ਪਿਛਲੇ ਸਮੇਂ ਦੌਰਾਨ ਪੰਜਾਬ ਵਾਸੀਆਂ ਖਾਸ ਕਰ ਸਿੱਖਾਂ ਨੇ ਰਵਾਇਤੀ ਰਾਜਸੀ ਨੇਤਾਵਾਂ ਤੋਂ ਆਪਣਾਂ ਖਹਿਰਾ ਛੁਡਾਉਣ ਦੇ ਮਨਸ਼ੇ ਨਾਲ ਦਿੱਲੀ ਵਿੱਚ ਉਭਰੀ ਇੱਕ ਹੋਰ ਪਾਰਟੀ ਵੱਲ ਆਪਣੀਆਂ ਮੁਹਾਰਾਂ ਮੋੜੀਆਂ ਸਨ। ਪੰਜਾਬ ਵਾਸੀਆਂ ਨੇ ਅਕਾਲੀ ਦਲ ਅਤੇ ਕਾਂਗਰਸ ਦੇ ਹੱਥੋਂ ਜਿੰਨੀ ਬੇਪਤੀ ਝੱਲ ਲਈ ਹੈ ਅਤੇ ਜਿੰਨੀ ਕੁ ਜਲਾਲਤ ਭੋਗ ਲਈ ਹੈ ਉਸਦੇ ਮੱਦੇਨਜ਼ਰ ਉਹ ਹਰ ਉਸ ਸ਼ਖਸ਼ ਅਤੇ ਪਾਰਟੀ ਤੇ ਭਰੋਸਾ ਕਰ ਲ਼ੈਂਦੇ ਹਨ ਜੋ ਉਨ੍ਹਾਂ ਨੂੰ ਅਕਾਲੀ ਦਲ ਅਤੇ ਕਾਂਗਰਸ ਦੇ ਜਾਬਰਾਨਾ ਰਾਜ ਤੋਂ ਖਹਿੜਾ ਛੁਡਾ ਦੇਵੇ।

ਆਮ ਆਦਮੀ ਪਾਰਟੀ ਨੂੰ ਵੀ ਪੰਜਾਬ ਵਾਸੀਆਂ ਅਤੇ ਖਾਸ ਕਰਕੇ ਸਿੱਖਾਂ ਨੇ ਇਸੇ ਲਈ ਹੁੰਗਾਰਾ ਦਿੱਤਾ ਸੀ ਕਿਉਂਕਿ ਉਹ ਨਿੱਤ ਦਿਨ ਦੇ ਮਾਨਸਕ ਤਸ਼ੱਦਦ ਤੋਂ ਤੰਗ ਆ ਚੁੱਕੇ ਹੋਏ ਸਨ। ਸਾਲਾਂ ਬੱਧੀ ਆਰਥਕ ਤੰਗੀਆਂ ਝੱਲਦੇ ਝੱਲਦੇ ਹੋਏ ਇਨ੍ਹਾਂ ਲੋਕਾਂ ਦੀ ਜਿੰਦਗੀ ਹੁਣ ਇਹ ਬਣ ਗਈ ਸੀ ਕਿ ਉਨ੍ਹਾਂ ਦਾ ਪਵਿੱਤਰ ਗਰੰਥ ਵੀ ਪੰਜਾਬ ਵਿੱਚ ਸੁਰੱਖਿਅਤ ਨਹੀ ਸੀ ਰਿਹਾ। ਸਿੱਖ ਲਈ ਆਪਣੇ ਗੁਰੂ ਸਾਹਿਬ ਤੋਂ ਜਿਆਦਾ ਕੁਝ ਵੀ ਪਿਆਰਾ ਨਹੀ ਹੋ ਸਕਦਾ। ਸੋ, ਜਦੋਂ ਪੰਜਾਬ ਦੇ ਸੱਤਾਧਾਰੀਆਂ ਦੀ ਨਜ਼ਰ ਹੇਠ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਲੱਗੀ ਤਾਂ ਫਿਰ ਉਨ੍ਹਾਂ ਲੋਕਾਂ ਨੇ ਆਮ ਆਦਮੀ ਪਾਰਟੀ ਵੱਲ ਰੁਖ ਕਰ ਲਿਆ।

ਪਰ ਹੁਣ ਆਮ ਆਦਮੀ ਪਾਰਟੀ ਦੀਆਂ ਵਜੂਦ ਸਮੋਈਆਂ ਕਮਜ਼ੋਰੀਆਂ ਦੇ ਸਾਹਮਣੇ ਆ ਜਾਣ ਨਾਲ ਸਿੱਖਾਂ ਦਾ ਇਸ ਪਾਰਟੀ ਤੋਂ ਵੀ ਮਨ ਭਰ ਗਿਆ ਹੈ। ਜਿੰਨੀ ਤੇਜ਼ੀ ਨਾਲ ਇਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਅਪਣਾਇਆ ਸੀ ਓਨੀ ਤੇਜ਼ੀ ਨਾਲ ਹੀ ਉਨ੍ਹਾਂ ਨੇ ਇਸ ਤੋਂ ਖਹਿੜਾ ਛੁਡਾਉਣ ਦੀ ਕਵਾਇਦ ਅਰੰਭ ਕਰ ਦਿੱਤੀ ਹੈ। ਪਾਰਟੀ ਦੇ ਅੰਦਰੂਨੀ ਸੰਕਟ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦਾ ਢਾਂਚਾ ਅਤੇ ਲੀਡਰਸ਼ਿੱਪ ਵੀ ਉਨ੍ਹਾਂ ਕਮਜ਼ੋਰੀਆਂ ਦਾ ਸ਼ਿਕਾਰ ਹਨ ਜਿਨ੍ਹਾਂ ਦਾ ਸ਼ਿਕਾਰ ਅਕਾਲੀ ਅਤੇ ਕਾਂਗਰਸੀ ਹਨ।

ਇਸੇ ਲਈ ਹੁਣ ਪੰਜਾਬ ਨੂੰ ਰਵਾਇਤੀ ਰਾਜਸੀ ਨੇਤਾਵਾਂ ਤੋਂ ਨਿਜਾਤ ਪਾਉਣ ਲਈ ਪੰਜਾਬ ਅਧਾਰਤ ਪਾਰਟੀ ਬਣਾਉਣ ਬਾਰੇ ਸੋਚਣਾਂ ਚਾਹੀਦਾ ਹੈ। ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਦੀ ਪਹਿਲ ਕਦਮੀ ਨਾਲ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦੇ ਸਫ ਵਲੇਟ੍ਹਣ ਦੀ ਤਿਆਰੀ ਹੋ ਗਈ ਹੈ ਪਰ ਜਿਸ ਕਿਸਮ ਦੀਆਂ ਉਮੀਦਾਂ ਪੰਜਾਬ ਵਾਸੀਆਂ ਨੂੰ ਹਨ ਉਸ ਕਿਸਮ ਦੀਆਂ ਉਮੀਦਾਂ ਤੇ ਖਰੀ ਉਤਰਨ ਵਾਲੀ ਪਾਏਦਾਰ ਲੀਡਰਸ਼ਿੱਪ ਵਾਲੀ ਰਾਜਸੀ ਪਾਰਟੀ ਹਾਲੇ ਪੰਜਾਬ ਵਿੱਚ ਨਜ਼ਰ ਨਹੀ ਆ ਰਹੀ।

ਵੈਸੇ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਵਿੱਚ ਇਹ ਯੋਗਤਾ ਹੈ ਕਿ ਉਹ ਪੰਜਾਬ ਪੱਧਰ ਤੇ ਕੋਈ ਅਜਿਹਾ ਢਾਂਚਾ ਖੜ੍ਹਾ ਕਰ ਸਕਦੇ ਹਨ ਜੋ ਥੋੜੇ ਖੇਤਰ ਵਿੱਚੋਂ ਆਪਣੀ ਸਰਗਰਮੀ ਅਰੰਭ ਕਰਕੇ ਹੌਲੀ ਹੌਲੀ ਅੱਗੇ ਵਧ ਸਕਦਾ ਹੈ।

ਪੰਜਾਬ ਨੂੰ ਜਿਸ ਕਿਸਮ ਦੇ ਰਾਜਸੀ ਬਦਲ ਦੀ ਲੋੜ ਹੈ ਉਸਦਾ ਕੇਂਦਰੀ ਨੁਕਤਾ ਸਿੱਖ ਪੀੜ ਹੋਣੀ ਚਾਹੀਦੀ ਹੈ। ਪਿਛਲੇ ੫੦ ਸਾਲਾਂ ਦੌਰਾਨ ਸਿੱਖਾਂ ਨੇ ਜੋ ਦਰਦ ਹੰਢਾਇਆ ਹੈ। ਭਾਰਤੀ ਸਟੇਟ ਵੱਲ਼ੋਂ ਸਿੱਖਾਂ ਦੇ ਖਿਲਾਫ ਜੋ ਜੰਗ ਲੜੀ ਗਈ ਉਸ ਜੰਗ ਦੌਰਾਨ ਹੋਈਆਂ ਜਿਆਦਤੀਆਂ ਦਾ ਇਨਸਾਫ ਲੈਣ ਦੀ ਪੀੜ ਪੰਜਾਬ ਅਧਾਰਤ ਪਾਰਟੀ ਦੇ ਮਨ ਵਿੱਚ ਹੋਣੀ ਚਾਹੀਦੀ ਹੈ।

ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਸਮੇਂ ਦੌਰਾਨ ਉਸ ਪੀੜ ਨੂੰ ਅਵਾਜ਼ ਦੇਣ ਦੀ ਵਾਰ ਵਾਰ ਕੋਸ਼ਿਸ਼ ਕੀਤੀ ਹੈ। ਪੰਜਾਬ ਵਿੱਚ ਝੁਲਾਈ ਗਈ ਜੁਲਮ ਦੀ ਹਨੇਰੀ ਦੌਰਾਨ ਜਿਨ੍ਹਾਂ ਲੋਕਾਂ ਨੇ ਜਾਲਮਾਂ ਵਾਲੀ ਭੂਮਿਕਾ ਨਿਭਾਈ, ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਖਿਲਾਫ ਜੁਅਰਤ ਨਾਲ ਅਵਾਜ਼ ਉਠਾਈ। ਸ਼ਾਇਦ ਇਹ ਜੁਅਰਤ ਹੀ ਉਨ੍ਹਾਂ ਦਾ ਸਿਆਸੀ ਕਤਲ ਕਰਨ ਦੀ ਕੋਸ਼ਿਸ਼ ਦਾ ਕਾਰਨ ਬਣੀ ਹੋਵੇ।

ਪਰ ਪੰਜਾਬ ਦੇ ਦੁਖਦੇ ਮਨਾਂ ਨੂੰ ਠੱਲ਼੍ਹ ਪਾਉਣ ਲਈ ਅਜਿਹੇ ਢਾਂਚੇ ਦੀ ਬਹੁਤ ਵੱਡੀ ਜਰੂਰਤ ਹੈ ਜੋ ਸਿੱਖੀ ਦੇ ਦਰਦ ਨੂੰ ਕੇਂਦਰ ਵਿੱਚ ਰੱਖ ਕੇ ਰਾਜਨੀਤੀ ਕਰਨ ਦੀ ਇੱਛਾ ਰੱਖਦਾ ਹੋਵੇ।