ਪੰਜਾਬ ਗੁਰਾਂ ਦੀ ਬਖਸ਼ਿਸ ਅਤੇ ਅਸੀਸ ਦੇ ਸਹਾਰੇ ਹੀ ਜੀਂਦਾ ਹੈ। ਇਹ ਨਾ ਹਿੰਦੂ ਅਤੇ ਨਾ ਮੁਸਲਮਾਨ ਵਰਗਾ ਕੋਈ ਫਰਕ ਰੱਖਦਾ ਹੈ। ਗੁਰਾਂ ਦੀ ਅਸੀਸ ਕਿਸੇ ਅਜਿਹੇ ਫਰਕ ਨੂੰ ਜਨਮ ਹੀ ਨਹੀ ਲੈਣ ਦੇਂਦੀ ਇਸੇ ਲਈ ਪੰਜਾਬ ਹਮੇਸ਼ਾ ਹੀ ਗੁਰਾਂ ਦੇ ਭੈਅ ਅਤੇ ਭਾਓ ਵਿੱਚ ਹੀ ਜੀਂਦਾ ਹੈ। ਗੁਰਬਾਣੀ ਦੀ ਰਹਿਨੁਮਾਈ ਅਤੇ ਸ਼ਹੀਦਾਂ ਦੇ ਪਰਉਪਕਾਰੀ ਜੀਵਨ ਇਸਦੀ ਹਮੇਸ਼ਾ ਅਗਵਾਈ ਕਰਦੇ ਹਨ। ਪੰਜਾਬ ਭਾਵੇਂ ਕਿੰਨੇ ਵੀ ਦੁਖਾਂ ਦਰਦਾਂ ਅਤੇ ਘੱਲੂਘਾਰਿਆਂ ਵਿੱਚ ਜੀਅ ਰਿਹਾ ਹੋਵੇ ਇਹ ਗੁਰਾਂ ਦੀ ਬਖਸ਼ਿਸ਼ ਤੋਂ ਦੂਰ ਨਹੀ ਹੁੰਦਾ। ਗੁਰਾਂ ਦੀ ਬਖਸ਼ਿਸ਼ ਜਦੋਂ ਕੌਮਾਂ ਦੇ ਅੰਗ ਸੰਗ ਬਣੀ ਰਹਿੰਦੀ ਹੈ ਉਸ ਵੇਲੇ ਵੱਡੇ ਝੱਖੜਾਂ ਦੇ ਬਾਵਜੂਦ ਵੀ ਸਿਦਕ, ਕੌਮਾਂ ਦੀ ਰੂਹ ਵਿੱਚੋਂ ਖਤਮ ਨਹੀ ਹੁੰਦਾ।
ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਕੌਮਾਂ ਦੀ ਇਸ ਪਹਿਲ ਤਾਜ਼ਗੀ ਨੂੰ ਬਿਆਨ ਕਰਦੇ ਹੋਏ ਲਿਖਦੇ ਹਨ, “ਜਦੋਂ ਕੌਮਾਂ ਦੇ ਸਿਰਾਂ ਉਤੇ ਗੁਰੂ ਪੈਗੰਬਰ ਦਾ ਸਿੱਧਾ ਜਿਸਮਾਨੀ ਰੂਪ ਵਿੱਚ ਸਾਇਆ ਨਹੀ ਰਹਿੰਦਾ ਤਾਂ ਕੌਮਾਂ ਆਪਣੀ ਸਿਮ੍ਰਤੀ ਅੰਦਰ ਸਾਂਭੇ ਆਪਣੇ ਗੁਰੂ ਪੈਗੰਬਰਾਂ ਦੇ ਬਿੰਬ ਰਾਹੀਂ ਉਨ੍ਹਾਂ ਨਾਲ ਆਤਮਿਕ ਸਾਂਝ ਬਣਾਈ ਰੱਖਦੀਆਂ ਹਨ। ਕੌਮ ਦੀ ਸਿਮਰਤੀ ਅੰਦਰ ਗੁਰੂ ਦਾ ਬਿੰਬ ਜਿੰਨਾ ਮੌਲਿਕ ਅਤੇ ਸਰ-ਸਬਜ਼ ਹੋਵੇਗਾ, ਓਨੀ ਹੀ ਉਸ ਉਤੇ ਗੁਰੂ ਦੀ ਅਪਾਰ ਬਖਸ਼ਿਸ਼ ਬਣੀ ਰਹੇਗੀ। ਗੁਰੂ ਦਾ ਬਿੰਬ ਕੌਮ ਨੂੰ ਅਮਰ- ਰੁਹਾਨੀ ਤਾਕਤ ਨਾਲ ਮਾਲਾ-ਮਾਲ ਰੱਖੇਗਾ। ਉਸਦਾ ਮਨ ਬਲਵਾਨ ਬਣਿਆ ਰਹੇਗਾ। ਉਹ ਨਿਰਭੈਅ ਅਤੇ ਨਿਰਵੈਰ ਦੀ ਅਵਸਥਾ ਵਿੱਚ ਰਹੇਗੀ। ਉਸ ਦੇ ਇਖਲਾਕੀ ਮੰਡਲਾਂ ਵਿੱਚ ਪਵਿੱਤਰਤਾ ਨਿਵਾਸ ਕਰਦੀ ਰਹੇਗੀ।”
ਬਿਨਾਸ਼ੱਕ ਅੱਜ ਪੰਜਾਬ ਬਾਰੇ ਹਰ ਪਾਸੇ ਤੋਂ ਇਹ ਖਬਰਾਂ ਆ ਰਹੀਆਂ ਹਨ ਕਿ ਸਿੱਖ ਕੌਮ ਦਾ ਕਿਰਦਾਰ ਉਥੇ ਬਲਵਾਨ ਨਹੀ ਰਿਹਾ, ਗੁਰੂ ਲਿਵ ਕੌਮ ਦੇ ਚੇਤਿਆਂ ਵਿੱਚੋਂ ਧੁੰਦਲੀ ਪੈ ਰਹੀ ਹੈ। ਕੌਮ ਨੇ ਸਦਾਚਾਰ ਦਾ ਪੱਲਾ ਓਨਾ ਘੁੱਟਕੇ ਨਹੀ ਫੜਿਆ ਹੋਇਆ ਜਿੰਨਾ ਫੜਨਾ ਚਾਹੀਦਾ ਸੀ। ਇਹ ਵੀ ਆਖਿਆ ਜਾ ਰਿਹਾ ਹੈ ਕਿ ਕੌਮ ਨੇ ਬਿਗਾਨੇ ਫਲਸਫਿਆਂ (ਗੁਰੂ-ਡੰਮ) ਤੇ ਟੇਕ ਰੱਖਣੀ ਅਰੰਭ ਕਰ ਦਿੱਤੀ ਹੈ। ਪਰ ਸਾਡਾ ਮੰਨਣਾਂ ਹੈ ਕਿ ਭਾਵੇਂ ਸਿੱਖ ਕੌਮ ਇਸ ਵੇਲੇ ਉਸ ਰੁਹਾਨੀ ਖੇੜੇ ਵਿੱਚ ਨਹੀ ਹੈ ਅਤੇ ਕੌਮ ਦੀ ਸਮੂਹਿਕ ਚੇਤਨਾ ਵੀ ਓਨੀ ਜਰਖੇਜ਼ ਨਹੀ ਹੈ ਪਰ ਇਸਦੇ ਬਾਵਜੂਦ ਵੀ ਕੌਮ ਦਾ ਮਨ ਏਨਾ ਕਮਜ਼ੋਰ ਨਹੀ ਹੋਇਆ ਕਿ ਇਸਨੂੰ ਹਰ ਕੋਈ ਵਿਕਾਊ ਮਾਲ ਸਮਝਕੇ ਖਰੀਦ ਲਵੇ।
ਪਿਛਲੇ ਦੋ ਦਹਾਕਿਆਂ ਤੋਂ ਕੌਮ ਦੇ ਸੁਪਨਿਆਂ, ਆਸਾਂ ਅਤੇ ਚੜ੍ਹਦੀ ਕਲਾ ਵਾਲੀ ਚੇਤਨਾ ਉਤੇ ਭਿਅੰਕਰ ਹਮਲੇ ਹੋ ਰਹੇ ਹਨ। ਵਿਰੋਧੀ ਤਾਕਤਾਂ ਨੇ ਸਿੱਖ ਕੌਮ ਦੇ ਮਨ ਨੂੰ ਕਮਜ਼ੋਰ ਕਰਨ ਅਤੇ ਉਸ ਨੂੰ ਅਜ਼ਾਦ ਹਸਤੀ ਵਿੱਚ ਵਿਚਰਨ ਤੋਂ ਰੋਕਣ ਲਈ ਕੋਈ ਵੀ ਹੀਲਾ ਵਸੀਲਾ ਨਹੀ ਛੱਡਿਆ। ਵਿਕਾਊ ਲੀਡਰਸ਼ਿੱਪ, ਬੌਧਿਕ ਵਿਰਾਨਗੀ ਅਤੇ ਮਨੋਵਿਗਿਆਨਿਕ ਜੰਗ ਦੇ ਹਰ ਮੋਰਚੇ ਤੇ ਸਿੱਖਾਂ ਨੂੰ ਪਸਤ ਕਰਨ ਦੇ ਬਾਵਜੂਦ ਵੀ ਉਹ ਕੌਮ ਦੀ ਜ਼ਮੀਰ ਨੂੰ ਖਰੀਦਣ ਵਿੱਚ ਕਾਮਯਾਬ ਨਹੀ ਹੋ ਸਕੇ। ਪੰਜਾਬੀਅਤ ਦੇ ਵਪਾਰੀ ਆਪਣੇ ਲੱਖਾਂ ਡਰਾਵਿਆਂ ਅਤੇ ਲਾਲਚਾਂ ਦੇ ਬਾਵਜੂਦ ਪੰਥ ਦੀਆਂ ਡੂੰਘੀਆਂ ਜੜ੍ਹਾਂ ਨੂੰ ਉਖਾੜ ਸੁੱਟਣ ਵਿੱਚ ਕਾਮਯਾਬ ਨਹੀ ਹੋ ਸਕੇ। ਜਿਸ ਵੇਲੇ ਸਮੁੱਚੇ ਭਾਰਤ ਵਿੱਚ ਨਰਿੰਦਰ ਮੋਦੀ ਦੇ ਨਾਉਂ ਦੀ ਹਨੇਰੀ ਚੱਲ ਰਹੀ ਸੀ ਉਸ ਵੇਲੇ ਵੀ ਪੰਜਾਬ ਦੇ ਸਿੱਖਾਂ ਨੇ ਉਸ ਹਨੇਰੀ ਨੂੰ ਡੱਕਣ ਦਾ ਜਿਗਰਾ ਕਰਨ ਵਾਲੇ ਅਰਵਿੰਦ ਕੇਜਰੀਵਾਲ ਦੇ ਹਮਾਇਤੀਆਂ ਨੂੰ ਵੱਡੀ ਪੱਧਰ ਤੇ ਵੋਟਾਂ ਪਾਕੇ, ਇਸ ਧਰਤੀ ਤੇ ਰਾਜ ਕਰਨ ਦੀ ਆਪਣੀ ਡੇਢ ਸਦੀ ਪੁਰਾਣੀ ਰੀਝ ਦਾ ਖਾਮੋਸ਼ ਪ੍ਰਗਟਾਵਾ ਕੀਤਾ।
ਬਗਾਵਤ ਇਸ ਤਰ੍ਹਾਂ ਵੀ ਹੁੰਦੀ ਹੈ। ਆਪਣੇ ਬਾਗੀ ਵਿਚਾਰਾਂ ਨੂੰ ਪ੍ਰਗਟਾਉਣ ਦਾ ਇਹ ਵੀ ਇੱਕ ਤਰੀਕਾ ਹੈ। ਦਾਬੇ ਦੇ ਖਿਲਾਫ ਬਗਾਵਤ ਦੀ ਕਲਾ (Art of resistance against Domination) ਇਸੇ ਨੂੰ ਆਖਦੇ ਹਨ ਪੰਜਾਬ ਦੇ ਸਿੱਖਾਂ ਨੇ ਆਪਣੇ ਮਨ ਦੀ ਗੱਲ ਕਹਿ ਦਿੱਤੀ ਹੈ। ਇਤਿਹਾਸ ਦੇ ਪ੍ਰੋਫੈਸਰ, ਬ੍ਰਿਜੇਸਵਰ ਸਿੰਘ ਦਾ ਪੰਜਾਬ ਦੀਆਂ ਚੋਣਾਂ ਬਾਰੇ ਲਿਖਿਆ ਹੋਇਆ ਲੇਖ ਸਿੱਖ ਪੰਥ ਦੀ ਆਤਮਾਂ ਵਿੱਚ ਹੋ ਰਹੀ ਹਲਚਲ ਦੀ ਸਹੀ ਤਰਜਮਾਨੀ ਕਰਦਾ ਹੈ। ਪੰਥ ਨੇ ਕਦੇ ਵੀ ਸਰਕਾਰੀ ਅੱਤਵਾਦ ਅੱਗੇ ਸਿਰ ਨਹੀ ਝੁਕਾਇਆ। ਪੰਜਾਬ ਦੇ ਵਰਤਮਾਨ ਹਾਕਮਾਂ ਵੱਲ਼ੋਂ ਝੁਲਾਈ ਜਮਹੂਰੀ ਅੱਤਵਾਦ ਦੀ ਹਨੇਰੀ ਨੂੰ ਵੀ ਸਿੱਖਾਂ ਨੇ ਨਕਾਰ ਦਿੱਤਾ ਹੈ। ਸਿੱਖਾਂ ਦੇ ਖੂਨ ਨਾਲ ਉਸਾਰੀ ਗਈ ਜਥੇਬੰਦੀ ਨੂੰ ਰਾਸ਼ਟਰਵਾਦ ਦਾ ਜਾਮਾਂ ਪਹਿਨਾਉਣ ਵਾਲਿਆਂ ਦੇ ਮੂੰਹ ਤੇ ਸਿੱਖਾਂ ਨੇ ਵੱਡੀ ਚਪੇੜ ਮਾਰੀ ਹੈ। ਸਿੱਖ ਕੌਮ ਕਦੇ ਵੀ ਆਪਣੇ ਗੁਰੂ ਅਤੇ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਸ਼ਹਾਦਤਾਂ ਦੇਣ ਵਾਲਿਆਂ ਨੂੰ ਆਪਣੀ ਸਿਮਰਤੀ ਅਤੇ ਹੋਂਦ ਤੋਂ ਵੱਖ ਕਰਕੇ ਨਹੀ ਦੇਖ ਸਕਦੀ। ਸਿੱਖਾਂ ਨੂੰ ਕੁਰਾਹੇ ਪਾਉਣ ਵਾਲੇ ਭਾਵੇਂ ਬੀਬੀਆਂ ਦਾਹੜੀਆਂ ਵਾਲੇ ਹੀ ਕਿਉਂ ਨਾ ਹੋਣ, ਵਕਤੀ ਤੌਰ ਤੇ ਕੌਮ ਨੂੰ ਭਰਮਾਉਣ ਦੇ ਬਾਵਜੂਦ ਅੰਤ ਨੂੰ ਉਹ ਹਾਰ ਜਾਂਦੇ ਹਨ। ਗੁਰੂ ਦੇ ਸੰਦੇਸ਼ ਨਾਲ ਇੱਕਮਿੱਕ ਹੋਇਆ ਕੋਈ ਭਾਵੇਂ ਗੈਰ-ਕੇਸਾਧਾਰੀ ਹੀ ਕਿਉਂ ਨਾ ਹੋਵੇ ਕੌਮ ਉਸ ਦੀ ਰੂਹ ਨੂੰ ਪਹਿਚਾਣਕੇ ਉਸ ਦੀ ਪਿੱਠ ਜਰੂਰ ਥਾਪੜਦੀ ਹੈ। ਬੇਸ਼ੱਕ ਘੋਰ ਤਸ਼ੱਦਦ ਦੇ ਦੌਰ ਵਿੱਚੋਂ ਗੁਜ਼ਰ ਕੇ ਆਈ ਕੌਮ ਫੂਕ ਫੂਕ ਕੇ ਕਦਮ ਰੱਖ ਰਹੀ ਹੈ ਪਰ ਉਸਦੀ ਸਿਮਰਤੀ ਵਿੱਚ ਦਰਾ ਖੈਬਰ ਤੱਕ ਝੂਲਦੇ ਕੇਸਰੀ ਨਿਸ਼ਾਨਾਂ ਦੀਆਂ ਯਾਦਾਂ ਕਦੇ ਵੀ ਧੁੰਦਲੀਆਂ ਨਹੀ ਪੈਂਦੀਆਂ। ਜਦੋਂ ਵੀ ਸਮਾਂ ਮਿਲਦਾ ਹੈ ਕੌਮ ਆਪਣੇ ਮਹਾਰਾਜੇ (ਰਣਜੀਤ ਸਿੰਘ) ਅਤੇ ਜਰਨੈਲ (ਹਰੀ ਸਿੰਘ ਨਲੂਆ) ਨੂੰ ਯਾਦ ਕਰਕੇ ਵੈਰਾਗ ਵਿੱਚ ਆ ਜਾਂਦੀ ਹੈ। ਬੇਸ਼ੱਕ ਕੌਮ ਦੀਆਂ ਮਜ਼ਹਬੀ ਰਮਜ਼ਾਂ, ਤਾਜ਼ਾ ਅਤੇ ਹਰੀ-ਕਚੂਰ ਅਵਸਥਾ ਵਿੱਚ ਨਹੀ ਰਹੀਆਂ ਅਤੇ ਇਸ ਨੇ ਓਪਰੇ ਪ੍ਰਭਾਵ ਕਬੂਲਣ ਦੀ ਕਰੁਚੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਪਰ ਇਸਦੇ ਬਾਵਜੂਦ ਗੁਰੂ ਸਾਹਿਬ ਦਾ ਪੈਗੰਬਰੀ ਸੰਦੇਸ਼ ਸਿੱਖ ਸਿਮਰਤੀ ਵਿੱਚੋਂ ਅਲੋਪ ਨਹੀ ਹੋਇਆ। ਜਦੋਂ ਵੀ ਕੋਈ ਹਮਲਾਵਰ ਗੁਰੂ ਦੇ ਉਸ ਸੰਦੇਸ਼ ਤੇ ਹਮਲਾ ਕਰਕੇ ਪੰਥ ਨੂੰ ਵਿਕਾਉੂ ਮਾਲ ਸਮਝਣ ਦਾ ਯਤਨ ਕਰਦਾ ਹੈ ਤਾਂ ਕੌਮ ਉਸਦਾ ਬਣਦਾ ਉਤਰ ਦੇਂਦੀ ਹੈ।
ਅੰਤ ਵਿੱਚ ਕਿਸੇ ਦੋਸਤ ਨੇ ਇੰਟਰਨੈਟ ਤੇ ਇੱਕ ਨੌਜਵਾਨ ਪੰਜਾਬੀ ਗਾਇਕ ਦੇ ਗਾਣੇ ਦੇ ਕੁਝ ਕਲ਼ਿੱਪਸ ਭੇਜੇ ਹਨ। ਯਾਦ ਰਹੇ ਇਹ ਪੰਜਾਬ ਦੀ ਉਸ ਜਵਾਨੀ ਵੱਲ਼ੋਂ ਗਾਇਆ ਗਿਆ ਹੈ ਜਿਸਨੂੰ ਅਸੀਂ ਨਸ਼ਿਆਂ ਵਿੱਚ ਡੁੱਬੀ ਹੋਈ ਆਖ ਰਹੇ ਹਾਂ। ਸਾਡਾ ਖਿਆਲ ਹੈ ਕਿ ਸਾਡੇ ਲੇਖ ਵਿਚਲੇ ਵਿਚਾਰਾਂ ਦੀ ਤਰਜਮਾਨੀ ਇਹ ਟੁੱਕਾਂ ਹੀ ਕਰ ਜਾਂਦੀਆਂ ਹਨ।
ਸੋਮਨਾਥ ਦੇ ਮੰਦਰ ਜੇ ਕਿਤੇ ਗਜ਼ਨੀ ਲ਼ੁੱਟਦਾ ਨਾ
ਡੋਗਰਿਆਂ ਦੀ ਸ਼ਹਿ ਤੇ ਲਾਟ ਜੇ ਹੀਰ ਕੁੱਟਦਾ ਨਾ
ਲਾਹੌਰ ਦੀਆਂ ਅੱਖਾਂ ਹੁੰਦੀਆਂ ਨੇ ਆਂਢ-ਗੁਆਂਢ ਦੀਆਂ
ਸਾਡੇ ਗੋਰੇ ਪਾਉਂਦੇ ਪੱਠੇ ਤੇ ਮੇਮਾਂ ਭਾਂਡੇ ਮਾਂਜਦੀਆਂ
ਜੇ ਨਲੂਆ ਨਾ ਮਰਦਾ ਕੰਮ ਸੀ ਆਇਆ ਕੰਢੇ ਤੇ
ਮਹਾਰਾਜਾ ਰਣਜੀਤ ਸਿੰਘ ਨਾ ਪੈਂਦਾ ਮੰਜੇ ਤੇ
ਨਾ ਬੁਰੀਆਂ ਸਰਕਾਰਾਂ ਸਾਡੇ ਰਾਜ ਨੂੰ ਸਾਂਭਦੀਆਂ
ਸਾਡੇ ਗੋਰੇ ਪਾਉਂਦੇ ਪੱਠੇ ਤੇ ਮੇਮਾਂ ਭਾਂਡੇ ਮਾਂਜਦੀਆਂ