ਸਮਝਦਾਰੀ, ਡੂੰਘਾਈ ਤੇ ਆਪਣੇ ਗੀਤਾਂ ਰਾਹੀਂ ਤਿੱਖੀ ਸੋਚ ਸਿਰਜਣ ਵਾਲੇ ਹਕਾਲੂ ਹੰਦੇਸਾ ਜੋ ਕਿ ਅਫਰੀਕਾ ਦੇ ਦੇਸ਼ ਇਥੋਪੀਆ ਦੇ ਅਰੋਮੋ ਸੂਬੇ ਦਾ ਵਸਨੀਕ ਸੀ, ਦਾ 29 ਜੂਨ 2020 ਨੂੰ ਇਥੋਪੀਆ ਦੀ ਰਾਜਧਾਨੀ ਆਦਿਸ ਆਭਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਹਕਾਲੂ ਇੱਕ ਗੀਤਕਾਰ, ਗਾਇਕ ਤੇ ਸੰਗੀਤਕਾਰ ਹੋਣ ਦੇ ਨਾਤੇ ਅਰੋਮੋ ਲੋਕਾਂ ਦਾ ਰਾਸ਼ਟਰੀ ਨਾਇਕ ਸੀ। ਜੋ ਕਿ ਆਪਣੇ ਗੀਤਾਂ ਰਾਹੀਂ ਤੇ ਗੀਤਾਂ ਦੇ ਬੋਲਾਂ ਕਰਕੇ ਅਰੋਮਾਨੀਆ ਦੇ ਦਬੇ-ਕੁਚਲੇ ਲੋਕਾਂ ਦੀ ਅਵਾਜ਼ ਬਣਿਆ। ਉਹ ਇੱਕ ਅਜਿਹਾ ਗਾਇਕ ਤੇ ਗੀਤਕਾਰ ਸੀ ਜੋ ਇਥੋਪੀਆ ਅੰਦਰ ਅਰੋਮੋ ਲੋਕਾਂ ਦੀ ਸਵੈ-ਅਜਾਦੀ ਦਾ ਪ੍ਰਤੀਕ ਬਣਿਆ। ਇਸ ਲਈ ਉਸ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਕਿਉਂ ਕਿ ਉਹ ਅਰੋਮੋ ਲੋਕਾਂ ਦੀ ਅਜਾਦੀ ਦਾ ਚਿੰਨ ਸੀ। ਇਥੋਪੀਆ ਅਫਰੀਕਾ ਦੇ ਪੂਰਬੀ ਹਿੱਸੇ ਹਨ ਤੇ ਬੇਸ਼ੁਮਾਰ ਭਾਸ਼ਾਵਾਂ ਦੇ ਅਧਾਰ ਤੇ ਕਬੀਲੇ ਹਨ। ਇਹ ਆਰਥਿਕ ਤੌਰ ਤੇ ਪਛੜਿਆ ਹੋਇਆ ਮੁਲਕ ਹੈ। ਇਹ ਬੁਰੀ ਤਰਾਂ ਅੰਤਰਜਾਤੀ ਸ਼੍ਰੇਣੀਆਂ ਦੇ ਵਿਵਾਦ ਵਿੱਚ ਘਿਰਿਆ ਹੋਇਆ ਹੈ। ਭਾਵੇਂ ਇਹ ਪਹਿਲਾਂ ਇਸਾਈ ਮੁਲਕ ਸੀ ਪਰ ਹੁਣ ਇਹ ਇਸਾਈ ਤੇ ਮੁਸਲਿਮ ਦੇਸ਼ ਹੈ ਜਿਸ ਵਿੱਚ ਮੁਸਲਿਮ ਵਧੇਰੇ ਗਿਣਤੀ ਵਿੱਚ ਹਨ। ਅਰੋਮੋ ਜਾਤੀ ਦੇ ਲੋਕ ਇਸ ਵਿੱਚ ਸਭ ਤੋਂ ਵਧੇਰੇ ਹਨ ਜਿੰਨਾਂ ਕੋਲੋਂ ਸਦੀਆਂ ਪਹਿਲਾਂ ਆਪਣਾ ਰਾਜ ਸੀ ਪਰ ਹੁਣ ਉਹ ਕੇਂਦਰੀ ਸਰਕਾਰਾਂ ਦੇ ਅਧੀਨ ਲੰਮੇ ਸਮੇ ਤੋਂ ਕਾਰਨ ਆਪਣੀ ਸਵੈ ਅਜਾਦੀ ਤੋਂ ਵਾਂਝੇ ਹਨ ਤੇ ਦਬੇ-ਕੁਚਝੇ ਹੋਏ ਲੋਕ ਹਨ। ਅਰੋਮੋ ਬਹੁ-ਗਿਣਤੀ ਵਿੱਚ ਮੁਸਲਮਾਨ ਹਨ ਪਰ ਕਾਫੀ ਲੋਕ ਈਸਾਈ ਵੀ ਹਨ। ਕੇਂਦਰੀ ਸਰਕਾਰਾਂ ਬਣਨ ਤੋਂ ਸਦੀਆਂ ਪਹਿਲਾਂ ਅਰੋਮੋ ਲੋਕ ਮੁੱਢ ਤੋਂ ਹੀ ਜਾਤੀ ਵਿਵਾਦ ਕਰਕੇ ਜ਼ੁਲਮ ਸਹਿੰਦੇ ਆਏ ਹਨ ਤੇ ਲੱਖਾਂ ਦੀ ਤਾਦਾਦ ਵਿੱਚ ਇਹਨਾਂ ਨੂੰ ਮਾਰ ਦਿੱਤਾ ਗਿਆ। 1862 ਤੋਂ ਲੈ ਕੇ 1900 ਤੱਕ ਅਰੋਮੋ ਲੋਕਾਂ ਦੀ ਅੱਧੀ ਅਬਾਦੀ ਇੱਕ ਦੂਸਰੀ ਜਾਤੀ ਦੇ ਰਾਜੇ ਨੇ ਮਾਰ ਮੁਕਾਈ ਸੀ। ਇਥੋਂ ਤੱਕ ਸਿਹਤਮੰਦ ਬੰਦਿਆਂ ਦੇ ਸੱਜੇ ਚੱਥ ਵੱਡ ਕੇ ਉਨਾਂ ਦੇ ਗਲਾਂ ਵਿੱਚ ਲਟਕਾ ਦਿੱਤੇ ਗਏ ਸਨ। ਇਸੇ ਤਰਾਂ ਅਰੋਮੋ ਔਰਤਾਂ ਦੀਆਂ ਛਾਤੀਆਂ ਵੱਡ ਕੇ ਗਲਾਂ ਵਿੱਚ ਲਟਕਾ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਉਨਾਂ ਦੀਆਂ ਜ਼ਮੀਨਾਂ ਤੇ ਕਬਜਾ ਕਰ ਲਿਆ ਗਿਆ ਤੇ ਉਹਨਾਂ ਨੂੰ ਮਜਦੂਰ ਬਣ ਦਿੱਤਾ ਗਿਆ। ਸਮੇਂ ਨਾਲ ਇਥੋਪੀਆ ਦੀਆਂ ਹਕੂਮਤਾਂ ਬਦਲੀਆਂ ਤੇ 2001 ਤੱਕ ਕਿਸੇ ਨਾ ਕਿਸੇ ਜਰੀਏ ਇਹ ਆਪਣੀ ਸਵੈ ਅਜਾਦੀ ਦੀ ਮੰਗ ਸਦਕਾ ਵੱਢੇ-ਚੀਰੇ ਤੇ ਨਜ਼ਰਬੰਦ ਕੀਤੇ ਜਾਂਦੇ ਰਹੇ। ਪਰ ਅਰੋਮੋ ਲੋਕਾਂ ਤੇ ਇੰਨੇ ਜਬਰ-ਜ਼ੁਲਮ ਦੇ ਬਾਵਜੂਦ ਵੀ ਉਹ ਆਪਣੀ ਸਵੈ ਅਜਾਦੀ ਦੀ ਮੰਗ ਤੋਂ ਪਿਛਾਂਹ ਨਹੀ ਹਟੇ। ਇਸੇ ਅਜਾਦੀ ਦੇ ਚਲਦੇ ਘੋਲ ਵਿੱਚੋਂ ਅੰਬੋ ਸ਼ਹਿਰ ਦਾ ਇੱਕ ਨੌਜਵਾਨ ਹਕਾਲੂ-ਹੰਦੇਸਾ ਇਸ ਸੰਘਰਸ਼ ਵਿੱਚ ਸ਼ਾਮਿਲ ਹੋਇਆ। ਉਹ ਵਿਦਿਆਰਥੀ ਗੁਟਾਂ ਵਿੱਚ ਸ਼ਾਮਿਲ ਹੋ ਕੇ ਅਰੋਮੋ ਲੋਕਾਂ ਲਈ ਅਜਾਦੀ ਤੇ ਹੱਕਾਂ ਦੀ ਮੰਗ ਉਠਾਉਣ ਲੱਗਿਆ। ਜਿਸ ਕਰਕੇ 2003 ਵਿੱਚ ਉਸਨੂੰ ਪੰਜ ਸਾਲ ਲਈ ਅੰਬੋ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ। ਪਰ ਉਸਨੇ ਹੌਂਸਲਾ ਨਹੀਂ ਹਾਰਿਆ ਤੇ ਨਾ ਹੀ ਆਪਣੀ ਸੋਚ ਤੋਂ ਪਿੱਛੇ ਹਟਿਆ ਸਗੋਂ ਉਸਨੇ ਆਪਣੀ ਸੋਚ ਨੂੰ ਪਰਪੱਕ ਕਰਨ ਲਈ ਆਪਣੇ ਅਰੋਮੋ ਲੋਕਾਂ ਦੇ ਪੁਰਾਤਨ ਸਾਹਿਤਕ ਇਤਿਹਾਸ ਦਾ ਅਧਿਐਨ ਕੀਤਾ ਤੇ ਨਾਲ ਹੀ ਆਪਣੀ ਸੰਗੀਤ ਦੀ ਵਿਦਿਆ ਵੀ ਪੂਰੀ ਕੀਤੀ ਜਿਸਦਾ ਉਸਨੂੰ ਬਚਪਨ ਤੋਂ ਹੀ ਸ਼ੌਂਕ ਸੀ। ਜੇਲ੍ਹ ਅੰਦਰ ਹੀ ਉਸਨੇ ਕ੍ਰਾਂਤੀਕਾਰੀ ਲੋਕਗੀਤ ਲਿਖੇ। ਇੱਕ ਸਾਲ ਬਾਅਦ ਜੇਲ੍ਹ ਵਿਚੋਂ ਰਿਹਾਅ ਹੋ ਕੇ ਉਸਨੇ 2009 ਵਿੱਚ ਆਪਣੀ ਪਹਿਲੀ ਸੰਗੀਤਕ ਐਲਬਮ ‘Sanyimoti’ (ਰਾਜ ਦੀ ਦੌੜ) ਰਿਲੀਜ਼ ਕੀਤੀ। ਜਿਸ ਨਾਲ ਉਹ ਅਰੋਮੋ ਲੋਕਾਂ ਵਿੱਚ ਇੱਕ ਮਸ਼ਹੂਰ ਗਾਇਕ ਤੇ ਗੀਤਕਾਰ ਬਣ ਕੇ ਉਭਰਿਆ। ਉਸਨੇ ਆਪਣੇ ਗੀਤਾਂ ਰਾਹੀਂ ਅਰੋਮੋ ਲੋਕਾਂ ਦੇ ਵਿੱਚ ਅਜਾਦੀ ਦਾ ਉਤਸ਼ਾਹ ਭਰਿਆ ਤੇ ਉਨਾਂ ਨੂੰ ਇੱਕਠਿਆਂ ਕਰਕੇ ਸੰਗੀਤ ਰਾਹੀਂ ਸਰਕਾਰ ਦੇ ਜਬਰ ਜੁਲਮਾਂ ਵਿਰੁੱਧ ਲਾਮਵੰਦ ਕੀਤਾ। ਇਸਦੇ ਚੱਲਦਿਆਂ ਹੀ ਉਸਨੇ 2011 ਵਿੱਚ ਆਪਣੀ ਦੂਜੀ ਐਲਬਮ ਜਿਸਦਾ ਸਿਰਲੇਖ ‘ਅਰੋਮੋ ਲੋਕ ਕੌਣ ਹਨ’ ਜਾਰੀ ਕੀਤੀ ਜੋ ਕਿ ਇਥੋਪੀਆ ਅਤੇ ਅਫਰੀਕਾ ਦੇ ਵਿੱਚ ਥਾਂ ਥਾਂ ਤੇ ਵਸੇ ਹੋਣੇ ਹਨ। ਅੁਹ ਅਰੋਮਾਨੀਆਂ ਦੇ ਲੋਕਾਂ ਲਈ ਪ੍ਰੇਰਨਾਦਾਇਕ ਗੀਤਕਾਰ ਬਣਿਆ। ਇਹ ਗੀਤ ਹੀ ਅਰੋਮੋ ਦੇ ਲੋਕਾਂ ਵਿੱਚ ਕੇਂਦਰੀ ਸਰਕਾਰ ਵਿਰੁੱਧ ਉਠੀ ਬਗਾਵਤ ਦਾ ਸਬੱਬ ਬਣੇ ਜਿਸ ਨਾਲ ਕੇਂਦਰੀ ਸਰਕਾਰ ਤਾਂ ਬਦਲ ਗਈ ਪਰ ਪਹਿਲੀਆਂ ਸਰਕਾਰਾਂ ਵਾਂਗ ਹੀ ਇਹ ਸਰਕਾਰ ਵੀ ਅਰੋਮੋ ਲੋਕਾਂ ਲਈ ਜਬਰ-ਜੁਲਮ ਦਾ ਕਾਰਨ ਬਣੀ। ਜਿਸ ਕਾਰਨ ਇਹਨਾਂ ਦੇ ਹਜਾਰਾਂ ਲੋਕ, ਬੁਧੀਜੀਵੀ ਤੇ ਪ੍ਰੋਫੈਸਰ ਨਜ਼ਰਬੰਦ ਕਰ ਦਿੱਤੇ ਗਏ। ਮਾੜੇ ਮਨੁੱਖੀ ਅਧਿਕਾਰਾਂ ਅਤੇ ਕਾਰਜ਼ਸ਼ੀਲ ਰਾਜਨੀਤਿਕ ਲੋਕਾਂ ਤੇ ਦਬਾਅ ਹੋਣ ਦੇ ਬਾਵਜੂਦ ਵੀ ਅਮਰੀਕਾ ਸਰਕਾਰ ਨੇ ਇਸਨੂੰ ਆਪਣਾ ਅੱਤਵਾਦ ਖਿਲਾਫ਼ ਸਾਂਝੀਦਾਰ ਬਣਾਇਆ। ਜਿਸ ਰਾਹੀਂ ਇਥੋਪੀਆ ਦੀ ਸਰਕਾਰ ਨੇ ਆਪਣੇ ਅਰੋਮੋ ਮੁਸਲਮਾਨਾਂ ਤੇ ਬੇਤਹਾਸ਼ਾ ਜਬਰ ਜੁਲਮ ਕੀਤਾ। ਇਸ ਸਭ ਦੇ ਬਾਵਜੂਦ ਵੀ ਹੰਦੇਸਾ ਭੱਜਿਆ ਨਹੀਂ ਸਗੋਂ ਆਪਣੀ ਇੱਕ ਹੋਰ ਐਲਬਮ ਰਾਹੀਂ ਜਿਸਦੇ ਬੋਲ ਸਨ ‘ਅਸੀਂ ਇੱਥੇ ਹੀ ਹਾਂ’ ਜਾਰੀ ਕੀਤੀ। ਇੰਨਾ ਬੋਲਾਂ ਰਾਹੀਂ ਅਰੋਮੋ ਲੋਕਾਂ ਦੇ ਸੰਘਰਸ਼ ਨੇ ਬਲ ਫੜਿਆ ਤੇ ਇੱਕ ਵਾਰ ਫੇਰ ਕੇਂਦਰ ਵਿੱਚ ਪਹਿਲੀ ਵਾਰ ਅਰੋਮੋ ਜਾਤੀ ਦੇ ਬੰਦਿਆਂ ਤੇ ਲੀਡਰਾਂ ਦੀ ਸਰਕਾਰ ਬਣੀ। ਜਿਸਨੇ ਭਾਵੇਂ ਆਪਣੇ ਗੁਆਂਢੀ ਮੁਲਕਾਂ ਨਾਲ ਚਿਰਾਂ ਤੋਂ ਚਲਦੀ ਲੜਾਈ ਨੂੰ ਖਤਮ ਕਰ ਲਿਆ ਜਿਸ ਕਰਕੇ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਨੋਬਲ ਪੀਸ ਪਰਾਈਜ਼ ਮਿਲਿਆ ਪਰ ਉਸਨੇ ਵੀ ਸਮੇਂ ਨਾਲ ਅਰੋਮੋ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਿਸ ਸਦਕਾ ਹੰਦੇਸਾ ਮੁੜ ਤੋਂ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਲਾਮਬੰਦ ਕਰਨ ਵਿੱਚ ਜੁਟ ਗਿਆ ਤੇ ਆਖਰਕਾਰ ਉਸਦਾ 29 ਜੂਨ 2020 ਨੂੰ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸਾਰੇ ਅਰੋਮੋ ਇਲਾਕੇ ਵਿੱਚ ਲੋਕਾਂ ਵਿੱਚ ਸਮੂਹਿਕ ਰੋਸ ਭੜਕਿਆ ਜਿਸ ਸਦਕਾ 250 ਲੋਕਾਂ ਤੋਂ ਵੀ ਉਪਰ ਲੋਕਾਂ ਦੀ ਮੌਤ ਹੋ ਗਈ। ਹੰਦੇਸਾ ਇੱਕ ਅਜਿਹਾ ਗਾਇਕ ਸਿੱਧ ਹੋਇਆ ਜੋ ਭਾਵੇਂ ਆਪਣੇ ਜੀਵਨ ਦੀ ਮੰਜ਼ਿਲ ਤੱਕ ਅਪੜਨ ਤੋਂ ਪਹਿਲਾਂ ਤੂਰ ਗਿਆ ਪਰ ਦਫਨ ਹੋ ਕੇ ਵੀ ਲੋਕਾਂ ਅੰਦਰ ਇੱਕ ਆਸ ਦੀ ਕਿਰਨ ਜਗਾ ਗਿਆ। ਉਹ ਇਹ ਵੀ ਦੱਸ ਗਿਆ ਕਿ ਸਰਕਾਰੀ ਸੁਰੱਖਿਆ ਦਸਤਿਆਂ ਦਾ ਜ਼ੁਲਮ ਅਜਾਦੀ ਪਸੰਦ ਲੋਕਾਂ ਦੀ ਅਵਾਜ਼ ਨੂੰ ਬਹੁਤੀ ਦੇਰ ਦਬਾਅ ਕੇ ਨਹੀਂ ਰੱਖ ਸਕੇਗਾ। ਹੰਦੇਸੇ ਵਰਗੇ ਗਾਇਕ ਅੱਜ ਦੇ ਸਮੇਂ ਵਿੱਚ ਵਿਰਲੇ ਹੀ ਹੋਣਗੇ।