ਮੌਜੂਦਾ ਸਮੇਂ ਵਿਚ ਆਮ ਮੁਸਲਮਾਨ ਵਿਅਕਤੀ ਆਪਣੀ ਸੁਰੱਖਿਆ ਪ੍ਰਤੀ ਚਿੰਤਤ ਹੈ? ਸਵਾਲ ਪੈਦਾ ਹੁੰਦਾ ਹੈ ਕਿ ਕੀ ਰਾਸ਼ਟਰੀ ਸਵੈ ਸੇਵਕ ਸੰਘ ਦਾ ਪ੍ਰਧਾਨ ਸਰਕਾਰ ਨੂੰ ਉਨ੍ਹਾਂ ਮੁਸਲਮਾਨਾਂ ਨੂੰ ਰਿਹਾਅ ਕਰਨ ਲਈ ਕਹੇਗਾ ਜਿਨ੍ਹਾਂ ਨੂੰ ਉੱਤਰੀ-ਪੂਰਬੀ ਦਿੱਲੀ ਵਿਚ ਦੰਗਿਆਂ ਦੇ ਦੋਸ਼ ਹੇਠ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ।ਕੀ ਉਹ ਸਰਕਾਰ ਨੂੰ ਇਸ ਨਾਲ ਸੰਬੰਧਿਤ ਪੁਲਿਸ ਅਧਿਕਾਰੀਆਂ ਉੱਪਰ ਕਾਰਵਾਈ ਕਰਨ ਲਈ ਕਹੇਗਾ?ਕੀ ਉਹ ਸਰਕਾਰ ਨੂੰ ਲੰਿਚਿੰਗ ਦੇ ਸ਼ਿਕਾਰ ਬਣੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਕੋਈ ਮਾਲੀ ਸਹਾਇਤਾ ਦੇਣ ਲਈ ਕਹੇਗਾ?ਰਾਸ਼ਟਰੀ ਸਵੈ ਸੇਵਕ ਸੰਘ ਇਹ ਲਗਾਤਾਰ ਦੁਹਰਾ ਰਹੀ ਹੈ ਕਿ ਸਾਰੇ ਭਾਰਤੀਆਂ ਦਾ ਡੀ ਐਨ ਏ ਇਕ ਸਮਾਨ ਹੀ ਹੈ।ਇਹ ਉਨ੍ਹਾਂ ਦਾ ਹਰ ਇਕ ਨੂੰ ਹਿੰਦੂ ਕਹਿਣ ਦਾ ਤਰੀਕਾ ਹੈ।ਲੋਕ ਜਾਣਨਾ ਚਾਹੁੰਦੇ ਹਨ ਕਿ ਕੀ ਉਹ ਇਹ ਯਕੀਨ ਕਰਦੇ ਹਨ ਕਿ ਆਰੀਅਨਾਂ ਅਤੇ ਦ੍ਰਾਵੀੜੀਅਨਾਂ ਦਾ ਡੀ ਐਨ ਏ ਇਕ ਹੀ ਹੈ?ਇਸ ਸੰਬੰਧੀ ਸੰਵਾਦ ਦਾ ਪਹਿਲਾ ਕਦਮ ਦਾਰੁਲ ਅਲੂਮ ਦੇ ਅਰਸ਼ਦ ਮੱਦਾਨੀ ਦੁਆਰਾ ੨੦੧੯ ਵਿਚ ਚੁੱਕਿਆ ਗਿਆ ਜਦੋਂ ਉਸ ਦੀ ਭਗਵਤ ਨਾਲ ਮੁਲਾਕਾਤ ਹੋਈ ਸੀ।ਇਹ ਬਹੁਤ ਵੱਡਾ ਖਤਰਾ ਉਠਾਉਣ ਵਾਲੀ ਗੱਲ ਸੀ ਕਿਉਂ ਕਿ ਭਾਈਚਾਰੇ ਦੇ ਕੁਝ ਲੋਕ ਇਸ ਦੇ ਪੱਖ ਵਿਚ ਨਹੀਂ ਸਨ।ਕੋਈ ਕਿਸੇ ਨਾਲ ਕਿੰਨੀ ਦੇਰ ਤੱਕ ਲੜ ਸਕਦਾ ਹੈ। ਗਲੋਬਲ ਦ੍ਰਿਸ਼ ਅਜਿਹਾ ਹੈ ਕਿ ਤੁਹਾਨੂੰ ਮੇਜ ਉੱਪਰ ਆ ਕੇ ਗੱਲ ਕਰਨੀ ਹੀ ਪੈਣੀ ਹੈ।

ਧਰਮ ਪਰਿਵਰਤਨ ਪਹਿਲਾਂ ਵੀ ਮੁੱਦਾ ਰਿਹਾ ਹੈ ਅਤੇ ਅੱਗੇ ਵੀ ਰਹੇਗਾ।ਲੋਕਾਂ ਨੂੰ ਇਸ ਮੁੱਦੇ ਤੋਂ ਉੱਪਰ ਉੱਠ ਜਾਣਾ ਚਾਹੀਦਾ ਹੈ। ਅਗਰ ਸਾਰੇ ਲੋਕਾਂ ਦਾ ਡੀ ਐਨ ਏ ਇਕੋ ਜਿਹਾ ਵੀ ਹੈ ਤਾਂ ਇਹ ਕਿੰਨਾ ਕੁ ਅਸਰਦਾਰ ਹੈ? ਹਰ ਸਾਲ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਇਸਲਾਮ ਧਰਮ ਵਿਚ ਪਰਿਵਰਤਨ ਕਰਦੇ ਹਨ ਅਤੇ ਬਹੁਤ ਸਾਰੇ ਮੁਸਲਮਾਨ ਹਿੰਦੂ ਬਣ ਜਾਂਦੇ ਹਨ।ਬਹੁਤ ਸਾਰੇ ਲੋਕ ਮੁਹੱਬਤ ਕਰਕੇ ਵੀ ਅਜਿਹਾ ਕਰਦੇ ਹਨ।ਕੀ ਭਾਗਵਤ ਮੰਦਰ ਦੇ ਵਿਵਾਦਿਤ ਪੁਜਾਰੀ ਨੂੰ ਇਹ ਸਮਝਾ ਪਾਵੇਗਾ ਕਿ ਇਹ “ਲਵ ਜਿਹਾਦ” ਨਹੀਂ ਹੈ।ਰਾਸ਼ਟਰੀ ਸਵੈ ਸੇਵਕ ਸੰਘ ਦੇ ਸ਼ਬਦ ਅਤੇ ਕੰਮ ਆਪਸ ਵਿਚ ਮੇਲ ਨਹੀਂ ਖਾਂਦੇ ਹਨ।ਇਸ ਕਰਕੇ ਹੀ ਮੋਹਨ ਭਾਗਵਤ ਦੁਆਰਾ ਇਕ ਮਸਜਿਦ ਵਿਚ ਪਹਿਲੀ ਵਾਰ ਜਾਣ ਦੀ ਘਟਨਾ ਨੇ ਉਮੀਦ ਨਾਲੋਂ ਜਿਆਦਾ ਸ਼ੱਕ-ਸੁਬ੍ਹਾ ਜਿਆਦਾ ਪੈਦਾ ਕੀਤਾ ਹੈ।ਕਿਉਂ ਕਿ ਰਾਸ਼ਟਰੀ ਸਵੈ ਸੇਵਕ ਸੰਘ ਅਜੇ ਤੱਕ ਕਿਸੇ ਵੀ ਹਜੂਮੀ ਹਿੰਸਾ ਦੀ ਨਿਖੇਧੀ ਨਹੀਂ ਕੀਤੀ ਹੈ।ਇਹ ਮੁਸਲਮਾਨਾਂ ਨੂੰ ਨਮਾਜ ਅਦਾ ਕਰਨ ਲਈ ਜਗ੍ਹਾ ਦੇਣ ਲਈ ਤਿਆਰ ਨਹੀਂ ਹੈ ਅਤੇ ਮੁਸਲਮਾਨਾਂ ਦਾ ਆਰਥਿਕ ਪੱਖੋਂ ਬਾਈਕਾਟ ਕਰਨ ਅਤੇ ਉਨ੍ਹਾਂ ਦੀ ਨਸਲਕੁਸ਼ੀ ਕਰਨ ਜਿਹੀਆਂ ਅਵਾਜ਼ਾਂ ਉਠਾਈਆਂ ਜਾ ਰਹੀਆਂ ਹਨ।ਰਾਸ਼ਟਰੀ ਸਵੈ ਸੇਵਕ ਸੰਘ ਨੇ ਅਜੇ ਤੱਕ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ ਜੇਲ ਵਿਚੋਂ ਰਿਹਾਅ ਕਰਨ ਅਤੇ ਉਨ੍ਹਾਂ ਦਾ ਸਵਾਗਤ ਕੀਤੇ ਜਾਣ ਉੱਪਰ ਵੀ ਕੋਈ ਬਿਆਨ ਨਹੀਂ ਦਿੱਤਾ ਹੈ।ਇਸੇ ਕਰਕੇ ਭਾਗਵਤ ਦੀ ਫੇਰੀ ਨੇ ਜਿਆਦਾ ਸ਼ੱਕ ਹੀ ਪੈਦਾ ਕੀਤਾ ਹੈ।

ਰਾਸ਼ਟਰੀ ਸਵੈ ਸੇਵਕ ਸੰਘ ਦਾ ਇਕ ਨੇਤਾ ਇੰਦਰੇਸ਼ ਕੁਮਾਰ, ਜੋ ਕਿ ਰਾਸ਼ਟਰੀ ਮੁਸਲਿਮ ਮੰਚ ਦਾ ਪ੍ਰਧਾਨ ਵੀ ਹੈ, ਨੇ ਮੁਸਲਮਾਨਾਂ ਤੱਕ ਪਹੁੰਚ ਕਰਨ ਵਿਚ ਪਹਿਲ ਦਿਖਾਈ ਹੈ ਪਰ ਉਸ ਨੇ ਇਸ ਗੱਲ ਨੂੰ ਨਕਾਰ ਦਿੱਤਾ ਹੈ ਕਿ ਇਹ ਸੰਘ ਦੇ ਜਿਆਦਾ ਸਮਾਵੇਸ਼ੀ ਹੋਣ ਵੱਲ ਵਧਦੇ ਕਦਮ ਹਨ।ਆਲ ਇੰਡੀਆ ਇਮਾਮ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਉਮਰ ਅਹਿਮਸ ਇਲਆਸੀ ਨੇ ਦਾਅਵਾ ਕੀਤਾ ਕਿ ਰਾਸ਼ਟਰੀ ਸਵੈ ਸੇਵਕ ਸੰਘ ਦਾ ਮੁਖੀ ਉਸ ਦੇ ਸੱਦੇ ’ਤੇ ਮਸਜਿਦ ਅਤੇ ਮਦਰੱਸੇ ਵਿਚ ਆਇਆ।ਖੁਸ਼ੀ ਅਤੇ ਚਾਅ ਵਿਚ ਉਸ ਨੇ ਭਾਗਵਤ ਨੁੰ ਹੀ ਰਾਸ਼ਟਰਪਿਤਾ ਕਹਿ ਕੇ ਸੰਬੋਧਤ ਕੀਤਾ।ਇਕ ਮਹੀਨਾ ਪਹਿਲਾਂ ਹੀ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਦੀ ਪ੍ਰਮੁੱਖ ਮੁਸਲਿਮ ਬੁੱਧੀਜੀਵੀਆਂ ਨਾਲ ਮੁਲਾਕਾਤ ਵੀ ਬੁੱਧੀਜੀਵੀਆਂ ਦੀ ਆਪਣੀ ਪਹਿਲ ਕਰਕੇ ਹੀ ਰੱਖੀ ਗਈ ਸੀ।ਪੰਜ ਵਿਅਕਤੀਆਂ ਦੇ ਸਮੂਹ ਵਿਚ ਭਾਰਤ ਦੇ ਸਾਬਕਾ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਜ਼ਮੀਨ ਉਦੀਨ ਸ਼ਾਹ, ਪੱਤਰਕਾਰ ਸ਼ਾਹਿਦ ਸਿੱਦੀਕੀ, ਦਿੱਲੀ ਦੇ ਲੈਫਟੀਨੈਂਟ ਗਵਰਨਰ ਨਜੀਬ ਜ਼ੰਗ ਅਤੇ ਵਪਾਰੀ ਸਈਦ ਸ਼ੇਰਵਾਨੀ ਸ਼ਾਮਿਲ ਸਨ।

ਪਰ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਦੁਆਰਾ ਮੁਸਲਮਾਨਾਂ ਤੱਕ ਕੀਤੀ ਪਹੁੰਚ ਜਿਆਦਾ ਵਿਸ਼ਵਾਸ ਨਹੀਂ ਪੈਦਾ ਕਰ ਪਾਈ ਹੈ ਕਿਉਂ ਕਿ ਬੀਜੇਪੀ ਸ਼ਾਸਿਤ ਸੂਬਿਆਂ ਵਿਚ ਮੁਸਲਮਾਨਾਂ ਦਾ ਲਗਾਤਾਰ ਉਤਪੀੜਨ ਹੋ ਰਿਹਾ ਹੈ।ਐਨ ਆਰ ਸੀ ਵਿਰੱੁਧ ਮੁਜ਼ਾਹਰੇ ਕਰਨ ਵਾਲਿਆਂ ਨੂੰ ਜੇਲ ਵਿਚ ਸੁੱਟ ਦਿੱਤਾ ਗਿਆ, ਮੁਸਲਿਮ ਅੰਦੋਲਨਾਰੀਆਂ ਦੇ ਘਰ ਸਾੜ ਦਿੱਤੇ ਗਏ ਅਤੇ ਅਸਾਮ ਵਿਚ ਉਨ੍ਹਾਂ ਨੂੰ ਵਿਦੇਸ਼ੀ ਕਹਿ ਕੇ ਸੱਦਿਆ ਜਾਂਦਾ ਹੈ।ਕਰਨਾਟਕ ਵਿਚ ਮੁਸਲਿਮ ਕੁੜੀਆਂ ਨੂੰ ਹਿਜਾਬ ਪਾਉਣ ਦੀ ਇਜਾਜਤ ਨਹੀਂ ਹੈ ਅਤੇ ਭਰਤੀਆਂ ਵਿਚ ਲਗਾਤਾਰ ਉਨ੍ਹਾਂ ਨਾਲ ਵਿਤਕਰਾ ਹੋ ਰਿਹਾ ਹੈ।ਰਾਸ਼ਟਰੀ ਸਵੈ ਸੇਵਕ ਸੰਘ ਨੇ ਮੁਸਲਮਾਨਾਂ ਦੇ ਆਰਥਿਕ ਬਾਈਕਾਟ ਦੇ ਸੰਬੰਧ ਵਿਚ ਵੀ ਕੋਈ ਅਵਾਜ਼ ਨਹੀਂ ਉਠਾਈ ਹੈ।ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਦਾ ਦੋਗਲਾਪਨ ਇਸ ਗੱਲੋਂ ਵੀ ਜ਼ਾਹਿਰ ਹੁੰਦਾ ਹੈ ਕਿ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਸੱਤਾਧਾਰੀ ਪਾਰਟੀ ਵਿਚ ਇਕ ਵੀ ਮੁਸਲਮਾਨ ਲੋਕ ਸਭਾ ਮੈਂਬਰ ਨਹੀ ਹੈ ਜੋ ਕਿ ਦੇਸ਼ ਦੀ ਪੰਦਰਾਂ ਪ੍ਰਤੀਸ਼ਤ ਅਬਾਦੀ ਦਾ ਪ੍ਰਤੀਨਿਧ ਕਰ ਸਕੇ।ਕੇਂਦਰੀ ਵਜ਼ਾਰਤ ਵਿਚ ਵੀ ਇਕ ਵੀ ਮੁਸਲਿਮ ਮੰਤਰੀ ਨਹੀ ਹੈ।ਰਾਸ਼ਟਰੀ ਸਵੈ ਸੇਵਕ ਸੰਘ ਅਤੇ ਇਸ ਦੇ ਹੋਰ ਸਹਿਯੋਗੀ ਮੁਸਲਮਾਨਾਂ ਨੂੰ ਭਾਰਤ ਦੇ ਦੂਜੇ ਦਰਜੇ ਦੇ ਨਾਗਰਿਕ ਮੰਨਦੇ ਹਨ।ਇਸ ਨੇ ਕਦੇ ਵੀ ਹਿੰਦੂਆਂ ਅਤੇ ਮੁਸਲਮਾਨਾਂ ਦੀ ਬਰਾਬਰੀ ਦੀ ਗੱਲ ਨਹੀਂ ਕੀਤੀ ਹੈ।ਜਦੋਂ ਮੋਹਨ ਭਾਗਵਤ ਮਸਜਿਦ ਵਿਚ ਜਾ ਰਿਹਾ ਹੈ, ਉਸੇ ਸਮੇਂ ਹੀ ਭਾਰਤ ਦਾ ਅਟਾਰਨੀ ਜਨਰਲ ਸਰਵ-ਉੱਚ ਅਦਾਲਤ ਵਿਚ ਕਰਨਾਟਕ ਦੇ ਸਕੂਲਾਂ ਵਿਚ ਹਿਜਾਬ ਉੱਪਰ ਪਾਬੰਦੀ ਦੀ ਵਕਾਲਤ ਕਰ ਰਿਹਾ ਸੀ।ਉੱਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਨੇ ਲਗਾਤਾਰ ਮਦਰੱਸਿਆਂ ਦਾ ਸਰਵੇ ਕਰਵਾਇਆ ਹੈ ਜਿਨ੍ਹਾਂ ਵਿਚ ਚਾਰ ਪ੍ਰਤੀਸ਼ਤ ਤੋਂ ਵੀ ਘੱਟ ਮੁਸਲਿਮ ਬੱਚੇ ਪੜ੍ਹਨ ਜਾਂਦੇ ਹਨ ਅਤੇ ਬੀਜੇਪੀ ਦੇ ਨੇਤਾਵਾਂ ਨੇ ਰਾਹੁਲ ਗਾਂਧੀ ਨਾਲ ਚੱਲ ਰਹੀ ਬੁਰਕਾਧਾਰੀ ਔਰਤ ਦੀ ਤਸਵੀਰ ਉੱਪਰ ਭੱਦੀਆਂ ਟਿੱਪਣੀਆਂ ਕੀਤੀਆਂ ਹਨ।

ਇਸ ਲਈ ਰਾਸ਼ਟਰੀ ਸਵੈ ਸੇਵਕ ਸੰਘ ਦੇ ਟੋਕਨਵਾਦ ਨੂੰ ਗੰਭੀਰਤਾ ਨਾਲ ਲੈਣਾ ਮੁਸ਼ਕਿਲ ਹੈ।ਇਸ ਤਰਾਂ ਦੀ ਪਹਿਲਕਦਮੀ ਸੰਘ ਦੁਆਰਾ ਮਿਡਲ ਈਸਟ ਅਤੇ ਹੋਰ ਮੁਸਲਿਮ ਦੇਸ਼ਾਂ ਪ੍ਰਤੀ ਸੁਹਿਰਦਤਾ ਦਿਖਾਉਣ ਦੀ ਮਜਬੂਰੀ ਦਾ ਨਤੀਜਾ ਜਾਪਦੀ ਹੈ।ਇਹ ਕੋਈ ਰਹੱਸ ਨਹੀਂ ਹੈ ਕਿ ਵੀ ਐਚ ਪੀ ਅਤੇ ਰਾਸ਼ਟਰੀ ਸਵੈ ਸੇਵਕ ਸੰਘ ਦੇਸ਼ ਵਿਚ ਆਪਣੇ ਨਕਸ਼ ਵਧਾ ਰਹੇ ਹਨ।ਪਰ ਨੁਪੂਰ ਸ਼ਰਮਾ ਦੀਆਂ ਮੁਹੰਮਦ ਸਾਹਿਬ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਉਸ ਉੱਪਰ ਹੀ ਉਲਟੀਆਂ ਪੈ ਗਈਆਂ, ਜਿਸ ਤੋਂ ਅਜਿਹੀਆਂ ਪਹਿਲਕਦਮੀਆਂ ਬਾਹਰ ਆਉਂਦੀਆਂ ਦਿਖਾਈ ਦਿੰਦੀਆਂ ਹਨ।ਸੰਪ੍ਰਦਾਇਕ ਨਫਰਤ, ਧਾਰਮਿਕ ਕੱਟੜਤਾ ਅਤੇ ਨਸਲਵਾਦ ਅਤੇ ਜਾਤੀਵਾਦ ਜਿਹੇ ਮੁੱਦਿਆਂ ਉੱਪਰ ਅੰਤਰਰਾਸ਼ਟਰੀ ਪੱਧਰ ’ਤੇ ਵੀ ਰਾਸ਼ਟਰੀ ਸਵੈ ਸੇਵਕ ਸੰਘ ਲਗਾਤਾਰ ਆਲੋਚਨਾ ਦਾ ਨਿਸ਼ਾਨਾ ਰਿਹਾ ਹੈ।ਇਸ ਲਈ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਦੁਆਰਾ ਇਸ ਪਹੁੰਚ ਨੂੰ ਨੁਕਸਾਨ ਦੀ ਭਰਪਾਈ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ।ਇਹ ਪਹੁੰਚ ਦਾ ਅਰਥ ਰਾਸ਼ਟਰੀ ਸਵੈ ਸੇਵਕ ਸੰਘ ਅਤੇ ਬੀਜੇਪੀ ਦੁਆਰਾ ਮੁਸਲਮਾਨਾਂ ਵਿਚ ਭੰਬਲਭੂਸਾ ਪੈਦਾ ਕਰਕੇ ਉਨ੍ਹਾਂ ਦੀਆਂ ਵੋਟਾਂ ਵੰਡਣ ਦੀ ਚਾਲ ਦੇ ਰੂਪ ਵਿਚ ਵੀ ਲਿਆ ਜਾ ਰਿਹਾ ਹੈ।ਮੁਸਲਿਮ ਵੋਟਰਾਂ ਦਾ ਵਿਰੋਧੀ ਧਿਰ ਦੇ ਪੱਖ ਵਿਚ ਭੁਗਤਣਾ ਉਹ ਕਦੇ ਵੀ ਨਹੀਂ ਚਾਹੁਣਗੇ।