ਜਦੋਂ ਵੀ ਸਿੱਖ ਕੌਮ ਆਪਣੀਂ ਹੋਂਦ ਦੇ ਸੰਘਰਸ਼ ਦੇ ਮੈਦਾਨ ਵਿੱਚ ਹੁੰਦੀ ਹੈ ਉਹ ਗੁਰੂ ਲਿਵ ਅਧੀਨ ਹੀ ਹੁੰਦੀ ਹੈ। ਗੁਰੂ ਦੇ ਸਿਧਾਂਤ ਅਤੇ ਗੁਰੂ ਵੱਲੋਂ ਬਖਸ਼ਿਸ਼ ਸੋਝੀ ਨੂੰ ਸਨਮੁੱਖ ਰੱਖਦਿਆਂ ਹੀ ਸਿੱਖ ਕੌਮ ਆਪਣਾਂ ਹਰ ਸੰਘਰਸ਼ ਸ਼ੁਰੂ ਕਰਦੀ ਹੈ ਅਤੇ ਉਸ ਸਿਧਾਂਤ ਦੀ ਰੌਸ਼ਨੀ ਵਿੱਚ ਹੀ ਇਸਨੂੰ ਅੱਗੇ ਵਧਾਉਣ ਦਾ ਤਹੱਈਆ ਕਰਦੀ ਹੈ। ਜਦੋਂ ਸਿੱਖ ਕਿਸੇ ਵੀ ਕਾਰਜ ਨੂੰ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹੈ ਅਤੇ ਗੁਰੂ ਸਾਹਿਬ ਦਾ ਹੁਕਮਨਾਮਾ ਸਰਵਣ ਕਰਕੇ ਸੰਘਰਸ਼ ਦੇ ਮੈਦਾਨ ਵਿੱਚ ਉਤਰਦਾ ਹੈ ਤਾਂ ਉਸ ਸਿੱਖ ਦੀ ਆਪਣੀ ਬੁੱਧੀ, ਗਿਆਨ ਅਤੇ ਵਿਦਵਤਾ ਗੌਣ ਹੋ ਜਾਂਦੇ ਹਨ। ਉਹ ਗੁਰੂ ਲਿਵ ਵਿੱਚ ਅਭੇਦ ਹੋਕੇ ਸੰਘਰਸ਼ਸ਼ੀਲ ਕਾਫਲੇ ਦਾ ਪਾਂਧੀ ਬਣਦਾ ਹੈ। ਸੰਘਰਸ਼ਸ਼ੀਲ ਕਾਫਲੇ ਵਿੱਚ ਕੋਈ ਊਚ ਨੀਚ ਨਹੀ ਹੁੰਦੀ। ਕੋਈ ਸੂਰਮਾ ਵੱਡਾ ਨਹੀ ਹੁੰਦਾ ਅਤੇ ਕੋਈ ਛੋਟਾ ਨਹੀ ਹੁੰਦਾ। ਸੰਘਰਸ਼ਸ਼ੀਲ ਜੀਵਨ ਦੌਰਾਨ ਟੀਸੀ ਦੇ ਬੇਰ ਤੋੜਨ ਵਾਲੇ ਸੂਰਮੇ ਵੀ ਓਨ ਹੀ ਸਤਕਾਰਯੋਗ ਹੁੰਦੇ ਹਨ ਜਿਨਾਂ ਉਸ ਕਾਰਵਾਈ ਨੂੰ ਕਰਨ ਦੌਰਾਨ ਬਾਕੀ ਦੀਆਂ ਸੇਵਾਵਾਂ ਨਿਭਾਉਣ ਵਾਲੇ ਵੱਖ ਵੱਖ ਗੁਰਸਿੱਖ। ਭਾਵੇਂ ਉਹ ਠਾਹਰਾਂ ਦੇਣ ਵਾਲੇ ਪਰਵਾਰ ਹੋਣ, ਪਰਸ਼ਾਦਾ ਛਕਾਉਣ ਵਾਲੀਆਂ ਮਾਵਾਂ ਹੋਣ ਜਾਂ ਦਸਵੰਧ ਦੇਣ ਵਾਲੇ ਸ਼ਰਧਾਵਾਨ ਹੋਣ। ਉਨ੍ਹਾਂ ਸਾਰਿਆਂ ਦੀ ਕੁਰਬਾਨੀ ਅਤੇ ਦੇਣ ਕਿਸੇ ਵੀ ਕਾਰਵਾਈ ਵੇਲੇ ਇੱਕੋ ਜਿਹੀ ਮਿਥੀ ਜਾਂਦੀ ਹੈ ਕਿਉਂਕਿ ਉਨ੍ਹਾਂ ਸਾਰਿਆਂ ਨੇ ਹੀ ਉਸ ਸਮੂਹਕ ਅਰਦਾਸ ਵਿੱਚ ਹਿੱਸਾ ਪਾਇਆ ਹੁੰਦਾ ਹੈ ਜੋ ਕਿਸੇ ਕਾਰਵਾਈ ਨੂੰ ਸਿਰੇ ਚੜ੍ਹਾਉਣ ਲਈ ਕੀਤੀ ਗਈ ਹੁੰਦੀ ਹੈ।
ਸਿੱਖ ਦਾ ਸੰਘਰਸ਼ੀ ਜੀਵਨ ਗੁਰੂ ਦੀ ਓਟ ਵਿੱਚ ਹੀ ਚਲਦਾ ਹੈ। ਇਸੇ ਲਈ ਸਿੱਖ ਸਿਪਾਹੀ ਦਾ ਪਹਿਲਾਂ ਸੰਤ ਹੋਣਾਂ ਜਰੂਰੀ ਮਿਥਿਆ ਗਿਆ ਹੈ। ਜਿਹੜਾ ਗੁਰੂ ਓਟ ਵਿੱਚ ਰਹਿਕੇ ਸੰਤਾਂ ਵਾਲੇ ਗੁਣ ਹਾਸਲ ਨਹੀ ਕਰਦਾ। ਜਿਸਦੀ ਜਿੰਦਗੀ ਵਿੱਚ ਠਹਿਰਾਅ ਨਹੀ ਹੈ। ਜੋ ਆਪਣੀ ਕੌਮ ਦੇ ਬਾਕੀ ਲੋਕਾਂ ਦਾ ਸਤਕਾਰ ਨਹੀ ਕਰਦਾ। ਜੋ ਆਪਣੇ ਕੁਝ ਐਕਸ਼ਨਾਂ ਕਰਕੇ ਆਪਣੇ ਆਪ ਨੂੰ ਸਿਰਮੌਰ ਮੰਨਦਾ ਹੈ ਉਹ ਗੁਰੂ ਸਾਹਿਬ ਦਾ ਸੰਤ ਸਿਪਾਹੀ ਨਹੀ ਹੈ। ਗੁਰਬਾਣੀ ਦਾ ਜਾਪ ਹੀ ਸੂਰਮਿਆਂ ਨੂੰ ਉਸ ਪੱਧਰ ਤੱਕ ਲੈਕੇ ਜਾਂਦਾ ਹੈ ਜਿੱਥੇ ਸੂਰਮਿਆਂ ਦੀ ਹਊਮੈਂ ਖਤਮ ਹੋ ਜਾਂਦੀ ਹੈ। ਉਹ ਗੁਰੂ ਦੇ ਨਾਦੀ ਪੁੱਤਰ ਬਣ ਜਾਂਦੇ ਹਨ। ਜਿਹੜਾ ਸਿੱਖ ਸੂਰਮਾਂ ਗੁਰਬਾਣੀ ਦੇ ਉਪਦੇਸ਼ ਤੋਂ ਦੂਰ ਹੋ ਗਿਆ ਉਹ ਫਿਰ ਭਟਕਣ ਦਾ ਸ਼ਿਕਾਰ ਹੋ ਜਾਂਦਾ ਹੈ। ਉਸ ਵਿੱਚ ਹਊਮੈਂ ਦਾ ਸਮੁੰਦਰ ਠਾਠਾਂ ਮਾਰਨ ਲੱਗਦਾ ਹੈ। ਉਹ ਸੰਗਤ ਦੀ ਸੋਚ ਨੂੰ ਚੁਣੌਤੀ ਦੇਣ ਲਗਦਾ ਹੈ। ਜਦੋਂ ਕੋਈ ਵੀ ਸਿੱਖ ਸੂਰਮਾਂ ਸੰਤ ਦੀ ਉਸ ਪਦਵੀ ਤੋਂ ਬੇਮੁੱਖ ਹੋ ਜਾਂਦਾ ਹੈ ਤਾਂ ਉਹ ਸਿੱਖ ਸੂਰਮਾਂ ਨਹੀ ਰਹਿੰਦਾ, ਬਲਕਿ ਪੰਜਾਬੀ ਸੱਭਿਆਚਾਰ ਦਾ ਵੈਲੀ ਬਣ ਜਾਂਦਾ ਹੈ। ਵੈਲੀ ਅਤੇ ਸੰਤ-ਸਿਪਾਹੀ ਵਿੱਚ ਇਹੋ ਹੀ ਫਰਕ ਹੈ।
ਸਿੱਖ ਸੂਰਮਾ ਸਾਰੀ ਉਮਰ ਸੂਰਮਾਂ ਹੀ ਰਹਿੰਦਾ ਹੈ। ਉਸਨੂੰ ਗੁਰੂ ਦੇ ਰਾਹ ਬਾਰੇ ਕੋਈ ਦਵੰਦ ਨਹੀ ਹੁੰਦਾ। ਗੁਰੂ ਸਾਹਿਬ ਦੀ ਜਿਨ੍ਹਾਂ ਰੂਹਾਂ ਤੇ ਬਖਸ਼ਿਸ਼ ਹੁੰਦੀ ਹੈ, ਉਹ ਸੂਰਮਾ ਫਿਰ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਕਿੰਤੂ ਪਰੰਤੂ ਨਹੀ ਕਰਦਾ। ਗੁਰੂ ਦੇ ਵਰਤਾਰੇ ਬਾਰੇ ਉਸਦੇ ਮਨ ਵਿੱਚ ਕੋਈ ਦੁਬਿਧਾ ਪੈਦਾ ਨਹੀ ਹੁੰਦੀ। ਗੁਰੂ ਸਾਹਿਬ ਕਿਸ ਸਮੇਂ ਕਾਲ ਵਿੱਚ ਕਿਸ ਤੇ ਆਪਣੀ ਮਿਹਰ ਵਰਤਾਅ ਦੇਣ ਇਹ ਸਾਡੇ ਵਰਗਿਆਂ ਦੇ ਥਾਹ ਪਾਉਣ ਦਾ ਲਖਾਇਕ ਨਹੀ ਹੁੰਦਾ ।
ਇਸੇ ਲਈ ਸੂਰਮਾਂ ਉਹ ਹੁੰਦਾ ਹੈ ਜੋ ਜੰਗ ਦੇ ਮੈਦਾਨ ਅਤੇ ਆਮ ਘਰੇਲੂ ਜੀਵਨ ਦੌਰਾਨ ਆਪਣੀ ਸੋਚ ਦਾ ਪੱਧਰ ਅਨੰਦਪੁਰੀ ਦੇ ਵਾਸੀਆਂ ਵਾਲਾ ਰੱਖਦਾ ਹੈ। ਆਪਣੇ ਆਲੇ ਦੁਆਲੇ ਵਾਪਰਨ ਵਾਲੇ ਵਰਤਾਰਿਆਂ ਨੂੰ ਉਹ ਗੁਰੂ ਦੀ ਕਲਾ ਸਮਝਕੇ ਮਾਣਦਾ ਹੈ, ਪੁਲਿਸ ਅਫਸਰਾਂ ਵਾਂਗ ਉਨ੍ਹਾਂ ਦੀ ਜਰਾਇਮੀ ਚੀਰ ਫਾੜ ਨਹੀ ਕਰਦਾ। ਸੰਘਰਸ਼ਾਂ ਦੌਰਾਨ ਪੰਥਕ ਕਾਫਲੇ ਵਿੱਚ ਨਵੇਂ ਜਵਾਨ ਸ਼ਾਮਲ ਹੁੰਦੇ ਰਹਿੰਦੇ ਹਨ। ਪੀੜ੍ਹੀਆਂ ਦੇ ਫਰਕ ਕਾਰਨ ਨਵੇਂ ਕਾਫਲੇ ਦੇ ਮੋਹਰੀ ਨਵੇਂ ਅਤੇ ਮੋਕਲੇ ਜਵਾਨ ਬਣ ਜਾਂਦੇ ਹਨ। ਕਿਸੇ ਸਮੇਂ ਸੰਘਰਸ਼ ਦਾ ਹਿੱਸਾ ਰਹੇ ਯੋਧਿਆਂ ਨੂੰ ਇਸ ਤਬਦੀਲੀ ਨੂੰ ਗੁਰੂ ਦੀ ਖੇਡ ਮੰਨ ਕੇ ਸਮਝਣਾਂ ਚਾਹੀਦਾ ਹੈ। ਜੇ ਕੋਈ ਸ਼ਖਸ਼ੀਅਤ ਪੰਥਕ ਸ਼ਕਤੀ ਦਾ ਨੁਕਸਾਨ ਕਰਦੀ ਨਜ਼ਰ ਆਵੇ ਤਾਂ ਉਸ ਬਾਰੇ ਉਸ ਸੂਰਮਗਤੀ ਦੇ ਮੰਡਲ ਵਿੱਚ ਵਿਚਰਦਿਆਂ ਹੀ ਵਿਚਾਰ ਕਰਨਾ ਚਾਹੀਦਾ ਹੈ ਜਿਸ ਸੂਰਮਗਤੀ ਦੇ ਮੰਡਲ ਅਧੀਨ ਪੰਥ ਦੇ ਵੱਡੇ ਦੋਖੀਆਂ ਦਾ ਇਨਸਾਫ ਕੀਤਾ ਗਿਆ ਸੀ। ਜੇ ਏਨੇ ਵੱਡੇ ਐਕਸ਼ਨਾਂ ਵਿੱਚ ਸ਼ਾਮਲ ਸੂਰਮੇ ਜੀਵਨ ਦੇ ਕਿਸੇ ਪੜਾਅ ਤੇ ਆਕੇ ਗੁਰੂ ਦੀਆਂ ਬਖਸ਼ਿਸ਼ਾਂ ਦਾ ਪੱਲਾ ਛੱਡ ਦੇਣ ਤਾਂ ਇਹ ਸਾਰੀ ਕੌਮ ਲਈ ਨਮੋਸ਼ੀ ਵਾਲੀ ਗੱਲ ਹੁੰਦੀ ਹੈ। ਸੂਰਮਿਆਂ ਨੂੰ ਇਹ ਸੋਚਣਾਂ ਚਾਹੀਦਾ ਹੈ ਕਿ ਉਨ੍ਹਾਂ ਦਾ ਜੀਵਨ ਹੁਣ ਨਿੱਜੀ ਨਹੀ ਹੈ। ਕੌਮ ਲਈ ਜਾਂ ਧਰਮ ਲਈ ਉਨ੍ਹਾਂ ਨੇ ਜੋ ਕੁਝ ਕਰ ਦਿੱਤਾ ਹੈ ਉਸਨੇ ਉਨ੍ਹਾਂ ਦਾ ਜੀਵਨ ਪੰਥ ਦੀ ਅਮਾਨਤ ਬਣਾ ਦਿੱਤਾ ਹੈ। ਉਨ੍ਹਾਂ ਦਾ ਜੀਵਨ ਗੁਰੂ ਦੇ ਸੰਸਕਾਰਾਂ ਅਤੇ ਆਸ਼ਿਆਂ ਦੀ ਝਲਕ ਬਖੇਰਨ ਵਾਲਾ ਹੋਣਾਂ ਚਾਹੀਦਾ ਹੈ। ਜੇ ਅਤੀਤ ਦੇ ਸੂਰਮੇ ਵਰਤਮਾਨ ਵਿੱਚ ਗੁਰੂ ਲਿਵ ਤੋਂ ਦੂਰ ਹੋਕੇ ਸਰਗਰਮ ਹੋਣ ਦਾ ਯਤਨ ਕਰਨ ਇਹ ਗੁਰੂ ਸਾਹਿਬ ਲਈ ਮੰਨਣਯੋਗ ਨਹੀ ਹੋਵੇਗਾ ਕਿਉਂਕਿ ਉਹ ਕਿਸੇ ਮੌਕੇ ਤੇ ਪੰਥਕ ਅਰਦਾਸ ਦਾ ਹਿੱਸਾ ਰਹਿ ਚੁੱਕੇ ਹੁੰਦੇ ਹਨ।
ਵਰਤਮਾਨ ਸਮੇਂ ਖਾਲਸਾ ਪੰਥ ਦੇ ਪਰਵਾਰ ਵਿੱਚ ਜੋ ਸ਼ਬਦੀ ਜੰਗ ਚੱਲ ਰਹੀ ਹੈ ਅਸੀਂ ਸਮਝਦੇ ਹਾਂ ਕਿ ਉਸਨੂੰ ਗੁਰੂ ਲਿਵ ਅਧੀਨ ਰਹਿਕੇ ਵਿਚਾਰਿਆ ਜਾਵੇ ਅਤੇ ਤਾਂ ਹੀ ਕੋਈ ਟਿੱਪਣੀ ਕੀਤੀ ਜਾਵੇ।