ਪੰਜਾਬ ਵਿੱਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਜੇ ਝਾਤ ਮਾਰੀਏ ਤਾਂ ਜਿਸ ਤਰਾਂ ਦੇਸ਼ ਦੇ ਬਾਕੀ ਸੂਬਿਆਂ ਵਿੱਚ ਮੋਦੀ ਦੀ ਲਹਿਰ ਕਾਮਯਾਬ ਰਹੀ ਹੈ, ਇਸਦੇ ਉਲਟ ਪੰਜਾਬ ਅੰਦਰ ਇਸਦਾ ਅਸਰ ਕੁਝ ਹਿਸਿਆਂ ਨੂੰ ਛੱਡ ਕੇ ਬੇਅਸਰ ਰਿਹਾ ਹੈ। ਪੰਜਾਬ ਵਿੱਚ ਲੋਕ ਸਭਾ ਦੇ ਨਤੀਜਿਆਂ ਅਨੁਸਾਰ ਕਾਂਗਰਸ ਨੇ ਤੇਰਾਂ ਵਿਚੋਂ ਅੱਠ ਸੀਟਾਂ ਜਿਤੀਆਂ ਹਨ ਦੂਜੀ ਪ੍ਰਮੁੱਖ ਧਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੇ ਚਾਰ ਸੀਟਾਂ ਜਿਤੀਆਂ ਹਨ ਅਤੇ ਆਮ ਆਦਮੀ ਪਾਰਟੀ ਨੇ ਸਿਰਫ ਇੱਕ ਸੀਟ ਜਿੱਤੀ ਹੈ। ਕਾਂਗਰਸ ਨੂੰ 40% ਵੋਟ ਸ਼ੇਅਰ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ਨੂੰ 27%, ਭਾਜਪਾ ਨੂੰ 9% ਵੋਟ ਹਾਸਲ ਹੋਈ ਹੈ। ਆਪ ਪਾਰਟੀ ਜਿਸਨੇ 2014 ਦੀਆਂ ਲੋਕ ਚੋਣਾਂ ਦੌਰਾਨ ਮਾਣਮੱਤਾ ਇਤਿਹਾਸ ਪੰਜਾਬ ਵਿੱਚ ਸਿਰਜਿਆਂ ਸੀ ਤੇ ਚਾਰ ਲੋਕ ਸਭਾ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ ਉਹ ਹੁਣ ਸੁੰਗੜ ਕਿ ਇੱਕ ਸੀਟ ਦੀ ਜਿੱਤ ਤੱਕ ਸੀਮਿਤ ਰਹਿ ਗਈ ਹੈ, 2014 ਦੌਰਾਨ ਆਮ ਆਦਮੀ ਪਾਰਟੀ ਨੇ ਇਹ ਸੰਭਾਵਨਾ ਪੈਦਾ ਕੀਤੀ ਸੀ ਕਿ ਪੰਜਾਬ ਅੰਦਰ ਪ੍ਰਮੁੱਖ ਤੀਜੀ ਧਿਰ ਆਪਣੀ ਪਛਾਣ ਬਣਾਵੇਗੀ। ਪਰ ਆਪ ਦੇ ਆਪਸੀ ਖਿਚੋਤਾਣ ਅਤੇ ਅਰਵਿੰਦ ਕੇਜਰੀਵਾਲ ਦਾ ਗੈਰ ਜ਼ਮਹੂਰੀਅਤ ਕੰਮ ਕਾਜ਼ੀ ਤਰੀਕੇ ਨਾਲ ਆਮ ਆਦਮੀ ਪਾਰਟੀ ਅੰਦਰੂਨੀ ਫੁੱਟ ਦਾ ਸ਼ਿਕਾਰ ਹੋ ਗਈ। ਇਸੇ ਤਰਾਂ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਡੈਮੋਕਰੇਟਿਕ ਗੱਠਜੋੜ ਬਣਾਇਆ ਸੀ ਪਰ ਉਹ ਵੀ ਇੰਨਾ ਚੋਣਾਂ ਦੌਰਾਨ ਆਪਣਾ ਵਜੂਦ ਕਾਇਮ ਨਹੀਂ ਰੱਖ ਸਕਿਆਂ। ਪੰਥਕ ਸਫਾਂ ਨਾਲ ਜੁੜੇ ਜਿਹੜੇ ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਸਨ ਉਹਨਾਂ ਵਿਚੋਂ ਸ੍ਰ. ਸਿਮਰਨਜੀਤ ਸਿੰਘ ਮਾਨ ਆਪਣੀ ਜ਼ਮਾਨਤ ਵੀ ਨਹੀਂ ਬਚਾਅ ਸਕੇ। ਇਸੇ ਤਰਾਂ ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਗਿਆਸਪੁਰਾ ਵੀ ਆਪਣੀ ਪਛਾਣ ਬਣਾ ਨਹੀਂ ਸਕਿਆ। ਇਸ ਦੇ ਵਿਪਰੀਤ ਖੰਡੂਰ ਸਾਹਿਬ ਤੋਂ ਜੋ ਪੰਥਕ ਹਲਕਾ ਮੰਨਿਆਂ ਜਾਂਦਾ ਹੈ, ਤੋਂ ਬੀਬੀ ਪਰਮਜੀਤ ਕੌਰ ਖਾਲੜਾਂ ਜੋ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਉਮੀਦਵਾਰ ਸੀ ਨੇ ਦੋ ਲੱਖ ਤੋਂ ਵੱਧ ਵੋਟਾਂ ਹਾਸਲ ਕਰਕੇ ਅਪਣੀ ਪਛਾਣ ਬਰਕਰਾਰ ਰੱਖੀ। ਬੀਬੀ ਖਾਲੜਾ ਦੀ ਅਜ਼ਾਦ ਉਮੀਦਵਾਰ ਦੇ ਤੌਰ ਤੇ ਖੱਬੇ ਪੱਖੀ ਪਾਰਟੀਆਂ ਨੇ ਵੀ ਖੁੱਲ ਕੇ ਹਮਾਇਤ ਕੀਤੀ। ਬੀਬੀ ਖਾਲੜਾ ਇਕੋ ਇੱਕ ਉਮੀਦਵਾਰ ਸੀ ਜਿਸਨੇ ਆਪਣਾ ਚੋਣ ਮਨੋਰਥ ਮਨੁੱਖੀ ਅਧਿਕਾਰਾਂ ਦੀ ਰਾਖੀ ਰੱਖਿਆ ਸੀ। ਇਸੇ ਤਰਾਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਵੀ ਜਲੰਧਰ ਲੋਕ ਸਭਾ ਖੇਤਰ ਵਿੱਚ ਦੋ ਲੱਖ ਤੋਂ ਵੱਧ ਵੋਟ ਹਾਸਲ ਕੀਤੀ। ਹੁਸ਼ਿਆਰਪੁਰ ਲੋਕ ਸਭਾ ਖੇਤਰ ਵਿੱਚ ਵੀ ਚੰਗੀ ਕਾਰਜ਼ਕਾਰੀ ਦਿਖਾਈ ਹੈ। ਅਕਾਲੀ ਦਲ ਇੰਨਾ ਚੋਣਾਂ ਵਿੱਚ ਸਿਰਫ ਬਾਦਲ ਪਰਿਵਾਰ ਦੀਆਂ ਹੀ ਦੋ ਸੀਟਾਂ ਬਚਾਅ ਸਕਿਆ ਹੈ। ਬਾਕੀ ਅੱਠ ਸੀਟਾਂ ਤੇ ਬੁਰੀ ਤਰਾਂ ਹਾਰ ਗਿਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਸ਼੍ਰੋਮਣੀ ਅਕਾਲੀ ਦਲ ਸਿਰਫ 17 ਵਿਧਾਨ ਹਲਕਿਆਂ ਤੋਂ ਹੀ ਜੇਤੂ ਰਿਹਾ ਸੀ। ਇਸਦੇ ਉਲਟ ਇਸਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਭਾਵੇਂ ਤਿੰਨ ਸੀਟਾਂ ਤੇ ਹੀ ਚੋਣ ਮੈਦਾਨ ਵਿੱਚ ਸੀ ਨੇ 14 ਵਿਧਾਨ ਸਭਾ ਹਲਕਿਆਂ ਵਿੱਚ ਆਪਣੀ ਬੜਤ ਬਰਕਰਾਰ ਰੱਖੀ ਹੈ। ਇੰਨਾ ਲੋਕ ਸਭਾ ਚੋਣਾਂ ਵਿੱਚ ਭਾਵੇਂ ਕੋਈ ਵੀ ਪੰਜਾਬ ਤੇ ਸਿੱਖਾਂ ਪ੍ਰਤੀ ਜੁੜਿਆ ਮੁੱਦਾ ਕਿਸੇ ਵੀ ਸਿਆਸੀ ਧਿਰ ਨੇ ਨਹੀਂ ਛੋਹਿਆ ਹੈ ਪਰ ਫੇਰ ਵੀ ਬਰਗਾੜੀ ਬੇਅਦਬੀ ਮੁੱਦਾ ਅਤੇ ਨਕੋਦਰ ਦਾ ਬੇਅਦਬੀ ਨਾਲ ਜੁੜਿਆ ਮੁੱਦਾ ਇੰਨਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਕਾਫੀ ਹਾਵੀ ਰਿਹਾ ਹੈ। ਇਹੀ ਉਸਦੀ ਵੱਡੀ ਹਾਰ ਦਾ ਕਾਰਨ ਬਣਿਆ ਹੈ। ਪੰਜਾਬ ਦੇ ਸਿਆਸੀ ਪੜਾਅ ਵਿੱਚ ਇੰਨਾ ਚੋਣਾਂ ਦੇ ਮੱਦੇ ਨਜਰ ਅਕਾਲੀ ਦਲ ਆਪਣੀ ਪਛਾਣ ਗਵਾ ਚੁੱਕਾ ਹੈ ਅਤੇ ਇਸਦੇ ਖਲਾਅ ਨੂੰ ਭਰਨ ਲਈ ਪੰਥਕ ਸਫਾਂ ਨੂੰ ਦੂਸਰੀਆਂ ਜ਼ਮਹੂਰੀਅਤ ਪਸੰਦ ਧਿਰਾਂ ਦੀ ਹਮਾਇਤ ਨਾਲ ਪ੍ਰਮੁੱਖ ਰਾਜਸੀ ਜਮਾਤ ਖੜੀ ਕਰਨ ਜਰੂਰਤ ਹੈ।