ਪੰਜਾਬ ਸਾਡੀ ਮਾਂ ਧਰਤੀ ਹੈ। ਇਸ ਧਰਤੀ ਨੇ ਸਾਡੀ ਉਤਪਤੀ ਕੀਤੀ ਹੈ। ਇੱਥੇ ਹੀ ਸਾਡੀਆਂ ਜੜ੍ਹਾਂ ਹਨ। ਇਹ ਸਾਡੇ ਵੱਡੇ ਵਡੇਰਿਆਂ ਦੀ ਜਨਮ ਭੂਮੀ ਵੀ ਹੈ। ਇਹ ਸਾਡੇ ਪੁਰਖਿਆਂ ਦੀ ਕਰਮ ਭੂਮੀ ਹੈ। ਇਸ ਧਰਤੀ ਤੇ ਹੀ ਜਪੁਜੀ ਸਾਹਿਬ ਦਾ ਅਨਹਦ ਨਾਦ ਰਚਿਆ ਗਿਆ। ਇਸ ਧਰਤੀ ਤੋਂ ਸਾਨੂੰ ਇੱਕ ਤਹਿਜ਼ੀਬਯਾਫਤਾ ਜਿੰਦਗੀ ਜੀਊਣ ਦਾ ਸੰਦੇਸ਼ ਮਿਲਿਆ। ਇਸੇ ਧਰਤੀ ਤੇ ਹੀ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿਰਮੌਰ ਸ਼ਹਾਦਤ ਦਿੱਤੀ (ਬੇਸ਼ੱਕ ਉਹ ਥਾਂ ਹੁਣ ਪਾਕਿਸਤਾਨ ਵਿੱਚ ਹੈ ਪਰ ਹੈ ਤਾਂ ਵੱਡੇ ਪੰਜਾਬ ਦਾ ਹੀ ਹਿੱਸਾ)। ਇਸੇ ਧਰਤੀ ਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਰਚਨਾ ਹੋਈ। ਇਸੇ ਧਰਤੀ ਤੇ ਛੋਟੇ ਛੋਟੇ ਬਾਲ ਇੱਕ ਵੱਡਾ ਇਨਕਲਾਬ ਸਿਰਜਣ ਲਈ ਅਦੁੱਤੀ ਸ਼ਹਾਦਤਾਂ ਦੇ ਗਏ। ਸਾਡੇ ਪੁਰਖਿਆਂ ਨੇ ਇਸ ਧਰਤੀ ਨੂੰ ਆਪਣੀਆਂ ਜਿੰਦਗੀਆਂ ਵਾਰ ਵਾਰ ਕੇ ਜਿੰਦਾ ਰੱਖਿਆ। ਇਸ ਮਾਂ ਧਰਤੀ ਦੀ ਇੱਜ਼ਤ ਅਤੇ ਆਬਰੂ ਨੂੰ ਬਚਾਈ ਰੱਖਣ ਲਈ ਅਤੇ ਇਸਦੇ ਸਿਰ ਤੇ ਦੁਪੱਟਾ ਸਜਾਈ ਰੱਖਣ ਲਈ ਮਾਂ ਧਰਤੀ ਦੇ ਹਜਾਰਾਂ ਸੂਰਮਿਆਂ ਨੇ ਆਪਣੀਆਂ ਜਾਨਾਂ ਦੀ ਵੀ ਪਰਵਾਹ ਨਹੀ ਕੀਤੀ।

ਧਰਤੀ ਸਿਰਜਣਾਂ ਦਾ ਸੋਮਾਂ ਹੈ। ਇਸੇ ਲਈ ਇਸ ਨੂੰ ਮਾਂ ਵੀ ਕਿਹਾ ਜਾਂਦਾ ਹੈ, ਕਿਉਂਕਿ ਮਾਂ ਵੀ ਸਿਰਜਣਾਂ ਦਾ ਸੋਮਾਂ ਹੈ। ਮਾਂ ਧਰਤੀ ਅਤੇ ਧਰਤੀ ਮਾਂ ਇੱਕ ਦੂਜੇ ਦੀਆਂ ਪੂਰਕ ਹਨ। ਮਾਂ ਧਰਤੀ ਅਤੇ ਧਰਤੀ ਮਾਂ ਦੋਵਾਂ ਦੀ ਪੱਤ ਰੱਖਣ ਦੀ ਸਾਡੀ ਸਿੱਖ ਸੱਭਿਅਤਾ ਵਿੱਚ ਸਿਖਿਆ ਦਿੱਤੀ ਗਈ ਹੈ।

ਪਰ ਅੱਜ ਦੁੱਖ ਨਾਲ ਕਹਿਣਾਂ ਪੈ ਰਿਹਾ ਹੈ ਕਿ ੨੧ਵੀਂ ਸਦੀ ਵਿੱਚ ਸਾਡੀ ਸਿਰਜਣਾਂ ਦਾ ਸੋਮਾਂ ਮਾਂ ਵੀ ਰੋ ਰਹੀ ਹੈ ਅਤੇ ਸਾਡੀਆਂ ਜੜ੍ਹਾਂ ਲਾਉਣ ਵਾਲੀ ਧਰਤੀ ਦੇ ਅੱਖ ਵਿੱਚ ਵੀ ਹੰਝੂਆਂ ਦਾ ਦਰਿਆ ਵਗ ਰਿਹਾ ਹੈ। ਸ਼ੋਸ਼ਲ ਮੀਡੀਆ ਤੇ ਅੱਜਕੱਲ਼੍ਹ ਇੱਕ ਵੀਡੀਓ ਕਲਿੱਪ ਬਹੁਤ ਵੱਡੀ ਪੱਧਰ ਤੇ ਸ਼ੇਅਰ ਹੋ ਰਿਹਾ ਹੈ। ਸਾਡੀ ਇੱਕ ਬਜ਼ੁਰਗ ਮਾਂ ਅੱਖਾਂ ਵਿੱਚ ਹੰਝੂਆਂ ਦਾ ਦਰਿਆ ਲੈ ਕੇ ਇੱਕ ਸਿਆਸੀ ਨੇਤਾ ਕੋਲ ਆਪਣੇ ਪਰਿਵਾਰ ਦਾ ਦੁੱਖ ਸਾਂਝਾ ਕਰ ਰਹੀ ਹੈ। ਉਹ ਵੋਟਾਂ ਮੰਗਣ ਆਏ ਉਸ ਸਿਆਸੀ ਨੇਤਾ ਨੂੰ ਦੱਸ ਰਹੀ ਹੈ ਕਿ ਕਿਵੇਂ ਅੱਤ ਦੀ ਗਰੀਬੀ ਵਿੱਚ ਰਹਿ ਰਹੇ ਉਸਦੇ ਪਰਿਵਾਰ ਦਾ ਬੇਟਾ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਹੈ ਅਤੇ ਇਸ ਭੈੜੀ ਹਾਲਤ ਹੈ ਕਿ ਉਸ ਬਜ਼ੁਰਗ ਔਰਤ ਦੀ ਨੂੰਹ ਨੂੰ ਕੁੱਟਦਾ ਹੈ ਅਤੇ ਪੈਸਿਆਂ ਦੀ ਮੰਗ ਕਰਦਾ ਹੈ। ਉਸ ਬਜ਼ੁਰਗ ਔਰਤ ਦੀ ਨੂੰਹ ਅਮੀਰਾਂ ਦੇ ਘਰ ਪੋਚੇ ਲਾਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੀ ਹੈ। ਉਹ ਬਜ਼ੁਰਗ ਔਰਤ ਪੰਜਾਬ ਦੇ ਇੱਕ ਵੱਡੇ ਸਿਆਸੀ ਨੇਤਾ ਨੂੰ ਬਹੁਤ ਬੁਰੀਆਂ ਗਾਲਾਂ ਕੱਢ ਰਹੀ ਹੈ ਜਿਸਨੂੰ ਉਹ ਸਭ ਕੁਝ ਦਾ ਜਿੰਮੇਵਾਰ ਸਮਝਦੀ ਹੈ।

ਇਹ ਕਹਾਣੀ ਕਿਸੇ ਇੱਕ ਬਜ਼ੁਰਗ ਔਰਤ ਦੀ ਨਹੀ ਹੈ। ਇਹ ਸਾਡੇ ਪੰਜਾਬ ਦੀ ਅਸਲ ਕਹਾਣੀ ਹੈ। ਇਹ ਸਾਡੀਆਂ ਮਾਵਾਂ ਦੀ ਵਿਲਕਦੀ ਆਂਦਰ ਹੈ ਜੋ ਹੰਝੂਆਂ ਦੇ ਸੈਲਾਬ ਨਾਲ ਬਾਹਰ ਨਿਕਲ ਰਹੀ ਹੈ। ਪੰਜਾਬ ਦੀ ਸਿਰਜਣਾਂ ਦਾ ਸੋਮਾਂ, ਮਾਂ ਅੱਜ ਵਿਲਕ ਰਹੀ ਹੈ। ਵਿਲਕ ਹੀ ਨਹੀ ਰਹੀ ਬਲਕਿ ਮੌਤ ਦੇ ਕੰਢੇ ਤੇ ਹੈ। ਜਿਸ ਸੱਜਣ ਨੇ ਵੀ ਉਹ ਵੀਡੀਓ ਦੇਖੀ ਹੈ ਉਹ ਰੋਏ ਬਿਨਾ ਤੇ ਸੋਚੇ ਬਿਨਾ ਨਹੀ ਰਹਿ ਸਕਦਾ ਕਿ ਸਾਡੀ ਮਾਂ ਧਰਤੀ ਅਤੇ ਧਰਤੀ ਮਾਂ ਨੂੰ ਅੱਜ ਹੋ ਕੀ ਗਿਆ ਹੈ। ਉਹ ਪੰਜਾਬ ਜੋ ਆਪਣੇ ਇਤਿਹਾਸ ਦੀਆਂ ਢੱਡਾਂ ਖੜਕਾ ਰਿਹਾ ਹੈ ਅਤੇ ਉਚੀ ਉਚੀ ਆਪਣੀ ਬਹਾਦਰੀ ਦੀ ਵਿਥਿਆ ਸੁਣਾ ਰਿਹਾ ਹੈ, ਉਸ ਪੰਜਾਬ ਦਾ ਵਰਤਮਾਨ ਕਿਵੇਂ ਹੱਥਾਂ ਵਿੱਚੋਂ ਕਿਰ ਰਿਹਾ ਹੈ। ਉਸ ਵਿਲਕਦੀ ਮਾਂ ਦੇ ਹੰਝੂ ਸਾਡੇ ਸਭ ਲਈ ਇੱਕ ਬਹੁਤ ਵੱਡੀ ਚੁਣੌਤੀ ਹਨ। ਉਹ ਕਿਸੇ ਦੀ ਮਾਂ ਨਹੀ ਹੈ, ਜਿਸਦਾ ਪੁੱਤ ਨਸ਼ਿਆ ਦੀ ਲੱਤ ਦਾ ਸ਼ਿਕਾਰ ਹੋ ਗਿਆ ਹੈ।ਉਹ ਸਾਡੀ ਸਭ ਦੀ। ਅਣਖ਼ ਨਾਲ ਜੀਣ ਦਾ ਦਾਅਵਾ ਕਰਨ ਵਾਲਿਆਂ ਦੀ ਮਾਂ ਹੈ। ਇਸ ਮਾਂ ਦੇ ਸਿਰ ਤੋਂ ਉਤਰ ਰਹੀ ਚੁੰਨੀ ਦੀ ਰਾਖੀ ਕਰਨਾ ਸਾਡਾ ਸਭ ਦਾ ਫਰਜ਼ ਹੈ।

ਦੁਪੱਟਾ ਸਿਰਫ ਮਾਂ ਧਰਤੀ ਦੇ ਸਿਰ ਤੋਂ ਹੀ ਨਹੀ ਉਤਰ ਰਿਹਾ ਬਲਕਿ ਧਰਤੀ ਮਾਂ ਜੋ ਸਾਡੀ ਧਰਤੀ ਹੈ ਉਹ ਵੀ ਕਿਸੇ ਨੇ ਲ਼ੁੱਟ ਪੁੱਟ ਲਈ ਹੈ। ਪੰਜਾਬ ਦਾ ਅੱਜ ਜੋ ਕੁਝ ਬਣਾ ਦਿੱਤਾ ਗਿਆ ਹੈ, ਗੁਰੂਆਂ ਦੇ ਭਾਉ ਅਤੇ ਸ਼ਹੀਦਾਂ ਦੀ ਸਿਰਲੱਥਤਾ ਦੀ ਛਾਂ ਥੱਲੇ ਵਿਚਰਨ ਵਾਲਾ ਪੰਜਾਬ ਅੱਜ ਬਣਾ ਕੀ ਦਿੱਤਾ ਗਿਆ ਹੈ। ਇਹ ਸਾਰੇ ਚੰਗਾ ਸੋਚਣ ਵਾਲਿਆਂ ਲਈ ਇੱਕ ਚੁਣੌਤੀ ਹੈ।ਪੰੰਜਾਬ ਨੂੰ ਚਲਾਉਣ ਵਾਲੇ ਇਸ ਧਰਤੀ ਮਾਂ ਦੀ ਪਵਿੱਤਰਤਾ ਨਾਲ ਕਿੰਨਾ ਖਿਲਵਾੜ ਕਰ ਰਹੇ ਹਨ। ਸਵਾਲ ਤਾਂ ਇਹ ਹੈ ਕਿ ਇਹ ਕਦੋਂ ਤੱਕ ਇਸ ਮਾਂ ਧਰਤੀ ਤੇ ਧਰਤੀ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਡੁਲਾਉਦੇ ਰਹਿਣਗੇ?

ਵੱਡਾ ਸਵਾਲ ਤਾਂ ਇਹ ਹੈ ਕਿ ਆਖਰ ਕਦ ਤੱਕ? ਉਹ ਵਿਵਸਥਾ ਜਿਸ ਵਿੱਚ ਨਾ ਸਾਡਾ ਧਰਮ ਸੁਰੱਖਿਅਤ ਹੈ, ਨਾਂ ਸਾਡੇ ਸ਼ਹੀਦ ਨਾ ਪਰੰਪਰਾਵਾਂ, ਨਾ ਇਤਿਹਾਸ ਅਤੇ ਸਭ ਤੋਂ ਵੱਡੀ ਗੱਲ ਕਿ ਨਾ ਸਾਡਾ ਭਵਿੱਖ ਸੁਰੱਖਿਅਤ ਹੈ- ਆਖਰ ਉਹ ਵਿਵਸਥਾ ਕਦੋਂ ਤੱਕ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਆਪਣਾਂ ਤਾਂਡਵ ਨਾਚ ਨੱੱਚਦੀ ਰਹੇਗੀ?

ਜਿਨ੍ਹਾਂ ਦੇ ਮਨ ਵਿੱਚ ਪੰਜਾਬ ਨੂੰ ਬਚਾਉਣ ਦੀ ਲੋਚਾ ਹੈ। ਇਸਦੇ ਗੌਰਵ ਨੂੰ ਸੰਭਾਲਣ ਦੀ ਇੱਛਾ ਹੈ। ਇਸਦੀ ਗੈਰਤ ਦਾ ਸਤਿਕਾਰ ਹੈ ਉਨ੍ਹਾਂ ਸਭਨਾ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਬਹੁਤ ਵੱਡੀ ਚੁਣੌਤੀ ਹੈ ਸਾਡੇ ਸਾਹਮਣੇ, ਪਰ ਪੰਜਾਬ ਦੇ ਜਾਏ ਹਮੇਸ਼ਾ ਚੁਣੌਤੀਆਂ ਸਵੀਕਾਰਦੇ ਆਏ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਜਾਏ ਆਪਣੀ ਮਾਂ ਧਰਤੀ ਦੇ ਦੁਪੱਟੇ ਨੂੰ ਸਿਰ ਤੋਂ ਖਿਸਕਣ ਨਹੀ ਦੇਣਗੇ।

ਅਸੀਂ ਇਸ ਕਾਲਮ ਰਾਹੀਂ ਦੇਸ਼ ਵਿਦੇਸ਼ ਦੇ ਦਾਨੀ ਸੱਜਣਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਗੰਭੀਰ ਸੰਕਟ ਦਾ ਸ਼ਿਕਾਰ ਪੰਜਾਬ ਦੀ ਉਸ ਮਾਂ ਦੀ ਕੋਈ ਆਰਥਿਕ ਸਹਾਇਤਾ ਵੀ ਕੀਤੀ ਜਾਵੇ ਕਿਉਂਕਿ ਉਹ ਸਾਡੀ ਸਭ ਦੀ ਮਾਂ ਹੈ। ਉਹ ਪੰਜਾਬ ਦੀ ਮਾਂ ਹੈ। ਉਸਦੀ ਅੱਖ ਦਾ ਹੰਝੂ ਸਾਡੀ ਧਰਤੀ ਮਾਂ ਦੇ ਅੱਖ ਦਾ ਹੰਝੂ ਹੈ।