ਜਾਣੇ ਮਾਣੇ ਇਤਿਹਾਸਕਾਰ ਫਰੈਂਕ ਸਨੋਡਨ ਦੇ ਅਨੁਸਾਰ ਮੌਜੂਦਾ ਕੋਵਿਡ-੧੯ ਮਹਾਮਾਰੀ ਅਜਿਹੀ ਮਹਾਮਾਰੀ ਹੈ ਜਿਸ ਨੂੰ ਵਿਸ਼ਵੀਕਰਨ ਦੀ ਪਹਿਲੀ ਮਹਾਮਾਰੀ ਮੰਨਿਆ ਗਿਆ ਹੈ।ਪਰ ਜਿਸ ਤਰਾਂ ਇਹ ਹੁਣ ਦੇ ਸਮਾਜਿਕ ਢਾਂਚੇ ਅਤੇ ਜਨਤਕ ਸਿਹਤ ਪ੍ਰਬੰਧ ਦੀਆਂ ਪਰਤਾਂ ਖੋਲਦੀ ਹੈ, ਉਸ ਸੰਦਰਭ ਵਿਚ ਇਸ ਦੀਆਂ ਬੀਤੇ ਦੀਆਂ ਮਹਾਮਾਰੀਆਂ ਨਾਲ ਕਾਫੀ ਸਮਾਨਤਾਵਾਂ ਹਨ।ਆਪਣੀ ਹਾਲੀਆ ਪੁਸਤਕ “ਮਹਾਮਾਰੀਆਂ ਅਤੇ ਸਮਾਜ” (ਐਪੀਡੇਮਿਕਸ ਐਂਡ ਸੋਸਾਇਟੀ) ਵਿਚ ਸਨੋਡਨ ਲਿਖਦਾ ਹੈ ਕਿ ਮਹਾਮਾਰੀਆਂ ਕੋਈ ਬੇਤਰਤੀਬ ਘਟਨਾਵਾਂ ਨਹੀਂ ਹਨ ਜੋ ਕਿ ਆਪਣੀ ਹੀ ਤਰੰਗ ਅਤੇ ਬਿਨਾਂ ਚੇਤਾਵਨੀ ਦੇ ਸਮਾਜ ਨੂੰ ਪ੍ਰਭਾਵਿਤ ਕਰਦੀਆਂ ਹਨ। ਹਰ ਸਮਾਜ ਆਪਣੀਆਂ ਖਾਸ ਕਮਜੋਰੀਆਂ ਪੈਦਾ ਕਰਦਾ ਹੈ ਅਤੇ ਉਹਨਾਂ ਦਾ ਅਧਿਐਨ ਕਰਨਾ ਸਮਾਜ ਦੇ ਢਾਂਚੇ, ਇਸ ਦੇ ਰਹਿਣ-ਸਹਿਣ ਅਤੇ ਰਾਜਨੀਤਿਕ ਪ੍ਰਾਥਮਿਕਤਾ ਨੂੰ ਸਮਝਣਾ ਹੈ।ਉਸ ਨੇ ਸਦੀਆਂ ਤੋਂ ਮਨੁੱਖ ਦਾ ਲਾਗ ਦੀਆਂ ਬਿਮਾਰੀਆਂ ਨਾਲ ਸੰਘਰਸ਼ ਨੂੰ ਚਿਤਰਿਤ ਕੀਤਾ ਹੈ।

ਹਰ ਮਹਾਮਾਰੀ ਦੀ ਇਕ ਖਾਸ ਵਿਸ਼ੇਸ਼ਤਾ ਹੁੰਦੀ ਹੈ ਅਤੇ ਹਰ ਮਹਾਮਾਰੀ ਸਮਾਜ ਅਤੇ ਰਾਸ਼ਟਰ ਦੇ ਕਮਜੋਰ ਬਿੰਦੂਆਂ ਨੂੰ ਉਜਾਗਰ ਕਰਦੀ ਹੈ।ਇਸ ਤਰਾਂ ਦੀਆਂ ਮਹਾਮਾਰੀਆਂ ਬਹੁਤ ਹੀ ਗਹਿਰੇ ਰੂਪ ਵਿਚ ਇਤਿਹਾਸ ਨੂੰ ਅਕਾਰ ਦਿੰਦੀਆਂ ਹਨ।ਬੁਬੋਨਿਕ ਪਲੇਗ ਨੇ ਯੂਰੋਪ ਵਿਚ ਜਨਤਕ ਸਿਹਤ ਦੇ ਖੇਤਰ ਨੂੰ ਰੂਪ ਪ੍ਰਦਾਨ ਕੀਤਾ।ਉਨੀਵੀਂ ਸਦੀ ਵਿਚ ਇੰਗਲੈਂਡ ਵਿਚ ਹੈਜੇ ਦੀ ਬਿਮਾਰੀ ਦੇ ਫੈਲਾਅ ਸਮੇਂ ਇਕ ਅੰਗਰੇਜ਼ ਐਡਵਿਨ ਚੈਡਵਿਕ ਨੇ ਪੂਰੇ ਦੇਸ਼ ਵਿਚ ਸਫਾਈ ਪ੍ਰਬੰਧ ਨੂੰ ਮੁੜ ਵਿਵਸਥਿਤ ਕੀਤਾ।ਹੈਤੀ ਵਿਚ ਪੀਲੇ ਬੁਖ਼ਾਰ ਦਾ ਪ੍ਰਕੋਪ ਅਜ਼ਾਦੀ ਦੀ ਕ੍ਰਾਂਤੀ ਲੈ ਕੇ ਆਇਆ।ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੀਆਂ ਮਹਾਮਾਰੀਆਂ ਦੇ ਪ੍ਰਕੋਪ ਨੂੰ ਰੋਕਣ ਲਈ ਰਾਜ/ਸਟੇਟ ਦੁਆਰਾ ਵੱਡੇ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਕਿਤੇ ਵੀ ਮਹਾਮਾਰੀਆਂ ਨੇ ਤਾਨਾਸ਼ਾਹੀ ਨੂੰ ਬੜਾਵਾ ਨਹੀਂ ਦਿੱਤਾ।ਜਿਵੇਂ ਹੀ ਮਹਾਮਾਰੀਆਂ ਉੱਪਰ ਕਾਬੂ ਪਾ ਲਿਆ ਗਿਆ ਤਾਂ ਇਸ ਸਮੇਂ ਦੌਰਾਨ ਘੋਸ਼ਿਤ ਅਪਾਤਕਾਲੀਨ ਸਥਿਤੀ ਅਤੇ ਰਾਜ ਦੀਆਂ ਵੱਧ ਤਾਕਤਾਂ ਨੂੰ ਵਾਪਿਸ ਲੈ ਲਿਆ ਗਿਆ।ਪਰ ਭਾਰਤ ਵਿਚ ਇਸ ਸਮੇਂ ਮਹਾਮਾਰੀ ਦੀ ਬੇਕਾਬੂ ਹੁੰਦੀ ਸਥਿਤੀ ਦੇ ਨਾਲ-ਨਾਲ ਇਹ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਜਦੋਂ ਇਸ ਮਹਾਮਾਰੀ ਉੱਪਰ ਕਾਬੂ ਪਾ ਲਿਆ ਗਿਆ ਤਾਂ ਕੀ ਮਹਾਮਾਰੀ ਦੀ ਆੜ ਵਿਚ ਭਾਰਤੀ ਰਾਜ ਦੁਆਰਾ ਪ੍ਰਾਪਤ ਕੀਤੀਆਂ ਤਾਨਾਸ਼ਾਹੀਆਂ ਸ਼ਕਤੀਆਂ ਘਟਾਈਆਂ ਜਾਣਗੀਆਂ ਜਾਂ ਨਹੀ?

ਇਕ ਅੰਤਰਰਾਸ਼ਟਰੀ ਅਖਬਾਰ ਵਿਚ ਇਕ ਦਹਾਕਾ ਪਹਿਲਾਂ ਪ੍ਰਸਿੱਧ ਅਰਥਸ਼ਾਸਤਰੀ ਲੈਂਟ ਪਰਿਚੈਟ ਨੇ ਟਿੱਪਣੀ ਕੀਤੀ ਸੀ ਕਿ ਭਾਰਤ ਇਕ ਡੋਲਦਾ (ਫਲੈਲੰਿਗ) ਰਾਜ ਹੈ ਜਿਸ ਵਿਚ ਸੱਤਾ ਦਾ ਧੁਰਾ ਜਮੀਨੀ ਹਕੀਕਤਾਂ ਤੋਂ ਬਹੁਤ ਪਰੇ ਹੈ ਅਤੇ ਉਹ ਅਜਿਹੀਆਂ ਕਾਲਪਨਿਕ ਨੀਤੀਆਂ ਘੜਦਾ ਹੈ ਜਿਹਨਾਂ ਦਾ ਅਸਲੀਅਤ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ।ਕੋਵਿਡ ਮਹਾਮਾਰੀ ਸਮੇਂ ਇਸ ਢਾਂਚੇ ਦੇ ਪਾਜ ਚੰਗੀ ਤਰਾਂ ਉਘੜ ਗਏ ਹਨ।ਜਦੋਂ ਤੋਂ ਪ੍ਰੋਫੈਸਰ ਲੈਂਟ ਪਰਿਚੈਟ ਨੇ ਭਾਰਤੀ ਰਾਜ ਨੂੰ ਡੋਲਦੇ (ਫਲੈਲੰਿਗ) ਰਾਜ ਦਾ ਦਰਜਾ ਦਿੱਤਾ ਹੈ, ਅਸਲ ਵਿਚ ਭਾਰਤੀ ਰਾਜ ਅਸਫਲ ਰਾਜ ਬਣ ਕੇ ਰਹਿ ਗਿਆ ਹੈ।

ਵਿਸ਼ਵ ਆਰਥਿਕ ਫੋਰਮ ਵਿਚ ਪ੍ਰਧਾਨ ਮੰਤਰੀ ਦੁਆਰਾ ਜਨਵਰੀ ੨੦੨੧ ਵਿਚ ਬਹੁਤ ਹੀ ਜੋਰ-ਸ਼ੋਰ ਨਾਲ ਦਾਅਵੇ ਕੀਤੇ ਗਏ ਕਿ ਭਾਰਤੀ ਰਾਜ ਨੇ ਕੋਵਿਡ ਅਤੇ ਇਸ ਤੋਂ ਬਾਅਦ ਪੈਦਾ ਹੋਈਆਂ ਆਰਥਿਕ ਜਟਿਲਤਾਵਾਂ ਉੱਪਰ ਜਿੱਤ ਪ੍ਰਾਪਤ ਕਰ ਲਈ ਹੈ।ਪਰ ਕੋਵਿਡ ਦਾ ਬਦਲਦਾ ਰੂਪ ਮੌਜੂਦਾ ਹਿੰਦੂਵਾਦੀ ਸਥਾਪਤੀ ਦਾ ਭਿਆਨਕ ਵਿਰੋਧੀ ਹੋ ਨਿਬੜਿਆ ਹੈ ਜੋ ਕਿ ਇਸ ਦੀਆਂ ਕਮਜ਼ੋਰੀਆਂ, ਦਰਾਰਾਂ ਅਤੇ ਨਾਕਾਬਲਿਅਤ ਦਾ ਫਾਇਦਾ ਉਠਾ ਰਿਹਾ ਹੈ।ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਨੀਵਾਂ ਦਿਖਾਉਣ, ਡਰਾਉਣ ਧਮਕਾਉਣ ਅਤੇ ਅਵੈਧ ਘੋਸ਼ਿਤ ਕਰਨ ਦੇ ਢੰਗ ਤਰੀਕੇ ਵੀ ਅਸਫਲ ਹੋ ਗਏ ਹਨ।ਰਾਜ ਦਾ ‘ਅਤਿ-ਕਾਰਜਸ਼ੀਲ’ ਮੁਖੀ ਕੁਦਰਤ ਦੇ ਪ੍ਰਕੋਪ ਨੂੰ ਸਮਝਣ ਵਿਚ ਅਸਮਰੱਥ ਰਿਹਾ ਹੈ ਕਿਉਂਕਿ ਇਹ ਮਹਿਜ਼ ਮਨੁੱਖੀ ਰਾਜਨੀਤਿਕ ਵਿਰੋਧੀ ਨਹੀਂ ਹੈ।ਲੋਕਾਂ ਨੂੰ ਕੁਦਰਤ ਦੀ ਇਸ ਪ੍ਰਕੋਪੀ ਨੂੰ ਨਿੱਜੀ ਦੁਖਾਂਤ ਅਤੇ ਉਨ੍ਹਾਂ ਦੀ ਹੋਣੀ ਦੇ ਰੂਪ ਵਿਚ ਸਹਿਣ ਕਰਨ ਲਈ ਛੱਡ ਦਿੱਤਾ ਗਿਆ ਹੈ।ਰਾਜ ਦਾ ਇਹ ਕਰੱਤਵ ਹੈ ਕਿ ਉਹ ਇਸ ਪ੍ਰਕੋਪੀ ਤੋਂ ਲੋਕਾਂ ਨੂੰ ਬਚਾਉਣ ਲਈ ਉਚਿਤ ਸਹਾਇਤਾ ਮੁਹੱਈਆ ਕਰਵਾਏ ਨਾ ਕਿ ਉਹ ਇਸ ਤਰਾਂ ਦੇ ਢਾਂਚੇ ਦਾ ਰੂਪ ਲੈ ਲਵੇ ਜੋ ਲੋਕਾਂ ਨੂੰ ਡਰਾਉਣ ਅਤੇ ਦਬਾਉਣ ਦਾ ਕੰਮ ਕਰੇ।ਕਵੀ ਮਕਵਾਈ ਦੁਆਰਾ ਬ੍ਰਿਟੇਨ ਦੇ ਰਾਜਕੁਮਾਰ ਨੂੰ ੧੯੨੫ ਵਿਚ ਲਿਖੀਆਂ ਇਹ ਸਤਰਾਂ ਇੱਥੇ ਢੁੱਕਦੀਆਂ ਹਨ:

ਤੁਸੀ ਸਾਨੂੰ ਸੱਚ ਭੇਜਿਆ, ਪਰ ਸੱਚ ਤੋਂ ਵਾਂਝੇ ਰੱਖਿਆ
ਤੁਸੀ ਸਾਨੂੰ ਜ਼ਿੰਦਗੀ ਭੇਜੀ, ਪਰ ਜ਼ਿੰਦਗੀ ਤੋਂ ਹੀ ਵਾਂਝੇ ਰੱਖਿਆ
ਤੁਸੀ ਸਾਨੂੰ ਰੋਸ਼ਨੀ ਭੇਜੀ, ਪਰ ਅਸੀਂ ਹਨੇਰੇ ਵਿਚ ਹੀ ਬੈੈਠਦੇ ਹਾਂ
ਚਮਕਦੇ ਸੂਰਜ ਵਿਚ ਵੀ ਹਨੇਰੇ ਨਾਲ ਘਿਰੇ ਕੰਬ ਰਹੇ ਹਾਂ

ਭਾਰਤੀ ਰਾਜ ਕੋਵਿਡ ਦੇ ਸਮੇਂ ਤੱਥਾਂ ਨਾਲ ਵੀ ਛੇੜਖਾਨੀ ਕਰਕੇ ਆਪਣੇ ਹੀ ਤੱਥ ਪੇਸ਼ ਕਰਨ ਦੀ ਕੋਸ਼ਿਸ਼ ਵਿਚ ਮਸ਼ਗੂਲ ਹੈ ਜਦੋਂਕਿ ਕੋਵਿਡ ਪੀੜਤਾਂ ਦੀ ਲਾਸ਼ਾਂ ਗੰਗਾ ਦੇ ਕਿਨਾਰੇ ਤੈਰਦੀਆਂ ਮਿਲ ਰਹੀਆਂ ਹਨ।ਇਹ ਰਾਜ ਦੇ ਖੋਖਲੇਪਣ ਅਤੇ ਲੋਕਾਂ ਦੀ ਨਿਰਾਸ਼ਾ ਨੂੰ ਜ਼ਾਹਿਰ ਕਰਦਾ ਹੈ।ਇਸ ਨਿਰਾਸ਼ਾ ਨੂੰ ਇਹਨਾਂ ਸ਼ਬਦਾਂ ਵਿਚ ਪ੍ਰਗਟਾਇਆ ਜਾ ਸਕਦਾ ਹੈ:

ਮੇਰਾ ਕੋਈ ਵੀ ਨਹੀਂ ਦਰਦੀ ਜਿਸ ਨੂੰ ਹਾਲ ਸੁਣਾਵਾਂ
ਛਾਵਾਂ ਪੈ ਗਈਆਂ ਮੇਰੀ ਜ਼ਿੰਦਗੀ ਤੇ
ਹੋ ਗਏ ਕੱੱਖ ਗਲੀਆਂ ਦੇ ਭਾਰੇ

ਦੁਖਾਂਤ ਦੀ ਇਸ ਘੜੀ ਵਿਚ ਫੇਸਬੁੱਕ ਲੋਕਾਂ ਲਈ ਦੁੱਖ ਦੇ ਨਵੇਂ ਬੁਲਿਟਨ ਦੇ ਰੂਪ ਵਿਚ ਉੱਭਰਿਆ ਹੈ ਕਿਉਂਕਿ ਮਹਾਮਾਰੀ ਦਾ ਚਿਰਕਾਲੀਨ ਪੱਖ ਲੋਕਾਂ ਨੂੰ ਭਾਵਨਾਤਮਕ ਰੂਪ ਵਿਚ ਵੀ ਕਮਜ਼ੋਰ ਕਰ ਰਿਹਾ ਹੈ ਅਤੇ ਉਹ ਇਸ ਸਮੇਂ ਬੁਰੀ ਤਰਾਂ ਸਹਿਮੇ ਹੋਏ ਹਨ।ਪਰ ਭਾਰਤੀ ਰਾਜ ਅਜੇ ਵੀ ਅੰਕੜਿਆਂ ਅਤੇ ਤੱਥਾਂ ਨਾਲ ਹੀ ਉਲਝ ਰਿਹਾ ਹੈ ਅਤੇ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਵਿਦੇਸ਼ੀ ਮਦਦ ਦੀ ਝਾਕ ਵਿਚ ਬੈਠਾ ਹੈ।ਇਸ ਸਮੇਂ ਮਹਾਮਾਰੀ ਨੇ ਸੱਤ ਸੌ ਵਿਚੋਂ ਪੰਜ ਸੌ ਤੇਤੀ ਜਿਲਿਆਂ ਵਿਚ ਆਪਣੇ ਪੈਰ ਪਸਾਰ ਲਏ ਹਨ ਜਿਨ੍ਹਾਂ ਵਿਚ ਲਗਭਗ ਦਸ ਪ੍ਰਤੀਸ਼ਤ ਤੱਕ ਲੋਕ ਕਰੋਨਾ ਪੋਜ਼ੀਟਿਵ ਹਨ।

ਸਰਵਉੱਚ ਅਦਾਲਤ ਵਿਚ ਦਾਖਿਲ ਕੀਤੇ ਇਕ ਹਲਫਨਾਮੇ ਅਨੁਸਾਰ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਸਰਕਾਰ ਨੇ ਕੋਵਿਡ ਨਾਲ ਸੰਬੰਧਿਤ ਖੋਜ ਲਈ ਇਕ ਪੈਸਾ ਵੀ ਨਹੀਂ ਖਰਚਿਆ, ਇਹ ਭਾਰਤੀ ਰਾਜ ਦੀ ਅਵਿਵਸਥਿਤ ਅਤੇ ਅਸੰਵੇਦਨਸ਼ੀਲ ਰਵੱਈਏ ਅਤੇ ਸਰਕਾਰੀ ਨੀਤੀਆਂ ਦੇ ਖੋਖਲੇਪਣ ਨੂੰ ਦਰਸਾਉਂਦਾ ਹੈ।ਰਾਜ ਨੇ ਕੋਵਿਡ ਨਾਲ ਸੰਬੰਧਿਤ ਜਟਿਲਤਾਵਾਂ ਨਾਲ ਨਜਿੱਠਣ ਲਈ ਵਿਗਿਆਨਿਕ ਅਤੇ ਵਿਹਾਰਿਕ ਰਵੱਈਆ ਨਹੀਂ ਅਪਣਾਇਆ। ਪਵਿੱਤਰ ਨਦੀ ਵਿਚ ਲੋਕਾਂ ਦੀਆਂ ਤੈਰਦੀਆਂ ਲਾਸ਼ਾਂ, ਹਸਪਤਾਲਾਂ ਦੇ ਬਾਹਰ ਲੱਗੀਆਂ ਲੋਕਾਂ ਦੀਆਂ ਲੰਮੀਆਂ ਕਤਾਰਾਂ ਅਤੇ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਲਈ ਕਬਰਿਸਤਾਨਾਂ ਅਤੇ ਸ਼ਮਸ਼ਾਨ ਘਾਟਾਂ ਦੀ ਕਮੀ ਨੇ ਆਤਮ-ਨਿਰਭਰ ਭਾਰਤ ਦੇ ਦੋਗਲੇਪਣ ਨੂੰ ਨੰਗਿਆ ਕਰ ਦਿੱਤਾ ਹੈ।ਕੋਵਿਡ ਨੇ ਭਾਰਤ ਨੂੰ ਬਸਤੀਵਾਦੀ ਸਮੇਂ ਵਿਚ ਧੱਕ ਦਿੱਤਾ ਹੈ ਜਦੋਂ ਮਹਾਮਾਰੀਆਂ ਅਤੇ ਅਕਾਲ ਬਹੁਤ ਹੀ ਆਮ ਸਨ।

ਅਸਲ ਭਾਰਤ ਦੀ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ ਜਿਸ ਵਿਚ ਰਾਜਨੀਤਿਕ ਅਤੇ ਧਾਰਮਿਕ ਮੁੱਦਿਆਂ ਨੂੰ ਜਿਆਦਾ ਪਹਿਲ ਦਿੱਤੀ ਜਾਂਦੀ ਹੈ ਅਤੇ ਜਿੱਥੇ ਸਿਹਤ ਸੰਭਾਲ ਢਾਂਚੇ ਦੀ ਭਾਰੀ ਕਮੀ ਹੈ।ਇਸ ਭਾਰਤ ਵਿਚ ਯੋਜਨਾਬੰਦੀ, ਵਿਗਿਆਨਕ ਖੋਜ ਅਤੇ ਬੁਨਿਆਦੀ ਸਹੂਲਤਾਂ ਦੀ ਅਣਹੌਂਦ ਹੈ ਅਤੇ ਇਸ ਵਿਚ ਮ੍ਰਿਤਕਾਂ ਨੂੰ ਵੀ ਬਣਦਾ ਸਤਿਕਾਰ ਨਹੀਂ ਦਿੱਤਾ ਜਾਂਦਾ।ਪਿਛਲੇ ਸਾਲ ਕੋਵਿਡ ਕਰਕੇ ਬਿਨਾਂ ਕਿਸੇ ਸੋਚ ਵਿਚਾਰ ਅਤੇ ਯੋਜਨਾ ਦੇ ਲੋਕਾਂ ਉੱਪਰ ਥੋਪੀ ਤਾਲਾਬੰਦੀ ਨੇ ਲਗਭਗ ਤੇਈ ਮਿਲੀਅਨ ਲੋਕਾਂ ਨੂੰ ਬੇਰੁਜ਼ਗਾਰੀ ਦੀ ਦਲਦਲ ਵਿਚ ਧੱਕ ਦਿੱਤਾ ਹੈ ਪਰ ਭਾਰਤੀ ਰਾਜ ਨੇ ਮਾਨਵਤਾਵਾਦੀ ਨੀਤੀ ਅਪਣਾਉਣ ਦੀ ਬਜਾਇ ਸੰਗਠਿਤ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੀ ਨੀਤੀ ਨੂੰ ਪਹਿਲ ਦਿੱਤੀ ਹੈ।ਸਰਕਾਰ ਦੀ ਇਸ ਅਸੰਵੇਦਨਸ਼ੀਲ਼ਤਾ ਨੇ ਆਮ ਲੋਕਾਂ ਨੂੰ ਹਾਸ਼ੀਏ ਤੋਂ ਵੀ ਬਾਹਰ ਰਹਿਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਮਹਿਜ਼ ਵਿਰਲਾਪ, ਸ਼ੋਕ ਅਤੇ ਸ਼ਰਧਾਂਜਲੀ ਦੀਆਂ ਵਸਤੂਆਂ ਹੀ ਬਣਾ ਦਿੱਤਾ ਹੈ।ਜਦੋਂਕਿ ਸੰਗਠਿਤ ਘਰਾਣੇ ਉਨ੍ਹਾਂ ਦੇ ਦੁੱਖ-ਦਰਦ ਦੇ ਸਿਰ ਤੇ ਹੀ ਮੁਨਾਫ਼ਾ ਕਮਾਉਣ ਵਿਚ ਲੱਗੇ ਹੋਏ ਹਨ।ਮਹਾਮਾਰੀ ਦੇ ਇਸ ਮੁਸ਼ਕਿਲ ਦੌਰ ਵਿਚ ਵੀ ਸੰਗਠਿਤ ਘਰਾਣਿਆਂ ਦੀ ਮਾਰ ਘਟੀ ਨਹੀ ਹੈ ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਸਹੂਲ਼ਤਾਂ ਦੇਣ ਦੀ ਬਜਾਇ ਆਪਣਾ ਧਨ ਵਧਾਉਣ ਉੱਪਰ ਹੀ ਧਿਆਨ ਕੇਂਦਰਿਤ ਰੱਖਿਆ ਹੈ।ਕੁਲੀਨ ਵਰਗ ਇਸ ਸਮੇਂ ਸਭ ਤੋਂ ਜਿਆਦਾ ਲਾਭ ਲੈ ਰਿਹਾ ਹੈ।ਪ੍ਰਸਿੱਧ ਕ੍ਰਿਕਟ ਖਿਡਾਰੀ ਅਤੇ ਬਾਲੀਵੁੱਡ ਸਿਤਾਰੇ ਕੁਦਰਤ ਦੀ ਪ੍ਰਕੋਪੀ ਤੋਂ ਦੂਰ ਆਪਣੇ ਹੀ ਘੋਗਿਆਂ ਵਿਚ ਬੈਠੇ ਬਾਰੇ ਹਨ, ਜੋ ਇਹ ਦਿਖਾਉਂਦਾ ਹੈ ਕਿ ਸਾਡੇ ਸਮਾਜਿਕ ਢਾਂਚੇ ਵਿਚ ਕਿੰਨੀ ਨਾਬਰਾਬਰੀ ਭਰੀ ਹੋਈ ਹੈ ਜਿੱਥੇ ਕਿ ਗਰੀਬ ਅਤੇ ਸੰਸਾਧਨਾਂ ਤੋਂ ਵਾਂਝੇ ਲੋਕਾਂ ਦੀ ਸਥਿਤੀ ਦਿਨ-ਬ-ਦਿਨ ਹੋਰ ਜਿਆਦਾ ਬਦਤਰ ਹੋ ਰਹੀ ਹੈ।

ਸਟੇਟ ਦੇ ਮੁਖੀ ਦੀ ਸਵੈ ਘੋਸ਼ਿਤ ਮਹਾਨ ਮਾਨਵ ਛਵੀ ਦੇ ਬਾਵਜੂਦ ਮੌਤ ਦੇ ਗਹਿਰੇ ਸਾਏ, ਦੁੱਖ ਅਤੇ ਲਾਚਾਰੀ ਨੇ ਸਥਾਪਤੀ ਦੀ ਪੂਰਣ ਸੱਤਾ ਅਤੇ ਵਿਅਕਤੀਗਤ ਅਜ਼ਾਦੀ ਅਤੇ ਰਾਜਨੀਤਿਕ ਅਤੇ ਨਾਗਰਿਕ ਅਜ਼ਾਦੀ ਦੇ ਸੰਤੁਲਨ ਨੂੰ ਤਬਾਹ ਕਰ ਦਿੱਤਾ ਹੈ।ਪੂਰੇ ਵਿਸ਼ਵ ਵਿਚ ਮਹਾਮਾਰੀਆਂ ਦੌਰਾਨ ਵਿਅਕਤੀਗਤ ਅਜ਼ਾਦੀ ਦਾ ਘਾਣ ਪਹਿਲਾਂ ਵੀ ਹੋਇਆ ਹੈ, ਪਰ ਉਹਨਾਂ ਦੇ ਖਤਮ ਹੋਣ ਤੋਂ ਬਾਅਦ ਆਮ ਜਨ-ਜੀਵਨ ਨੂੰ ਮੁੜ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਵੀ ਹੋਈਆਂ।ਪਰ ਭਾਰਤੀ ਰਾਜ ਵਿਚ ਇਸ ਸਮੇਂ ਇਹ ਡਰ ਬਣਿਆ ਹੋਇਆ ਹੈ ਕਿ ਮਹਾਮਾਰੀ ਉੱਪਰ ਕਾਬੂ ਪਾ ਲੈਣ ਦੇ ਬਾਅਦ ਵੀ ਇਹ ਪਾਬੰਦੀਆਂ ਅਤੇ ਵਿਅਕਤੀਗਤ ਅਤੇ ਨਾਗਰਿਕ ਅਜ਼ਾਦੀ ਦਾ ਘਾਣ ਜਾਰੀ ਰਹੇਗਾ।ਹਿੰਦੂਵਾਦੀ ਵਿਚਾਰਧਾਰਾ ਅਤੇ ਇਸ ਦੀ ਵਿਅਕਤੀਗਤ ਜ਼ਿੰਦਗੀਆਂ ਉੱਪਰ ਪਕੜ ਦਾ ਲਾਲਚ ਏਨੀ ਅਸਾਨੀ ਨਾਲ ਨਹੀਂ ਜਾਵੇਗਾ ਕਿਉਂਕਿ ਇਹੀ ਉਦੇਸ਼ ਲੈ ਮੌਜੂਦਾ ਸਥਾਪਤੀ ਸੱਤਾ ਪ੍ਰਾਪਤੀ ਦੇ ਵੇਲੇ ਤੋਂ ਚੱਲਦੀ ਆ ਰਹੀ ਹੈ।ਸਿਹਤ ਸੰਭਾਲ ਢਾਂਚੇ ਦੀਆਂ ਕਮਜ਼ੋਰੀਆਂ ਅਤੇ ਕੋਵਿਡ ਦੇ ਪਸਾਰ ਉੱਪਰ ਨਜ਼ਰ ਰੱਖਣ ਲਈ ਹੋਈਆਂ ਵਿਅਕਤੀਗਤ ਕੋਸ਼ਿਸ਼ਾਂ ਨੂੰ ਕੰਟਰੋਲ ਕਰਨਾ ਅਤੇ ਸਰਕਾਰ ਦੁਆਰਾ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਅਸਲ ਵਿਚ ਸਿਹਤ ਸੰਭਾਲ ਢਾਂਚੇ ਅਤੇ ਸੱਤਾ ਦੇ ਕੇਂਦਰੀਕਰਨ ਵਿਚਕਾਰ ਫਰਕ ਨੂੰ ਧੁੰਦਲਾ ਕਰ ਦਿੰਦੀ ਹੈ।

ਅਸਫਲ ਰਾਜ ਇਕ ਰਾਜਨੀਤਿਕ ਢਾਂਚਾ ਹੈ ਜਿਸ ਨੂੰ ਸਰਕਾਰ ਦੀ ਅਸਫਲਤਾ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ। ਇਹ ਢਹਿ ਰਹੇ ਰਾਜ ਦੀ ਤਸਵੀਰ ਪੇਸ਼ ਕਰਦਾ ਹੈ ਜਿੱਥੇ ਪ੍ਰਭੂਸੱਤਾ ਪ੍ਰਾਪਤ ਸਰਕਾਰ ਦੇ ਬੁਨਿਆਦੀ ਢਾਂਚੇ ਵੀ ਚੰਗੀ ਤਰਾਂ ਕੰਮ ਨਹੀਂ ਕਰਦੇ।ਬੁਨਿਆਦੀ ਸੰਸਥਾਵਾਂ ਦੀ ਕੁਸ਼ਲ ਕਾਰਗੁਜ਼ਾਰੀ ਲਈ ਰਾਜ ਨੂੰ ਮਹਿਜ਼ ਨੀਤੀ ਉਦੇਸ਼ਾਂ, ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਰਚਾਏ ਰਾਜਨੀਤਿਕ ਨਾਟਕ ਤੋਂ ਉੱਪਰ ਉੱਠਣ ਦੀ ਜ਼ਰੂਰਤ ਹੈ ਅਤੇ ਉਸ ਨੂੰ ਲੋਕਾਂ ਦੀ ਭਲਾਈ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ।ਮੌਜੂਦਾ ਦੌਰ ਵਿਚ ਰਾਜ ਟੀਕਾਕਰਨ ਦੀ ਰਾਜਨੀਤੀ ਵਿਚ ਮਸ਼ਗੂਲ ਹੈ ਅਤੇ ਅਜਿਹਾ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਦਾਅ ’ਤੇ ਲਗਾ ਕੇ ਹੋ ਰਿਹਾ ਹੈ।ਇਸ ਨੂੰ ਇਹਨਾਂ ਸ਼ਬਦਾਂ ਰਾਹੀ ਲਿਖਿਆ ਜਾ ਸਕਦਾ ਹੈ, “ਕਹੀਂ ਸੂਰਜ ਨਜ਼ਰ ਆਤਾ ਨਹੀਂ ਹੈ, ਹਕੂਮਤ ਸ਼ਹਿਰ ਪਰ ਅਬ ਧੁੰਧ ਕੀ ਹੈ।”

ਫੈਸਲਾ ਲੈਣ ਵਿਚ ਰਾਜ ਦੀ ਹੰਕਾਰ ਭਰੀ ਅਨਿਯੋਜਿਤ ਰਣਨੀਤੀ ਉਸ ਦੀ ਅਸਫਲ ਨੀਤੀ ਨੂੰ ਉਜਾਗਰ ਕਰਦੀ ਹੈ ਜੋ ਕਿ ਕੋਵਿਡ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੱਲ ਰਹੀ ਹੈ।ਇਸ ਸਮੇਂ ਹੀ ਪਾਰਟੀ ਦੇ ਦਿੱਗਜ ਨੇਤਾ ਅਤੇ ਇਸ ਦੀ ਮੂਲ ਸੰਸਥਾ ਨਾਲ ਸੰਬੰਧਿਤ ਲੋਕ ਨੀਮਹਕਾਮੀ ਵਿਚ ਮਸ਼ਗੂਲ ਹਨ ਅਤੇ ਇਹ ਦਾਅਵੇ ਕਰ ਰਹੇ ਹਨ ਕਿ ਕੋਵਿਡ ਮਹਾਮਾਰੀ ਰਾਜ-ਵਿਰੋਧੀ ਅਨਸਰਾਂ ਦੁਆਰਾ ਕੀਤੀ ਜਾ ਰਹੀ ਸਾਜਿਸ਼ ਹੈ ਤਾਂ ਕਿ ਰਾਸ਼ਟਰੀ ਪੱਧਰ ਤੇ ਗੜਬੜੀ ਪੈਦਾ ਕੀਤੀ ਜਾ ਸਕੇ।ਪਰ ਇਸ ਗੱਲ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਗੰਗਾ ਨਦੀ ਵਿਚ ਤੈਰਦੀਆਂ ਕੋਵਿਡ ਪੀੜਿਤਾਂ ਦੀਆਂ ਲਾਸ਼ਾਂ, ਆਕਸੀਜਨ ਦੀ ਕਮੀ ਨਾਲ ਜੂਝਦੇ ਹਸਪਤਾਲ, ਜਨਤਕ ਪਾਰਕਾਂ ਦੇ ਸ਼ਮਸਾਨ ਘਾਟ ਦੇ ਰੂਪ, ਹਸਪਤਾਲ ਦੇ ਬਾਹਰ ਪਏ ਮਰੀਜ ਅਤੇ ਭਾਰਤੀ ਦਵਾਈਆਂ ਦਾ ਤੀਜਾ ਹਿੱਸਾ ਜਾਅਲੀ ਹੋਣਾ, ਅਤੇ ਇਸ ਵਿਚੋਂ ਮੁਨਾਫ਼ਾ ਕਮਾਉਣ ਵਾਲਿਆਂ ਦੀ ਗਿਣਤੀ ਅਸਲ ਵਿਚ ਅਸਫਲ ਰਾਜ ਦੇ ਢਾਂਚੇ ਦੀ ਅਸਲ ਪੋਲ ਖੋਲਦੀ ਹੈ।

ਮਹਾਮਾਰੀ ਦੇ ਇਸ ਦੌਰ ਵਿਚ ਹਰ ਕੋਈ ਮੌਤ ਦੀ ਅਟਲਤਾ ਤੋਂ ਜਾਣੂ ਹੈ।ਪਰ ਇਸ ਦੇ ਨਾਲ ਹੀ ਕੋਵਿਡ ਕਰਕੇ ਹੋਈਆਂ ਮੌਤਾਂ ਅਤੇ ਵਿਵਸਥਾ ਦੀ ਅਸਫਲਤਾ ਕਰਕੇ ਹੋਈਆਂ ਮੌਤਾਂ ਦਾ ਫਰਕ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ।ਮਹਾਮਾਰੀ ਦੀ ਭਿਆਨਕਤਾ ਨੂੰ ਇਹਨਾਂ ਸ਼ਬਦਾਂ ਵਿਚ ਦਰਸਾਇਆ ਜਾ ਸਕਦਾ ਹੈ, “ਇਹ ਬੁਖਾਰ ਕਿੰਨਾ ਮਾਰੂ ਹੈ ਕਿ ਇਹ ਹਰ ਕਿਸੇ ਦੀ ਜਾਨ ਲੈ ਰਿਹਾ ਹੈ।ਆਦਮੀ ਇਸ ਨਾਲ ਅਪਾਹਿਜ ਹੋ ਰਹੇ ਹਨ।ਅਗਰ ਤੁਸੀ ਬਾਹਰ ਜਾ ਕੇ ਦੇਖੋ ਤਾਂ ਹਸਪਤਾਲ ਚਮਕ ਰਹੇ ਹਨ, ਪਰ ਆਦਮੀ ਦੀ ਹਾਲਾਤ ਬਹੁਤ ਬੁਰੀ ਹੈ।” ਮੌਜੂਦਾ ਸਥਿਤੀ ਅਹਿਮਦ ਅਲੀ ਦੁਆਰਾ ੧੯੪੦ ਵਿਚ ਲਿਖੇ ਨਾਵਲ “ਦਿੱਲੀ ਦੀ ਸੰਧਿਆ” (ਟਵੀਲਾਈਟ ਇਨ ਡੇਹਲੀ) ਦੀ ਯਾਦ ਦੁਆਉਂਦਾ ਹੈ ਜਿੱਥੇ ਅਲੀ ਇਹ ਦਿਖਾਉਂਦਾ ਹੈ ਕਿ ਰਾਸ਼ਟਰੀ ਰਾਜਧਾਨੀ ਕਿਸ ਤਰਾਂ ਮੁਰਦਿਆਂ ਦਾ ਘਰ ਬਣ ਗਈ ਹੈ।ਚੋਰ ਮੁਰਦਿਆਂ ਦੇ ਕਫ਼ਨ ਵੀ ਚੋਰੀ ਕਰ ਕੇ ਵੇਚ ਰਹੇ ਹਨ ਅਤੇ ਕਬਰਾਂ ਪੁੱਟਣ ਵਾਲਿਆਂ ਨੇ ਆਪਣੀ ਫੀਸ ਦੁੱਗਣੀ ਕਰ ਦਿੱਤੀ ਹੈ।ਕੱਪੜੇ ਦੇ ਵਪਾਰੀਆਂ ਨੇ ਕਫ਼ਨ ਦੀ ਕੀਮਤ ਵਧਾ ਦਿੱਤੀ ਹੈ ਅਤੇ ਇਸ ਦਾ ਸਾਰਾ ਇਲਜ਼ਾਮ ਪਹਿਲੇ ਵਿਸ਼ਵ ਯੁੱਧ ਉੱਪਰ ਸੁੱਟ ਦਿੱਤਾ ਹੈ।

ਜਨਵਰੀ ਵਿਚ ਵੱਡੇ ਦਾਅਵੇ ਕਰਨ ਤੋਂ ਬਾਅਦ ਮੌਜੂਦਾ ਸਥਾਪਤੀ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਨੀਵਾਂ ਦਿਖਾਉਣ ਅਤੇ ਕਿਸੇ ਵੀ ਤਰਾਂ ਦੇ ਰਾਜਨੀਤਿਕ ਅਤੇ ਸਮਾਜਿਕ ਵਿਰੋਧ ਨੂੰ ਦਬਾਉਣ ਵਿਚ ਲੱਗੀ ਰਹੀ।ਇੱਥੋਂਂ ਤੱਕ ਕਿ ਫੇਸਬੁੱਕ ਅਤੇ ਟਵਿੱਟਰ ਨੂੰ ਸਰਕਾਰ ਵਿਰੁੱਧ ਵਿਰੋਧ ਪ੍ਰਗਟ ਕਰਦੀਆਂ ਸਾਰੀਆਂ ਪੋਸਟਾਂ ਹਟਾਉਣ ਲਈ ਕਿਹਾ ਗਿਆ।ਇਸ ਸਮੇਂ ਆਮ ਲੋਕ ਇਸ ਦੁਚਿੱਤੀ ਵਿਚੋਂ ਲੰਘ ਰਹੇ ਹਨ:

ਨਈਂ ਸਬ੍ਹਾ ਪਰ ਨਜ਼ਰ ਹੈ, ਮਗਰ ਆਹ ਯੇਹ ਭੀ ਡਰ ਹੈ
ਰਫ਼ਤਾ ਰਫ਼ਤਾ ਕਹੀਂ ਸ਼ਾਮ ਤੱਕ ਨ ਪਹੁੰਚੇ।

ਹਮੇਸ਼ਾ ਦੀ ਤਰਾਂ ਸੱਤਾਧਾਰੀ ਧਿਰ ਆਪਣੀ ਸਰਵਉੱਚ ਨੇਤਾ ਦੀ ਮਹਾਨ ਮਾਨਵ ਦੀ ਛਵੀ ਨੂੰ ਬਚਾਉਣ ਪ੍ਰਤੀ ਜਿਆਦਾ ਚਿੰਤਿਤ ਹੈ ਜਦੋਂ ਕਿ ਮਹਾਮਾਰੀ ਦੇ ਮੌਤ ਦੇ ਨਾਚ ਨੂੰ ਉਨ੍ਹਾਂ ਨੇ ਬਿਲਕੁਲ ਹੀ ਅੱਖੋਂ-ਪਰੋਖੇ ਕਰ ਦਿੱਤਾ ਹੈ।