ਕਿਸੇ ਵੀ ਕੌਮ ਦੀ ਦਿ੍ਰੜਤਾ, ਦਲੇਰੀ, ਦੂਰਅੰਦੇਸ਼ੀ, ਦਿਆਲਤਾ ਅਤੇ ਪ੍ਰਤਿਭਾ ਕਿਸੇ ਵੱਡੇ ਸੰਕਟ ਵੇਲੇ ਹੀ ਦੇਖੀ ਅਤੇ ਮਹਿਸੂਸੀ ਜਾ ਸਕਦੀ ਹੈ। ਆਮ ਜਿੰਦਗੀ ਵਿੱਚ ਜਿਹੜੇ ਲੋਕ ਬਹੁਤ ਸਹਿਜ ਜੀਵਨ ਜਿਉਂਦੇ ਦੇਖੇ ਜਾਂਦੇ ਹਨ ਅਸਲ ਵਿੱਚ ਉਹ ਆਪਣੇ ਅੰਦਰ ਕਿਸ ਕਿਸਮ ਦਾ ਤੂਫਾਨ ਸਮਾਈ ਬੈਠੇ ਹੁੰਦੇ ਹਨ, ਇਸ ਗੱਲ ਦਾ ਪਤਾ ਕੌਮ ਤੇ ਪਈਆਂ ਭੀੜਾਂ ਵੇਲੇ ਹੀ ਲਗਦਾ ਹੈ। ਵੈਸੇ ਸਹਿਜ ਭਾਵ ਵਿੱਚ ਅਸੀਂ ਕੌਮ ਦੇ ਮਨਸ਼ਿਆਂ ਅਤੇ ਸੁਪਨਿਆਂ ਦਾ ਅੰਦਾਜ਼ਾ ਨਹੀ ਲਗਾ ਸਕਦੇ।

ਕਿਤਾਬਾਂ ਅਤੇ ਅਖਬਾਰਾਂ ਨਾਲ ਮੱਥਾ ਮਾਰਨ ਵਾਲੇ ਮੇਰੇ ਵਰਗੇ ਬਹੁਤ ਸਾਰੇ ਲੋਕਾਂ ਨੇ ਕਾਫੀ ਸਮਾਂ ਪਹਿਲਾਂ ਪੰਜਾਬ ਵਾਲੀ ਕਹਾਣੀ ਨੂੰ ਖਤਮ ਵਰਗਾ ਹੀ ਸਮਝ ਲਿਆ ਸੀ। ਬਾਦਲਾਂ-ਕੈਪਟਨਾਂ ਦੇ ਮੁਫਤ ਦੇ ਪਕੌੜਿਆਂ ਤੇ ਲੱਟੂ ਹੋਈ ਕੌਮ ਅਤੇ ਬੰਦੂਕਾਂ-ਸ਼ਰਾਬਾਂ ਵਾਲੇ ਗੀਤਾਂ ਉਤੇ ਥਿਰਕ ਰਹੀ ਕੌਮ ਵਿੱਚੋਂ ਅਸੀਂ ਬਹੁਤ ਜਣਿਆਂ ਨੇ ਕੌਮੀ ਜਜਬੇ ਦੇ ਖਤਮ ਹੋ ਜਾਣ ਦਾ ਭਰਮ ਪਾਲ ਲਿਆ ਸੀ। ਕਿਤਾਬਾਂ ਪੜ੍ਹਨ ਵਾਲੇ ਕੀ ਜਾਨਣ ਕਿ, ਗੁਰੂ ਦੀ ਕਿਰਪਾ ਕੀ ਹੁੰਦੀ ਹੈ। ਇਹ ਕਿਰਪਾ ਕਿਸ ਉੱਤੇ ਅਤੇ ਕਿਸ ਵੇਲੇ ਹੋਣੀ ਹੈ ਇਹ ਗੁਰੂ ਹੀ ਜਾਣਦਾ ਹੁੰਦਾ ਹੈ। ਅਸੀਂ ਕਿਤਾਬਾਂ ਵਾਲਿਆਂ ਨੇ ਜਿਸ ਪੰਜਾਬ ਦੀ ਕਹਾਣੀ ਨੂੰ ਖਤਮ ਵਰਗਾ ਸਮਝ ਲਿਆ ਸੀ ਉਨ੍ਹਾਂ ਦੀ ਸਮਝ ਦਾ ਬੌਣਾਪਣ ਪੰਜਾਬ ਦੀ ਕਿਸਾਨੀ ਦੇ ਇਸ ਜੋਰਾਵਰ ਅਤੇ ਅਨੁਸ਼ਾਸ਼ਤ ਸੰਘਰਸ਼ ਦੇ ਸਾਹਮਣੇ ਬੇਨਕਾਬ ਹੋ ਗਿਆ ਹੈ।

ਇਹ ਕਿਹੜੀ ਦਿ੍ਰੜਤਾ ਅਤੇ ਪਰੇਰਨਾ ਸੀ ਜਿਸ ਨੇ ਭਾਰਤ ਸਰਕਾਰ ਦੇ ਹੰਕਾਰ ਦੇ ਸਾਰੇ ਬੈਰੀਕੇਡ ਤੋੜ ਸੁੱਟੇ। ਉਹ ਕਿਹੜੀ ਬਖਸ਼ਿਸ਼ ਸੀ ਜਿਸਨੇ ਨੇ ਪੰਜਾਬ ਤੋ ਚੱਲਣ ਵੇਲੇ ਹੀ ਨਿਸਚਾ ਭਰ ਦਿੱਤਾ ਸੀ ਕਿ ਅਸੀਂ ਜਿੱਤ ਕੇ ਹੀ ਵਾਪਸ ਆਉਣਾਂ ਹੈ। ਉਹ ਕਿਹੜੀ ਦੂਰਅੰਦੇਸ਼ੀ ਸੀ ਜਿਸਨੇ ਦੁਸ਼ਮਣ ਦੇ ਕਿਲੇ ਵਿੱਚ ਆਪ ਘਿਰਨ ਦੀ ਥਾਂ, ਦੁਸ਼ਮਣ ਨੂੰ ਘੇਰਨ ਦਾ ਫੈਸਲਾ ਕਰ ਲਿਆ। ਉਹ ਕਿਹੜੀ ਦਿਆਲਤਾ ਸੀ ਜਿਸਨੇ ਡਾਂਗਾਂ ਵਰ੍ਹਾਉਂਦੇ ਦੁਸ਼ਮਣ ਦੇ ਸਿਪਾਹੀਆਂ ਨੂੰ ਵੀ ਰੋਟੀ ਅਤੇ ਪਾਣੀ ਪੇਸ਼ ਕੀਤਾ।

ਇਹ ਵਾਕਿਆ ਹੀ ਅਗੰਮੀ ਖੇਡ ਸੀ, ਕਿ ਪੰਜਾਬੀਆਂ ਦਾ ਹਰ ਕਦਮ ਸਪਸ਼ਟ ਨਿਸ਼ਾਨੇ ਵੱਲ ਵਧਿਆ। ਕਿਸੇ ਇੱਕ ਵੀ ਜਗ੍ਹਾ ਉਨ੍ਹਾਂ ਨੇ ਨਾ ਤਾਂ ਖਤਾ ਖਾਧੀ ਅਤੇ ਨਾ ਹੀ ਗਲਤ ਫੈਸਲਾ ਲਿਆ। ਇਹ ਬਖਸ਼ਿਸ਼ ਸਿੱਖ ਇਤਿਹਾਸ ਦੇ ਕੁਝ ਵੱਡੇ ਜਰਨੈਲਾਂ ਉੱਤੇ ਹੋਈ ਸੀ ਜਿਨ੍ਹਾਂ ਦੀ ਯੋਜਨਾ ਅੱਗੇ ਘਟਨਾਵਾਂ ਵਿਛਦੀਆਂ ਚਲੇ ਜਾਂਦੀਆਂ ਸਨ। ਅੱਜ ਗੁਰੂ ਸਾਹਿਬ ਦੀ ਧਰਤੀ ਤੋਂ ਉੱਠਕੇ ਦਿੱਲੀ ਨਾਲ ਮੱਥਾ ਲਾਉਣ ਆਏ ਲੋਕਾਂ ਦੇ ਬੁਲੰਦ ਕਿਰਦਾਰ ਅੱਗੇ ਵੀ ਵਕਤ ਵਿਛਦਾ ਚਲਾ ਜਾ ਰਿਹਾ ਹੈ। ਕਿਸਾਨਾਂ ਦੇ ਇਸ ਸੰਘਰਸ਼ ਨੂੰ ਦੇਖਕੇ ਮਨ ਵਿੱਚ ਆਉਂਦਾ ਹੈ ਕਿ ਜੇ ਇਹ ਲੋਕ ਇਸ ਮੁਲਕ ਦੇ ਸ਼ਾਸਕ ਹੁੰਦੇ ਤਾਂ ਇੱਕ ਪਾਸੇ ਤਾਂ ਦੇਸ਼ ਵਿੱਚ ਕੋਈ ਭੁੱਖਾ ਨਾ ਸੌਂਦਾ ਬਲਕਿ ਗਵਾਂਢੀ ਮੁਲਕਾਂ ਤੋਂ ਵੀ ਲੋਕ ਇੱਥੇ ਖਾਣ ਲਈ ਆਉਂਦੇ। ਦੂਜਾ ਇਹ ਮੁਲਕ ਫਿਰ ਸੋਨੇ ਦੀ ਚਿੜੀ ਹੁੰਦਾ।

ਦਾਦ ਦੇਣੀ ਬਣਦੀ ਹੈ ਪੰਜਾਬੀਆਂ ਦੇ ਪਹਾੜ ਜਿੱਡੇ ਹੌਸਲੇ ਦੀ ਜਿਨ੍ਹਾਂ ਨੇ ਇੱਕੋ ਵਾਰ ਨਾਲ ਹਰਿਆਣਾਂ ਅਤੇ ਰਾਜਸਥਾਨ ਦੇ ਲੋਕਾਂ ਵਿੱਚ ਸਤਿਕਾਰਤ ਥਾਂ ਬਣਾ ਲਈ। ਗੁਰੂ ਦੀ ਜੋਤ ਦਾ ਜਦ ਚਾਨਣ ਹੋਇਆ ਤਾਂ ਕੂੜ ਦਾ ਹਨੇਰਾ ਫਨਾਹ ਹੋ ਗਿਆ।

ਇਸ ਮੋਰਚੇ ਦੀ ਜਿਹੜੀ ਇੱਕ ਗੱਲ ਮੈਨੂੰ ਖਾਸ ਕਰਕੇ ਮੋਹ ਗਈ ਹੈ ਉਹ ਹੈ ਪੰਜਾਬ ਵਿੱਚ ਵਸਦੇ ਲੋਕਾਂ ਦੀ ਦਿ੍ਰੜਤਾ ਅਤੇ ਹੌਸਲਾ। ਜਿਸ ਹੌਸਲੇ ਨੂੰ ਅਸੀਂ ਮਰ ਮੁੱਕ ਗਿਆ ਸਮਝਦੇ ਸੀ ਉਸਦੇ ਸਾਖਸ਼ਾਤ ਦਰਸ਼ਨ ਇਸ ਕਿਸਾਨੀ ਅੰਦੋਲਨ ਵਿੱਚ ਹੋਏ।

ਇੱਕ ਵੀਰ ਜੋ ਅੰਗਹੀਣ ਹੈ ਆਪਣੀ ਤਿੰਨ ਪਹੀਆਂ ਵਾਲੀ ਸਾਇਕਲ ਤੇ ਬਿਲਗੇ ਤੋਂ ਦਿੱਲੀ ਨੂੰ ਆ ਰਿਹਾ ਸੀ। ਪੰਜਵੇਂ ਦਿਨ ਜਦੋਂ ਉਸਨੂੰ ਕਰਨਾਲ ਲਾਗੇ ਕੁਝ ਨੌਜਵਾਨਾਂ ਨੇ ਪੁੱਛਿਆ ਕਿ ਤੁਹਾਡੇ ਕੋਲ ਜਮੀਨ ਹੈ? ਤਾਂ ਉਸਨੇ ਬਹੁਤ ਹੀ ਮਸੂਮੀਅਤ ਨਾਲ ਜਵਾਬ ਦਿੱਤਾ ਕਿ ਮੇਰੇ ਕੋਲ ਕੋਈ ਜਮੀਨ ਨਹੀ ਹੈ ਪਰ ਮੇਰੇ ਗੁਰੂ ਨੇ ਮੈਨੂੰ ਜਮੀਰ ਦੀ ਬਖਸ਼ਿਸ਼ ਕੀਤੀ ਹੈ।

ਇੱਕ ਹੋਰ ਵੀਰ ਜਿਸਦੀ ਇੱਕ ਲੱਤ ਕੱਟੀ ਹੋਈ ਹੈ ਉਹ ਵੀ ਪੰਜਾਬ ਤੋਂ ਸਾਇਕਲ ਤੇ ਹੀ ਦਿੱਲੀ ਪਹੁੰਚ ਗਿਆ ਹੈ।

ਗੁਰਦਾਸਪੁਰ ਤੋਂ 450 ਮੀਲ ਦਾ ਸਫਰ ਕਰਕੇ ਇੱਕ ਬਜ਼ੁਰਗ ਵੀ ਸਾਇਕਲ ਤੇ ਦਿੱਲੀ ਪਹੁੰਚ ਗਿਆ ਹੈ ਅਤੇ ਲੰਗਰ ਲਈ ਆਪਣੀ ਸਾਰੀ ਪੂੰਜੀ ਜੋ ਇੱਕ ਸੌ ਰੁਪਏ ਸੀ ਉਸਨੇ ਦਾਨ ਕਰ ਦਿੱਤੀ। ਏਨਾ ਵੱਡਾ ਜਿਗਰਾ ਕਿਸੇ ਗੁਰੂ ਦੀ ਬਖਸ਼ਿਸ਼ ਤੋਂ ਬਿਨਾ ਪੈਦਾ ਨਹੀ ਹੋ ਸਕਦਾ।

ਫਿਰ ਜਿਸ ਅਨੁਸ਼ਾਸ਼ਨ ਅਤੇ ਹੌਸਲੇ ਨਾਲ ਏਨੀ ਸੰਗਤ ਦੇ ਰਹਿਣ ਲਈ ਪਰਬੰਧ ਹੋ ਰਹੇ ਹਨ। ਜਿਵੇਂ ਕਿਸਾਨ ਨੌਜਵਾਨਾਂ ਨੇ ਆਪਣਾਂ ਮੀਡੀਆ ਸੈਲ ਉਸਾਰ ਲਿਆ ਹੈ, ਜਿਵੇਂ ਠੰਢ ਤੋਂ ਬਚਣ ਲਈ ਟੈਂਟ ਉਸਾਰੇ ਜਾ ਰਹੇ ਹਨ, ਕੱਪੜੇ ਧੋਣ ਲਈ ਮਸ਼ੀਨਾ ਆ ਗਈਆਂ ਹਨ, ਗਰਮ ਪਾਣੀ ਲਈ ਗੀਜ਼ਰ ਆ ਗਏ ਹਨ। ਆਪਸ ਵਿੱਚ ਜੁੜੇ ਰਹਿਣ ਲਈ ਇੱਕ ਅਖਬਾਰ ਵੀ ਆ ਗਿਆ ਹੈ। ਬਿਨਾਸ਼ੱਕ ਇਹ ਪੰਜਾਬੀਆਂ ਦੇ ਜਜਬੇ ਦੀ ਹੀ ਥਾਹ ਪਾਉਂਦੇ ਹਨ।

ਸਿਰਫ ਸੇਵਾ ਅਤੇ ਪਰਬੰਧਾਂ ਦੇ ਮਾਮਲੇ ਵਿੱਚ ਹੀ ਇਸ ਕਿਸਾਨ ਮੋਰਚੇ ਨੇ ਆਪਣਾਂ ਲੋਹਾ ਨਹੀ ਮਨਵਾਇਆ ਬਲਕਿ ਲੋਕ ਗੀਤਾਂ ਦੀ ਬਣਤਰ ਅਤੇ ਇਤਿਹਾਸ ਨਾਲ ਜੁੜੇ ਹੋਏ ਗੀਤਾਂ ਦਾ ਪਰਚਲਣ ਵੀ ਕਿਸੇ ਸੱਭਿਆਚਾਰਕ ਇਨਕਲਾਬ ਤੋਂ ਘੱਟ ਨਹੀ ਹੈ।

ਬਾਈ ਕੰਵਰ ਗਰੇਵਾਲ ਦਾ ਗੀਤ-
ਪੇਚਾ ਪੈ ਗਿਆ ਸੈਂਟਰ ਨਾਲ ਇਸ ਮੋਰਚੇ ਦਾ ਕੇਂਦਰੀ ਗੀਤ ਹੋ ਨਿਬੜਿਆ ਹੈ।
ਇਸੇ ਤਰ੍ਹਾਂ ਹਰਭਜਨ ਮਾਨ ਦਾ ਗੀਤ-ਹੱਕ ਲੈਣ ਤੋਂ ਬਿਨਾ ਨਾ ਮੁੜਾਂਗੇ ਦਿੱਲੀਏ ਵੀ ਨੌਜਵਾਨਾਂ ਨੂੰ ਸੱਭਿਆਚਾਰਕ ਇਨਕਲਾਬ ਵੱਲ ਲੈ ਕੇ ਜਾ ਰਿਹਾ ਹੈ।
ਰਵਿੰਦਰ ਗਰੇਵਾਲ ਦਾ ਗੀਤ
ਅਸੀਂ ਨੱਕੇ ਮੋੜਨ ਵਾਲੇ ਹਾਂ, ਨੱਕ ਮੋੜਨਾ ਜਾਣਦੇ ਹਾਂ ਵੀ ਆਪਣੀ ਬਾਖੂਬ ਹਾਜਰੀ ਲਗਵਾ ਰਿਹਾ ਹੈ।
ਇਸੇ ਦੌਰਾਨ ਦੀ ਦੀਪ ਸਿੰਘ ਸੰਧੂ ਦਾ ਨਿਵੇਕਲਾ ਗੀਤ ਬਹੁਤ ਹੀ ਸਹਿਜ ਭਾਵ ਵਿੱਚ ਸਿੱਖ ਕੌਮ ਦੇ ਇਤਿਹਾਸ ਨਾਲ ਜੋੜਦਾ ਹੈ-
ਏਨ੍ਹਾਂ ਨਾਗਾਂ ਨੂੰ ਪਰਖ ਨਾ ਜੋਗੀਆ ਵੇ
ਇਹ ਤਾਂ ਪੂਛ ਦੇ ਨਾਲ ਵੀ ਡੰਗ ਦੇਂਦੇ
ਨੀਵੇਂ ਮਨਾਂ ਵਾਲੇ ਸੁੱਚੇ ਤਨਾਂ ਵਾਲੇ
ਉੱਚੀ ਮੱਤ ਵਾਲੇ ਤੇਗਾਂ ਹਲਾਂ ਵਾਲੇ
ਜਦ ਵੀ ਉੱਠਦੇ ਵਰੋਲੇ ਧਰਤ ਪੱਧਰੀ ਚੋਂ
ਨੀਲੇ ਅੰਬਰ ਨੂੰ ਕੇਸਰੀ ਰੰਗ ਦੇਂਦੇ।

ਇਸਦੇ ਨਾਲ ਹੀ ਸ਼ੋਸ਼ਲ ਮੀਡੀਆ ਉੱਤੇ ਜਿਸ ਕਿਸਮ ਦੀਆਂ ਕਵਿਤਾਵਾਂ, ਗੀਤ ਅਤੇ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ ਉਸਨੇ ਇਸ ਗੱਲ ਦਾ ਸੁਖਦ ਸੁਨੇਹਾ ਦਿੱਤਾ ਹੈ ਕਿ ਪੰਜਾਬ ਵਿੱਚ ਬੌਧਿਕ ਪ੍ਰਤਿਭਾ ਦਾ ਅਥਾਹ ਖਜਾਨਾ ਹਾਲੇ ਵੀ ਸੁਰੱਖਿਅਤ ਪਿਆ ਹੈ।

ਅੰਤ ਵਿੱਚ ਜੇ ਅਸੀਂ ਪੰਜਾਬ ਦੀ ਜਵਾਨੀ ਵਿੱਚ ਪੈਦਾ ਹੋਏ ਲੀਡਰਸ਼ਿੱਪ ਦੇ ਸੁਚੇ ਅਹਿਸਾਸ ਦਾ ਜਿਕਰ ਨਾ ਕਰੀਏ ਤਾਂ ਸ਼ਾਇਦ ਇਸ ਕਿਸਾਨ ਮੋਰਚੇ ਨਾਲ ਇਨਸਾਫ ਨਹੀ ਕਰ ਰਹੇ ਹੋਵਾਂਗੇ। ਬਾਈ ਲੱਖਾ ਸਿਧਾਣਾਂ ਅਤੇ ਦੀਪ ਸਿੱਧੂ ਨੇ ਜਿਸ ਜਿੰਮੇਵਾਰੀ ਨਾਲ ਇਸ ਕਿਸਾਨ ਮੋਰਚੇ ਨੂੰ ਇਸਦੀ ਅੱਜ ਵਾਲੀ ਸਥਿਤੀ ਵਿੱਚ ਲਿਆਂਦਾ ਹੈ ਉਸਤੋਂ ਰਾਜਨੀਤੀ ਸ਼ਾਸ਼ਤਰ ਦੇ ਵਿਦਿਆਰਥੀਆਂ ਨੂੰ ਇਹ ਅਹਿਸਾਸ ਵੀ ਹੋ ਗਿਆ ਹੈ ਕਿ ਪੰਜਾਬ ਨੂੰ ਲੁੱਟਣ ਵਾਲੇ ਕੁਝ ਪਰਵਾਰਾਂ ਤੋਂ ਬਿਨਾ ਵੀ ਪੰਜਾਬ ਵਿੱਚ ਸੁੱਚੀ ਲੀਡਰਸ਼ਿੱਪ ਦੇ ਪੂਰ ਮੌਜੂਦ ਹਨ ਜੋ ਆਪਣੀ ਮਾਂ ਧਰਤੀ ਦੇ ਸਿਰ ਤੋਂ ਖਿਸਕਦੀ ਚੁੰਨੀ ਨੂੰ ਸੰਭਾਲਣ ਦੀ ਸਮਰਥਾ ਰੱਖਦੇ ਹਨ।

ਪੰਜਾਬੀਆਂ ਦੇ ਜਜਬੇ ਨੂੰ ਲੱਖ ਲੱਖ ਵਾਰ ਸਿਜਦਾ।