ਪੰਜਾਬ ਵਿੱਚ ਹੁਣੇ ਜਿਹੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਪਟਿਆਲੇ ਵਾਲੀ ਸੀਟ ਕੈਪਟਨ ਅਮਰਿੰਦਰ ਸਿੰਘ ਦੀ ਸੁਪਤਨੀ ਬੀਬੀ ਪਰਨੀਤ ਕੌਰ ਨੇ ਜਿੱਤ ਲਈ ਹੈ ਅਤੇ ਤਲਵੰਡੀ ਸਾਬੋ ਵਾਲੀ ਵਕਾਰੀ ਸੀਟ ਤੇ ਅਕਾਲੀ ਦਲ ਦੇ ਜੀਤਮਹਿੰਦਰ ਸਿੰਘ ਸਿੱਧੂ ਨੇ ਆਪਣਾਂ ਕਬਜਾ ਬਰਕਰਾਰ ਰੱਖਿਆ ਹੈ। ਇਸ ਸਾਲ ਜਨਵਰੀ ਵਿੱਚ ਪੰਜਾਬ ਵਿੱਚ ਪੈਰ ਲਾਉਣ ਵਾਲੀ ਪਾਰਟੀ, ਆਮ ਆਦਮੀ ਪਾਰਟੀ ਨੂੰ ਪਟਿਆਲੇ ਵਿੱਚ ਵੱਡੀ ਹਾਰ ਦਾ ਸਾਹਮਣਾਂ ਕਰਨਾ ਪਿਆ ਹੈ ਅਤੇ ਤਲਵੰਡੀ ਸਾਬੋ ਵਿੱਚ ਉਸਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਲਗਭਗ ੧੪ ਹਜਾਰ ਵੋਟਾਂ ਹਾਸਲ ਹੋਈਆਂ ਹਨ। ਬੀਬੀ ਬਲਜਿੰਦਰ ਕੌਰ ਨੂੰ ਪਈ ਵੋਟ ਲੋਕ ਸਭਾ ਚੋਣਾਂ ਦੌਰਾਨ ਤਲਵੰਡੀ ਸਾਬੋ ਹਲਕੇ ਤੋਂ ਪਈਆਂ ਵੋਟਾਂ ਜਿੰਨੀ ਹੀ ਹੈ। ਲੋਕ ਸਭਾ ਚੋਣਾਂ ਦੌਰਾਨ ਜੱਸੀ ਜਸਰਾਜ ਨੂੰ ਇਸ ਹਲਕੇ ਵਿੱਚੋਂ ੧੫ ਹਜਾਰ ਵੋਟ ਪਈ ਸੀ। ਖੈਰ ਮਾਲਵੇ ਵਿੱਚ ‘ਆਪ’ ਨੇ ਆਪਣੀ ਪਹਿਚਾਣ ਬਰਕਰਾਰ ਰੱਖੀ ਹੈ। ਲੋਕ ਸਭਾ ਚੋਣਾਂ ਦੌਰਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਖਡੂਰ ਸਾਹਿਬ ਹਲਕੇ ਤੋਂ ਲਗਭਗ ੧੪ ਹਜਾਰ ਵੋਟ ਪਈ ਸੀ ਬੀਬੀ ਬਲਜਿੰਦਰ ਕੌਰ ਨੂੰ ਓਨੀ ਵੋਟ ਇੱਕ ਵਿਧਾਨ ਸਭਾ ਹਲਕੇ ਵਿੱਚੋਂ ਹੀ ਪੈ ਗਈ ਹੈ।

ਦੋ ਜ਼ਿਮਨੀ ਚੋਣਾਂ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਕੁਝ ਚੱਕਵੇਂ ਜਿਹੇ ਆਗੂਆਂ ਨੇ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਦੇ ਅਸਤੀਫੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਕੁਝ ਹੋਰ ਥਾਵਾਂ ਤੇ ਵੀ ਰਵਾਇਤੀ ਰਾਜਨੀਤੀਵਾਨਾਂ ਵਾਲੀਆਂ ਕਨਸੋਆਂ ਸੁਣਨ ਨੂੰ ਮਿਲ ਰਹੀਆਂ ਹਨ। ਅਜਿਹੀਆਂ ਕਨਸੋਆਂ ਪਾਰਟੀ ਦੇ ਏਜੰਡੇ ਬਾਰੇ ਅਤੇ ਪਾਰਟੀ ਦੀ ਵਿਚਾਰਧਾਰਾ ਬਾਰੇ ਜਿਲ਼੍ਹਾ ਪੱਧਰੀ ਅਤੇ ਸਟੇਟ ਪੱਧਰੀ ਆਗੂਆਂ ਦੀ ਪੇਤਲੀ ਪਹੁੰਚ ਦਾ ਸਿੱਟਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਵਿੱਚ ਜਿਹੜੇ ਲੋਕ ਸ਼ਾਮਲ ਹੋਏ ਹਨ ਅਸਲ ਵਿੱਚ ਉਹ ਕਿਸੇ ਵਿਚਾਰਧਾਰਕ ਤਬਦੀਲੀ ਵਿੱਚੋਂ ਨਹੀ ਬਲਕਿ ਕੱਪੜੇ ਬਦਲਣ ਵਰਗੀ ਸੌਖੀ ਜਿਹੀ ਰਵਾਇਤ ਵਾਂਗ ‘ਆਪ’ ਵਿੱਚ ਆ ਗਏ ਹਨ। ਉਨ੍ਹਾਂ ਨੁੰ ਲਗਦਾ ਹੈ ਕਿ ਇਸ ਨਵੀਂ ਪਾਰਟੀ ਵਿੱਚ ਸ਼ਾਮਲ ਹੋ ਕੇ ਉਹ ਸ਼ਾਰਟ ਕੱਟ ਨਾਲ ਨੇਤਾ ਬਣ ਸਕਦੇ ਹਨ। ਉਨ੍ਹਾਂ ਨੇ ਸਿਰਫ ਟੋਪੀ ਪਾਈ ਹੈ ਆਪਣੀ ਮੱਤ ਵਿੱਚ ਤਬਦੀਲੀ ਨਹੀ ਕੀਤੀ। ਉਨ੍ਹਾਂ ਦੀ ਸੋਚ ਵਿੱਚ ਕੋਈ ਤਬਦੀਲੀ ਨਹੀ ਆਈ। ਉਹ ਇਸ ਪਾਰਟੀ ਨੂੰ ਵੀ ਅਕਾਲੀਆਂ,ਕਾਂਗਰਸੀਆਂ ਅਤੇ ਕਾਮਰੇਡਾਂ ਵਾਲੀ ਪਹੁੰਚ ਨਾਲ ਚਲਾਉਣ ਦੀ ਇੱਛਾ ਰੱਖ ਰਹੇ ਹਨ।

ਪੰਜਾਬ ਦੇ ਮਾਲਵਾ ਖਿੱਤੇ ਵਿੱਚੋਂ Ḕਆਪḙ ਵਿੱਚ ਜੋ ਭਰਤੀ ਹੋਈ ਹੈ ਉਹ ਸਾਬਕਾ ਅਤੇ ਹਾਰੇ ਹੋਏ ਕਾਮਰੇਡਾਂ ਦੀ ਭਰਤੀ ਹੋਈ ਹੈ। ਜਿਨ੍ਹਾਂ ਨੇ ਪ੍ਰੋ. ਕਿਸ਼ਨ ਸਿੰਘ ਦੇ ਕਹੇ ਅਨੁਸਾਰ ਇਨਕਲਾਬ ਦੇ ਨੁਸਖੇ ਘੋਲ ਕੇ ਪੀਤੇ ਹੋਏ ਹਨ ਅਤੇ ਸਾਰੀ ਉਮਰ ਉਨ੍ਹਾਂ ਕੁਝ ਕੁ ਨੁਸਖਿਆਂ ਦੀ ਨੀਮ ਹਕੀਮੀ ਨੂੰ ਹੀ ਰਾਜਨੀਤੀ ਅਤੇ ਸੱਭਿਆਚਾਰਕ ਇਨਕਲਾਬ ਆਖ ਕੇ ਆਪਣੀਆਂ ਨਿੱਜੀ ਖੁਸ਼ੀਆਂ ਪ੍ਰਾਪਤ ਕਰਦੇ ਰਹੇ ਹਨ। ਇੱਕ ਮੂਲ਼ੋਂ ਹੀ ਹਾਰੀ ਹੋਈ ਧਿਰ ਨੂੰ Ḕਆਪḙ ਇੱਕ ਰੱਬੋਂ ਆਈ ਨਿਅਮਤ ਵਾਂਗ ਮਿਲੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਅਤੀਤ ਤੋਂ ਖਹਿੜਾ ਛੁਡਾਉਣ ਦਾ ਮੌਕਾ ਮਿਲ ਗਿਆ ਹੈ। ਸਿਆਸੀ ਤੌਰ ਤੇ ਕਾਮਰੇਡੀ ਦੇ ਭੂਤ ਤੋਂ ਖਹਿੜਾ ਛੁਡਾ ਕੇ ਆਏ ਇਹ ਵੀਰ ਉਸ ਵਿਚਾਰਧਾਰਾ ਦੀਆਂ ਸੀਮਤਾਈਆਂ ਤੋਂ ਮੁਕਤ ਨਹੀ ਹੋ ਰਹੇ।

ਇਸੇ ਲਈ ਤਲਵੰਡੀ ਸਾਬੋ ਹਲਕੇ ਤੋਂ ਪ੍ਰੋ. ਬਲਜਿੰਦਰ ਕੌਰ ਦੇ ਨਾਅ ਦਾ ਐਲਾਨ ਹੁੰਦੇ ਸਾਰ ਹੀ ਉਨ੍ਹਾਂ ਨੇ ਬੀਬੀ ਖਿਲਾਫ ਬਿਆਨ ਦੇਣ ਅਤੇ ਉਸਦੀ ਹਾਰ ਨੂੰ ਸੰਭਵ ਬਣਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਸਨ। ਸਿਰਫ ਇਸ ਕਰਕੇ ਕਿ ਪ੍ਰੋ. ਬਲਜਿੰਦਰ ਕੌਰ ਪੰਥਕ ਪਰਿਵਾਰ ਨਾਲ ਸਬੰਧ ਰੱਖਦੇ ਹਨ। ਹੁਣ ਜਿਹੜੇ ਸੱਜਣ ਪਿਛਲੇ ੩੦ ਸਾਲਾਂ ਦੌਰਾਨ ਭਾਰਤੀ ਸਟੇਟ ਦੇ ਟਾਊਟ ਬਣਕੇ ਵਿਚਰੇ ਹੋਣ, ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੇ ਕਤਲੇਆਮ ਲਈ ਆਪਣਾ ਵਿਚਾਰਧਾਰਕ ਅਤੇ ਬੌਧਿਕ ਦਸਵੰਧ ਕੱਢਿਆ ਹੋਵੇ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਹਨ ਕਿ ਪ੍ਰੋ. ਬਲਜਿੰਦਰ ਕੌਰ ਵਰਗੀ ਪੰਥਕ ਪਰਿਵਾਰ ਨਾਲ ਸਬੰਧਿਤ ਬੀਬੀ ਨੂੰ Ḕਆਪḙ ਵੱਲ਼ੋਂ ਟਿਕਟ ਮਿਲ ਜਾਵੇ। ਇਨ੍ਹਾਂ ਵੀਰਾਂ ਨੇ ਚੋਲਾ ਤਾਂ ਬਦਲ ਲਿਆ ਪਰ ਵਿਚਾਰਧਾਰਕ ਤੌਰ ਤੇ ਸਿੱਖ ਦੁਸ਼ਮਣੀ ਵਾਲੇ ਪੈਂਤੜੇ ਤੇ ਹੀ ਖੜ੍ਹੇ ਹਨ।

ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿੱਪ ਜਿਨ੍ਹਾਂ ਵਿੱਚ ਅਰਵਿੰਦ ਕੇਜਰੀਵਾਲ, ਯੋਗਿੰਦਰ ਯਾਦਵ, ਸੁਨੀਲ ਸ਼ਸ਼ੋਧੀਆ ਪ੍ਰਸ਼ਾਂਤ ਭੂਸ਼ਣ ਸ਼ਾਮਲ ਹਨ ਪਾਰਟੀ ਦੀ ਵਿਚਾਰਧਾਰਾ ਬਾਰੇ ਜਿਸ ਪੁਜੀਸ਼ਨ ਤੇ ਖੜੇ ਹਨ ਉਹ ਪੰਜਾਬ ਦੇ ਕਾਮਰੇਡਾਂ ਦੀ ਪਹੁੰਚ ਨਾਲ਼ੋਂ ਬਿਲਕੁਲ ਵੱਖਰੀ ਹੈ। ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਬਣਦਿਆਂ ਹੀ ਨਵੰਬਰ ੧੯੮੪ ਦੇ ਸਿੱਖ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤਾ ਅਤੇ ਪ੍ਰ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫੀ ਦਾ ਮਤਾ ਵੀ ਪੇਸ਼ ਕਰ ਦਿੱਤਾ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਯੋਗਿੰਦਰ ਯਾਦਵ ਨੇ ਸੀ.ਐਨ.ਐਨ. ਨਾਲ ਗਲਬਾਤ ਕਰਦਿਆਂ ਆਖਿਆ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਹੋਏ ਸਾਰੇ ਪੁਲਿਸ ਮੁਕਾਬਲਿਆਂ ਦੀ ਅਦਾਲਤੀ ਕਮਿਸ਼ਨ ਰਾਹੀਂ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ।

ਹੁਣ ਇਸ ਵਿਚਾਰਧਾਰਾ ਦੇ ਸਾਹਮਣੇ ਸਰਕਾਰ ਦੀ ਮਦਦ ਕਰਕੇ ਤਗਮੇ ਹਾਸਲ ਕਰਨ ਵਾਲੇ ਪੰਜਾਬ ਦੇ ਕਾਮਰੇਡ ਵੀਰ ਕਿੱਥੇ ਖੜ੍ਹਨਗੇ ਇਸ ਬਾਰੇ ਕੁਝ ਨਹੀ ਪਤਾ। ਇੱਕ ਵਿਚਾਰਧਾਰਕ ਜਥੇਬੰਦੀ ਨੂੰ ਇਹ ਫੌਰੀ ਪਤਾ ਕਰਨਾ ਚਾਹੀਦਾ ਹੈ ਕਿ ਉਸਦਾ ਕੇਡਰ ਕਿੱਥੇ ਖੜ੍ਹਾ ਹੈ ਅਤੇ ਉਸਨੂੰ ਕਿੱਥੇ ਖੜ੍ਹਨਾ ਚਾਹੀਦਾ ਹੈ। Ḕਆਪḙ ਦੀ ਕੇਂਦਰੀ ਲੀਡਰਸ਼ਿੱਪ ਨੂੰ ਇਸ ਬਾਰੇ ਆਪਣੇ ਕੇਡਰ ਨੂੰ ਕੈਂਪ ਲਾਕੇ ਆਪਣੀ ਸੋਚ ਬਾਰੇ ਸਪਸ਼ਟ ਕਰਨਾ ਚਾਹੀਦਾ ਹੈ। ਨਹੀ ਤਾਂ ਪਾਰਟੀ ਵਿੱਚ ਆਪਾਧਾਪੀ ਪੈ ਜਾਵੇਗੀ। ਜਿਸ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਬਾਅਦ ਫਰੀਦਕੋਟ ਦੇ ਸੰਸਦ ਮੈਂਬਰ ਨੇ ਆਪਣੀ ਜਿੰਮੇਵਾਰੀ ਤੋਂ ਬਾਹਰ ਜਾਕੇ ਜਿਲ਼੍ਹਾ ਇਕਾਈ ਨੂੰ ਭੰਗ ਕਰਨ ਦਾ ਫੈਸਲਾ ਲਿਆ,ਵਿਚਾਰਧਾਰਾ ਦੀ ਸਪਸ਼ਟਤਾ ਤੋਂ ਬਿਨਾ ਅਜਿਹੇ ਸੰਕਟ ਲਗਾਤਾਰ ਪੈਦਾ ਹੁੰਦੇ ਰਹਿਣਗੇ।

ਦੂਜੀ ਗੱਲ ਵੀ ਵਿਚਾਰਧਾਰਾ ਨਾਲ ਹੀ ਸਬੰਧਿਤ ਹੈ। ਪਾਰਟੀ ਦੀ ਲੀਡਰਸ਼ਿੱਪ ਅਤੇ ਕੇਡਰ ਵਿੱਚ ਵਿਚਾਰਧਾਰਾ ਦੀ ਸਪਸ਼ਟਤਾ ਇੱਕੋ ਜਿਹੀ ਹੋਣੀ ਚਾਹੀਦੀ ਹੈ। ਪਾਰਟੀ ਦਾ ਸਹਾਰਾ ਲੈਕੇ ਘਟੀਆ ਕਿਸਮ ਦੀ ਸਿਆਸੀ ਚਾਵਾਂ ਦੀ ਪ੍ਰਾਪਤੀ ਲਈ ਮੈਦਾਨ ਵਿੱਚ ਨਿੱਤਰੇ ਸੱਜਣਾਂ ਨੂੰ ਪਾਰਟੀ ਦੇ ਨੁਮਾਇੰਦੇ ਦੇ ਤੌਰ ਤੇ ਪੇਸ਼ ਨਹੀ ਕੀਤਾ ਜਾਣਾਂ ਚਾਹੀਦਾ। ਵਿਚਾਰਧਾਰਾ ਦੇ ਮਾਮਲੇ ਵਿੱਚ ਉਪਰ ਤੋਂ ਥੱਲੇ ਤੱਕ ਸਪਸ਼ਟਤਾ ਹੋਣੀ ਚਾਹੀਦੀ ਹੈ। ਨਹੀ ਤਾਂ ਪਾਰਟੀ ਅਕਾਲੀਆਂ ਅਤੇ ਕਾਂਗਰਸੀਆਂ ਵਾਂਗ ਰਵਾਇਤੀ ਗਰੁੱਪ ਬਣਕੇ ਹੀ ਰਹਿ ਜਾਵੇਗੀ।

ਜਿਨ੍ਹਾਂ ਸੱਜਣਾਂ ਨੇ ੧੯੯੨ ਦੀਆਂ ਪੰਜਾਬ ਚੋਣਾਂ ਦਾ ਬਾਈਕਾਟ ਕਰਵਾਇਆ ਸੀ ਉਨ੍ਹਾਂ ਦਾ ਵੀ ਤਰਕ ਏਹੀ ਸੀ ਕਿ ਜਿਹੜੇ ਉਮੀਦਵਾਰ ਖਾੜਕੂ ਲਹਿਰ ਦੇ ਨੁਮਾਇੰਦੇ ਬਣਕੇ ਮੈਦਾਨ ਵਿੱਚ ਨਿਤਰਨ ਦੀਆਂ ਤਿਆਰੀਆਂ ਕਰ ਰਹੇ ਸਨ ਉਨ੍ਹਾਂ ਦਾ ਲਹਿਰ ਦੇ ਅਕੀਦਿਆਂ ਅਤੇ ਵਿਚਾਰਧਾਰਾ ਨਾਲ ਨੇੜਲਾ ਸਬੰਧ ਵੀ ਨਹੀ ਸੀ। ਉਹ ਲਹਿਰ ਦੇ ਸਹਾਰੇ ਤੇ ਆਪਣੀ ਬੌਣੀ ਜਿਹੀ ਸ਼ਖਸ਼ੀਅਤ ਨੂੰ ਉਸਾਰਨ ਦੇ ਕਾਰਜ ਵਿੱਚ ਮਸਤ ਸਨ। ਲਹਿਰ ਦੇ ਨੁਮਾਇੰਦੇ ਅਜਿਹੇ ਹੋਣੇ ਚਾਹੀਦੇ ਸਨ ਜਿਹੜੇ ਕੌਮ ਦੇ ਸਿਧਾਂਤਾਂ ਲਈ ਹਜਾਰਾਂ ਸਲਤਨਤਾਂ ਨੂੰ ਲੱਤ ਮਾਰ ਦੇਣ ਦਾ ਜਿਗਰਾ ਅਤੇ ਵਿਚਾਰ ਰੱਖਦੇ ਹੋਣ ਜਿਨ੍ਹਾਂ ਲਈ ਸੱਤਾ ਪੈਰਾਂ ਵਿੱਚ ਪਾਈਆਂ ਜੁਰਾਬਾਂ ਤੋਂ ਵੱਧ ਕੁਝ ਨਾ ਹੋਵੇ। ਪਰ ਇਸ ਕਿਸਮ ਦੇ ਮਰਜੀਵੜੇ ਲਹਿਰ ਦੀ ਹੋਰ ਤਰ੍ਹਾਂ ਸੇਵਾ ਕਰ ਰਹੇ ਸਨ।

ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਸਿਧਾਂਤਕ ਸੰਕਟ ਵੀ ਇਹੋ ਹੀ ਹੈ। ਲੋਕ ਚੋਲੇ ਬਦਲਕੇ ਪਾਰਟੀ ਵਿੱਚ ਆ ਗਏ ਹਨ। ਪੰਜਾਬ ਦੇ ਦਰਦ ਦੀ ਲੋਅ ਉਨ੍ਹਾਂ ਵਿੱਚ ਕਦੇ ਪੈਦਾ ਹੀ ਨਹੀ ਹੋਈ। ਅਜਿਹੇ ਬੁਝੇ ਹੋਏ ਦੀਵੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੀ ਸਵਾਰ ਦੇਣਗੇ ਇਸ ਬਾਰੇ ਪਾਰਟੀ ਦੀ ਉ%ਚ ਲੀਡਰਸ਼ਿੱਪ ਨੂੰ ਸੋਚਣਾਂ ਚਾਹੀਦਾ ਹੈ।