ਸਮੁੱਚੇ ਭਾਰਤ ਦੀ ਜਨਤਾ ਨੂੰ ਕਰੋਨਾ ਮਾਹਮਾਰੀ ਦੇ ਦੂਜੇ ਹੱਲੇ ਨੇ ਵੱਡੀ ਪੱਧਰ ਤੇ ਹਾਲੋ ਬੇਹਾਲ ਕਰ ਦਿੱਤਾ ਹੈੈ। ਸਰਕਾਰੀ ਅੰਕੜਿਆਂ ਅਨੁਸਾਰ ਬੇਸ਼ੱਕ ਹਰ ਰੋਜ਼ ਸਾਢੇ ਤਿੰਨ ਲੱਖ ਤੋਂ ਜਿਆਦਾ ਕਰੋਨਾ ਦੇ ਕੇਸ ਆ ਰਹੇ ਹਨ ਪਰ ਦੇਸ਼ ਵਿੱਚ ਵਸਣ ਵਾਲੇ ਜਾਣਦੇ ਹਨ ਕਿ ਅਸਲ ਗਿਣਤੀ ਇਸਤੋਂ ਕਿਤੇ ਜਿਆਦਾ ਹੈੈ। ਮੌਤਾਂ ਦੀ ਗਿਣਤੀ ਦਾ ਵੀ ਇਹੋ ਹਾਲ ਹੈੈੈ। ਬੇਸ਼ੱਕ ਭਾਰਤ ਸਰਕਾਰ ਦੇ ਸਰਕਾਰੀ ਅੰਕੜਿਆਂ ਅਨੁਸਾਰ ਹਰ ਰੋਜ਼ 3 ਹਜਾਰ ਤੋਂ ਜਿਆਦਾ ਮੌਤਾਂ ਹੋ ਰਹੀਆਂ ਹਨ ਪਰ, ਅਰੰਨਧੰਤੀ ਰਾਏ ਅਨੁਸਾਰ ਕਰੋਨਾ ਕੇਸਾਂ ਅਤੇ ਮੌਤਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ 30 ਗੁਣਾਂ ਜਿਆਦਾ ਹੋਣ ਦੀ ਸੰਭਾਵਨਾ ਹੈੈ।

ਵੱਡੀ ਪੱਧਰ ਤੇ ਫੈਲ ਰਹੀ ਇਸ ਬਿਮਾਰੀ ਨੇ ਭਾਰਤ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਿਹਤ ਪਰਬੰਧ ਨੂੰ ਹਿਲਾ ਕੇ ਰੱਖ ਦਿੱਤਾ ਹੈੈ। ਹਰ ਪਾਸੇ ਆਪਣਿਆਂ ਨੂੰ ਬਚਾਉਣ ਦੀ ਦੌੜ ਲੱਗੀ ਹੋਈ ਹੈੈ। ਕੋਈ ਆਕਸੀਜਨ ਦਾ ਪਰਬੰਧ ਕਰ ਰਿਹਾ ਹੈ, ਕੋਈ ਦਵਾਈ ਦਾ, ਕੋਈ ਟੀਕੇ ਦਾ ਅਤੇ ਕੋਈ ਹਸਪਤਾਲ ਵਿੱਚ ਇੱਕ ਬੈਡ ਨਸੀਬ ਹੋ ਜਾਣ ਨੂੰ ਹੀ ਆਪਣੀ ਖੁਸ਼ਕਿਸਮਤੀ ਸਮਝ ਰਿਹਾ ਹੈੈ। ਹੈਰਾਨੀ ਦੀ ਗੱਲ ਹੈ ਕਿ ਦਵਾਈਆਂ ਜਾਂ ਗੰਭੀਰ ਬੀਮਾਰ ਮਰੀਜ਼ਾਂ ਲਈ ਵਰਤੇ ਜਾਂਦੇ ਬੈਡਾਂ ਦੀ ਕਮੀ ਤਾਂ ਸਾਹਮਣੇ ਆ ਹੀ ਰਹੀ ਸੀ ਹੁਣ ਤਾਂ ਇਨਸਾਨਾਂ ਦੇ ਸਾਹ ਲੈਣ ਲਈ ਆਕਸੀਜ਼ਨ ਦੀ ਵੀ ਵੱਡੀ ਪੱਧਰ ਤੇ ਕਮੀ ਮਹਿਸੂਸ ਹੋਣ ਲੱਗ ਪਈ ਹੈੈੈ। ਦੁਨੀਆਂ ਭਰ ਦੇ ਮੁਲਕ ਭਾਰਤ ਨੂੰ ਇਸ ਦੁਖ ਦੀ ਘੜੀ ਆਕਸੀਜ਼ਨ, ਆਕਸੀਜ਼ਨ ਮਸ਼ੀਨਾਂ, ਦਵਾਈਆਂ ਅਤੇ ਹੋਰ ਸਮੱਗਰੀ ਭੇਜ ਰਹੇ ਹਨ।

ਆਮ ਲੋਕਾਂ ਦੀ ਦਰਦਨਾਕ ਹਾਲਤ ਬਾਰੇ ਕੌਮਾਂਤਰੀ ਮੀਡੀਆ ਵਿੱਚ ਭਾਰਤ ਸਰਕਾਰ ਦੀ ਵੱਡੀ ਆਲੋਚਨਾ ਹੋ ਰਹੀ ਹੈੈ। ਕਈ ਅਖਬਾਰਾਂ ਨੇ ਤਾਂ ਦੇਸ਼ ਦੇ ਨਾਗਰਿਕਾਂ ਦੀ ਇਸ ਦਰਦਨਾਕ ਹਾਲਤ ਲਈ ਮੁਲਕ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਦੋਸ਼ੀ ਠਹਿਰਾਇਆ ਹੈੈ। ਉਨ੍ਹਾਂ ਵੱਲੋਂ ਅੱਤ ਦਰਦਨਾਕ ਸਮੇਂ ਵੀ ਚੋਣ ਰੈਲੀਆਂ ਵੱਲ ਰਚਿਤ ਹੋਣਾਂ ਅਤੇ ਕੁੰਭ ਮੇਲੇ ਨੂੰ ਬਿਨਾ ਰੋਕ ਟੋਕ ਚਲਣ ਦੇਣ ਵਰਗੇ ਦੋਸ਼ ਨਰਿੰਦਰ ਮੋਦੀ ਉੱਤੇ ਲੱਗ ਰਹੇ ਹਨ।

ਅਸੀਂ ਸਮਝਦੇ ਹਾਂ ਕਿ ਕਰੋਨਾ ਮਾਹਮਾਰੀ ਦੇ ਦੂਜੇ ਹਮਲੇ ਨੇ ਭਾਰਤ ਦੇ ਪਿਛਲੇ 70 ਸਾਲਾਂ ਦੇ ਵਿਕਾਸ ਪਰਬੰਧ ਨੂੰ ਬੇਪਰਦ ਕੀਤਾ ਹੈੈੈ। ਵਰਤਮਾਨ ਦੇ ਸੰਕਟ ਲਈ ਮਹਿਜ ਨਰਿੰਦਰ ਮੋਦੀ ਹੀ ਜਿੰਮੇਵਾਰ ਨਹੀ ਹੈ ਬਲਕਿ ਸਮੇਂ ਸਮੇਂ ਤੇ ਦੇਸ਼ ਨੂੰ ਬਚਾਉਣ ਦਾ ਨਾਅਰਾ ਦੇ ਕੇ ਭਾਰਤ ਦੀ ਸੱਤਾ ਤੇ ਬਿਰਾਜਮਾਨ ਹੋਏ ਹਰ ਸਿਆਸੀ ਨੇਤਾ ਦੀ ਜਿੰਮੇਵਾਰੀ ਦੇਸ਼ ਨੂੰ ਇਸ ਹਾਲਤ ਵਿੱਚ ਪਹੁੰਚਾਉਣ ਦੀ ਬਣਦੀ ਹੈੈ। 70 ਸਾਲਾਂ ਦੌਰਾਨ ਜੇ ਦੇਸ਼ ਦੇ ਗਰੀਬ ਨਾਗਰਿਕਾਂ ਦੀ ਕਿਸੇ ਨੇ ਅਵਾਜ਼ ਸੁਣੀ ਹੁੰਦੀ, ਉਨ੍ਹਾਂ ਨੂੰ ਇਨਸਾਨ ਸਮਝਕੇ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਦੇਸ਼ ਦੇ ਸਮਾਜਕ ਢਾਂਚੇ ਨੂੰ ਤਰਜੀਹ ਦਿੱਤੀ ਹੁੰਦੀ ਤਾਂ ਅੱਜ ਕਰੋਨਾ ਮਾਹਮਾਰੀ ਦੇ ਜਿਸ ਹਮਲੇ ਨੇ ਭਾਰਤ ਦੇ ਸਾਰੇ ਪਰਬੰਧ ਨੂੰ ਤਾਰ ਤਾਰ ਕਰ ਦਿੱਤਾ ਹੈ ਉਹ ਨਹੀ ਸੀ ਹੋਣਾਂ।

ਇਹ ਗੱਲ ਨਹੀ ਹੈ ਕਿ ਕਰੋਨਾ ਨੇ ਸਿਰਫ ਭਾਰਤ ਤੇ ਹੀ ਵੱਡਾ ਹਮਲਾ ਕੀਤਾ ਹੈੈ। ਇਸ ਤੋਂ ਪਹਿਲਾਂ ਅਸੀਂ, ਇਟਲੀ, ਸਪੇਨ,ਜਰਮਨ, ਫਰਾਂਸ, ਨੀਦਰਲੈਂਡ, ਇੰਗਲੈਂਡ ਅਤੇ ਅਮਰੀਕਾ ਦਾ ਵੀ ਅਜਿਹਾ ਹਾਲ ਹੁੰਦਾ ਦੇਖ ਚੁੱਕੇ ਹਾਂ। ਇਨ੍ਹਾਂ ਮੁਲਕਾਂ ਦੇ ਸਿਹਤ ਪਰਬੰਧ ਅਤੇ ਸਿਆਸੀ ਪਰਬੰਧ ਵੀ ਕਰੋਨਾ ਮਾਹਮਾਰੀ ਦੇ ਵੱਡੇ ਹਮਲੇ ਦੀ ਮਾਰ ਹੇਠ ਆ ਚੁੱਕੇ ਹਨ। ਪਰ ਇਨ੍ਹਾਂ ਮੁਲਕਾਂ ਨੇ ਜੋ ਮਨੁੱਖਤਾ ਪੱਖੀ ਢਾਂਚਾ ਪਿਛਲੇ 70 ਸਾਲਾਂ ਦੌਰਾਨ ਉਸਾਰ ਲਿਆ ਸੀ ਉਹ ਇਸ ਹਮਲੇ ਦੀ ਮਾਰ ਸਹਿ ਕੇ ਦੁਬਾਰਾ ਉੱਠਣ ਜੋਗਾ ਹੋ ਗਿਆ ਹੈੈ।

ਕਰੋਨਾ ਨਾਲ ਜੰਗ ਦੌਰਾਨ ਇਨ੍ਹਾਂ ਮੁਲਕਾਂ ਨੇ ਕੇਵਲ ਸਿਹਤ ਸਹੂਲਤਾਂ ਵੱਲ ਹੀ ਧਿਆਨ ਨਹੀ ਦਿੱਤਾ ਬਲਕਿ, ਲੋਕਾਂ ਨੂੰ ਘਰੇ ਬੈਠਿਆਂ ਤਨਖਾਹਾਂ ਦਿੱਤੀਆਂ, ਵਪਾਰੀਆਂ ਨੂੰ ਵੱਡੀ ਸਹਾਇਤਾ ਰਾਸ਼ੀ ਵੰਡੀ ਗਈ, ਗਰੀਬਾਂ ਲਈ ਖਾਣੇ ਦੇ ਵਿਸ਼ੇਸ਼ ਪਰਬੰਧ ਕੀਤੇ ਗਏ, ਇੱਥੋਂ ਤੱਕ ਕਿ ਲੋਕ ਭਲਾਈ ਸੰਸਥਾਵਾਂ ਨੂੰ ਵੀ ਵੱਡੀ ਰਾਸ਼ੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਤਾਂ ਕਿ ਉਹ ਵੀ ਆਪਣੇ ਸੇਵਾ ਕਾਰਜ ਜਾਰੀ ਰੱਖ ਸਕਣ।

ਇਹ ਇੱਕ ਬਹੁ-ਪੱਖੀ ਜੰਗ ਸੀ ਜਿਸ ਵਿੱਚ ਸਾਰੇ ਮੋਰਚਿਆਂ ਤੇ ਲੜਾਈ ਲੜਨ ਦੀ ਲੋੜ ਸੀ। ਪਰ ਭਾਰਤ ਦਾ ਦੁਖਾਂਤ ਇਹ ਰਿਹਾ ਕਿ ਇਸਦੇ ਰਾਜਸੀ ਨੇਤਾਵਾਂ ਨੂੰ ਦੇਸ਼ ਨਾਲ ਪਿਆਰ ਨਹੀ ਹੈੈੈ। ਉਹ ਦੇਸ਼ ਨੂੰ ਆਪਣੀ ਰਖੇਲ ਸਮਝਦੇ ਹਨ। ਦੇਸ਼ ਨੂੰ ਆਪਣੀ ਮਾਂ ਨਹੀ। ਉਨ੍ਹਾਂ ਵਿੱਚ ਦੇਸ਼ ਲਈ ਆਪ, ਆਪਣੀ ਜਾਨ ਵਾਰਨ ਦਾ ਜਜਬਾ ਨਹੀ ਹੈ ਬਲਕਿ ਉਹ ਹਾਕਮ ਬਣਕੇ ਲੋਕਾਂ ਨੂੰ ਦੇਸ਼ ਲਈ ਮਰਨ ਖਾਤਰ ਉਕਸਾਉਂਦੇ ਹਨ। ਜਦੋਂ ਦੇਸ਼ ਲਈ ਆਪਾ ਵਾਰਨ ਦਾ ਜਜਬਾ ਨਾ ਹੋਵੇ ਤਾਂ ਕਰੋਨਾ ਵਰਗੀਆਂ ਬੀਮਾਰੀਆਂ ਸਾਰੇ ਕਿੰਗਰੇ ਢਹਿ ਢੇਰੀ ਕਰ ਹੀ ਦਿੰਦੀਆਂ ਹਨ।

ਆਓ ਉਨ੍ਹਾਂ ਕਰੋੜਾਂ ਗਰੀਬ ਲੋਕਾਂ ਲਈ ਅਰਦਾਸ ਕਰੀਏ ਜੋ ਸਿਰਫ ਰੱਬ ਉੱਤੇ ਆਸ ਰੱਖ ਕੇ ਕਰੋਨਾ ਨਾਲ ਜੰਗ ਲੜ ਰਹੇ ਹਨ।