ਜਦੋਂ ਵੀ ਅਸੀਂ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਇਸ ਵਿਚ ਭਗਤ ਸਿੰਘ ਦਾ ਨਾਂ ਅੱਜ ਵੀ ਪ੍ਰਮੁੱਖ ਰੂਪ ਵਿਚ ਲਿਆ ਜਾਂਦਾ ਹੈ। ਮੌਜੂਦਾ ਰਾਜਨੀਤੀ ਦੇ ਪ੍ਰਵਾਹ ਨੂੰ ਵੱਖਰੇ ਜ਼ਾਵੀਏ ਤੋਂ ਸਮਝਣ ਲਈ ਵੀ ਬੀਤੇ ਨਾਲ ਸੰਵਾਦ ਰਚਾਇਆ ਜਾਂਦਾ ਹੈ ਜਿਸ ਵਿਚ ਭਗਤ ਸਿੰਘ ਨੂੰ ਜਾਣਨ ਦੀ ਪ੍ਰਵਿਰਤੀ ਨੇ ਪਿਛਲੇ ਕੁਝ ਸਮੇਂ ਤੋਂ ਜਿਆਦਾ ਪ੍ਰਬਲ ਰੂਪ ਲਿਆ ਹੈ।ਇਸ ਵਿਚ ਭਗਤ ਸਿੰਘ ਦੇ ਵਿਚਾਰਾਂ ਨੂੰ ਮੌਜੂਦਾ ਰਾਜਨੀਤਿਕ ਸਰੋਕਾਰਾਂ ਨਾਲ ਜੋੜਨ ਉੱਪਰ ਜੋਰ ਦਿੱਤਾ ਗਿਆ ਹੈ।ਵੰਡ ਤੋਂ ਪਹਿਲਾਂ ਦੇ ਪੰਜਾਬ ਵਿਚ ਭਗਤ ਸਿੰਘ ਨੌਜਵਾਨਾਂ ਦੇ ਨਾਇਕ ਦੇ ਰੂਪ ਵਿਚ ਵਿਆਪਕ ਪ੍ਰਸਿੱਧੀ ਮਿਲਣ ਤੋਂ ਪਹਿਲਾਂ ਗੁਮਨਾਮੀ ਦੀ ਜਿੰਦਗੀ ਹੀ ਜਿਉਂ ਰਿਹਾ ਸੀ।ਉਸ ਨੂੰ ਪ੍ਰਮੁੱਖ ਰੂਪ ਵਿਚ ਉਸ ਦੇ ਆਰਟੀਕਲਾਂ, ਨਿਬੰਧਾਂ, ਚਿੱਠੀਆਂ ਅਤੇ ਲੇਖਾਂ ਰਾਹੀ ਜਾਣਿਆ ਜਾਂਦਾ ਹੈ ਜਿਨ੍ਹਾਂ ਦੀ ਪ੍ਰਮਾਣਿਕਤਾ ਉੱਪਰ ਵੀ ਸਮੇਂ-ਸਮੇਂ ਤੇ ਸੁਆਲ ਉੱਠਦੇ ਰਹੇ ਹਨ।ਇਹ ਲਿਖਤੀ ਸਮੱਗਰੀ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਭਾਰਤ ਪ੍ਰਤੀ ਉਸ ਦੇ ਤਸੱਵਰ ਵੱਲ ਇਸ਼ਾਰਾ ਕਰਦੀ ਹੈ।ਉਸ ਦਾ ਤਸੱਵਰ ਪ੍ਰਮੁੱਖ ਰੂਪ ਵਿਚ ਉਸ ਸਮੇਂ ਪ੍ਰਚਲਿਤ ਲੈਨਿਨ ਦੀ ਵਿਚਾਰਧਾਰਾ ਅਤੇ ਕੁਝ ਹੱਦ ਤੱਕ ਮਾਰਕਸਵਾਦ ਦੁਆਰਾ ਘੜਿਆ ਗਿਆ ਸੀ।ਲਿਖਤੀ ਸਮੱਗਰੀ ਦੇ ਰੂਪ ਵਿਚ ਪ੍ਰਾਪਤ ਉਸ ਦੀ ਵਿਰਾਸਤ ਨੂੰ ਖੱਬੇਪੱਖੀ ਜੱਥੇਬੰਦੀਆਂ ਦੁਆਰਾ ਜਿਆਦਾ ਪ੍ਰਚਾਰਿਆ ਗਿਆ ਹੈ।ਹਾਲਾਂਕਿ, ਉਨ੍ਹਾਂ ਦੇ ਆਪਣੇ ਵਿਚਾਰ ਵੀ ਆਪਣੇ ਰਾਜਨੀਤਿਕ ਹਿੱਤਾਂ ਨੂੰ ਸੁਰੱਖਿਅਤ ਰੱਖਣ ਕਰਕੇ ਥਿੜਕਦੇ ਰਹੇ ਹਨ।ਲੈਨਿਨਵਾਦ ਦੀ ਵਿਚਾਰਧਾਰਾ ਨੇ ਆਪਣੀ ਚਮਕ ਗੁਆ ਲਈ ਅਤੇ ਇਹੋ ਹੀ ਹਸ਼ਰ ਮਾਰਕਸਵਾਦੀ ਵਿਚਾਰਧਾਰਾ ਦਾ ਹੋਇਆ ਜੋ ਬਾਅਦ ਵਿਚ ਸਮਾਜਵਾਦ ਵਿਚ ਸਮਾ ਗਈ।

ਉੱਤਰ-ਬਸਤੀਵਾਦੀ ਭਾਰਤ ਵਿਚ ਵੱਖ-ਵੱਖ ਅੰਦੋਲਨਾਂ, ਸੰਘਰਸ਼ਾਂ ਅਤੇ ਪ੍ਰਦਰਸ਼ਨਾਂ ਦੌਰਾਨ ਭਗਤ ਸਿੰਘ ਦੇ ਵਿਚਾਰਾਂ ਨੂੰ ਫਿਰ ਤੋਂ ਸਾਹਮਣੇ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਨਿਰੰਤਰ ਹੁੰਦੀਆਂ ਰਹੀਆਂ ਹਨ, ਪਰ ਇਹ ਮਹਿਜ਼ ਰਸਮੀ ਰੂਪ ਵਿਚ ਵੀ ਹੁੰਦਾ ਰਿਹਾ ਹੈ। ਤੱਥ ਇਸ ਗੱਲ ਉੱਪਰ ਰੋਸ਼ਨੀ ਪਾਉਂਦੇ ਹਨ ਕਿ ਆਪਣੀ ਸ਼ਹੀਦੀ ਤੋਂ ਬਾਅਦ ਵੀ ਭਗਤ ਸਿੰਘ ਗੁਮਨਾਮੀ ਵਿਚ ਚਲਿਆ ਗਿਆ, ਪਰ ਉਸ ਦੀਆਂ ਲਿਖਤਾਂ ਨੇ ਉਸ ਨੂੰ ਫਿਰ ਤੋਂ ਜਿਉਂਦਾ ਕਰ ਦਿੱਤਾ।ਹਾਲਾਂਕਿ, ਇਸ ਲਿਖਤੀ ਸਮੱਗਰੀ ਨੂੰ ਲੈ ਕੇ ਵੀ ਵੱਖ-ਵੱਖ ਸਮਿਆਂ ਵਿਚ ਵੱਖ-ਵੱਖ ਵਿਚਾਰ ਮਿਲਦੇ ਹਨ।ਇਕ ਇਨਕਲਾਬੀ ਦੀ ਜਿੰਦਗੀ ਵਿਚ ਦੋ ਵਰਿ੍ਹਆਂ ਦੀ ਕੈਦ ਕੱਟਣਾ ਆਪਣੀ ਅਮਿੱਟ ਛਾਪ ਛੱਡ ਜਾਣ ਲਈ ਬਹੁਤ ਹੀ ਥੌੜਾ ਸਮਾਂ ਹੈ। ਪ੍ਰਸਿੱਧ ਆਇਰਸ਼ ਰਾਸ਼ਟਰਵਾਦੀ ਬੌਬੀ ਸੈਂਡਸ ਅਤੇ ਇਸੇ ਤਰਾਂ ਮਾਈਕਲ ਕੌਲਿਨਸ ਦੀਆਂ ਜਿੰਦਗੀਆਂ ਇਨਕਲਾਬੀ ਘਾਲਣਾਵਾਂ ਨਾਲ ਭਰੀਆਂ ਹੋਈਆਂ ਹਨ ਜੋ ਦੁਨੀਆਂ ਵਿਚ ਵੱਖਰੀ ਪਛਾਣ ਰੱਖਦੀਆਂ ਹਨ।ਇਸੇ ਤਰਾਂ ਚੇ ਗੁਅੇਰਾ ਆਪਣੇ ਇਨਕਲਾਬੀ ਵਿਚਾਰਾਂ ਅਤੇ ਘਾਲਣਾ ਕਰਕੇ ਅੱਜ ਵੀ ਜਾਣਿਆ ਜਾਂਦਾ ਹੈ।ਅੱਜ ਦੇ ਸੰਦਰਭ ਵਿਚ ਯੁਗਾਂਡਾ ਦਾ ਬੌਬੀ ਵਾਈਨ ਰਾਜਨੀਤੀ ਵਿਚ ਇਨਕਲਾਬੀ ਪਰਿਵਰਤਨ ਦਾ ਪ੍ਰਤੀਕ ਹੈ ਅਤੇ ਇਸੇ ਹੀ ਸੰਦਰਭ ਵਿਚ ਕੁਝ ਸਮਾਂ ਪਹਿਲਾਂ ਇਥੋਪੀਆ ਦੇ ਇਨਕਲਾਬੀ ਗੀਤਕਾਰ ਹਕਾਲੂ ਹੰਦੇਸਾ, ਜਿਸ ਨੂੰ ਉਸ ਦੇ ਵਿਚਾਰਾਂ ਕਰਕੇ ਸਟੇਟ ਦੁਆਰਾ ਕਤਲ ਕਰ ਦਿੱਤਾ ਗਿਆ ਸੀ, ਆਪਣੇ ਵਿਚਾਰਾਂ ਅਤੇ ਗੀਤਾਂ ਕਰਕੇ ਦੁਨੀਆਂ ਵਿਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਕਹਿਣ ਦਾ ਭਾਵ ਹੈ, ਸੰਘਰਸ਼ਮਈ ਜਿੰਦਗੀ ਲੰਮੇ ਇਨਕਲਾਬੀ ਘੋਲਾਂ ਅਤੇ ਵਿਚਾਰਾਂ ਨਾਲ ਹੀ ਹਾਸਿਲ ਹੋ ਸਕਦੀ ਹੈ ਜੋ ਕਿ ਆਪਣੀ ਸਾਰਥਿਕਤਾ ਦੀ ਛਾਪ ਆਪਣੇ ਸਮਿਆਂ ਤੋਂ ਬਾਅਦ ਵੀ ਦੁਨੀਆਂ ਵਿਚ ਬਰਕਰਾਰ ਰੱਖਦੀ ਹੈ।

ਭਗਤ ਸਿੰਘ ਦੀ ਵਿਰਾਸਤ ਨੂੰ ਮੁੱਖ ਰੂਪ ਵਿਚ ਮੁੱਖਧਾਰਾ ਦੀ ਰਾਜਨੀਤੀ ਦੁਆਰਾ ਅਣਗੌਲਿਆ ਕੀਤਾ ਗਿਆ ਅਤੇ ਖੱਬੇਪੱਖੀਆਂ ਨੇ ਵੀ ਉਸ ਨੂੰ ਹਾਸ਼ੀਏ ਤੇ ਹੀ ਰੱਖਿਆ, ਪਰ ਉਸ ਦੀ ਪ੍ਰਸਿੱਧੀ ਨੌਜਵਾਨ ਮਨਾਂ ਵਿਚ ਪ੍ਰਤੀਕ ਦੇ ਰੂਪ ਵਿਚ ਰਹੀ।ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ੧੯੮੦ ਤੱਕ ਭਗਤ ਸਿੰਘ ਦੀ ਲਿਖਤੀ ਸਮੱਗਰੀ ਨੂੰ ਪੰਜਾਬ ਦੇ ਖੱਬੇਪੱਖੀਆਂ ਦੁਆਰਾ ਸਿੱਖਾਂ ਅਤੇ ਸਿੱਖ ਵਿਚਾਰਧਾਰਾ ਨਾਲ ਵਿਰੋਧ ਦੇ ਰੂਪ ਵਿਚ ਸਤਹੀ ਪੱਧਰ ਤੇ ਹੀ ਵਰਤਿਆ ਗਿਆ।ਭਾਰਤੀ ਰਾਜ ਦੇ ਖਿਲਾਫ ਸਿੰਘ ਸੰਘਰਸ਼ ਅਤੇ ਸਿੱਖ ਨੌਜਵਾਨਾਂ ਉੱਪਰ ਜਬਰ ਦੇ ਸਮੇਂ ਖੱਬੇਪੱਖੀਆਂ ਨੇ ਭਗਤ ਸਿੰਘ ਦੀਆਂ ਲਿਖਤਾਂ ਅਤੇ ਵਿਚਾਰਾਂ ਦੇ ਰਾਖੇ ਹੋਣ ਦੇ ਦਾਅਵੇ ਕੀਤੇ।ਮੌਜੂਦਾ ਕਿਸਾਨੀ ਸੰਘਰਸ਼ ਵਿਚ ਵੀ ਸਿੱਖੀ ਭਾਵਨਾ ਨੂੰ ਦਬਾਉਣ ਅਤੇ ਨੀਵਾਂ ਦਿਖਾਉਣ ਲਈ ਅਜਿਹੇ ਪ੍ਰਸੰਗ ਹੀ ਵਰਤੇ ਜਾ ਰਹੇ ਹਨ।

ਭਗਤ ਸਿੰਘ ਦਾ ਲੈਨਿਨਵਾਦ ਉੱਪਰ ਮਹੱਤਵ ਬਿਨਾਂ ਇਸ ਸਮਝ ਤੋਂ ਸੀ ਕਿ ਲੈਨਿਨ ਜਮਾਤੀ ਸੰਘਰਸ਼ ਦੀ ਗੱਲ ਕਰ ਰਿਹਾ ਸੀ ਨਾ ਕਿ ਜ਼ਾਰ ਪ੍ਰਭੂਸੱਤਾ ਵਿਰੁੱਧ ਲੋਕ ਸੰਘਰਸ਼ ਦੀ ਜਦਕਿ ਭਾਰਤ ਵਿਚ ਚੱਲ ਰਿਹਾ ਸੰਘਰਸ਼ ਵਿਦੇਸ਼ੀ ਹਕੂਮਤ ਵਿਰੁੱਧ ਲੋਕ ਸੰਘਰਸ਼ ਸੀ।ਭਗਤ ਸਿੰਘ ਦੁਆਰਾ ੧੯੨੯ ਅਤੇ ੧੯੩੦ ਦੇ ਦਰਮਿਆਨ ਲਿਖੀਆਂ ਜੇਲ ਲਿਖਤਾਂ ਬਾਰੇ ਅਜੇ ਵੀ ਵਿਵਾਦ ਹੈ ਜਿਨ੍ਹਾਂ ਵਿਚੋਂ ਕੁਝ ਕਾਂਗਰਸ ਨਾਲ ਸੰਬੰਧਿਤ ਇਕ ਮਹਿਲਾ ਦੇ ਸਪੁਰਦ ਕੀਤੀਆਂ ਗਈਆਂ ਸਨ ਅਤੇ ਕੁਝ ਉਸ ਦੇ ਸਾਥੀਆਂ ਕੋਲ ਸਨ ਜਿਨ੍ਹਾਂ ਨੇ ੧੯੪੨ ਵਿਚ ਇਕ ਰੇਡ ਦੌਰਾਨ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਸੀ। ਪਰ ਉਸ ਕਾਰਕੁੰਨ ਦਾ ਨਾਂ ਕਦੇ ਵੀ ਸਾਹਮਣੇ ਨਹੀਂ ਆਇਆ।ਭਗਤ ਸਿੰਘ ਦੀਆਂ ਲਿਖਤਾਂ ਵਿਚੋਂ “ਮੈਂ ਨਾਸਤਿਕ ਨਹੀਂ ਹਾਂ” ਸਭ ਤੋਂ ਜਿਆਦਾ ਪ੍ਰਮੁੱਖ ਹੈ ਜੋ ਕਿ ਸਿੱਖ ਸੰਘਰਸ਼ ਸਮੇਂ ਸੱਤਰਵਿਆਂ ਅਤੇ ਅੱਸੀਵਿਆਂ ਵਿਚ ਸਾਹਮਣੇ ਆਉਣੀ ਸ਼ੁਰੂ ਹੋਈ।ਹਾਲਾਂਕਿ ਉਸ ਦੀ ਇਹ ਲਿਖਤ ਸਤੰਬਰ ੧੯੩੧ ਵਿਚ ਉਸ ਦੀ ਫਾਂਸੀ ਤੋਂ ਬਾਅਦ ਲਾਹੌਰ ਵੀਕਲੀ ਵਿਚ ਛਪੀ ਸੀ, ਪਰ ਜਨਤਕ ਰੂਪ ਵਿਚ ਅੱਸੀਵਿਆਂ ਵਿਚ ਹੀ ਸਾਹਮਣੇ ਆਉਣੀ ਸ਼ੁਰੂ ਹੋਈ।ਭਗਤ ਸਿੰਘ ਦੇ ਪਰਿਵਾਰ ਕੋਲ ਪਈ ਉਸ ਦੀ ਇਕ ਨੋਟਬੁੱਕ ੧੯੮੧ ਵਿਚ ਜਨਤਕ ਰੂਪ ਵਿਚ ਸਾਹਮਣੇ ਆਈ ਜਦੋਂ ਉਸ ਦੇ ਭਰਾ ਨੇ ਇਸ ਬਾਰੇ ਦੱਸਿਆ।ਇਸ ਨੋਟਬੁੱਕ ਵਿਚ ਭਗਤ ਸਿੰਘ ਦੁਆਰਾ ਜੇਲ ਵਿਚ ਦਰਜ ਕੀਤੇ ਗਏ ਕਈ ਹਵਾਲੇ ਹਨ।ਭਾਵੇਂ ਉਸ ਕੋਲ ਕੋਈ ਪ੍ਰਮਾਣਿਕ ਡਿਗਰੀ ਨਹੀਂ ਸੀ, ਪਰ ਉਸ ਦੀ ਗਿਆਨ ਦੀ ਲਾਲਸਾ ਨੇ ਹੀ ਇਸ ਸਮੇਂ ਦੌਰਾਨ ਬਰਟਰੈਂਡ ਰਸਲ ਦੁਆਰਾ ਲਿਖੇ “ਮੈਂ ਈਸਾਈ ਕਿਉਂ ਹਾਂ?” ਨੇ ਉਸ ਨੂੰ ਆਪਣੀ ਲਿਖਤ “ਮੈਂ ਨਾਸਤਿਕ ਕਿਉਂ ਹਾਂ?” ਲ਼ਿਖਣ ਲਈ ਪ੍ਰੋਤਸਾਹਿਤ ਕੀਤਾ। ਭਗਤ ਸਿੰਘ ਨੇ ਬਰਾਬਰੀ ਦੇ ਸਮਾਜ ਦੀ ਕਲਪਨਾ ਕੀਤੀ ਪਰ ਉਸ ਦੀਆਂ ਲਿਖਤਾਂ ਦਾ ਪ੍ਰਮੁੱਖ ਸਰੋਕਾਰ ਸ਼ਹਿਰੀ ਉਨਮੁੱਖ ਰਹਿੰਦਾ ਹੈ।

ਭਗਤ ਸਿੰਘ ਵਿਚ ਆਪਣੇ ਸਮੇਂ ਦੌਰਾਨ ਮਹੱਤਵਪੂਰਨ ਰਾਜਨੀਤਿਕ ਚੇਤਨਾ ਪੈਦਾ ਹੋਈ ਜੋ ਕਿ ਮਾਰਕਸਵਾਦ ਅਤੇ ਲੈਨਿਨਵਾਦ ਦੀ ਭ੍ਰਮਿਤ ਸਮਝ ਉੱਪਰ ਅਧਾਰਿਤ ਸੀ ਅਤੇ ਲੋਕਾਂ ਨੂੰ ਸੰਗਠਿਤ ਕਰਨ ਨੂੰ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਮੰਨਦੀ ਸੀ। ਖ਼ਾਸ ਤੌਰ ਤੇ ਉਸ ਦਾ ਮਕਸਦ ਨੌਜਵਾਨਾਂ ਨੂੰ ਅਜ਼ਾਦੀ ਸੰਘਰਸ਼ ਲਈ ਸੰਗਠਿਤ ਕਰਨਾ ਸੀ।ਉਸ ਦੀ ਇਸ ਖੰਡਿਤ ਰਾਜਨੀਤਿਕ ਸਮਝ ਨੇ ਲੈਨਿਨਵਾਦ ਅਤੇ ਮਾਰਕਸਵਾਦ ਵਿਚ ਮੌਜੂਦ ਜਮਾਤੀ ਸੰਘਰਸ਼ ਨੂੰ ਧਿਆਨ ਵਿਚ ਨਹੀਂ ਰੱਖਿਆ ਜੋ ਕਿ ਲੋਕਾਂ ਦੀ ਨਿੱਜੀ ਅਜ਼ਾਦੀ ’ਤੇ ਛਾਂਟੀ ਲਗਾਉਣ ਵਿਚ ਯਕੀਨ ਰੱਖਦੀ ਸੀ। ਅੰਤ ਵਿਚ ਇਹਨਾਂ ਦੇ ਵਿਘਟਨ ਦਾ ਪ੍ਰਮੁੱਖ ਕਾਰਣ ਬਣਿਆ।ਆਪਣੇ ਸ਼ੁਰੂਆਤੀ ਵਰਿ੍ਹਆਂ ਵਿਚ ਭਗਤ ਸਿੰਘ ਨੌਜਵਾਨਾਂ ਵਿਚ ਰਾਜਨੀਤਿਕ ਅਜ਼ਾਦੀ ਲਈ ਜ਼ਜ਼ਬਾ ਜਗਾਉਣ ਲਈ ਰਾਜਨੀਤਿਕ ਹਿੰਸਾ ਵਿਚ ਯਕੀਨ ਰੱਖਦਾ ਸੀ, ਪਰ ਬਾਅਦ ਵਿਚ ਉਸ ਨੂੰ ਇਸ ਦੀ ਵਿਅਰਥਤਾ ਦਾ ਅਹਿਸਾਸ ਹੋਇਆ ਜੋ ਕਿ ਜਿਆਦਾਤਰ ਜੋਬਨਵੰਤੇ ਉਮਾਹ ੳੱਪਰ ਹੀ ਅਧਾਰਿਤ ਸੀ।ਇਸ ਤਰਾਂ ਦੇ ਰਾਜਨੀਤਿਕ ਬਦਲਾਅ ਨਾਲ ਉਸ ਨੇ ਰਾਜਨੀਤਿਕ ਸੰਗਠਨ ਨੂੰ ਮਜਬੂਤੀ ਦੇਣ ਲਈ ਕਲਮ ਦੀ ਤਾਕਤ ਨੂੰ ਵਰਤਿਆ ਜੋ ਕਿ ਉਸ ਦੀਆਂ ਲਿਖਤਾਂ ਵਿਚੋਂ ਨਜ਼ਰ ਆਉਂਦਾ ਹੈ।ਕੁਝ ਸਮੇਂ ਲਈ ਤਾਂ ਲੋਕ ਬਹਾਦਰੀ ਦੇ ਵਿਅਕਤੀਗਤ ਕਾਰਨਾਮਿਆਂ ਤੋਂ ਪ੍ਰਭਾਵਿਤ ਹੁੰਦੇ ਹਨ, ਪਰ ਅਸਲ ਵਿਚ ਵਿਅਕਤੀ ਦੀਆਂ ਲਿਖਤਾਂ ਹੀ ਉਸ ਨੂੰ ਜਿੰਦਾ ਰੱਖਦੀਆਂ ਹਨ।ਭਗਤ ਸਿੰਘ ਦੀਆਂ ਜੇਲ ਲਿਖਤਾਂ ਅੱਜ ਵੀ ਨੌਜਵਾਨ ਵਰਗ ਅਤੇ ਖ਼ਾਸ ਕਰਕੇ ਭਾਰਤੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸ੍ਰੋਤ ਹਨ।

ਆਪਣੀਆਂ ਲਿਖਤਾਂ ਰਾਹੀ ਭਗਤ ਸਿੰਘ ਮਾਰਕਸਵਾਦ ਅਤੇ ਲੈਨਿਨਵਾਦ ਦੀ ਵਿਚਾਰਧਾਰਾ ਰਾਹੀ ਯਥਾਰਥਵਾਦ ਉੱਪਰ ਜੋਰ ਦਿੰਦਾ ਹੈ।ਉਸਦਾ ਤਸੱਵਰ ਸਮਾਨਤਾ ਵਾਲੇ ਸਮਾਜ ਦੇ ਸਿਧਾਂਤ ਉੱਪਰ ਅਧਾਰਿਤ ਹੈ ਜਿਸ ਤਰਾਂ ਕਿ ਲੈਨਿਨ ਅਤੇ ਮਾਰਕਸ ਨੇ ਆਪਣੀਆਂ ਲਿਖਤਾਂ ਵਿਚ ਕਿਹਾ ਹੈ।ਉਸ ਦੇ ਇਹ ਵਿਚਾਰ ਅੱਜ ਵੀ ਪ੍ਰਚਲਿਤ ਹਨ, ਪਰ ਅਜ਼ਾਦ ਭਾਰਤ ਵਿਚ ਇਹ ਕਿਸੇ ਮਹੱਤਵਪੂਰਨ ਰਾਜਨੀਤਿਕ ਵਿਚਾਰ ਵਿਚ ਤਬਦੀਲ ਨਹੀਂ ਹੋ ਪਾਏ।ਭਾਰਤ ਦੇ ਰਾਜਨੀਤਿਕ ਢਾਂਚੇ ਵਿਚ ਕਦੇ ਵੀ ਕ੍ਰਾਂਤੀਕਾਰੀ ਬਦਲਾਅ ਨਹੀਂ ਆਇਆ ਸਗੋਂ ਇਸ ਵਿਚ ਸਿਰਫ ਅੰਗਰੇਜ਼ੀ ਸੱਤਾ ਦੀ ਹੀ ਤਬਦੀਲੀ ਹੋਈ ਜੋ ਆਪਣਾ ਅਧਾਰ ਸਾਮਰਾਜਵਾਦ ਨੂੰ ਹੀ ਮੰਨਦੀ ਹੈ।ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਲੋਕ ਆਪਣੀ ਹੀ ਅਸਲੀਅਤ ਤੋਂ ਭੈਅਭੀਤ ਰਹੇ ਹਨ, ਇਸ ਕਰਕੇ ਉਹ ਅੱਖਾਂ ਬੰਦ ਕਰਕੇ ਵਿਵਸਥਾ ਦੇ ਨਾਲ-ਨਾਲ ਚੱਲਦੇ ਰਹੇ ਹਨ। ਲੋਕ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਅਤੇ ਉਸ ਦੀ ਨਿਡਰਤਾ ਦੀ ਗੱਲ ਤਾਂ ਕਰਦੇ ਹਨ, ਪਰ ਇਹ ਗੱਲ ਧਿਆਨਯੋਗ ਹੈ ਉਸ ਦੀ ਵਿਚਾਰਧਾਰਾ ਦੇ ਵਾਰਿਸ ਹੋਣ ਦਾ ਦਾਅਵਾ ਕਰਨ ਵਾਲਿਆਂ ਵਿਚ ਵੀ ਉਸ ਦੇ ਵਿਚਾਰਾਂ ਨੂੰ ਲੈ ਕੇ ਰਾਜਨੀਤਿਕ ਸਪੱਸ਼ਟਤਾ ਨਹੀਂ ਹੈ।ਇਹ ਦਾਅਵੇਦਾਰ ਵੀ ਰਾਜਨੀਤਿਕ ਘਾਲਣਾ ਤੋਂ ਡਰ ਗਏ ਅਤੇ ਉਨ੍ਹਾਂ ਨੇ ਪ੍ਰਚਲਿਤ ਰਾਜਨੀਤਿਕ ਧਾਰਾ ਵਿਚ ਹੀ ਆਪਣੇ ਆਪ ਨੂੰ ਸ਼ਾਮਿਲ ਕਰ ਲਿਆ। ਇਹ ਰਾਜਨੀਤਿਕ ਧਾਰਾ ਚਾਪਲੂਸਾਂ ਅਤੇ ਕਮਜ਼ੋਰ ਵਿਅਕਤੀਆਂ ਨਾਲ ਭਰੀ ਹੋਈ ਹੈ ਜਿਨ੍ਹਾਂ ਕੋਲ ਸਵਾਰਥ ਅਤੇ ਅਸਹਿਣਸ਼ੀਲਤਾ ਤੋਂ ਇਲਾਵਾ ਕਹਿਣ ਅਤੇ ਲਿਖਣ ਨੂੰ ਆਪਣਾ ਕੁਝ ਨਹੀਂ ਹੈ।ਜਦੋਂ ਕਿ ਭਗਤ ਸਿੰਘ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਉਸ ਲਈ ਮਨੁੱਖੀ ਹੌਂਦ ਇਕ ਰਹੱਸ ਹੈ ਜਿਸ ਦਾ ਉਦੇਸ਼ ਮਹਿਜ਼ ਹੋਣਾ ਨਹੀਂ ਹੈ, ਬਲਕਿ ਉਸ ਵਿਚ ਇਕ ਮਕਸਦ ਅਤੇ ਵਿਚਰਾਧਾਰਾ ਦੀ ਕਿੰਨੀ ਮਹੱਤਤਾ ਹੈ।ਉਸ ਨੇ ਇਸ ਗੱਲ ਉੱਪਰ ਜੋਰ ਦਿੱਤਾ ਕਿ ਆਮ ਲੋਕਾਂ ਦੀ ਚੁੱਪੀ ਨੂੰ ਤੋੜਨਾ ਬਹੁਤ ਜਰੂਰੀ ਹੈ, ਨਹੀਂ ਤਾਂ ਇਹ ਜਬਰ ਨਾਲ ਸਹਿਮਤੀ ਹੀ ਹੋਵੇਗੀ।ਅੱਜ ਵੀ ਲੋਕਾਂ ਦੀ ਚੁੱਪ ਨੂੰ ਰਾਜਨੀਤਿਕ ਸੱਤਾ ਦੁਆਰਾ ਆਪਣੇ ਹਿੱਤਾਂ ਲਈ ਹੀ ਵਰਤਿਆ ਜਾ ਰਿਹਾ ਹੈ।ਭਗਤ ਸਿੰਘ ਦਾ ਸਾਹਮਣਾ ਉਸ ਸਾਮਰਾਜਵਾਦੀ ਸੱਤਾ ਨਾਲ ਹੋ ਰਿਹਾ ਸੀ ਜੋ ਕਿ ਲੋਕਾਂ ਨੂੰ ਉਨ੍ਹਾਂ ਦੇ ਰੋਜਮੱਰਾ ਦੇ ਕੰਮਾਂ ਵਿਚ ਹੀ ਉਲਝਾ ਕੇ ਉਨ੍ਹਾਂ ਨੂੰ ਆਗਿਆਕਾਰੀ ਅਤੇ ਸੁਸਤ ਹੀ ਰੱਖਣਾ ਚਾਹੁੰਦੀ ਸੀ।ਸਾਮਰਾਜਵਾਦੀਆਂ ਦਾ ਯਕੀਨ ਸੀ ਕਿ ਭਾਰਤੀ ਬਸਤੀ ਡਰ ਦੇ ਗੁਲਾਮਾਂ ਦੀ ਬਸਤੀ ਹੈ ਜਿਸ ਵਿਚ ਲੋਕ ਲਗਾਤਾਰ ਅੰਧ-ਵਿਸ਼ਵਾਸ ਅਤੇ ਮਿੱਥ ਅਧਾਰਿਤ ਜਿੰਦਗੀ ਜਿਉਂਦੇ ਹਨ ਅਤੇ ਯੁੱਧਾਂ ਅਤੇ ਗਰੀਬੀ ਦੇ ਡਰ ਵਿਚ ਰਹਿੰਦੇ ਹਨ।ਉਹ ਮੰਨਦੇ ਸਨ ਕਿ ਇਹ ਸਮਾਜ ਬਹੁਤ ਸਾਰੀਆਂ ਜਾਤੀਆਂ ਵਿਚ ਵੰਡਿਆ ਹੋਇਆ ਸੀ ਅਤੇ ਉਹ ਇਸ ਪ੍ਰਤੀ ਕੋਈ ਵਿਰੋਧ ਨਹੀਂ ਸਨ ਜਤਾ ਰਹੇ ਇਸ ਲਈ ਉਨ੍ਹਾਂ ਦਾ ਅਸਾਨੀ ਨਾਲ ਸ਼ੋਸ਼ਣ ਕੀਤਾ ਜਾ ਸਕਦਾ ਹੈ। ਇਸ ਤਰਾਂ ਦੀ ਮੁਸ਼ਕਿਲ ਸਥਿਤੀ ਵਿਚ ਭਗਤ ਸਿੰਘ ਨੇ ਇਨ੍ਹਾਂ ਮਿੱਥਾਂ ਨੂੰ ਤੋੜਿਆ। ਉਸ ਬਾਰੇ ਕਿਹਾ ਜਾ ਸਕਦਾ ਹੈ, “ਖ਼ੰਜਰ ਚਲੇ ਕਿਸੀ ਪੇ, ਤੜਪਤੇ ਹੈਂ ਹਮ ਅਮੀਰ, ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ।”

ਭਗਤ ਸਿੰਘ ਚੇਤਨਾ ਭਰੀ ਜਿੰਦਗੀ ਜਿਉਂਣ ਵਿਚ ਯਕੀਨ ਰੱਖਦਾ ਸੀ ਅਤੇ ਅਗਰ ਜਰੂਰਤ ਪਵੇ ਤਾਂ ਉਹ ਇਸ ਲਈ ਆਪਣੀ ਜਾਨ ਕੁਰਬਾਨ ਕਰਨ ਨੂੰ ਵੀ ਤਿਆਰ ਸੀ ਤਾਂ ਕਿ ਆੳੇੁਣ ਵਾਲੇ ਸਮਿਆਂ ਲਈ ਕੋਈ ਮਜਬੂਤ ਨੀਂਹ ਰੱਖੀ ਜਾ ਸਕੇ।ਉਸ ਦਾ ਮੰਨਣਾ ਸੀ ਕਿ ਕਦੇ ਨਾ ਖਤਮ ਹੋਣ ਵਾਲੇ ਮਾਰਚ/ਜਲੂਸ ਅਤੇ ਸੱਤਿਆਗ੍ਰਹਿ ਜਿਨਾਂ ਵਿਚ ਦਾਰਸ਼ਨਿਕ ਸਪੱਸ਼ਟਤਾ ਦੀ ਘਾਟ ਹੋਵੇ, ਉਹ ਮਹਿਜ਼ ਲੋਕਾਂ ਦੀ ਊਰਜਾ ਖਤਮ ਕਰਕੇ ੳੇੁਨ੍ਹਾਂ ਨੂੰ ਥਕਾਉਂਦੇ ਹਨ। ਇਸੇ ਤਰਾਂ ਹੀ ਭਗਤ ਸਿੰਘ ਦੀ ਵਿਚਾਰਧਾਰਾ ਦੇ ਵਾਿਰਸ ਹੋਣ ਦਾ ਦਾਅਵਾ ਕਰਨ ਵਾਲੇ ਕਿਸਾਨ ਨੇਤਾ ਵੀ ਕਰ ਰਹੇ ਹਨ।ਵਿਅਕਤੀਗਤ ਹਿੰਸਾ ਦੀਆਂ ਘਟਨਾਵਾਂ ਦੀ ਬਜਾਇ ਸਾਮਰਾਜਵਾਦੀ ਸੱਤਾ ਨੂੰ ਉਖਾੜਨ ਲਈ ਲੋਕਾਂ ਦੀ ਤਾਕਤ ਵਿਚ ਯਕੀਨ ਜਿਹੇ ਰਾਜਨੀਤਿਕ ਬਦਲਾਅ ਨੇ ਹੀ ਭਗਤ ਸਿੰਘ ਨੂੰ ਮੁੱਦੇ ਉਠਾਉਣ ਲਈ ਸੰਸਦ ਮੈਂਬਰਾਂ ਦੀ ਚੇਤਨਾ ਜਗਾਉਣ ਅਤੇ ਕਾਨੂੰਨੀ ਕਾਰਵਾਈ ਵਰਗੀਆਂ ਗਤੀਵਿਧੀਆਂ ਕਰਨ ਲਈ ਮਜਬੂਰ ਕੀਤਾ।ਉਸ ਨੇ ਅਦਾਲਤ ਵਿਚ ਕਰਤਾਰ ਸਿੰਘ ਸਰਾਭਾ ਦਾ ਹਵਾਲਾ ਦਿੰਦੇ ਹੋਏ ਪੁਰਜ਼ੋਰ ਸ਼ਬਦਾਂ ਵਿਚ ਆਪਣੇ ਵਿਚਾਰ ਰੱਖੇ:

ਜੋ ਕੋਈ ਪੂਛੇ ਕਿ ਕੌਨ ਹੋ ਤੁਮ, ਤੋ ਕਹਿ ਦੋ ਬਾਗੀ ਹੈਂ ਨਾਮ ਅਪਨਾ
ਜ਼ੁਲਮ ਮਿਟਾਨਾ ਹਮਾਰਾ ਪੇਸ਼ਾ, ਗਦਰ ਕਾ ਕਰਨਾ ਹੈ ਕਾਮ ਅਪਨਾ

ਸੂਤਰਾਂ ਦੇ ਮੁਤਾਬਿਕ ਭਗਤ ਸਿੰਘ ਨੇ ਜੇਲ ਵਿਚ ਚਾਰ ਵਿਸ਼ੇਸ਼ ਲੇਖ ਲਿਖੇ, ਪਰ ਇਹਨਾਂ ਵਿਚੋਂ ਜਿਆਦਾਤਰ ਹਵਾਲੇ ਹਨ ਜੋ ਉਸ ਨੇ ਆਪਣੀ ਨੋਟਬੁੱਕ ਵਿਚ ਦਰਜ ਕੀਤੇ।ਉਸ ਦਾ ਸਭ ਤੋਂ ਪ੍ਰਮੁੱਖ ਲੇਖ “ਮੈਂ ਨਾਸਤਿਕ ਕਿਉਂ ਹਾਂ?” ਹੈ।ਇਹ ਲਿਖਤ ਬੁਿਨਆਦੀ ਸੁਆਲ ਉਠਾਉਂਦੀ ਹੈ ਕਿ ਕਿਉਂ ਡਰ ਅਤੇ ਨਿਰਾਸ਼ਾ ਦੀ ਭਾਵਨਾ ਵਿਚ ਲੋਕ ਕਿਸੇ ਦੈਵੀ ਰੋਸ਼ਨੀ ਜਾਂ ਸ਼ਕਤੀ ਵੱਲ ਝੁਕ ਜਾਂਦੇ ਹਨ ਜਾਂ ਆਪਣੇ ਵਿਸ਼ਵਾਸਾਂ ਦੇ ਪਿੱਛੇ ਲੁਕ ਜਾਂਦੇ ਹਨ ਅਤੇ ਆਪਣੀ ਸਵੈ-ਸ਼ਕਤੀ ਤੋਂ ਕਿਨਾਰਾ ਕਰ ਲੈਂਦੇ ਹਨ।ਇਸ ਖਿੱਤੇ ਵਿਚ ਮੱਧ-ਯੁੱਗ ਤੋਂ ਹੀ ਮਿੱਥਕ ਸੰਕਲਪਾਂ ਦੀ ਹੌਂਦ ਰਹੀ ਹੈ ਜਿਸ ਨੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚ ਜਕੜ ਰੱਖਿਆ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਭਗਤ ਸਿੰਘ ਬਰਟਰੈਂਡ ਰਸਲ ਦੇ ਲੇਖ “ਮੈਂ ਈਸਾਈ ਕਿਉਂ ਹਾਂ?” ਤੋਂ ਪ੍ਰੇਰਣਾ ਲੈਂਦਾ ਹੈ।ਉਸ ਸਮੇਂ ਯੂਰੋਪ ਵਿਚ ਈਸਾਈ ਧਰਮ ਬਹੁਤ ਤਾਕਤਵਰ ਸੀ ਜਿਸ ਦਾ ਲੋਕਾਂ ਦੇ ਨਿੱਜੀ ਅਤੇ ਰਾਜਨੀਤਿਕ ਵਿਚਾਰਾਂ ਉੱਪਰ ਵੀ ਕਬਜਾ ਸੀ।ਇਸ ਦੀ ਤਰਜ਼ ਤੇ ਹੀ ਭਗਤ ਸਿੰਘ ਦੈਵੀ ਭਾਵਨਾ ਅਤੇ ਵਹਿਮਾਂ-ਭਰਮਾਂ ਬਾਰੇ ਸੁਆਲ ਉਠਾਉਂਦਾ ਹੈ ਅਤੇ ਪੱੁਛਦਾ ਹੈ ਕਿ ਦੈਵੀ ਮੰਨੇ ਜਾਣ ਵਾਲੇ ਪ੍ਰਚਲਿਤ ਵਿਚਾਰਾਂ ਨੂੰ ਮੌਜੂਦਾ ਸਮੇਂ ਵਿਚ ਸੁਆਲਾਂ ਦੇ ਘੇਰੇ ਵਿਚ ਕਿਉਂ ਨਹੀਂ ਲਿਆਂਦਾ ਜਾ ਸਕਦਾ? ਉਸ ਨ ਅਲੌਕਿਕ ਰਸਤੇ ਉੱਪਰ ਵੀ ਇਹ ਕਹਿੰਦੇ ਹੋਏ ਸੁਆਲ ਉਠਾਏ ਕਿ ਰੋਸ਼ਨੀ ਦੀਆਂ ਸਖ਼ਸ਼ੀਅਤਾਂ ਪ੍ਰਤੀ ਸਰੋਕਾਰ ਰੱਖਣ ਦੀ ਬਜਾਇ ਲੋਕਾਂ ਨੂੰ ਆਪਣੇ ਆਪ ਨੂੰ ਚੇਤੰਨ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।ਆਪਣੀ ਨਾਸਤਕਿਤਾ ਦੇ ਰਾਹੀ ਉਹ ਇਹ ਵਿਚਾਰ ਪੇਸ਼ ਕਰਨਾ ਚਾਹੁੰਦਾ ਸੀ ਕਿ ਪੂਜਾ ਅਤੇ ਡਰ ਉਦੋਂ ਪੈਦਾ ਹੁੰਦੇ ਹਨ ਜੋ ਵਿਅਕਤੀ ਦੀ ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਉਸ ਨੇ ਇਹ ਵੀ ਕਿਹਾ ਕਿ ਰੱਬ ਦੀ ਹੌਂਦ ਵੀ ਡਰ ਦੀ ਹੌਂਦ ਕਰਕੇ ਹੀ ਹੈ।ਉਸ ਦਾ ਮੰਨਣਾ ਸੀ ਕਿ ਧਰਮ ਅੰਧਵਿਸ਼ਵਾਸੀ ਸ਼ਕਤੀ ਦੀ ਪੂਜਾ ਹੈ ਖ਼ਾਸ ਕਰਕੇ ਇਸ ਵਿਚ ਨਿੱਜੀ ਦੇੇਵਤੇ ਵੀ ਸ਼ਾਮਿਲ ਹੁੰਦੇ ਹਨ।ਪਰ ਆਪਣੀ ਇਸ ਲਿਖਤ ਵਿਚ ਉਸ ਨੇ ਸਿੱਖ ਵਿਚਾਰਧਾਰਾ ਬਾਰੇ ਕੋਈ ਵਿਚਾਰ ਪ੍ਰਸਤੁਤ ਨਹੀਂ ਕੀਤਾ। ਉਸ ਦਾ ਮੱੁਖ ਧਿਆਨ ਅੰਧਵਿਸ਼ਵਾਸੀ ਰਵੱਈਏ ਅਤੇ ਲੋਕਾਂ ਦੁਆਰਾ ਡਰ ਨਾਲ ਜੂਝਣ ਵੱਲ ਹੈ।

ਭਗਤ ਸਿੰਘ ਦਾ ਮੰਨਣਾ ਸੀ ਕਿ ਰੱਬ ਸਿਰਫ ਡਰ ਵਿਚ ਹੀ ਮਹੱਤਵਪੂਰਨ ਹੈ ।ਜਿਸ ਤਰਾਂ ਇਕ ਹੀਰੇ ਨੂੰ ਰਗੜ ਤੋਂ ਬਿਨਾਂ ਨਹੀਂ ਲਿਸ਼ਕਾਇਆ ਜਾ ਸਕਦਾ, ਮਨੁੱਖ ਵੀ ਮੁਸੀਬਤਾਂ ਹੰਢਾਏ ਬਗੈਰ ਸੰਪੂਰਣ ਨਹੀਂ ਹੋ ਸਕਦਾ।ਉਸ ਨੇ ਧਰਮ ਨੂੰ ਅਲੌਕਿਕ ਹੌਂਦ ਨਾਲ ਜੋੜਿਆ।ਇਹ ਲੋਕਾਂ ਨੂੰ ਇਕ ਥਾਂ ਇਕੱਠੇ ਲੈ ਕੇ ਆਉਣ ਅਤੇ ਅਜ਼ਾਦੀ ਲਈ ਉਨ੍ਹਾਂ ਦੀ ਚਾਹ ਦੇ ਰਾਹ ਵਿਚ ਰੁਕਾਵਟ ਬਣਦਾ ਹੈ।ਉਸ ਦਾ ਮੰਨਣਾ ਸੀ ਧਰਮ ਮਨੁੱਖ ਨੂੰ ਵਿਅਕਤੀਗਤ ਰੂਪ ਵਿਚ ਕਮਜ਼ੋਰ ਕਰ ਦਿੰਦਾ ਹੈ ਕਿਉਂ ਕਿ ਇਸ ਵਿਚ ਇਕ ਕਾਲਪਨਿਕ ਸ਼ਕਤੀ ਸਾਹਮਣੇ ਸਮਰਪਣ ਸ਼ਾਮਿਲ ਹੁੰਦਾ ਹੈ ਜੋ ਕਿ ਉਸ ਦੇ ਸਵੈ-ਵਿਸ਼ਵਾਸ ਦੀ ਕਮੀ ਪੈਦਾ ਕਰਦਾ ਹੈ।ਰੱਬ ਅਤੇ ਉਸ ਦੀ ਹੌਂਦ ਨੂੰ ਲੈ ਕੇ ਉਸ ਦੇ ਸੁਆਲ ਦਾਰਸ਼ਨਿਕ ਸਨ ਜਿਸ ਵਿਚ ਉਸ ਨੇ ਬਰਟਰੈਂਡ ਰਸਲ ਦੇ ਲੇਖ ਅਤੇ ਆਪਣੇ ਸਮੇਂ ਦੇ ਧਾਰਮਿਕ ਝਗੜਿਆਂ ਤੋਂ ਸੇਧ ਲਈ।ਫਾਂਸੀ ਦਾ ਰੱਸਾ ਚੁੰਮਣ ਤੱਕ ਉਹ ਆਪਣੇ ਵਿਚਾਰਾਂ ਲਈ ਦਿ੍ਰੜਤਾ ਨਾਲ ਖੜਿਆ। ਨਾਸਤਿਕਤਾ ਬਾਰੇ ਉਸ ਦੇ ਵਿਚਾਰ ਬਹੁਤ ਪ੍ਰਚਲਿਤ ਹੋਏ ਕਿਉਂਕਿ ਉਸ ਦਾ ਰੱਬ ਦੀ ਹੌਂਦ ਨੂੰ ਅਸਵੀਕਾਰ ਕਰਨਾ ਉਸ ਸਮੇਂ ਆਇਆ ਜਦੋਂ ਪੂਰਾ ਖਿੱਤਾ ਹੀ ਅੰਧਵਿਸ਼ਵਾਸਾਂ ਨਾਲ ਭਰਪੂਰ ਧਾਰਮਿਕ ਝਗੜਿਆਂ ਵਿਚ ਫਸਿਆ ਹੋਇਆ ਸੀ ਅਤੇ ੳੇੁਸ ਸਮੇਂ ਰੱਬ ਅਤੇ ਧਰਮ ਬਾਰੇ ਇਸ ਤਰਾਂ ਗੱਲ ਕਰਨੀ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਸੀ।ਉਸ ਦੀ ਮੌਤ ਦੇ ਲਗਭਗ ਸੌ ਸਾਲਾਂ ਬਾਅਦ ਵੀ ਭਾਰਤ ਉਸ ਦੀ ਵਿਰਾਸਤ ਨੂੰ ਯਾਦ ਕਰਦਾ ਹੈ, ਪਰ ਇਹ ਮਹਿਜ਼ ਰਸਮੀ ਰੂਪ ਵਿਚ ਕੀਤਾ ਜਾਂਦਾ ਹੈ ਕਿਉਂਕਿ ਅੰਧਵਿਸ਼ਵਾਸ ਅਤੇ ਧਾਰਮਿਕ ਝਗੜੇ ਅਜੇ ਵੀ ਉਸੇ ਤਰਾਂ ਮੌਜੂਦ ਹਨ ਅਤੇ ਉਸ ਦੀ ਵਿਰਾਸਤ ਦੇ ਕਥਿਤ ਦਾਅਵੇਦਾਰ ਆਪਣੇ ਸਵਾਰਥੀ ਰਾਜਨੀਤਿਕ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਉਸ ਦੀ ਵਿਚਾਰਧਾਰਾ ਦੀ ਮਾਲਾ ਫੇਰਦੇ ਹਨ।ਭਗਤ ਸਿੰਘ ਦੀ ਵਿਚਾਰਧਾਰਾ ਦੇ ਵਿਰਾਸਤੀ ਦਾਅਵੇਦਾਰ ਸਿੱਖ ਸੰਘਰਸ਼ ਸਮੇਂ ਮੂਕ ਦਰਸ਼ਕ ਬਣੇ ਰਹੇ ਜਦੋਂ ਕਿ ਉਸ ਦਾ ਮੰਨਣਾ ਸੀ:

ਇਸ ਕਦਰ ਵਾਕਿਫ਼ ਹੈ ਮੇਰੀ ਕਲਮ ਮੇਰੇ ਜਜ਼ਬਾਤੋਂ ਸੇ
ਅਗਰ ਮੈਂ ਇਸ਼ਕ ਲਿਖਨਾ ਬੀ ਚਾਹੂੰ ਤੋਂ ਇਨਕਲਾਬ ਲਿਖਾ ਜਾਤਾ ਹੈ