ਹਰ ਕੌਮ ਦੇ ਆਪਣੇ ਸੂਰਬੀਰ ਅਤੇ ਸ਼ਹੀਦ ਹੁੰਦੇ ਹਨ। ਹਰ ਕੌਮ ਆਪਣੇ ਸੂਰਬੀਰਾਂ ਅਤੇ ਸ਼ਹੀਦਾਂ ਨੂੰ ਹੱਦੋਂ ਵੱਧ ਸਤਿਕਾਰ ਦੇਂਦੀ ਹੈ। ਕੌਮਾਂ ਦੇ ਇਤਿਹਾਸ ਵਿੱਚ ਕੁਝ ਸੂਰਬੀਰ ਅਤੇ ਸ਼ਹੀਦ ਅਜਿਹੇ ਹੁੰਦੇ ਹਨ ਜੋ ਕੌਮ ਦੀ ਅੱਖ ਦੇ ਤਾਰੇ ਬਣ ਜਾਂਦੇ ਹਨ। ਬੇਸ਼ੱਕ ਸਾਰੇ ਸ਼ਹੀਦਾਂ ਅਤੇ ਸੂਰਬੀਰਾਂ ਨੇ ਇੱਕੋ ਸਾਂਝੇ ਨਿਸ਼ਾਨੇ ਲਈ ਆਪਣਾਂ ਲਹੂ ਡੋਲ਼੍ਹਿਆ ਹੁੰਦਾ ਹੈ ਪਰ ਇਹ ਅਕਸਰ ਹੁੰਦਾ ਹੈ ਕਿ ਕੁਝ ਸ਼ਹੀਦ ਅਤੇ ਸੂਰਬੀਰ ਕੌਮ ਦੀ ਹਸਤੀ ਦਾ ਧੁਰਾ ਬਣ ਜਾਂਦੇ ਹਨ।

ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਕਿਹਰ ਸਿੰਘ ਅਤੇ ਸ਼ਹੀਦ ਭਾਈ ਸਤਵੰਤ ਸਿੰਘ ੨੦ਵੀਂ ਸਦੀ ਦੀ ਸਿੱਖ ਲਹਿਰ ਦੇ ਅਜਿਹੇ ਅਣਮੁੱਲੇ ਸ਼ਹੀਦ ਹਨ ਜਿਨ੍ਹਾਂ ਨੂੰ ਕੌਮ ਆਪਣੇ ਸੰਘਰਸ਼ ਦੇ ਕੇਂਦਰੀ ਧੁਰੇ ਵੱਜੋਂ ਦੇਖਦੀ ਹੈ। ਜਿਸ ਵੇਲੇ ਸਿੱਖ ਕੌਮ ਆਪਣੇ ਜਮਹੂਰੀ ਹਾਕਮਾਂ ਦੇ ਹਮਲੇ ਦਾ ਸ਼ਿਕਾਰ ਹੋ ਕੇ ਮਾਨਸਿਕ ਅਤੇ ਸਰੀਰਕ ਅਧੀਨਗੀ ਦੀ ਹਾਲਤ ਵਿੱਚ ਵਿਚਰ ਰਹੀ ਸੀ ਉਸ ਵੇਲੇ ਇਨ੍ਹਾਂ ਤਿੰਨਾਂ ਸੂਰਬੀਰਾਂ ਦੇ ਕਾਰਨਾਮੇ ਨੇ ਸਿੱਖ ਕੌਮ ਨੂੰ ਇੱਕ ਜੇਤੂ ਅੰਦਾਜ਼ ਵਿੱਚ ਫਤਹਿ ਹਾਸਲ ਕਰਨ ਦਾ ਸੰਦੇਸ਼ ਦਿੱਤਾ ਸੀ। ਕੌਮ ਦੇ ਦੁਸ਼ਮਣ ਦੇ ਘਰ ਵਿੱਚ ਰਹਿੰਦੇ ਹੋਏ ਇਨ੍ਹਾਂ ਸੂਰਬੀਰਾਂ ਨੇ, ਆਪਣੇ ਸੁਨਹਿਰੇ ਭਵਿੱਖ ਨੂੰ ਨਕਾਰ ਕੇ ਆਪਣੀ ਕੌਮ ਨਾਲ ਖੜ੍ਹਨ ਦਾ ਸੁਚੇਤ ਫੈਸਲਾ ਲਿਆ। ਉਹ ਕਿਸੇ ਦੀ ਚੁੱਕ ਵਿੱਚ ਨਹੀ ਆਏ ਨਾ ਹੀ ਕਿਸੇ ਨੇ ਉਨ੍ਹਾਂ ਨੂੰ ਭੜਕਾਇਆ ਬਲਕਿ ਦਸਮੇ ਪਾਤਸ਼ਾਹ ਨੇ ਉਨ੍ਹਾਂ ਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ ਅਤੇ ਉਹ ਆਪਣੇ ਜਿੰਮੇ ਲੱਗੀ ਡਿਊਟੀ ਨਿਭਾ ਗਏ।

ਭਾਈ ਬੇਅੰਤ ਸਿੰਘ, ਭਾਈ ਕਿਹਰ ਸਿੰਘ ਅਤੇ ਭਾਈ ਸਤਵੰਤ ਸਿੰਘ ਦੀ ਅਦੁੱਤੀ ਕੁਰਬਾਨੀ ਨੂੰ ਸਿੱਖ ਇਤਿਹਾਸ ਦੇ ਸੰਦਰਭ ਵਿੱਚ ਦੇਖਿਆ ਜਾਣਾਂ ਚਾਹੀਦਾ ਹੈ।

ਆਪਣੇ ਜੀਵਨ ਕਾਲ ਦੌਰਾਨ ਛੇਵੇਂ ਪਾਤਸ਼ਾਹ ਅਤੇ ਦਸਮੇਂ ਪਾਤਸ਼ਾਹ ਨੇ ਜੋ ਜੰਗਾਂ ਲੜੀਆਂ ਉਨ੍ਹਾਂ ਵਿੱਚ ਕੋਈ ਵੀ ਹਮਲਾਵਰ ਜੰਗ ਨਹੀ ਸੀ। ਹਰ ਜੰਗ ਆਪਣੇ ਉਤੇ ਹੋਏ ਹਮਲੇ ਦਾ ਜਵਾਬ ਹੀ ਸੀ। ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੌਰਾਨ ਕਿਸੇ ਤੇ ਵੀ ਆਪ ਹਮਲਾ ਨਹੀ ਕੀਤਾ। ਸਿਰਫ ਆਪਣੇ ਬਚਾਅ ਲਈ ਹੀ ਜੰਗ ਲੜੀ ਕਿਉਂਕਿ ਗੁਰੂ ਸਾਹਿਬ ਜਿਸ ਵੱਡੀ ਸੇਵਾ ਨੂੰ ਨਿਭਾਉਣ ਆਏ ਸਨ ਉਸ ਵਿੱਚ ਹਮਲਾਵਰ ਹੋਣ ਦਾ ਸਵਾਲ ਹੀ ਪੈਦਾ ਨਹੀ ਸੀ ਹੁੰਦਾ। ਹਮਲਾਵਰ ਹੋਣ ਦੀ ਜਿੰਮੇਵਾਰੀ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸੌਂਪੀ।

ਇਸੇ ਲਈ ਜੂਨ ੧੯੮੪ ਅਤੇ ਅਕਤੂਬਰ ੧੯੮੪ ਦੀ ਜੰਗ ਅਤੇ ਕਾਰਨਾਮੇ ਵੀ ਕੌਮ ਵੱਲੋਂ ਹਮਲਾਵਰ ਬਣਕੇ ਆਏ ਦੁਸ਼ਮਣ ਦਾ ਟਾਕਰਾ ਕਰਨ ਦੇ ਸੰਦਰਭ ਵਿੱਚ ਹੀ ਸਮਝੇ ਜਾ ਸਕਦੇ ਹਨ। ਦੋਵੇਂ ਵਕਤ ਸਿੱਖ ਆਪਣੇ ਗੁਰੂ ਸਾਹਿਬ ਵੱਲੋਂ ਚਲਾਈ ਰੀਤ ਦਾ ਹੀ ਪਾਲਣ ਕਰ ਰਹੇ ਸਨ। ਜੂਨ ੧੯੮੪ ਵੇਲੇ ਵੀ ਅਤੇ ਅਕਤੂਬਰ ੧੯੮੪ ਵੇਲੇ ਵੀ।

ਸਮੇਂ ਦੇ ਹਾਕਮ ਨੇ ਸਿੱਖ ਕੌਮ ਤੇ ਹਮਲਾ ਕਰ ਦਿੱਤਾ ਸੀ। ਪਹਿਲ ਦੁਸ਼ਮਣ ਕਰ ਗਿਆ ਸੀ। ਜੂਨ ਦਾ ਘੱਲੂਘਾਰਾ ਵੀ ਆਪਣੀ ਰੱਖਿਆ ਲਈ ਸੀ ਅਤੇ ਅਕਤੂਬਰ ੧੯੮੪ ਦਾ ਕਾਰਨਾਮਾ ਵੀ ਹਮਲਾਵਰ ਹੋਏ ਦੁਸ਼ਮਣ ਨੂੰ ਉਸਦੀ ਬਣਦੀ ਸਜ਼ਾ ਦੇਣ ਦੀ ਕਾਰਵਾਈ ਸੀ।

ਇਸ ਕਾਰਵਾਈ ਵਿੱਚ ਭਾਈ ਕਿਹਰ ਸਿੰਘ ਦੀ ਸੱਚੀ ਅਤੇ ਸੁੱਚੀ ਰਹਿਨੁਮਾਈ ਅਤੇ ਪ੍ਰੇਰਨਾ ਕੌਮੀ ਦੁਸ਼ਮਣ ਨੂੰ ਸਜ਼ਾ ਦੇਣ ਦਾ ਸਬੱਬ ਬਣੀ।

ਆਮ ਤੌਰ ਤੇ ਸਿੱਖ ਪਰਚਾਰਕ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਦੇ ਯਤਨ ਨੂੰ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਦੇ ਮਹਾਨ ਕਾਰਨਾਮੇ ਨਾਲ ਜੋੜ ਕੇ ਪੇਸ਼ ਕਰਦੇ ਹਨ। ਅਸੀਂ ਸਮਝਦੇ ਹਾਂ ਕਿ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਦਾ ਕਾਰਨਾਮਾ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨਾਲੋਂ ਵੀ ਜਿਆਦਾ ਕਠਿਨ ਸੀ। ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਦੇ ਸਾਹਮਣੇ ਅਜਿਹਾ ਦੁਸ਼ਮਣ ਸੀ ਜੋ ਦੂਰੀ ਤੇ ਖੜ੍ਹਾ ਸੀ। ਜਿਸ ਨਾਲ ਉਨ੍ਹਾਂ ਦਾ ਕੋਈ ਸਮਾਜਕ ਰਿਸ਼ਤਾ ਨਹੀ ਸੀ। ਪਰ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਉਸ ਪਰਿਵਾਰ ਦੇ ਬਹੁਤ ਨੇੜੇ ਸਨ। ਜਾਂ ਕਹਿ ਲਓ ਕਿ ਪਰਿਵਾਰ ਦਾ ਹਿੱਸਾ ਹੀ ਬਣੇ ਹੋਏ ਸਨ।

ਇਸ ਸਥਿਤੀ ਵਿੱਚ ਅਜਿਹਾ ਫੈਸਲਾ ਲੈਣਾਂ ਜੋ ਉਨ੍ਹਾਂ ਨੇ ਲਿਆ ਉਹ ਬਹੁਤ ਕਠਿਨ ਅਤੇ ਵੱਡੇ ਜਿਗਰੇ ਵਾਲਾ ਸੀ। ਤਿੰਨ ਸਾਲ ਪਹਿਲਾਂ ਰਾਹੁਲ ਗਾਂਧੀ ਨੇ ਇੱਕ ਬਿਆਨ ਵਿੱਚ ਆਖਿਆ ਸੀ ਕਿ ਬੇਅੰਤ ਸਿੰਘ ਨਾਲ ਉਸਦਾ ਬਹੁਤ ਨਿੱਘਾ ਰਿਸ਼ਤਾ ਸੀ। ਉਹ ਅਕਸਰ ਰਾਹੁਲ ਨੂੰ ਗੋਦੀ ਵਿੱਚ ਲੈ ਕੇ ਖਿਡਾਉਂਦਾ ਹੁੰਦਾ ਸੀ।

ਅਜਿਹੀ ਹਾਲਤ ਵਿੱਚ ਕੌਮੀ ਦੁਸ਼ਮਣ ਨੂੰ ਸਜ਼ਾ ਦੇਣੀ ਸੱਚਮੁੱਚ ਹੀ ਬਹੁਤ ਦਲੇਰਾਨਾ ਅਤੇ ਕਠਿਨ ਕਾਰਨਾਮਾ ਸੀ। ਇਸੇ ਲਈ ਭਾਈ ਬੇਅੰਤ ਸਿੰਘ, ਭਾਈ ਕਿਹਰ ਸਿੰਘ ਅਤੇ ਭਾਈ ਸਤਵੰਤ ਸਿੰਘ ਦਾ ਮਹਾਨ ਕਾਰਨਾਮਾ ਯੁਗਾਂ-ਯੁਗਾਂ ਤੱਕ ਯਾਦ ਰੱਖਿਆ ਜਾਵੇਗਾ ਅਤੇ ਸਿੱਖ ਕੌਮ ਉਨ੍ਹਾਂ ਨੂੰ ਪ੍ਰਣਾਮ ਕਰਦੀ ਰਹੇਗੀ।