ਅੱਜ ਭਾਰਤ ਦੇ ਕਈ ਸੂਬਿਆਂ ਵਿੱਚ ਕਿਸਾਨ ਤੇ ਕਿਰਸਾਣੀ ਕਾਫੀ ਚਰਚਾ ਦਾ ਵਿਸ਼ਾ ਹੈ। ਇਸਦਾ ਮੁੱਖ ਕਾਰਣ ਆਪਸੀ ਵੰਡ ਕਰਕੇ ਜ਼ਮੀਨਾਂ ਦੀ ਮਾਲਕੀ ਘੱਟ ਹੋਣੀ ਤੇ ਆਪਸ ਵਿੱਚ ਸਹਿਚਾਰ ਦੀ ਕਮੀ, ਫਸਲਾਂ ਦਾ ਸਹੀ ਮੁੱਲ ਨਾ ਮਿਲਣਾ, ਮੰਡੀਆਂ ਵਿੱਚ ਫਸਲਾਂ ਦਾ ਰੁਲਣਾ, ਜਿਸ ਕਾਰਨ ਕਿਸਾਨ ਅੱਜ ਆਰਥਿਕ ਤੰਗੀ ਕਾਰਨ ਬੇਸਹਾਰਾ ਤੇ ਲਾਚਾਰ ਮਹਿਸੂਸ ਕਰ ਰਿਹਾ ਹੈ। ਇਸੇ ਕਾਰਨ ਭਾਰਤ ਵਿੱਚ ਰੋਜ਼ਾਨਾ ਹੀ ਕਿਸਾਨ ਆਤਮ-ਹੱਤਿਆਵਾਂ ਕਰ ਰਹੇ ਹਨ। ਵਧੇਰੇ ਖੇਤੀ ਬਰਸਾਤੀ ਪਾਣੀ ਤੇ ਨਿਰਭਰ ਹੈ ਤੇ ਇਸਦਾ ਠੀਕ ਉਪਯੋਗ ਨਾ ਹੋਣ ਕਾਰਨ ਕਈ ਕਈ ਸਾਲਾਂ ਤੋਂ ਬਰਸਾਤਾਂ ਦੀ ਝਾਕ ਵਿੱਚ ਕਿਰਸਾਨ ਆਪਣੇ ਆਪ ਵਿੱਚ ਝੁਲਸ ਰਿਹਾ ਹੈ। ਕੇਂਦਰੀ ਤੇ ਸੂਬਾ ਸਰਕਾਰਾਂ ਇੰਡਸਟਰੀ ਵਾਲਿਆਂ ਨੂੰ ਤਾਂ ਵੱਡੀਆਂ ਆਰਥਿਕ ਸਹਾਇਤਾ ਨਾਲ ਨਿਵਾਜ ਰਹੀ ਹੈ ਪਰ ਕਿਸਾਨੀ ਪ੍ਰਤੀ ਉਨਾਂ ਕੋਲ ਸਿਰਫ ਅੱਖਰ ਹੀ ਹਨ।
ਇਨਾਂ ਸਾਰਿਆਂ ਵਿੱਚ ਕੁਝ ਕੁ ਅਜਿਹੇ ਪਿੰਡ ਹਨ ਜਿੰਨਾਂ ਨੇ ਆਪਸੀ ਸਹਿਯੋਗ ਤੇ ਭਾਈਚਾਰਕ ਸਾਂਝ ਨਾਲ ਰਲ ਕੇ ਸੋਕਾ ਗ੍ਰਸਤ ਮਾਰੂ ਪੈਲੀਆਂ ਨੂੰ ਕੁਝ ਸਾਲਾਂ ਵਿੱਚ ਹੀ ਬਦਲ ਕੇ ਹਰਿਆਵਲੇ ਤੇ ਸ਼ੁੱਧ ਵਾਤਾਵਰਣ ਵਾਲੇ ਪਿੰਡ ਉਲੀਕੇ ਹਨ। ਇਸ ਤਰਾਂ ਦੀ ਹੀ ਇੱਕ ਉਦਾਹਰਣ ਹੈ ਪਿੰਡ ਜਿਸਦਾ ਨਾਮ ਹੈ ਹੀਵਾਰੇ ਬਜ਼ਾਰ ਜੋ ਕਿ ਮਹਾਂਰਾਸ਼ਟਰ ਸੂਬੇ ਦੇ ਅਹਿਮਦ ਨਗਰ ਜਿਲੇ ਦਾ ਪਿੰਡ ਹੈ। ਇਸਦੀ ਕੁਲ ਵਸੋਂ ੧੩੫੦ ਹੈ। ਇਹ ਪਿੰਡ ਵੀ ੧੯੮੯ ਤੋਂ ਪਹਿਲਾਂ ਸੋਕਾ ਗ੍ਰਸਤ ਪਹਾੜ ਦੀ ਚੋਟੀ ਤੇ ਵਸਿਆ ਹੋਇਆ ਸੀ ਤੇ ਇੱਕ ਤਰਾਂ ਨਾਲ ਪੱਥਰਾਂ ਦੀ ਧਰਤੀ ਹੀ ਸੀ। ੧੯੮੯ ਵਿੱਚ ਜਦੋਂ ਇਸ ਪਿੰਡ ਦੀ ਵਾਗਡੋਰ ਗ੍ਰਾਮ-ਪੰਚਾਇਤ ਪ੍ਰਧਾਨ ਬਾਗੂ ਜੀ ਪਵਾਰ ਕੋਲ ਆਈ ਜਿੰਨਾ ਨੇ ਆਪਣੀ ਪ੍ਰੇਰਨਾ ਸ੍ਰੋਤ ਅੰਨਾ ਹਜ਼ਾਰੇ ਨੂੰ ਮੰਨਿਆ ਹੈ ਅਤੇ ਇੰਨਾਂ ਦੀ ਪ੍ਰੇਰਨਾ ਸਦਕਾ ਉਨਾਂ ਨੇ ਪਿੰਡ ਵਿੱਚ ਏਕੀਕਰਨ ਕਰਕੇ ਇਸ ਪੱਥਰਾਂ ਭਰੀ ਸੁੱਕੀ ਧਰਤੀ ਨੂੰ ਆਪਣੇ ਯਤਨਾਂ ਸਦਕਾ ਅੱਜ ਇੱਕ ਹਰਿਆਵਲਾ ਤੇ ਸ਼ੁੱਧ ਵਾਤਾਵਰਣ ਵਾਲਾ ਪਿੰਡ ਉਸਾਰ ਲਿਆ ਹੈ। ਇਹ ਪਿੰਡ ਹਰ ਇੱਕ ਪੱਖੋਂ ਵਿਕਸਿਤ ਹੋਣ ਦੇ ਉਪਰਾਲੇ ਲੱਭਦਾ ਰਹਿੰਦਾ ਹੈ। ਇਸੇ ਸਦਕਾ ਅੱਜ ਹਰ ਇੱਕ ਘਰ ਦੀ ਸਲਾਨਾ ਆਮਦਨ ਦਸ ਤੋਂ ਬਾਰਾਂ ਲੱਖ ਰੁਪਿਆ ਹੈ। ਇਸ ਪਿੰਡ ਨੇ ਬਾਗੂ ਜੀ ਪਵਾਰ ਦੀ ਰਹਿਨੁਮਾਈ ਸਦਕਾ ਆਪਸੀ ਏਕੇ ਨਾਲ ਸਭ ਤੋਂ ਪਹਿਲਾਂ ਬਰਸਾਤੀ ਪਾਣੀ ਨੂੰ ਸਾਂਭਣ ਲਈ ਵੱਡੇ ਵੱੱਡੇ ਤਲਾਬ ਬਣਾਏੇ ਜਿਥੇ ਕਿ ਪਾਣੀ ਨੂੰ ਇੱਕਠਿਆਂ ਕੀਤਾ ਤਾਂ ਜੋ ਉਸਨੂੰ ਖੇਤੀ ਸਿੰਜਾਈ ਲਈ ਯੋਗ ਤਰੀਕੇ ਨਾਲ ਸਾਰੇ ਖੇਤਾਂ ਨੂੰ ਵੰਡਿਆਂ ਜਾਵੇ।
ਬਾਗੂ ਜੀ ਦੀ ਪ੍ਰੇਰਨਾ ਸਦਕਾ ਇਹ ਪਿੰਡ ਇੱਕ ਬਹੁਤ ਹੀ ਅਨੁਸ਼ਾਸਨ ਭਰਿਆ ਪਿੰਡ ਹੈ। ਪਿੰਡ ਦੀ ਆਪਣੀ ਲਾਇਬਰੇਰੀ ਹੈ ਜਿਥੇ ਬੱਚੇ, ਜਵਾਨ ਤੇ ਬਜ਼ੁਰਗ ਆ ਕੇ ਪੜ-ਲਿਖ ਸਕਦੇ ਹਨ। ਇਸ ਸਦਕਾ ਹੀ ਇਸ ਪਿੰਡ ਵਿੱਚ ਕੁਝ ਸਾਲ ਪਹਿਲਾਂ ਲੜਕੀਆਂ ਅੱਠਵੀਂ ਜਮਾਤ ਤੋਂ ਬਾਅਦ ਸਕੂਲ ਛੱਡ ਦਿੰਦੀਆਂ ਸਨ ਪਰ ਹੁਣ ਪ੍ਰੇਰਨਾ ਸਦਕਾ ਕਾਲਜ ਦੀ ਪੜਾਈ ਵੀ ਲਗਨ ਨਾਲ ਕਰ ਰਹੀਆਂ ਹਨ। ਪਿੰਡ ਦੇ ਮੁੰਡੇ ਕੁੜੀਆਂ ਡਾਕਟਰ ਤੇ ਹੋਰ ਵੱਡੇ ਅਹੁਦਿਆਂ ਤੇ ਪਹੁੰਚਣ ਦੀ ਤਮੰਨਾ ਰੱਖਦੇ ਹਨ।
ਇਸ ਪਿੰਡ ਨੇ ਇਹ ਵੀ ਤਹਿ ਕੀਤਾ ਹੈ ਕਿ ਅਸੀਂ ਆਪਣੀ ਜ਼ਮੀਨ ਕਿਸੇ ਬਾਹਰਲੇ ਬੰਦੇ ਨੂੰ ਨਹੀਂ ਵੇਚਣੀ। ਇਸੇ ਤਰਾਂ ਜੋ ਇਸ ਪਿੰਡ ਦੇ ਲੋਕ ਵੱਡੇ ਸ਼ਹਿਰਾਂ ਵਿੱਚ ਨੌਕਰੀਆਂ ਕਰਦੇ ਸਨ, ਉਹ ਆਪਣੀ ਨੌਕਰੀ ਤੋਂ ਬਾਅਦ ਦੀ ਜਿੰਦਗੀ ਪਿੰਡ ਵਿੱਚ ਗੁਜ਼ਾਰਨ ਨੂੰ ਤਰਜ਼ੀਹ ਦੇ ਰਹੇ ਹਨ ਤਾਂ ਜੋ ਇਸ ਪਿੰਡ ਨੂੰ ਹੋਰ ਪ੍ਰਗਤੀਸ਼ੀਲ ਬਣਾਇਆ ਜਾ ਸਕੇ। ਇਸ ਪਿੰਡ ਨੂੰ ਵਿਕਸਤ ਹੋਣ ਕਰਕੇ ਸਰਕਾਰਾਂ ਤੇ ਹੋਰ ਅਦਾਰਿਆਂ ਵੱਲੋਂ ਅਨੇਕਾਂ ਹੀ ਇਨਾਮਾਂ ਤੇ ਅਵਾਰਡਾਂ ਨਾਲ ਨਿਵਾਜ਼ਿਆ ਗਿਆ ਹੈ।
ਇਸ ਪਿੰਡ ਦੀ ਆਪਣੀ ਡੇਅਰੀ ਹੈ ਜਿਸਦੀ ਦੇਖ-ਰੇਖ ਬਾਗੂ ਜੀ ਪ੍ਰਧਾਨ ਕਰਦੇ ਹਨ ਤੇ ਰੋਜ਼ਾਨਾ ੧੫੦੦ ਲਿਟਰ ਦੁੱਧ ਇੱਕਠਾ ਕਰਦੇ ਹਨ ਜਿਸ ਨੂੰ ਅੱਗੇ ਵੇਚ ਕੇ ਆਮਦਨ ਨੂੰ ਆਪਸ ਵਿੱਚ ਵੰਡ ਲੈਂਦੇ ਹਨ। ਇੰਨਾ ਦਾ ਡੇਅਰੀ ਪ੍ਰਤੀ ਦਸ ਹਜ਼ਾਰ ਲਿਟਰ ਦਾ ਟੀਚਾ ਹੈ ਜਿਸਨੂੰ ਉਹ ਆਪ ਡੱਬਾ-ਬੰਦ ਕਰਕੇ ਸਿੱਧ ਬਜ਼ਾਰ ਵਿੱਚ ਪਹੁੰਚਾਉਣਾ ਚਾਹੁੰਦੇ ਹਨ। ਫਸਲਾਂ ਦਾ ਮੰਡੀ ਕਰਨ ਵੀ ਇਹ ਪਿੰਡ ਦੀ ਫਸਲ ਨੂੰ ਇੱਕਠਿਆਂ ਕਰਕੇ ਟਰੱਕਾਂ ਰਾਹੀਂ ਦੂਜੀਆਂ ਮੰਡੀਆਂ ਵਿੱਚ ਵੇਚ ਕੇ ਆਉਂਦੇ ਹਨ ਤੇ ਆਪਣੇ ਹਿੱਸੇ ਮੁਤਾਬਕ ਪੈਸੇ ਵੰਡ ਲੈਂਦੇ ਹਨ।
ਇਸ ਪਿੰਡ ਦੀਆਂ ਔਰਤਾਂ ਵੀ ਆਪਣੇ ਮਰਦਾਂ ਵਾਂਗ ਖੇਤੀ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਹੁਣ ਇਸ ਪਿੰਡ ਨੇ ਗ੍ਰਾਮ-ਸਭਾ ਦੀ ਰਹਿਨੁਮਾਈ ਹੇਠਾਂ ਇੱਕ ਟੀਚਾ ਉਲੀਕਿਆ ਹੈ ਜਿਸ ਤਹਿਤ ਤਿੰਨ ਵੱਡੇ ਡੂੰਘੇ ਬੋਰ ਕਰਕੇ ਸਾਰੇ ਪਿੰਡ ਵਿੱਚ (ਡਰਿੱਪ ਸਿੰਜਾਈ) ਨਾਲ ਜੋੜਨਾ ਹੈ ਤਾਂ ਜੋ ਪਾਣੀ ਦੀ ਵੱਧ ਤੋਂ ਵੱਧ ਬੱਚਤ ਕੀਤੀ ਜਾ ਸਕੇ।
ਅੱਜ ਪੰਜਾਬ ਦੇ ਕਿਸਾਨਾਂ ਨੂੰ ਲੋੜ ਹੈ ਕਿ ਸੂਬਾ ਸਰਕਾਰਾਂ ਅਜਿਹੇ ਪਿੰਡਾਂ ਨੂੰ ਦਿਖਾਉਣ ਲਈ ਲੈ ਕੇ ਜਾਵੇ ਤਾਂ ਜੋ ਆਪਣੇ ਅੱਖੀ ਖੇਤੀਕਰਣ ਦੀ ਇੱਕ ਉਦਾਹਰਨ ਦੇਖ ਸਕਣ ਤੇ ਇਸ ਨੂੰ ਪੰਜਾਬ ਦੇ ਪਿੰਡਾਂ ਵਿੱਚ ਵੀ ਅਪਣਾ ਸਕਣ ਤਾਂ ਜੋ ਸੂਬਾ ਸਰਕਾਰਾਂ ਦੇ ਕਰਜੇ ਮਾਫ ਕਰਨ ਦੇ ਲਾਰਿਆਂ ਤੋਂ ਕਿਸਾਨਾਂ ਨੂੰ ਮੁਕਤ ਕਰਵਾਇਆਂ ਜਾ ਸਕੇ।