ਈਰਾਨ ਦੀ ਰਾਜਧਾਨੀ ਤਹਿਰਾਨ ਵਿਖੇ ਏਵਿਨ ਜੇਲ੍ਹ ਵਿੱਚ ਬੰਦ ਨਰਗੇਸ ਮੁਹੰਮਦੀ, ‘ਔਰਤਾਂ, ਜੀਵਨ ਅਤੇ ਆਜ਼ਾਦੀ’ ਦੀ ਵਕੀਲ, ਦੁਆਰਾ ਇਸ ਸਮੇਂ ਆਜ਼ਾਦੀ ਲਈ ਸੰਘਰਸ਼ ਚੱਲ ਰਿਹਾ ਹੈ।ਪਿਛਲੇ ਸਾਲ ਸਤੰਬਰ ਵਿੱਚ ਮਾਹਸਾ ਅਮੀਨੀ, ਇੱਕ ਜਵਾਨ, ਕੁਰਦਿਸ਼ ਈਰਾਨੀ ਔਰਤ ਜਿਸ ਨੂੰ ਗਲਤ ਢੰਗ ਨਾਲ ਸਿਰ ਦਾ ਸਕਾਰਫ਼ ਪਹਿਨਣ ਲਈ ਗ੍ਰਿਫਤਾਰ ਕੀਤਾ ਗਿਆ ਅਤੇ ਕੁੱਟਿਆ ਗਿਆ, ਦੀ ਮੌਤ ਤੋਂ ਬਾਅਦ ਜਦੋਂ ਪੂਰੇ ਈਰਾਨ ਵਿੱਚ ਵਿਰੋਧ ਫੈਲ ਗਿਆ ਸੀ ਤਾਂ ਨਰਗੇਸ ਮੁਹੰਮਦੀ ਨੇ ਈਰਾਨ ਦੀ ਬਦਨਾਮ ਏਵਿਨ ਜੇਲ੍ਹ ਵਿਚੋਂ ਉਸ ਦੇ ਹੱਕ ਵਿਚ ਸ਼ਾਸਨ ਦੀ ਕਾਰਵਾਈ ਖਿਲਾਫ ਆਪਣੀ ਅਵਾਜ਼ ਬੁਲੰਦ ਕੀਤੀ।ਸੈਂਟਰ ਫਾਰ ਹਿਊਮਨ ਰਾਈਟਸ ਡਾਕੂਮੈਂਟੇਸ਼ਨ ਦੀ ਡਿਪਟੀ ਡਾਇਰੈਕਟਰ ਮੁਹੰਮਦੀ ਨੇ ਪ੍ਰਦਰਸ਼ਨਾਂ ਦੌਰਾਨ ਕੈਦ ਹੋਈਆਂ ਔਰਤਾਂ ਦੇ ਜਿਨਸੀ ਸ਼ੋਸ਼ਣ ਦਾ ਵਰਣਨ ਕਰਦੇ ਹੋਏ ਇੱਕ ਪੱਤਰ ਲਿਖਿਆ। ਕਥਿਤ ਰਾਸ਼ਟਰੀ ਸੁਰੱਖਿਆ ਅਪਰਾਧਾਂ ਲਈ ਅੱਠ ਸਾਲ ਦੀ ਸਜ਼ਾ ਦੁਬਾਰਾ ਸ਼ੁਰੂ ਕਰਨ ਲਈ ਦਿਲ ਦੀ ਸਰਜਰੀ ਲਈ ਥੋੜ੍ਹੇ ਜਿਹੇ ਫਰਲੋ ਤੋਂ ਬਾਅਦ ਮੁਹੰਮਦੀ ਨੂੰ ਪਿਛਲੇ ਅਪ੍ਰੈਲ ਜੇਲ੍ਹ ਵਾਪਸ ਪਰਤਣਾ ਪਿਆ।ਨਰਗੇਸ ੩੧ ਸਾਲਾਂ ਤੋਂ ਇਰਾਨ ਦੇ ਇਸਲਾਮੀ ਗਣਰਾਜ ਦੇ ਇਸਲਾਮੀ ਸ਼ਾਸਕਾਂ ਦੀ ਬੇਰਹਿਮੀ ਵਿਰੁੱਧ ਲੜ ਰਹੀ ਹੈ ਅਤੇ ਆਪਣੀ ਕਿਸ਼ੋਰ ਅਵਸਥਾ ਤੋਂ ਹੀ ਜੇਲ੍ਹ ਦੇ ਅੰਦਰ-ਬਾਹਰ ਹੀ ਰਹੀ ਹੈ।

ਇਰਾਨ ਦੇ ਸ਼ਾਸਨ ਦੁਆਰਾ ਔਰਤਾਂ ਉੱਪਰ ਪਹਿਰਾਵੇ ਅਤੇ ਜਨਤਕ ਵਿਵਹਾਰ ਨੂੰ ਲੈ ਕੇ ਕੀਤੇ ਗਏ ਸਖ਼ਤ ਦਮਨ ਦੀ ਉਲੰਘਣਾ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਪਿਛਲੇ ਸਤੰਬਰ ਨਾਚ ਕੀਤਾ, ਗਾਣੇ ਗਾਏ, ਅਤੇ ਔਰਤਾਂ ਨੇ ਆਪਣੇ ਪਰਦੇ ਉਤਾਰ ਦਿੱਤੇ। “ਔਰਤਾਂ, ਜੀਵਨ, ਆਜ਼ਾਦੀ” ਲਈ ਭੀੜ ਦੇ ਨਾਅਰਿਆਂ ਨੇ ਵਿਰੋਧ ਅੰਦੋਲਨ ਨੂੰ ਇਸਦਾ ਨਾਮ ਦਿੱਤਾ ਅਤੇ ਇਹ ਇਸਲਾਮੀ ਤਾਨਾਸ਼ਾਹੀ ਸ਼ਾਸਨ ਦੇ ਵਿਰੋਧ ਵਿੱਚ ਔਰਤਾਂ ਦੀ ਭੂਮਿਕਾ ਨੂੰ ਦਰਸਾਉਂਦਾ ਹੈ।ਈਰਾਨੀ ਲੀਡਰਸ਼ਿਪ ਨੇ ਬੇਰਹਿਮ ਦਮਨਕਾਰੀ ਸੁਰੱਖਿਆ ਬਲ ਨਾਲ ਇਸ ਅੰਦੋਲਨ ਨੂੰ ਦਬਾਇਆ।ਮਨੁੱਖੀ ਅਧਿਕਾਰ ਕਾਰਕੁੰਨ ਨਿਊਜ਼ ਏਜੰਸੀ (ਹਰਾਨਾ) ਨੇ ਜਨਵਰੀ ਵਿੱਚ ਅੰਦਾਜ਼ਾ ਲਗਾਇਆ ਸੀ ਕਿ ੫੦੦ ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ੧੯,੦੦੦ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਕਈਆਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ਹੈ, ਬਾਕੀਆਂ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪਿਆ ਹੈ।

ਨਰਗੇਸ ਮੁਹੰਮਦੀ ਇੱਕ ਸਿਖਲਾਈ ਪ੍ਰਾਪਤ ਪ੍ਰਮਾਣੂ ਭੌਤਿਕ ਵਿਗਿਆਨੀ ਹੈ। ਇਹ ਪਿਛੋਕੜ ਉਹ ਮਨੁੱਖੀ ਅਧਿਕਾਰਾਂ ਦੇ ਹੋਰ ਮਸ਼ਹੂਰ ਚੈਂਪੀਅਨਾਂ: ਰੂਸੀ ਆਂਦਰੇਈ ਸਖਾਰੋਵ ਅਤੇ ਬੋਰਿਸ ਨੇਮਤਸੋਵ ਅਤੇ ਚੀਨ ਦੇ ਫੈਂਗ ਲਿਜ਼ੀ ਨਾਲ ਸਾਂਝਾ ਕਰਦੀ ਹੈ।ਉਸਦਾ ਮਨੁੱਖੀ ਅਧਿਕਾਰਾਂ ਲਈ ਕੀਤਾ ਕੰਮ ਕਾਫੀ ਵਿਆਪਕ ਹੈ, ਪਰ ਰੋਯਾ ਬੋਰੋਮੰਡ, ਅਬਦੋਰਹਮਾਨ ਬੋਰੋਮੰਡ ਫਾਊਂਡੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ, ਨੇ ਕਿਹਾ ਕਿ ਮੁਹੰਮਦੀ ਨਿਆਂ ਪ੍ਰਣਾਲੀ ‘ਤੇ ਫੋਕਸ ਕਰਨ ਨੂੰ ਸਭ ਤੋਂ ਮਹੱਤਵਪੂਰਨ ਮੰਨਦੀ ਹੈ।ਮੁਹੰਮਦੀ ਦਾ ਪਿਛਲੇ ੩੧ ਸਾਲਾਂ ਦੀ ਸਰਗਰਮੀ ਹਾਈ ਪ੍ਰੋਫਾਈਲ ਕੈਦੀਆਂ ਤੱਕ ਸੀਮਤ ਨਹੀਂ ਹੈ। ਬਹੁਤ ਸਾਰੇ ਕਾਰਕੁਨਾਂ ਦੇ ਉਲਟ, ਉਹ ਆਮ ਕੈਦੀਆਂ ਵੱਲ ਧਿਆਨ ਦਿੰਦੀ ਹੈ ਜੋ ਨਿਆਂਪਾਲਿਕਾ ਦੇ ਪੰਜੇ ਵਿੱਚ ਫਸ ਜਾਂਦੇ ਹਨ।ਆਪਣੀ ਕੈਦ ਨੂੰ ਕੰਮ ਵਿੱਚ ਵਿਘਨ ਮੰਨਣ ਦੀ ਬਜਾਏ, ਮੁਹੰਮਦੀ ਨੇ ਇਸਨੂੰ ਕੋਠੜੀਆਂ ਅਤੇ ਪੁੱਛਗਿੱਛ ਕਮਰਿਆਂ ਵਿੱਚ ਜਾਰੀ ਰੱਖਿਆ ਹੈ। ਉਸਨੇ ਈਰਾਨ ਵਿੱਚ “ਚਿੱਟੇ ਤਸ਼ੱਦਦ” ਵਜੋਂ ਜਾਣੇ ਜਾਂਦੇ ਲੰਬੇ ਇਕਾਂਤ ਕੈਦ ਦੇ ਤਜ਼ਰਬਿਆਂ ਬਾਰੇ ਸਾਥੀ ਕੈਦੀਆਂ ਦੀ ਇੰਟਰਵਿਊ ਕੀਤੀ ਹੈ। ਇੰਟਰਵਿਊਆਂ ਨੂੰ ਇੱਕ ਕਿਤਾਬ “ਵ੍ਹਾਈਟ ਟਾਰਚਰ: ਇੰਟਰਵਿਊਜ਼ ਵਿਦ ਈਰਾਨੀਅਨ ਵਿਮੈਨ ਪਰਿਜ਼ਨਰਜ਼” ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਨਿਗਾਰਾ ਅਫਸ਼ਰਜ਼ਾਦੇਹ, ਇੱਕ ਜਵਾਨ ਮਾਂ ਅਤੇ ਤੁਰਕਮੇਨਿਸਤਾਨ ਦੀ ਨਾਗਰਿਕ, ਨੇ ਇਰਾਨ ਵਿੱਚ ਆਪਣੀ ਧੀ ਨੂੰ ਮਿਲਣ ਜਾਣ ਵੇਲੇ ਜਾਸੂਸੀ ਦੇ ਦੋਸ਼ ਵਿੱਚ ਫੜ੍ਹੇ ਜਾਣ ਤੋਂ ਬਾਅਦ ੧੮ ਮਹੀਨਿਆਂ ਤੱਕ ਚਿੱਟੇ ਤਸ਼ਦੱਦ ਨੂੰ ਝੱਲਿਆ।“ਕੋਠੜੀ ਵਿੱਚ ਸਮਾਂ ਨਹੀਂ ਲੰਘਦਾ। ਮੈਂ ਬਿਲਕੁਲ ਇਕੱਲੀ ਸੀ,” ਉਸਨੇ ਮੁਹੰਮਦੀ ਨੂੰ ਦੱਸਿਆ। “ਕੋਠੜੀ ਦੇ ਦਰਵਾਜ਼ੇ ਦਾ ਇੱਕ ਤੰਗ ਖਿੜਕੀ ਸੀ ਜਿਸ ਨੂੰ ਮਹਿਲਾ ਅਧਿਕਾਰੀ ਕਈ ਵਾਰ ਅੰਦਰ ਦੇਖਣ ਲਈ ਖੋਲ੍ਹਦੀਆਂ ਸਨ। ਮੈਂ ਆਪਣਾ ਚਿਹਰਾ ਘੰਟਿਆਂ-ਬੱਧੀ ਖਿੜਕੀ ਦੇ ਪਿੱਛੇ ਰੱਖੀ ਰੱਖਦੀ ਤਾਂ ਉਨ੍ਹਾਂ ਦੇ ਉਹ ਦਰਵਾਜ਼ਾ ਖੋਲ੍ਹਣ ਵੇਲੇ ਮੈਂ ਗਲਿਆਰੇ ਵਿੱਚ ਦੇਖ ਸਕਾਂ। ਕੋਠੜੀ ਵਿਚ ਅੰਤਾਂ ਦੀ ਚੁੱਪ ਸੀ, ਅਤੇ ਕੋਈ ਆਵਾਜ਼ ਨਹੀਂ ਸੀ ਆਉਂਦੀ। ਮੈਂ ਕੋਠੜੀ ਦੇ ਸਾਰੇ ਪਾਸੇ ਦੇਖਿਆ ਤਾਂ ਜੋ ਮੈਨੂੰ ਕੀੜੀ ਵਰਗੀ ਕੋਈ ਚੀਜ਼ ਮਿਲ ਸਕੇ, ਅਤੇ ਜਦੋਂ ਵੀ ਮੈਨੂੰ ਕੋਈ ਲੱਭਦੀ, ਮੈਂ ਉਸਦਾ ਪਿੱਛਾ ਕਰਦੀ ਰਹਿੰਦੀ। ਮੈਂ ਘੰਟਿਆਂ ਬੱਧੀ ਕੀੜੀਆਂ ਨਾਲ ਗੱਲਾਂ ਕੀਤੀਆਂ।” ਇਹ ਕੋਠੜੀਆਂ ਦੀ ਠੰਡੀ ਚੁੱਪ ਨੂੰ ਦਰਸਾਉਂਦਾ ਹੈ।

“ਵ੍ਹਾਈਟ ਟਾਰਚਰ” ਵਿੱਚ, ਮੁਹੰਮਦੀ ਦੱਸਦੀ ਹੈ ਕਿ ਕਿਵੇਂ ਜੇਲ੍ਹ ਵਿੱਚ ਡਾਕਟਰੀ “ਇਲਾਜ” ਵੀ ਤਸੀਹੇ ਦੇ ਇੱਕ ਹੋਰ ਰੂਪ ਵਜੋਂ ਕੰਮ ਕਰਦਾ ਹੈ।“ਇੱਕ ਜ਼ੰਜੀਰੀ ਲਿਆਓ…ਅਤੇ ਉਸਦੇ ਹੱਥਾਂ ਅਤੇ ਪੈਰਾਂ ਨੂੰ ਮੰਜੇ ਦੀਆਂ ਲੱਤਾਂ ਨਾਲ ਬੰਨ੍ਹੋ,” ਜਦੋਂ ਮੁਹੰਮਦੀ ਮਾੜੇ ਇਲਾਜ ਦੌਰਾਨ ਰੋਂਦੀ ਹੈ ਤਾਂ ਇੱਕ ਡਾਕਟਰ ਉੱਚੀ ਸਾਰੀ ਚਿਲਾਉਂਦਾ ਹੈ। “ਇਸ ਦੇ ਬਾਵਜੂਦ ਕਿ ਡਾਕਟਰ ਨੇ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਦੀ ਸਹੁੰ ਖਾਧੀ ਸੀ, ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ।“ਮੁਹੰਮਦੀ, ਤੂੰ ਭਾਵੇਂ ਮਰ ਜਾ, ਪਰ ਜੇਲ੍ਹ ਤੋਂ ਬਾਹਰ ਮਰੀ” ਤਾਂ ਕਿ ਸ਼ਾਸਨ ਨੂੰ ਅੰਤਰਰਾਸ਼ਟਰੀ ਨਿੰਦਾ ਦਾ ਸਾਹਮਣਾ ਨਾ ਕਰਨਾ ਪਵੇ।ਕੋਈ ਵੀ ਭਵਿੱਖਬਾਣੀ ਨਹੀਂ ਕਰ ਸਕਦਾ ਕਿ ਈਰਾਨ ਵਿੱਚ ਰਾਜਨੀਤਿਕ ਤਬਦੀਲੀ ਕਦੋਂ ਆਵੇਗੀ, ਪਰ “ਔਰਤਾਂ, ਜੀਵਨ, ਆਜ਼ਾਦੀ” ਵਿਰੋਧ ਪ੍ਰਦਰਸ਼ਨ ਈਰਾਨ ਵਿੱਚ ਇੱਕ ਤਬਦੀਲੀ ਨੂੰ ਦਰਸਾਉਂਦੇ ਹਨ।

ਮੌਜੂਦਾ ਚੱਲ ਰਹੇ ਵਿਰੋਧ ਪ੍ਰਦਰਸ਼ਨ ਔਰਤਾਂ ਦੇ ਹੱਕਾਂ ਅਤੇ ਇਰਾਨ ਦੇ ਕੁਰਦਿਸਤਾਨ ਖੇਤਰ ਵਿੱਚ ਇੱਕ ਘੱਟਗਿਣਤੀ ਸਮੂਹ ਨਾਲ ਸਬੰਧਤ ਇੱਕ ਔਰਤ ਦੀ ਮੌਤ ਖਿਲਾਫ ਇੱਕਮੁੱਠਤਾ ਨੇ ਇੱਕ ਰਾਸ਼ਟਰਵਿਆਪੀ ਵਿਰੋਧ ਨੂੰ ਭੜਕਾਇਆ। ਪ੍ਰਦਰਸ਼ਨਕਾਰੀਆਂ ਦੇ ਟੀਚਿਆਂ ਦਾ ਘੇਰਾ ਵੀ ਮਹੱਤਵਪੂਰਨ ਹੈ। ਉਹ ਤੰਗ ਘੇਰਿਆਂ ਤੋਂ ਉੱਪਰ ਉੱਠ ਮਹਿਜ਼ ਔਰਤਾਂ ਦੇ ਪਰਦੇ ਪਹਿਨਣ ਦੀ ਲੋੜ ਨੂੰ ਖਤਮ ਕਰਨ ਦੀ ਮੰਗ ਹੀ ਨਹੀਂ ਕਰ ਰਹੇ, ਸਗੋਂ ਉਨ੍ਹਾਂ ਨੇ “ਮੂਲਵਾਦੀ ਸ਼ਾਸਨ ਦੀ ਜਾਇਜ਼ਤਾ ਨੂੰ ਚੁਣੌਤੀ ਦਿੱਤੀ ਹੈ ਜੋ ਕਿ ਈਰਾਨ ਵਿੱਚ ੧੯੭੯ ਵਿੱਚ ਇਨਕਲਾਬ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਖ਼ਤਰਾ ਹੈ।ਸਾਰੀਆਂ ਪਾਰਟੀਆਂ ਧਰਮ ਸ਼ਾਸਤਰ ਦਾ ਅੰਤ ਚਾਹੁੰਦੀਆਂ ਹਨ,” ਫਾਊਂਡੇਸ਼ਨ ਫਾਰ ਦੀ ਡਿਫੈਂਸ ਆਫ ਡੈਮੋਕਰੇਸੀਜ਼ ਦੇ ਰੀਯੂਲ ਗੇਰੇਚਟ ਦਾ ਕਹਿਣਾ ਹੈ। ਸ਼ਾਸਨ ਦੇ ਨਜ਼ਰੀਏ ਤੋਂ, ਦਾਅ ਉੱਚੇ ਹਨ।ਔਰਤਾਂ ਨੂੰ ਡਰਾਇਆ ਨਹੀਂ ਜਾਂਦਾ, ਅਤੇ ਸ਼ਾਸਨ ਲਈ ਇਸ ਨੂੰ ਸੰਭਾਲਣਾ ਔਖਾ ਹੋਇਆ ਪਿਆ ਹੈ,” ਗੇਰੇਚ ਅੱਗੇ ਕਹਿੰਦਾ ਹੈ, ਕਿਉਂਕਿ “ਸ਼ਾਸਨ ਆਪਣੇ ਆਪ ਨੂੰ ਔਰਤਾਂ ਦੇ ਰੱਖਿਅਕ ਵਜੋਂ ਪੇਸ਼ ਕਰਨਾ ਪਸੰਦ ਕਰਦਾ ਹੈ। ਇੱਕ ਸਖ਼ਤ ਕਾਰਵਾਈ ਨਾਲ ਬਹੁਤ ਸਾਰੇ ਹੋਰ ਆਦਮੀਆਂ ਦੇ ਸੜਕਾਂ ‘ਤੇ ਨਿਕਲਣ ਦੀ ਸੰਭਾਵਨਾ ਹੈ।

ਔਰਤਾਂ ਦੇ ਵਿਰੁੱਧ ਹੋਰ ਵੀ ਤਾਕਤ ਵਰਤਣ ਦੀ ਝਿਜਕ ਦੇਸ਼ ਭਰ ਵਿੱਚ ਸਕੂਲੀ ਵਿਦਿਆਰਥਣਾਂ ਨੂੰ ਅਜੀਬ ਢੰਗ ਨਾਲ ਜਹਿਰ ਦੇਣ ਨੂੰ ਸਾਹਮਣੇ ਲਿਆਂਉਦੀ ਹੈ ਜਿਸਦੀਆਂ ਜੜ੍ਹਾਂ ਸ਼ਾਸਨ ਤੱਕ ਜਾਂਦੀਆਂ ਹਨ।

ਮਿਡਲ ਈਸਟ ਡੈਮੋਕਰੇਸੀ ‘ਤੇ ਪ੍ਰੋਜੈਕਟ ਦੇ ਸੰਚਾਰ ਨਿਰਦੇਸ਼ਕ ਅਪ੍ਰੈਲ ਬ੍ਰੈਡੀ ਦਾ ਕਹਿਣਾ ਹੈ ਕਿ ਵਿਰੋਧ ਪ੍ਰਦਰਸ਼ਨਾਂ ਦਾ ਆਮ ਤੌਰ ‘ਤੇ ਵੰਡੇ ਈਰਾਨੀ ਡਾਇਸਪੋਰਾ ‘ਤੇ ਵੀ ਪ੍ਰਭਾਵ ਪਿਆ ਹੈ। ਉਹ ਚਾਰਟਰ ਆਫ ਸੋਲੀਡੈਰਿਟੀ ਐਂਡ ਅਲਾਇੰਸ ਫਾਰ ਫਰੀਡਮ ਦੇ ਮਾਰਚ ਵਿੱਚ ਜਾਰੀ ਕੀਤੇ ਜਾਣ ਵੱਲ ਇਸ਼ਾਰਾ ਕਰਦੀ ਹੈ, ਜਿਸ ਨੂੰ ਮਾਹਸਾ ਚਾਰਟਰ ਵੀ ਕਿਹਾ ਜਾਂਦਾ ਹੈ, ਜੋ ਇਸਲਾਮਿਕ ਸ਼ਾਸਨ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਅਲੱਗ-ਥਲੱਗ ਕਰਨ ਦੀ ਮੰਗ ਕਰਦਾ ਹੈ ਅਤੇ ਇੱਕ ਧਰਮ ਨਿਰਪੱਖ ਲੋਕਤੰਤਰੀ ਈਰਾਨ ਲਈ ਇੱਕ ਬਲੂਪ੍ਰਿੰਟ ਨਿਰਧਾਰਤ ਕਰਦਾ ਹੈ।

ਨਸਲੀ ਵੰਡ ਦੇ ਪਾਰ ਈਰਾਨੀ ਲੋਕ ਨਾ ਸਿਰਫ਼ ਸ਼ਾਸਨ ਦੇ ਵਿਰੋਧ ਵਿੱਚ ਇੱਕਜੁੱਟ ਹੋ ਰਹੇ ਹਨ, ਸਗੋਂ ਇੱਕ ਵਿਭਿੰਨ ਗੱਠਜੋੜ ਬਣਾ ਰਹੇ ਹਨ, ਜਿਸ ਵਿੱਚ ਕਾਰਕੁੰਨ, ਅਭਿਨੇਤਰੀਆਂ, ਅਥਲੀਟ, ਕੁਰਦ ਨੇਤਾ, ਸਾਬਕਾ ਸ਼ਾਹ ਦਾ ਪੁੱਤਰ ਅਤੇ ਹੋਰ ਸ਼ਾਮਲ ਹਨ ਤਾਂ ਜੋ ਈਰਾਨ ਦੇ ਲੋਕਤੰਤਰੀ ਭਵਿੱਖ ਲਈ ਇੱਕ ਸਾਂਝਾ ਦ੍ਰਿਸ਼ਟੀਕੋਣ ਬਣਾਇਆ ਜਾ ਸਕੇ।

ਜਦੋਂ ਮੁਹੰਮਦੀ ਨੇ ਪਿਛਲੇ ਸਾਲ ਜੇਲ੍ਹ ਵਾਪਸ ਜਾਣ ਦੀ ਤਿਆਰੀ ਕੀਤੀ, ਉਸਨੇ ਇੱਕ ਛੋਟਾ ਵੀਡੀਓ ਸੰਦੇਸ਼ ਜਾਰੀ ਕੀਤਾ। ਇਹ ਅਤਿਆਚਾਰ ਦੇ ਸਾਮ੍ਹਣੇ ਉਸਦਾ ਸੰਜਮ, ਉਸ ਸੁਹਾਵਣੇ ਅਪਾਰਟਮੈਂਟ ਅਤੇ ਉਸ ਥਾਂ ਵਿਚਲਾ ਅੰਤਰ ਜਿਸ ਨੂੰ ਉਹ ਜਾਣਦੀ ਹੈ ਕਿ ਉਹ ਹਾਲਾਤਾਂ ਲਈ ਛੱਡ ਰਹੀ ਹੈ ਨੂੰ ਦਰਸਾਉਂਦਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਔਖੀਆਂ ਹਾਲਾਤਾਂ ਉਸਨੂੰ ਪਰਖਣਗੀਆਂ ਪਰ ਤੋੜਨਗੀਆਂ ਨਹੀਂ।ਉਹ ਕਹਿੰਦੀ ਹੈ, “ਪਹਿਲਾਂ ਵੀ ਕਈ ਵਾਰ ਦੀ ਤਰਾਂ ਮੈਂ ਅੱਜ ਸ਼ਾਮ ੫ ਵਜੇ ਜੇਲ੍ਹ ਵੱਲ ਜਾ ਰਹੀ ਹਾਂ।” ਉਸਦੇ ਪਿੱਛੇ ਉਸਦੇ ਦੋ ਜੁੜਵਾਂ ਬੱਚਿਆਂ ਦੀਆਂ ਤਸਵੀਰਾਂ ਹਨ, ਜੋ ਉਸ ਦੇ ਪਤੀ ਤਾਗੀ ਰਹਿਮਾਨੀ, ਇੱਕ ਪੱਤਰਕਾਰ ਅਤੇ ਕਾਰਕੁਨ, ਨਾਲ ਵਿਦੇਸ਼ ਵਿੱਚ ਰਹਿੰਦੇ ਹਨ ਜਿਸਨੇ ਖੁਦ ੧੪ ਸਾਲ ਜੇਲ੍ਹ ਵਿੱਚ ਬਿਤਾਏ ਹਨ।ਉਹ ਬਹੁਤ ਉਮੀਦ ਨਾਲ ਭਰੀ ਹੋਈ ਸੀ, ਅਤੇ ਕਿਸੇ ਵੀ ਚਿੰਤਾ ਜਾਂ ਨਿਰਾਸ਼ਾ ਤੋਂ ਮੁਕਤ ਸੀ ਅਤੇ ਉਸਨੇ ਇੱਕ ਅਰਾਮਦਾਇਕ, ਅਤੇ ਉਤਸ਼ਾਹਿਤ ਟੋਨ ਵਿੱਚ ਆਪਣੇ ਸੰਦੇਸ਼ ਦੀ ਸ਼ੁਰੂਆਤ ਕੀਤੀ। ਉਹ ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਉਹ ਕੰਮ ‘ਤੇ ਜਾਣ ਵਾਲੀ ਸੀ – ਜੋ ਕਿ, ਬੇਸ਼ੱਕ, ਉਹ ਜਾ ਰਹੀ ਸੀ।

“ਮੈਨੂੰ ਲਗਦਾ ਹੈ ਕਿ ਮੇਰੇ ਸਾਥੀ ਦੇਸ਼ ਵਾਸੀ ਅਤੇ ਔਰਤਾਂ ੧੦੦ ਸਾਲਾਂ ਦੇ ਸੰਘਰਸ਼ ਤੋਂ ਬਾਅਦ ਲੋਕਤੰਤਰ ਪ੍ਰਾਪਤ ਕਰਨ ਲਈ ਵਧੇਰੇ ਜਾਗਰੂਕ ਅਤੇ ਇੱਛੁਕ ਹਨ। ਬੇਸ਼ੱਕ, ਸਾਨੂੰ ਈਰਾਨ ਦੇ ਇਸਲਾਮਿਕ ਗਣਰਾਜ ਦੁਆਰਾ ਦਬਾਇਆ ਜਾ ਰਿਹਾ ਹੈ, ਪਰ ਅਸੀਂ ਮੰਨਦੇ ਹਾਂ ਕਿ ਇਹ ਮੇਰੇ ਲੋਕਾਂ ਦੀ ਸ਼ਕਤੀ ਅਤੇ ਲਚਕੀਲੇਪਣ ਅਤੇ ਜ਼ਾਲਮਾਂ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ। ਮੈਂ ਲੜਾਈ ਜਾਰੀ ਰੱਖਣ ਲਈ ਜੇਲ੍ਹ ਵਾਪਸ ਜਾ ਰਹੀ ਹਾਂ।” ਲੇਖਕ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੀ ਮੁਹੰਮਦੀ ਵਰਤਮਾਨ ਵਿੱਚ ਤਹਿਰਾਨ ਦੀ ਏਵਿਨ ਜੇਲ੍ਹ ਵਿੱਚ ਵਿੱਚ ਬੰਦ ਹੈ ਅਤੇ ਉਸ ਨੂੰ ਲੰਬੇ ਸਮੇਂ ਤੱਕ ਇਕਾਂਤਵਾਸ ਅਤੇ ਤੀਬਰ ਮਨੋਵਿਗਿਆਨਕ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਹੈ।ਬਦਲਾਅ ਲਈ ਵਿੱਢੀ ਲੜਾਈ ਕਰਕੇ ਨਰਗੇਸ ਮੁਹੰਮਦੀ ਨੂੰ ਆਪਣੇ ਕਰੀਅਰ ਰਾਹੀ ਕੀਮਤ ਚੁਕਾਉਣੀ ਪਈ, ਉਸਨੂੰ ਆਪਣੇ ਪਰਿਵਾਰ ਤੋਂ ਵੱਖ ਕਰ ਦਿੱਤਾ ਗਿਆ ਅਤੇ ਉਸਨੂੰ ਆਜ਼ਾਦੀ ਤੋਂ ਵਾਂਝੇ ਕਰ ਦਿੱਤਾ। ਪਰ ਜੇਲ੍ਹ ਦੀ ਕੋਈ ਕੋਠੀ ਉਸ ਨੂੰ ਚੁੱਪ ਕਰਵਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ।ਜਦੋਂ ਨਰਗੇਸ ਮੁਹੰਮਦੀ ਇੱਕ ਛੋਟੀ ਬੱਚੀ ਸੀ ਤਾਂ ਉਸਦੀ ਮਾਂ ਨੇ ਉਸਨੂੰ ਕਦੇ ਵੀ ਰਾਜਨੀਤਿਕ ਨਾ ਬਣਨ ਲਈ ਕਿਹਾ। ਈਰਾਨ ਵਰਗੇ ਦੇਸ਼ ਵਿੱਚ ਸਿਸਟਮ ਨਾਲ ਲੜਨ ਦੀ ਕੀਮਤ ਬਹੁਤ ਜ਼ਿਆਦਾ ਹੋਵੇਗੀ। ਉਸਦੀ ਮੌਜੂਦਾ ਕੈਦ ਇਰਾਨ ਦੀ ਅਸਹਿਮਤੀ ਪ੍ਰਤੀ ਕਠੋਰ ਪਹੁੰਚ ਨਾਲ ਨਾਲ ਉਸਦੀ ਪਹਿਲੀ ਮੁਲਾਕਾਤ ਨਹੀਂ ਹੈ।

ਪਿਛਲੇ ੩੦ ਸਾਲਾਂ ਵਿੱਚ, ਇਰਾਨ ਦੀ ਸਰਕਾਰ ਨੇ ਉਸਦੀਆਂ ਸਰਗਰਮੀਆਂ ਅਤੇ ਉਸਦੇ ਲੇਖਣ ਲਈ ਉਸਨੂੰ ਵਾਰ-ਵਾਰ ਸਜ਼ਾ ਦਿੱਤੀ ਹੈ।ਉਸਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਵਾਂਝੇ ਕਰ ਦਿੱਤਾ ਹੈ ਜੋ ਉਸਨੂੰ ਪਸੰਦ ਹਨ – ਇੱਕ ਇੰਜੀਨੀਅਰ ਵਜੋਂ ਉਸਦਾ ਕੈਰੀਅਰ, ਉਸਦੀ ਸਿਹਤ, ਉਸਦੇ ਮਾਪਿਆਂ, ਪਤੀ ਅਤੇ ਬੱਚਿਆਂ ਨਾਲ ਸਮਾਂ, ਅਤੇ ਉਸਦੀ ਆਜ਼ਾਦੀ।ਮੁਹੰਮਦੀ ਨੇ ਆਖਰੀ ਵਾਰ ਆਪਣੇ ੧੬ ਸਾਲ ਦੇ ਜੁੜਵਾਂ ਬੱਚਿਆਂ, ਅਲੀ ਅਤੇ ਕਿਆਨਾ, ਦੀ ਆਵਾਜ਼ ਇੱਕ ਸਾਲ ਪਹਿਲਾਂ ਸੁਣੀ ਸੀ।ਉਸਨੇ ਅੱਠ ਸਾਲ ਪਹਿਲਾਂ ਆਖ਼ਰੀ ਵਾਰ ਆਪਣੇ ਪੁੱਤਰ ਅਤੇ ਧੀ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਸੀ। ਉਸਦਾ ਪਤੀ, ਤਰੇ੍ਹਟ ਵਰ੍ਹਿਆਂ ਦਾ ਤਾਗੀ ਰਹਿਮਾਨੀ, ਇੱਕ ਲੇਖਕ ਅਤੇ ਪ੍ਰਮੁੱਖ ਕਾਰਕੁੰਨ ਵੀ ਹੈ ਜਿਸਨੂੰ ਇਰਾਨ ਵਿੱਚ ੧੪ ਸਾਲਾਂ ਲਈ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ।ਉਹ ਆਪਣੇ ਜੋੜੇ ਬੱਚਿਆਂ ਨਾਲ ਫਰਾਂਸ ਵਿੱਚ ਜਲਾਵਤਨੀ ਵਿੱਚ ਰਹਿੰਦਾ ਹੈ।ਮੁਹੰਮਦੀ ਨੇ ਜੋ ਦੁੱਖ ਅਤੇ ਘਾਟਾ ਝੱਲਿਆ ਹੈ, ਉਸ ਨੇ ਤਬਦੀਲੀ ਲਈ ਅੱਗੇ ਵਧਦੇ ਰਹਿਣ ਦੇ ਉਸ ਦੇ ਇਰਾਦੇ ਨੂੰ ਮੱਧਮ ਨਹੀਂ ਕੀਤਾ ਹੈ।

ਏਵਿਨ ਜੇਲ੍ਹ ਦੇ ਮਹਿਲਾ ਵਾਰਡ ਵਿੱਚ ਉਸਦੀ ਕੋਠੜੀ ਵਿੱਚ ਇੱਕ ਛੋਟੀ ਜਿਹੀ ਖਿੜਕੀ ਉੱਤਰੀ ਤਹਿਰਾਨ ਵਿੱਚ ਜੇਲ੍ਹ ਦੇ ਆਲੇ ਦੁਆਲੇ ਦੇ ਪਹਾੜਾਂ ਵੱਲ ਖੁਲੱ੍ਹਦੀ ਹੈ।ਅਪ੍ਰੈਲ ਵਿੱਚ ਏਵਿਨ ਦੇ ਅੰਦਰੋਂ ਇੱਕ ਦੁਰਲੱਭ ਅਤੇ ਅਣਅਧਿਕਾਰਤ ਟੈਲੀਫੋਨ ਇੰਟਰਵਿਊ ਵਿੱਚ ਉਸ ਨੇ ਕਿਹਾ, “ਜਿੰਨਾ ਜ਼ਿਆਦਾ ਉਹ ਮੈਨੂੰ ਸਜ਼ਾ ਦਿੰਦੇ ਹਨ, ਜਿੰਨਾ ਜ਼ਿਆਦਾ ਉਹ ਮੇਰੇ ਤੋਂ ਖੋਹ ਲੈਂਦੇ ਹਨ, ਮੈਂ ਓਨਾ ਹੀ ਲੜਨ ਲਈ ਦ੍ਰਿੜ ਹੋ ਜਾਂਦੀ ਹਾਂ ਕਿ ਅਸੀਂ ਲੋਕਤੰਤਰ ਅਤੇ ਆਜ਼ਾਦੀ ਤੋਂ ਘੱਟ ਕੁਝ ਨਹੀਂ ਸਵੀਕਾਰ ਕਰਾਂਗੇ।” ਪਿਛਲੇ ਮਹੀਨੇ, ਜੇਲ ਅਧਿਕਾਰੀਆਂ ਨੇ ਮੁਹੰਮਦੀ ਦੇ ਟੈਲੀਫੋਨ ਅਤੇ ਮੁਲਾਕਾਤ ਦੇ ਅਧਿਕਾਰਾਂ ਨੂੰ ਰੱਦ ਕਰ ਦਿੱਤਾ ਕਿਉਂ ਕਿ ਉਸ ਦੇ ਇਰਾਨ ਦੁਆਰਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਨਿੰਦਾ ਕਰਦੇ ਹੋਏ ਜੇਲ ਤੋਂ ਜਾਰੀ ਕੀਤੇ ਬਿਆਨ ਉਸਦੇ ਇੰਸਟਾਗ੍ਰਾਮ ਪੇਜ ‘ਤੇ ਪੋਸਟ ਕੀਤੇ ਗਏ ਸਨ।ਪੈਨ ਅਮਰੀਕਾ ਨੇ ਪਿਛਲੇ ਮਹੀਨੇ ਨਿਊਯਾਰਕ ਵਿੱਚ ਆਪਣੇ ਸਾਲਾਨਾ ਸਮਾਰੋਹ ਵਿੱਚ ਮੁਹੰਮਦੀ ਨੂੰ ਬਾਰਬੀ ਫ੍ਰੀਡਮ ਟੂ ਰਾਈਟ ਅਵਾਰਡ ਨਾਲ ਸਨਮਾਨਿਤ ਕੀਤਾ। ਸੰਯੁਕਤ ਰਾਸ਼ਟਰ ਨੇ ਉਸ ਨੂੰ ਇਸ ਸਾਲ ਵਿਸ਼ਵ ਪ੍ਰੈੱਸ ਸੁਤੰਤਰਤਾ ਪੁਰਸਕਾਰ ਦੇ ਤਿੰਨ ਪ੍ਰਾਪਤਕਰਤਾਵਾਂ ਵਿੱਚੋਂ ਇੱਕ ਦਾ ਨਾਮ ਦਿੱਤਾ ਹੈ।ਨਰਗੇਸ ਮੁਹੰਮਦੀ ਈਰਾਨੀ ਸਰਕਾਰ ਦੇ ਦਮਨ ਵਿਰੁੱਧ ਇੱਕ ਅਦੁੱਤੀ ਆਵਾਜ਼ ਰਹੀ ਹੈ, ਭਾਵੇਂ ਕਿ ਇਸ ਲਈ ਉਸ ਨੂੰ ਬਹੁਤ ਦੁੱਖ ਝੱਲਣੇ ਪਏ ਹਨ। ਉਸ ਦੀ ਜੇਲ੍ਹ ਦੀ ਕੋਠੜੀ ਵਿਚ ਹੁੰਦੇ ਸਰਕਾਰੀ ਸ਼ੋਸ਼ਣ ਦੇ ਬਾਵਜੂਦ ਉਸਦੀ ਲਗਨ ਅਤੇ ਕਮਾਲ ਦੀ ਹਿੰਮਤ ਦੁਨੀਆ ਭਰ ਵਿੱਚ ਪ੍ਰੇਰਨਾ ਦਾ ਸਰੋਤ ਹੈ।

ਮੁਹੰਮਦੀ ਕੇਂਦਰੀ ਸ਼ਹਿਰ ਜ਼ੰਜਾਨ ਵਿੱਚ ਇੱਕ ਮੱਧ-ਵਰਗੀ ਪਰਿਵਾਰ ਵਿੱਚ ਵੱਡੀ ਹੋਈ। ਉਸਦਾ ਪਿਤਾ ਇੱਕ ਰਸੋਈਆ ਅਤੇ ਇੱਕ ਕਿਸਾਨ ਸੀ। ਉਸਦੀ ਮਾਂ ਦਾ ਪਰਿਵਾਰ ਰਾਜਨੀਤਿਕ ਸੀ, ਅਤੇ ੧੯੭੯ ਵਿੱਚ ਇਸਲਾਮੀ ਕ੍ਰਾਂਤੀ ਸਮੇਂ ਰਾਜਸ਼ਾਹੀ ਨੂੰ ਖਤਮ ਕਰਨ ਤੋਂ ਬਾਅਦ ਉਸ ਦੇ ਇੱਕ ਕਾਰਕੁੰਨ ਮਾਮੇ ਅਤੇ ਦੋ ਮਮੇਰੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਨਰਗੇਸ ਨੇ ਕਿਹਾ ਕਿ ਬਚਪਨ ਦੀਆਂ ਦੋ ਯਾਦਾਂ ਨੇ ਉਸਨੂੰ ਸਰਗਰਮੀ ਦੇ ਰਾਹ ‘ਤੇ ਤੋਰਿਆ: ਉਸਦੀ ਮਾਂ ਆਪਣੇ ਭਰਾ ਨਾਲ ਜੇਲ੍ਹ ਜਾਣ ਲਈ ਹਰ ਹਫ਼ਤੇ ਇੱਕ ਲਾਲ ਪਲਾਸਟਿਕ ਦੀ ਸ਼ਾਪਿੰਗ ਟੋਕਰੀ ਫਲਾਂ ਨਾਲ ਭਰਦੀ ਸੀ, ਅਤੇ ਉਸਦੀ ਮਾਂ ਟੈਲੀਵਿਜ਼ਨ ਸਕ੍ਰੀਨ ਦੇ ਨੇੜੇ ਫਰਸ਼ ‘ਤੇ ਬੈਠੀ ਹੋਈ ਸੀ ਅਤੇ ਉਨ੍ਹਾਂ ਕੈਦੀਆਂ ਦੇ ਨਾਮ ਸੁਣਦੀ ਸੀ ਜਿਨ੍ਹਾਂ ਨੂੰ ਹਰ ਰੋਜ਼ ਫਾਂਸੀ ਦਿੱਤੀ ਜਾਂਦੀ ਸੀ।ਇੱਕ ਦੁਪਹਿਰ, ਨਿਊਜ਼ਕਾਸਟਰ ਨੇ ਉਸਦੇ ਭਤੀਜੇ ਦੇ ਨਾਮ ਦਾ ਐਲਾਨ ਕੀਤਾ।ਇਨ੍ਹਾਂ ਯਾਦਾਂ ਨੇ ੯ ਸਾਲ ਦੀ ਬੱਚੀ ਨਰਗੇਸ ‘ਤੇ ਇੱਕ ਸਥਾਈ ਛਾਪ ਛੱਡੀ ਅਤੇ ਉਹ ਜੀਵਨ ਭਰ ਫਾਂਸੀਆਂ ਦਾ ਵਿਰੋਧ ਅਤੇ ਈਰਾਨੀ ਦਮਨਕਾਰੀ ਸ਼ਾਸਕਾਂ ਦੇ ਵਿਰੁੱਧ ਰਾਜਨੀਤਿਕ ਸਰਗਰਮੀ ਦੇ ਮਾਰਗ ਲਈ ਇੱਕ ਪ੍ਰੇਰਕ ਸ਼ਕਤੀ ਬਣ ਗਈ। ਕਾਲਜ ਵਿੱਚ ਉਹ ਆਪਣੇ ਪਤੀ ਨੂੰ ਮਿਲੀ, ਜੋ ਈਰਾਨ ਦੇ ਬੌਧਿਕ ਹਲਕਿਆਂ ਵਿੱਚ ਇੱਕ ਜਾਣੀ-ਪਛਾਣੀ ਸ਼ਖਸੀਅਤ ਹੈ, ਜਦੋਂ ਉਹ ਇੱਕ ਭੂਮੀਗਤ ਕਲਾਸ ਵਿੱਚ ਸ਼ਾਮਲ ਹੋਈ ਜਿੱਥੇ ਉਹ ਸਿਵਲ ਸੁਸਾਇਟੀ ਬਾਰੇ ਪੜ੍ਹਾਉਂਦਾ ਸੀ। ਜਦੋਂ ਉਸਨੇ ਪ੍ਰਸਤਾਵ ਦਿੱਤਾ, ਤਾਂ ਉਸਦੇ ਮਾਤਾ-ਪਿਤਾ ਨੇ ਉਸਨੂੰ ਦੱਸਿਆ ਕਿ ਇੱਕ ਰਾਜਨੀਤਿਕ ਵਿਆਹ ਤਬਾਹੀ ਸੀ। ਮਿਸਟਰ ਰਹਿਮਾਨੀ ਨੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਇਕਾਂਤ ਕੈਦ ਵਿਚ ਬਿਤਾਈ।ਪਿਛਲੇ ਸਾਲ ਸਤੰਬਰ ਤੋਂ ਇਸ ਜੋੜੇ ਦੀ ਸਰਗਰਮੀ ਹੋਰ ਵੀ ਜ਼ਰੂਰੀ ਹੋ ਗਈ ਹੈ। ਇਸਲਾਮੀ ਗਣਰਾਜ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਔਰਤਾਂ ਅਤੇ ਲੜਕੀਆਂ ਦੀ ਅਗਵਾਈ ਵਿੱਚ ਪੂਰੇ ਈਰਾਨ ਵਿੱਚ ਇੱਕ ਵਿਦਰੋਹ ਸ਼ੁਰੂ ਹੋ ਗਿਆ। ਇਹ ਇੱਕ ਮੁਟਿਆਰ, ਮਾਹਸਾ ਅਮੀਨੀ ਦੀ ਈਰਾਨ ਦੇ ਹਿਜਾਬ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਲਈ ਨੈਤਿਕਤਾ ਪੁਲਿਸ ਦੀ ਹਿਰਾਸਤ ਵਿੱਚ ਮੌਤ ਨਾਲ ਸ਼ੁਰੂ ਹੋਇਆ।

ਨਜ਼ਰਬੰਦੀ ਤੋਂ ਬਾਅਦ ਵੀ, ਮੁਹੰਮਦੀ ਸਿਵਲ ਅਵੱਗਿਆ ਨੂੰ ਉਤਸ਼ਾਹਿਤ ਕਰ ਰਹੀ ਸੀ, ਪ੍ਰਦਰਸ਼ਨਕਾਰੀਆਂ ‘ਤੇ ਸਰਕਾਰ ਦੀ ਹਿੰਸਕ ਕਾਰਵਾਈ ਦੀ ਨਿੰਦਾ ਕਰ ਰਹੀ ਸੀ, ਜਿਸ ਵਿੱਚ ਫਾਂਸੀ ਵੀ ਸ਼ਾਮਲ ਸੀ, ਅਤੇ ਵਿਸ਼ਵ ਨੇਤਾਵਾਂ ਤੋਂ ਈਰਾਨੀਆਂ ਦੇ ਆਜ਼ਾਦੀ ਦੇ ਸੰਘਰਸ਼ ਵੱਲ ਧਿਆਨ ਦੇਣ ਦੀ ਮੰਗ ਕਰ ਰਹੀ ਸੀ। ਉਸ ਦੇ ਦਹਾਕਿਆਂ-ਲੰਬੇ ਯਤਨਾਂ ਨੇ ਇਨ੍ਹਾਂ ਮੁੱਦਿਆਂ ਬਾਰੇ ਈਰਾਨ ਵਿੱਚ ਜ਼ਮੀਨੀ ਪੱਧਰ ‘ਤੇ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕੀਤੀ ਹੈ। ਉਹ ਕਹਿੰਦੀ ਹੈ ਕਿ ਇਰਾਨ ਨੂੰ ਇੱਕ ਲੋਕਤੰਤਰ ਵਿੱਚ ਬਦਲਣ ਲਈ ਇੱਕ ਮਜ਼ਬੂਤ ਸਿਵਲ ਸੁਸਾਇਟੀ ਦੇ ਵਿਕਾਸ ਦੁਆਰਾ ਦੇਸ਼ ਦੇ ਅੰਦਰੋਂ ਹੀ ਤਬਦੀਲੀ ਆਉਣੀ ਚਾਹੀਦੀ ਹੈ।

ਜੇਲ੍ਹ ਦੇ ਅੰਦਰ ਬਹੁਤ ਸਾਰੇ ਕਾਰਕੁਨਾਂ ਵਾਂਗ, ਨਰਗੇਸ ਨੇ ਅੰਦੋਲਨ ਦਾ ਸਮਰਥਨ ਕਰਨ ਦਾ ਤਰੀਕਾ ਲੱਭ ਕੇ ਆਪਣੇ ਆਪ ਨੂੰ ਇਸ ਵਿਚ ਝੋਕ ਦਿੱਤਾ।ਉਸਨੇ ਇੰਟਰਵਿਊ ਦੇ ਲਿਖਤੀ ਹਿੱਸੇ ਵਿੱਚ ਕਿਹਾ, “ਅਸੀਂ ਈਰਾਨ ਦੇ ਲੋਕ ਇਸਲਾਮੀ ਗਣਰਾਜ ਦੇ ਧਰਮ ਤੰਤਰ ਤੋਂ ਬਾਹਰ ਹੋ ਰਹੇ ਹਾਂ। ਪਰਿਵਰਤਨ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਨਹੀਂ ਜਾਵੇਗਾ। ਇਹ ਇੱਕ ਲੰਬੀ ਅਤੇ ਕਠਿਨ ਪ੍ਰਕਿਰਿਆ ਹੋਵੇਗੀ ਪਰ ਸਬੂਤ ਦੱਸਦੇ ਹਨ ਕਿ ਇਹ ਯਕੀਨੀ ਤੌਰ ‘ਤੇ ਹੋਵੇਗਾ।”

ਮੁਹੰਮਦੀ ਨੇ ਹਮੇਸ਼ਾ ਜੇਲ੍ਹ ਨੂੰ ਸਰਗਰਮੀ ਲਈ ਇੱਕ ਪਲੇਟਫਾਰਮ ਮੰਨਿਆ ਹੈ ਜੋ ਵਿਸ਼ਵ ਵਿੱਚ ਸਕਾਰਾਤਮਕ ਰਾਜਨੀਤਿਕ ਸਰਗਰਮੀ ਦਾ ਇੱਕ ਦੁਰਲੱਭ ਪ੍ਰਤੀਕ ਹੈ। ਉਸ ਦਾ ਸੰਘਰਸ਼ ਸਿੱਖ ਭਾਈਚਾਰੇ ਲਈ ਵੀ ਪ੍ਰੇਰਣਾ ਹੈ ਜੋ ਇੱਕ ਬਹੁਗਿਣਤੀ ਵਾਲੇ ਰਾਜ ਵਿੱਚ ਘੱਟ ਗਿਣਤੀ ਹੋਣ ਕਰਕੇ ਆਪਣੇ ਅਧਿਕਾਰਾਂ ਲਈ ਲੜ ਰਹੇ ਹੈ।ਉਸਦੇ ਦੋਸਤਾਂ ਅਤੇ ਸਹਿਕਰਮੀਆਂ ਦਾ ਕਹਿਣਾ ਹੈ ਕਿ ਮੁਹੰਮਦੀ ਦਾ ਸਭ ਤੋਂ ਕਮਾਲ ਦਾ ਗੁਣ ਉਸਦਾ ਸ਼ਿਕਾਰ ਹੋਣ ਤੋਂ ਇਨਕਾਰ ਕਰਨਾ ਹੈ। ਫ਼ਾਰਸੀ ਸ਼ਾਸਤਰੀ ਸੰਗੀਤ ਵਿੱਚ ਇੱਕ ਸਿਖਲਾਈ ਪ੍ਰਾਪਤ ਮੁਹੰਮਦੀ ਵਾਰਡ ਵਿੱਚ ਇਕੱਠਾਂ ਦਾ ਆਯੋਜਨ ਕਰਦੀ ਹੈ, ਜਿੱਥੇ ਉਹ ਗਾਉਂਦੀ ਹੈ, ਇੱਕ ਘੜੇ ‘ਤੇ ਤਾਲਬੱਧ ਟੋਮਬਾਕ ਵਜਾਉਂਦੀ ਹੈ ਅਤੇ ਦੂਜੀਆਂ ਔਰਤਾਂ ਨਾਲ ਨੱਚਦੀ ਹੈ। ਫ਼ਾਰਸੀ ਨਵੇਂ ਸਾਲ, ਨੌਰੋਜ਼ ਵਿਖੇ ਮਾਰਚ ਵਿੱਚ, ਉਸਨੇ ਇਤਾਲਵੀ ਵਿਰੋਧ ਗੀਤ, “ਬੇਲਾ ਚਾਓ” ਦੀ ਇੱਕ ਫ਼ਾਰਸੀ ਪੇਸ਼ਕਾਰੀ ਗਾਉਣ ਵਾਲੇ ਇੱਕ ਸਮੂਹ ਦੀ ਅਗਵਾਈ ਕੀਤੀ।ਸ਼੍ਰੀਮਤੀ ਮੁਹੰਮਦੀ ਨੇ ਕਿਹਾ, “ਜਦੋਂ ਜੇਲ ਕਈ ਸਾਲਾਂ ਤੱਕ ਚਲਦੀ ਹੈ, ਤਾਂ ਤੁਹਾਨੂੰ ਕੈਦ ਦੇ ਅੰਦਰ ਆਪਣੀ ਜ਼ਿੰਦਗੀ ਨੂੰ ਅਰਥ ਦੇਣਾ ਪੈਂਦਾ ਹੈ ਅਤੇ ਪਿਆਰ ਨੂੰ ਜ਼ਿੰਦਾ ਰੱਖਣਾ ਪੈਂਦਾ ਹੈ,” ਮੁਹੰਮਦੀ ਨੇ ਕਿਹਾ। “ਮੈਨੂੰ ਦੂਰ ਭਵਿੱਖ ‘ਤੇ ਆਪਣੀਆਂ ਨਜ਼ਰਾਂ ਰੱਖਣੀਆਂ ਪੈਣਗੀਆਂ ਭਾਵੇਂ ਕਿ ਜੇਲ੍ਹ ਦੀਆਂ ਕੰਧਾਂ ਉੱਚੀਆਂ ਅਤੇ ਨੇੜੇ ਹੋਣ ਕਰਕੇ ਮੇਰੇ ਦ੍ਰਿਸ਼ ਨੂੰ ਰੋਕ ਰਹੀਆਂ ਹਨ।”