2019 ਦੀਆਂ ਆਮ ਚੋਣਾਂ ਵਿੱਚ ਪੰਜਾਬ ਇੱਕ ਵਾਰ ਫਿਰ ਹਿੰਦੂਵਾਦ ਦੀ ਹਨੇਰੀ ਦੇ ਖਿਲਾਫ ਖੜ੍ਹਾ ਦਿਖਾਈ ਦਿੱਤਾ ਹੈੈ। ਜਿਸ ਵੇਲੇ ਸਮੁੱਚੇ ਭਾਰਤ ਵਿੱਚ ਕਿਸੇ ਪਾਰਟੀ ਦੀ ਹਵਾ ਨਹੀ ਬਲਕਿ ਇੱਕ ਵਿਅਕਤੀ ਵਿਸ਼ੇਸ਼ ਦੀ ਸਿਆਸੀ ਹਵਾ ਚੱਲ ਰਹੀ ਸੀ ਉਸ ਵੇਲੇ ਪੰਜਾਬ ਨੇ ਫਿਰ ਹਿੰਦੂ ਰਾਸ਼ਟਰ ਦੇ ਨਾਅਰੇ ਅਤੇ ਜੰਗਬਾਜ਼ੀ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਫਤਵਾ ਦਿੱਤਾ ਹੈੈ। ਅਕਾਲੀ ਦਲ ਅਤੇ ਭਾਜਪਾ ਨੇ ਜਿਹੜੀਆਂ ਸੀਟਾਂ ਜਿੱਤੀਆਂ ਵੀ ਹਨ ਉਨ੍ਹਾਂ ਵਿੱਚ ਵੀ ਹਿੰਦੂ ਵੋਟ ਨਿਰਣਾਇਕ ਸਿੱਧ ਹੋਈ ਹੈੈੈ।

ਪੰਜਾਬ ਦੇ ਵੋਟਰਾਂ ਦੇ ਫਤਵੇ ਦੇ ਬੇਸ਼ੱਕ ਬਹੁਤ ਸਾਰੇ ਅਰਥ ਕੱਢੇ ਜਾ ਸਕਦੇ ਹਨ ਪਰ ਜਿਥੋਂ ਤੱਕ ਸਾਨੂੰ ਗੱਲ ਸਮਝ ਆਈ ਹੈ, ਉਸ ਅਨੁਸਾਰ ਅਸੀਂ ਕਹਿ ਸਕਦੇ ਹਾਂ ਕਿ ਪੇਂਡੂ ਸਿੱਖ ਵੋਟਰ ਨੇ ਇਹ ਗੱਲ ਭਾਂਪ ਲਈ ਹੈ ਕਿ ਭਾਜਪਾ ਅਤੇ ਸੰਘ ਪਰਿਵਾਰ ਦੀ ਰਾਜਨੀਤਿਕ ਲੀਹ ਸਿੱਖਾਂ ਲਈ ਵੱਧ ਖਤਰਨਾਕ ਹੈ। ਇਸੇ ਲਈ ਪੰਜਾਬ ਦੇ ਸਿੱਖ ਵਸੋਂ ਵਾਲੇ ਪੇਂਡੂ ਖੇਤਰ ਦੇ ਲੋਕਾਂ ਨੇ ਅੱਤ ਖਤਰਨਾਕ ਅਤੇ ਖਤਰਨਾਕ ਉਮੀਦਵਾਰਾਂ ਵਿੱਚ, ਖਤਰਨਾਕ ਭਾਵ ਘੱਟ ਖਤਰਨਾਕ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਈ ਹੈੈ।

ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਦੇ ਮੁਕਾਬਲੇ ਬਠਿੰਡਾ ਖੇਤਰ ਦੇ ਸਾਰੇ ਪੇਂਡੂ ਇਲਾਕਿਆਂ ਵਿੱਚ, ਕਾਂਗਰਸ ਦੇ ਰਾਜਾ ਵੜਿੰਗ ਨੂੰ ਵੱਧ ਵੋਟ ਪਈ ਹੈੈ। ਬੀਬੀ ਹਰਸਿਮਰਤ ਕੌਰ ਨੂੰ ਬਠਿੰਡਾ ਅਤੇ ਮਾਨਸਾ ਦੇ ਹਿੰਦੂ ਵੋਟਰ ਨੇ ਬਚਾਕੇ ਮੈਂਬਰ ਆਫ ਪਾਰਲੀਮੈਂਟ ਬਣਾ ਦਿੱਤਾ। ਗੁਰਦਾਸਪੁਰ ਵਿੱਚ ਸੰਨ੍ਹੀ ਦਿਉਲ ਦਾ ਵੀ ਇਹੋ ਹਾਲ ਰਿਹਾ। ਗੁਰਦਾਸਪੁਰ ਦੀਆਂ ਨੌ ਵਿਧਾਨ ਸਭਾਵਾਂ ਵਿੱਚੋਂ 5 ਸਿੱਖ ਵਸੋਂ ਵਾਲੀਆਂ ਹਨ। ਉੱਥੇ ਸੰਨ੍ਹੀ ਦਿਉਲ ਨੂੰ ਮਸਾਂ 500 ਤੋਂ ਲੈਕੇ 900 ਵੋਟਾਂ ਤੱਕ ਦੀ ਬੜ੍ਹਤ ਮਿਲੀ ਹੈੈ, ਭਾਵ ਸਿੱਖਾਂ ਨੇ ਸੰਨ੍ਹੀ ਦਿਉਲ ਨੂੰ ਵੋਟ ਓਨੇ ਉਤਸ਼ਾਹ ਨਾਲ ਨਹੀ ਪਾਈ। ਪਰ 4 ਵਿਧਾਨ ਸਭਾ ਹਲਕੇ ਜੋ ਹਿੰਦੂ ਬਹੁ-ਗਿਣਤੀ ਵਾਲੇ ਹਨ, ਉਨ੍ਹਾਂ ਵਿੱਚੋਂ ਸੰਨ੍ਹੀ ਦਿਉਲ ਨੂੰ 20 ਹਜ਼ਾਰ ਤੋਂ ਵੱਧ ਦੀ ਲੀਡ ਹਰੇਕ ਹਲਕੇ ਵਿੱਚੋਂ ਮਿਲੀ ਹੈੈ। ਦੀਨਾਨਗਰ, ਬੋਹਾ, ਪਠਾਨਕੋਟ ਅਤੇ ਮੁਕੇਰੀਆਂ, ਇਨ੍ਹਾਂ ਵਿੱਚੋਂ ਹੀ ਸੰਨ੍ਹੀ ਦਿਉਲ ਨੂੰ ਜਿੱਤ ਜੋਗੇ 80 ਹਜ਼ਾਰ ਵੱਧ ਵੋਟ ਮਿਲੇ ਹਨ।

ਪਰਕਾਸ਼ ਸਿੰਘ ਬਾਦਲ ਇਸ ਗੱਲ ਨੂੰ ਬਹੁਤ ਦੇਰ ਪਹਿਲਾਂ ਸਮਝ ਗਿਆ ਸੀ ਕਿ, ਪੰਜਾਬ ਵਿੱਚ ਹਮੇਸ਼ਾ ਲਈ ਰਾਜੇ ਬਣੇ ਰਹਿਣ ਲਈ ਹਿੰਦੂ ਨੂੰ ਖੁਸ਼ ਰੱਖਣਾਂ ਬਹੁਤ ਜਰੂਰੀ ਹੈੈ। ਕਿਉਂਕਿ ਹਿੰਦੂ ਵੋਟ ਹੀ ਕਿਸੇ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਦੀ ਹੈੈ। ਇਸੇ ਲਈ ਪਰਕਾਸ਼ ਸਿੰਘ ਬਾਦਲ ਆਪਣੇ ਰਾਜ ਵਿੱਚ, ਸਿੱਖਾਂ ਤੇ ਗੋਲੀਆਂ ਵੀ ਚਲਾਉਂਦਾ ਹੈ, ਉਨ੍ਹਾਂ ਤੇ ਦੇਸ਼-ਧਰੋਹੀ ਦੇ ਕੇਸ ਵੀ ਦਰਜ ਕਰਵਾਉਂਦਾ ਹੈ, ਕਿਸਾਨਾਂ ਦਾ ਕੁਟਾਪਾ ਵੀ ਕਰਦਾ ਹੈ ਅਤੇ ਨੌਕਰੀ ਮੰਗਦੇ ਨੌਜਵਾਨਾਂ ਦੀਆਂ ਪੱਗਾਂ ਲਾਹੁਣ ਤੋਂ ਵੀ ਗੁਰੇਜ਼ ਨਹੀ ਕਰਦਾ। ਪਰ ਹਿੰਦੂ ਵੋਟਰ ਨੂੰ ਉਹ ਆਂਚ ਨਹੀ ਆਉਣ ਦੇਂਦਾ।

ਬੇਸ਼ੱਚ ਸਾਡੇ ਵਰਗੇ ਸਿਆਸੀ ਵਿਸ਼ਲੇਸ਼ਕ ਜਾਂ ਆਲੋਚਕ ਲੱਖ ਆਖੀ ਜਾਣ ਕਿ ਸਿੱਖ ਵੋਟਰ ਸਿਆਣਾਂ ਨਹੀ ਹੈ ਪਰ ਉਨ੍ਹਾਂ ਨੇ ਤਿੰਨ ਵਾਰ ਹਿੰਦੂ ਵਾਦ ਦੀ ਹਨੇਰੀ ਨੂੰ ਠੱਲ੍ਹ ਕੇ ਦਿਖਾ ਦਿੱਤਾ ਹੈ ਕਿ ਕਿਤੇ ਨਾ ਕਿਤੇ ਉਨ੍ਹਾਂ ਵਿੱਚ ਆਪਣੇ ਵਿਰਸੇ ਅਤੇ ਪੰਜਾਬ ਦੇ ਭਵਿੱਖ ਲਈ ਕੋਈ ਤੜਪ ਪਈ ਹੈੈ। ਕਾਂਗਰਸ ਨੂੰ ਉਹ ਸਿਆਸੀ ਦੁਸ਼ਮਣ ਸਮਝਦਾ ਹੈ, ਪਰ ਭਾਜਪਾ ਅਤੇ ਸੰਘ ਪਰਿਵਾਰ ਨੂੰ ਵਿਚਾਰਧਾਰਕ ਦੁਸ਼ਮਣ ਦੇ ਤੌਰ ਤੇ ਦੇਖਦਾ ਹੈ ਜੋ ਕਾਂਗਰਸ ਨਾਲੋਂ ਵੱਧ ਖਤਰਨਾਕ ਹੈੈ।

ਕਾਂਗਰਸ ਸਿੱਖਾਂ ਨੂੰ ਖਤਮ ਕਰਦੀ ਸੀ ਪਰ ਭਾਜਪਾ ਅਤੇ ਸੰਘ ਪਰਿਵਾਰ ਸਿੱਖੀ ਨੂੰ ਖਤਮ ਕਰਨ ਦੇ ਲੰਬੇ ਯਤਨ ਕਰ ਰਿਹਾ ਹੈ। ਜੋ ਕਿ ਭਵਿੱਖ ਦੀਆਂ ਪੀੜ੍ਹੀਆਂ ਲਈ ਕਾਫੀ ਨੁਕਸਾਨਦਾਇਕ ਹੋ ਸਕਦੇ ਹਨ। ਇਸ ਲਈ, ਸਿੱਖ ਵੋਟਰ ਨੇ ਹਿੰਦੂਵਾਦ ਦੀ ਹਨੇਰੀ ਦੇ ਸਾਹਮਣੇ ਖੜ੍ਹਕੇ ਆਪਣਾਂ ਫਤਵਾ ਦੇ ਦਿੱਤਾ ਹੈੈ।

ਜਦੋਂ ਕਾਂਗਰਸ ਨਾਲੋਂ ਵੱਧ ਮਜਬੂਤ ਕੋਈ ਹੋਰ ਇਮਾਨਦਾਰ ਧਿਰ ਅਤੇ ਵੱਡੇ ਇਖਲਾਕ ਵਾਲੇ ਲੋਕ ਪੰਜਾਬ ਦੇ ਸਿਆਸੀ ਪਿੜ ਵਿੱਚ ਆ ਜਾਣਗੇ ਉਸ ਵੇਲੇ ਹੋ ਸਕਦਾ ਹੈ ਕਿ ਪੰਜਾਬ ਦਾ ਵੋਟਰ ਉਸ ਧਿਰ ਨੂੰ ਆਪਣੀ ਵੋਟ ਦੇ ਦੇਵੇ।

ਪਰ ਕਥਿਤ ਪੰਥਕ ਧਿਰਾਂ ਅਤੇ ਉਸਰਨ ਤੋਂ ਪਹਿਲਾਂ ਹੀ ਤੀਲ੍ਹਾ ਤੀਲ੍ਹਾ ਹੋਏ ਝਾੜੂ ਵਰਗੇ ਲੋਕਾਂ ਨੂੰ ਵੋਟ ਦੇਕੇ ਪੰਜਾਬ ਦਾ ਵੋਟਰ ਆਪਣੇ ਭਵਿੱਖ ਨਾਲ ਖਿਲਵਾੜ ਨਹੀ ਕਰੇਗਾ।