭਿਲਾਸ਼ਾਵਾਂ ਅਤੇ ਸਿਧਾਂਤਾਂ ਦੀ ਤਰਜ਼ਮਾਨੀ ਕਰਦੇ ਹੋਣ ਕਰਕੇ ਹੌਲੀ ਹੌਲੀ ਅਕਾਲੀ ਦਲ ਨੇ ਸਿੱਖਾਂ ਦੀਆਂ ਇੱਛਾਵਾਂ ਨੂੰ ਦਿਸ਼ਾ ਅਤੇ ਅਵਾਜ਼ ਦੇਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਉਸ ਤੋਂ ਬਾਅਦ ਆਉਂਦੇ ਸਾਲਾਂ ਵਿਚ ਵੀ ਸਿੱਖ ਕੌਮ ਦੇ ਹੱਕਾਂ ਲਈ ਹੁੰਦੇ ਸੰਘਰਸ਼ ਅਕਾਲੀ ਦਲ ਦਾ ਮੁੱਖ ਚਿੰਨ੍ਹ ਬਣ ਗਏ। ਸ਼੍ਰੋਮਣੀ ਅਕਾਲੀ ਦਲ ਦਾ ਅੱਖਰ ਸਿੱਖ ਮਾਨਸਿਕਤਾ ਵਿਚ ਡੂੰਘਾ ਅਸਰ ਅਤੇ ਪ੍ਰਭਾਵ ਰੱਖਦਾ ਸੀ ਜਿਸ ਕਰਕੇ ਸਿੱਖ ਕੌਮ ਨੇ ਬਿਨਾਂ ਕਿਸੇ ਕਿੰਤੂ ਪ੍ਰੰਤੂ ਦੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਨਿਭਾਇਆ। ਉਸ ਵਕਤ ਦੇ ਜੱਥੇਦਾਰ ਸਿੱਖ ਕੌਮ ਪ੍ਰਤੀ ਸਮਰਪਿਤ ਸਨ ਅਤੇ ਨਿੱਜਵਾਦ ਤੋਂ ਨਿਰਲੇਪ ਸਨ। ਸਿੱਖ ਪੰਥ ਵਿਚ ਪ੍ਰਚਲਿਤ ਧਾਰਨਾ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਇਕ ਦੂਜੇ ਦੀਆਂ ਪੂਰਕ ਸੰਸਥਾਵਾਂ ਹੀ ਰਹੀਆਂ ਹਨ। ਇਹ ਜੱਥੇਦਾਰ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਵਿਚ ਹੀ ਉਲੀਕੀਆਂ ਗਈਆਂ ਸਨ। ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਦੇ ਪ੍ਰਚਲਿਤ ਸਿੱਖ ਜੱਥਿਆਂ ਦੇ ਅਧਾਰ ਤੇ ਬਣੀ ਹੋਈ ਸੰਸਥਾ ਸੀ ਜਿਸ ਦਾ ਮੁੱਖ ਅਧਾਰ ਨਿਸ਼ਕਾਮ ਪੈਰੋਕਾਰ ਸਵੈਸੇਵੀ ਸੀ। ਗੁਰਦੁਆਰਾ ਸੁਧਾਰ ਲਹਿਰ ਮੁਕੰਮਲ ਹੋਣ ਤੋਂ ਬਾਅਦ ਅਕਾਲੀ ਦਲ ਦਾ ਆਦਰਸ਼ ਰਾਜਨੀਤੀ ਅਤੇ ਸਿੱਖ ਕੌਮ ਦੀ ਨਿਵੇਕਲੀ ਪਛਾਣ ਨੂੰ ਬਰਕਰਾਰ ਰੱਖਣਾ ਸੀ। ਇਸ ਰਾਹੀਂ ਹੀ ਸਿੱਖ ਕੌਮ ਦੀ ਸਲਾਮਤੀ ਸੁਨਿਸ਼ਚਿਤ ਕਰਨਾ ਵੀ ਸੀ।

ਉਸ ਵਕਤ ਅਨੁਪਾਤ ਦੇ ਮੁਤਾਬਿਕ ਪੰਜਾਬ ਵਿਚ ਸਿੱਖ ਬਾਰਾਂ ਜਾਂ ਤੇਰ੍ਹਾਂ ਪ੍ਰਤੀਸ਼ਤ ਹੀ ਸੀ। ਉਹ ਵੱਖ-ਵੱਖ ਇਲਾਕਿਆਂ ਵਿਚ ਖਿਲਰੇ ਹੋਏ ਸਨ।ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਰਹਿਨੁਮਾਈ ਅਤੇ ਸਿੱਖ ਕੌਮ ਦੀ ਨਿਵੇਕਲੀ ਆਦਰਸ਼ਮਈ ਪਛਾਣ ਸਦਕਾ ੧੯੪੨-੪੫ ਤੱਕ ਸਿੱਖ ਕੌਮ ਹਿੰਦੂ ਰਾਸ਼ਟਰਵਾਦ ਦੀ ਮੁੱਦਈ ਕਾਂਗਰਸ ਪਾਰਟੀ ਅਤੇ ਮੁਸਲਿਮ ਲੀਗ ਦੇ ਬਰਾਬਰ ਤੀਜੀ ਧਿਰ ਵਜੋਂ ਸੰਸਥਾਪਿਤ ਹੋ ਗਈ ਸੀ।ਹਿੰਦੂ ਰਾਸ਼ਟਰਵਾਦ ਦੀ ਮੁੱਦਈ ਭਾਰਤ ਦੀ ਪ੍ਰਮੁੱਖ ਧਿਰ ਕਾਂਗਰਸ ਪਾਰਟੀ ਦੇ ਪ੍ਰਭਾਵ ਹੇਠਾਂ ਉਸ ਸਮੇਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਿੱਖ ਕੌਮ ਦਾ ਭਵਿੱਖ ਭਾਰਤ ਨਾਲ ਜੋੜ ਦਿੱਤਾ ਜਿਸ ਨਾਲ ਸਿੱਖ ਕੌਮ ਦੀ ਅਜ਼ਾਦ ਹਸਤੀ ਦਮ ਤੋੜ ਗਈ।੧੯੪੭ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਰੁਝਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਮੇਲ ਖਾਂਦੇ ਰਹੇ ਹਨ ਜਦਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਸਿੱਖ ਕੌਮ ਦੀ ਵੱਖਰੀ ਪਛਾਣ ਤੋਂ ਮੁਕਰਦੀ ਰਹੀ ਹੈ।ਇਹ ਗੰਢ-ਤੁੱਪ ੧੯੪੭ ਤੋਂ ਬਾਅਦ ਵੀ ੧੯੫੬ ਤੱਕ ਚਲਦੀ ਰਹੀ।ਭਾਵੇਂ ਕੇਂਦਰੀ ਵਜਾਰਤ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਰਹੇ ਹਨ ਪਰ ਸਿੱਖ ਕੌਮ ਦੇ ਨੁਮਾਇੰਦਆਂ ਨੇ ਭਾਰਤੀ ਸੰਵਿਧਾਨ ਦੀ ਸਥਾਪਨਾ ਵੇਲੇ ਉਸ ਉੱਤੇ ਦਸਤਖ਼ਤ ਨਹੀਂ ਸਨ ਕੀਤੇ।੧੯੪੭ ਅਤੇ ੧੯੫੬ ਤੋਂ ਪਹਿਲਾਂ ਵੀ ਸਿੱਖ ਕੌਮ ਦੀ ਪ੍ਰਤੀਨਿਧਤਾ ਸ਼੍ਰੋਮਣੀ ਅਕਾਲੀ ਦਲ ਹੀ ਕਰਦਾ ਰਿਹਾ ਹੈ।

ਭਾਰਤ ਦਾ ਸੰਵਿਧਾਨ ਅਤੇ ਕਾਂਗਰਸ ਪਾਰਟੀ ਜੋ ਕਿ ਭਾਰਤ ਦੀ ਰਾਜ-ਸੱਤਾ ਦੀ ਮਾਲਕ ਬਣੀ, ਉਹ ਮੁੱਢ ਤੋਂ ਹੀ ਸਿੱਖ ਕੌਮ ਦੀ ਅਜ਼ਾਦ ਹਸਤੀ ਦੇ ਖਿਲਾਫ ਸੀ ਕਿਉਂਕਿ ਭਾਰਤੀ ਰਾਸ਼ਟਰਵਾਦ ਅਸਲ ਵਿਚ ਹਿੰਦੂ ਰਾਸ਼ਟਰਵਾਦ ਦਾ ਹੀ ਮੁੱਦਈ ਸੀ। ਉਹ ਸਿੱਖ ਕੌਮ ਦੀ ਸੋਚ ਨੂੰ ਹਿੰਦੂ ਰਾਸ਼ਟਰਵਾਦ ਦੇ ਅਧੀਨ ਹੀ ਰੱਖਣਾ ਚਾਹੁੰਦੇ ਸਨ।ਭਾਰਤ ਅੰਦਰ ਸਿੱਖ ਕੌਮ ਦੀਆਂ ਅਜ਼ਾਦ ਹਸਤੀ ਵਜੋਂ ਅਤੇ ਸਵੈ-ਰਾਜ ਦੀਆਂ ਉਮੀਦਾਂ ਟੁੱੱਟਦੀਆਂ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਿੱਖ ਅਵਾਮ ਦਾ ਰੱੁਖ ਪੰਜਾਬੀ ਸੂਬੇ ਵੱਲ ਮੋੜ ਲਿਆ।ਪੰਜਾਬੀ ਸੂਬਾ ਤਾਂ ਲੰਮੀ ਜੱਦੋ-ਜਹਿਦ ਤੋਂ ਬਾਅਦ ਤੈਅ ਹੋ ਗਿਆ ਪਰ ਇਹ ਸਿੱਖ ਕੌਮ ਦੀਆਂ ਉਮੀਦਾਂ ਮੁਤਾਬਿਕ ਨਿਗੁਣਾ ਸੀ।ਇੱਥੋਂ ਤੱਕ ਕਿ ਮੌਜੂਦਾ ਪੰਜਾਬ ਨੇ ਆਪਣੇ ਪਾਣੀਆਂ ਦੇ ਹੱਕ, ਆਪਣੀ ਰਾਜਧਾਨੀ, ਆਪਣੀ ਵੱਖਰੀ ਅਦਾਲਤ ਜਾਂ ਨਿਆਂਪਾਲਿਕਾ ਵੀ ਆਪਣੇ ਹੱਥੋਂ ਗੁਆ ਲਈ।ਇਹ ਅਜੇ ਤੱਕ ਵੀ ਅਧੂਰੇ ਹਨ।

ਪੰਜਾਬੀ ਸੂਬੇ ਦਾ ਮੁੱਖ ਉਦੇਸ਼ ਸਿੱਖ ਲੀਡਰਸ਼ਿਪ ਲਈ ਰਾਜਸੱਤਾ ਦੀ ਲਾਲਸਾ ਸੀ।ਰਾਜਸੱਤਾ ਦੇ ਮੋਹ ਨੇ ਸ਼੍ਰੋਮਣੀ ਅਕਾਲੀ ਦਲ ਦਾ ਮੁਹਾਂਦਰਾ, ਤਰਬੀਅਤ ਅਤੇ ਲਕਸ਼ ਬਦਲ ਦਿੱਤੇ।ਇਸੇ ਰਾਜ-ਸੱਤਾ ਦੇ ਮੋਹ ਨੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦੇ ਵਸੀਲਿਆਂ ਦੇ ਲਾਲਚ ਵੱਲ ਵੀ ਮੋੜ ਲਿਆ। ਇਸ ਦੇ ਸਦਕਾ ਹੀ ਸ਼੍ਰੋਮਣੀ ਕਮੇਟੀ ਜੋ ਖਾਲਸਾ ਪੰਥ ਦੀ ਮਲਕੀਅਤ ਸੀ, ਉਹ ਸ਼੍ਰੋਮਣੀ ਅਕਾਲੀ ਦਲ ਦੀ ਜਾਗੀਰ ਬਣ ਗਈ।ਸਮੇਂ ਨਾਲ ਕੌਮ ਦੇ ਸਨਮਾਨਿਤ ਅਹੁਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੁਹਤੈਤ ਲੈ ਆਂਦੇ ਗਏ।ਸ਼੍ਰੋਮਣੀ ਅਕਾਲੀ ਦਲ ਦੀ ਜੱਥੇਦਾਰੀ ਇਕ ਪ੍ਰਭਾਵਸ਼ਾਲੀ ਸ਼ਕਤੀ ਦੇ ਰੂਪ ਵਿਚ ਉਭਰਨ ਲੱਗ ਪਈ ਸੀ ਜਿਸ ਨਾਲ ਇਸ ਦਾ ਪੈਰੋਕਾਰੀ ਸਵੈਸੇਵੀ ਢਾਂਚਾ ਨਿਰਬਲਤਾ ਵੱਲ ਥਿੜਕਣ ਲੱਗ ਪਿਆ।ਅਕਾਲੀ ਦਲ ਤਾਂ ਜਿਉਂਦਾ ਰਿਹਾ, ਪਰ ਜ਼ਮੀਰ ਬਦਲ ਗਈ।ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਚਿਹਰੇ, ਬੋਲੀ, ਜੀਵਨ ਜਾਚ, ਕਿਸਾਨ ਮੁਖੀ ਅਤੇ ਆਮ ਪੈਰੋਕਾਰ ਸਵੈਸੇਵੀ ਤੋਂ ਹਟ ਕੇ ਸਰਮਾਏਦਾਰ ਮੁਖੀ ਅਤੇ ਰਾਜਸੱਤਾ ਅਭਿਲਾਸ਼ੀ ਵਿਚ ਤਬਦੀਲ ਹੋ ਗਏ ਜਿਸ ਨਾਲ ਇਸ ਦਾ ਭੌਂ ਕਿਰਦਾਰ ਅਤੇ ਮੋਹ ਅਲੋਪ ਹੋਣ ਲੱਗ ਪਿਆ।

ਇਹਨਾਂ ਦੀਆਂ ਨੀਤੀਆਂ ਕਰਕੇ ਹੀ ਭਾਰਤੀ ਫੌਜ ਨੇ ੧੯੮੪ ਵਿਚ ਆ ਕੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ। ਸਿੱਖ ਸੰਘਰਸ਼ ਅਤੇ ਉਸ ਤੋਂ ਬਾਅਦ ਦੇ ਦੌਰ ਚੌਂ ਨਿਕਲ ਸ਼੍ਰੋਮਣੀ ਅਕਾਲੀ ਦਲ ਨੇ ੧੯੮੬ ਵਿਚ ਆਪਣਾ ਪੰਥਕ ਮੁਖੜਾ ਅਤੇ ਸੋਚ ਤਬਦੀਲ ਕਰਕੇ ਇਸ ਨੂੰ ਧਰਮ ਨਿਰਪੱਖ ਵਾਲੀ ਰੰਗਤ ਦੇ ਕੇ ਆਪਣੇ ਆਪ ਨੂੰ ਪੰਜਾਬੀਅਤ ਦੀ ਪਾਰਟੀ ਘੋਸ਼ਿਤ ਕਰ ਦਿੱਤਾ। ਅਜਿਹੀ ਤਬਦੀਲੀ ਦੇਖ ਕੇ ਕੋਈ ਇਹ ਹੀ ਕਹਿ ਸਕਦਾ ਹੈ ਕਿ, “ਨਮਾਜ਼ ਬਖਸ਼ਾਉਂਨੇ ਗਏ ਥੇ, ਰੋਜ਼ੇ ਗਲੇ ਪੜ੍ਹ ਗਏ।” ਨਤੀਜਨ, ਅਕਾਲੀ ਦਲ ਨੇ ਆਪਣੀ ਅੱਡਰੀ ਪਛਾਣ ਅਤੇ ਬਰਕਰਾਰੀ ਦਾ ਫਲਸਫਾ ਹੀ ਗੁਆ ਲਿਆ।ਇਹ ਪਿੰਡਾਂ ਦੀਆਂ ਰੂਹਾਂ ਵਿਚ ਵਸਦੇ ਸਿੱਖਾਂ ਦੇ ਮਨਾਂ ਵਿਚੋਂ ੳੱੁਜੜ ਕੇ ਕਾਰੋਬਾਰੀ ਢਾਂਚੇ ਵਿਚ ਤਬਦੀਲ ਹੋ ਗਈ ਜਿਸ ਨੇ ਆਪਣਾ ਅਧਾਰ ਹੀ ਉਜਾੜ ਲਿਆ। ਇਸੇ ਕਰਕੇ ਹੀ ਅੱਜ ਇਹ ਪੰਜਾਬ ਦੀ ਸਿਆਸਤ ਵਿਚੋਂ ਭਟਕਣ ਲਈ ਮਜ਼ਬੂਰ ਹੋ ਗਏ ਹਨ। ਇਸ ਦੇ ਮੌਜੂਦਾ ਸੰਚਾਲਕ ਸ਼੍ਰੋਮਣੀ ਅਕਾਲੀ ਦਲ ਦੀ ਪੈਰੋਕਾਰੀ ਸਵੈਸੇਵੀ ਦੀ ਜਮਹੂਰੀਅਤ ਤੋਂ ਅਲਹਿਦਾ ਹੋ ਕੇ ਪਰਿਵਾਰਵਾਦ ਦੀ ਰੰਗਤ ਵਿਚ ਰੰਗੇ ਜਾ ਚੁੱਕੇ ਹਨ ਜਿਸ ਵਿਚ ਰਾਜਨੀਤਿਕ ਸੱਤਾ ਹੀ ਪ੍ਰਮੁੱਖ ਟੀਚਾ ਹੈ। ਇਸ ਲਈ ਇਹ ਪੰਥਕ ਪਰੰਪਰਾਵਾਂ, ਕੌਮੀ ਪੂਰਤੀਆਂ ਅਤੇ ਆਪਣੀ ਭੌਂ ਦੇ ਵਿਸ਼ਿਆਂ ਤੋਂ ਨਿੱਖੜ ਗਈ ਹੈ।ਵੱਧ ਅਧਿਕਾਰਾਂ ਦੀ ਮੱਦਈ ਸ਼੍ਰੋਮਣੀ ਅਕਾਲੀ ਦਲ ਅੱਜ ਕੇਂਦਰੀਕਰਨ ਦੇ ਪਰਛਾਵੇਂ ਹੇਠ ਇਸੇ ਦੀ ਹੀ ਭਾਈਵਾਲ ਬਣ ਗਈ ਹੈ ਜਿਸ ਕਰਕੇ ਇਸ ਨੇ ਘੱਟ ਗਿਣਤੀਆਂ ਦੇ ਹੱਕ ਵੀ ਵਿਸਾਰ ਲਏ ਹਨ। ਵਿਚਾਰਾਂ ਦੀ ਅਜ਼ਾਦੀ ਦੇ ਘਾਣ ਅਤੇ ਮੌਜੁਦਾ ਮੋਦੀ ਸਰਕਾਰ ਵਲੋਂ ਅਣ-ਐਲਾਨੀ ਤਾਨਾਸ਼ਾਹੀ ਪ੍ਰਤੀ ਵੀ ਪੂਰੀ ਤਰਾਂ ਚੁੱਪ ਹੈ। ਚੌਧਰ ਅਤੇ ਸਵੈ-ਪ੍ਰਭੂਸੱਤਾ ਵਾਲਾ ਰੁਝਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤੀ ਕਰ ਰਿਹਾ ਹੈ ਜਿਸ ਸਦਕਾ ਅੱਜ ਕਿਰਸਾਨੀ ਦਾ ਅੰਦੋਲਨ ਵੀ ਇੰਨ੍ਹਾਂ ਤੋਂ ਕੋਹਾਂ ਦੂਰ ਲੰਘ ਗਿਆ ਹੈ। ਇਹ ਸੱਜਰੀ ਸਵੇਰ ਉਮੜਨ ਵਾਲੀ ਸੰਸਥਾ ਅੱਜ ਸ਼ਾਮ ਦੇ ਹਨੇਰਿਆਂ ਵਿਚ ਮੁਰਝਾਈ ਬੈਠੀ ਹੈ। ਪਰ ਆਪਣੀ ਰਾਜ-ਸੱਤਾ ਦੀ ਲਾਲਸਾ ਨੂੰ ਬਰਕਰਾਰ ਰੱਖਦਿਆਂ ਅੱਜ ਵੀ ਪੰਜਾਬ ਵਿਚ ਚੱਲ ਰਹੀ ਕਿਰਸਾਨੀ ਦੀ ਹਨੇਰੀ ਰਾਤ ਵਿਚੋਂ ਵੀ ਆਪਣੇ ਲਈ ੨੦੨੨ ਤੋਂ ਹੀ ਆਪਣਾ ਭਵਿੱਖ ਤਲਾਸ਼ ਰਹੀ ਹੈ। ਇਕ ਸਦੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੁਣ ਸ਼੍ਰੋਮਣੀ ਕਮੇਟੀ ਤੇ ਦਬਦਬਾ ਹੋਣ ਸਦਕਾ ਹੀ ਇਕ ਨਾਮ ਦੀ ਹੀ ਪੰਥਕ ਸੰਸਥਾ ਰਹਿ ਗਈ ਹੈ। ਬੰਜ਼ਰ ਅੱਜ ਪਾਣੀ ਦਾ ਵਸੀਲਾ ਲੱਭ ਰਿਹਾ ਹੈ, ਇਹ ਹੀ ਸ਼੍ਰੋਮਣੀ ਅਕਾਲੀ ਦਲ ਦੀ ਤ੍ਰਾਸਦੀ ਹੈ।