ਫਲਸਤੀਨ ਦੀ ਅਜ਼ਾਦੀ ਦਾ ਮਸਲਾ ਇਸ ਵਕਤ ਸਮੁੱਚੀ ਦੁਨੀਆਂ ਵਿੱਚ ਹੋ ਰਹੇ ਖੂਨ ਖਰਾਬੇ ਦਾ ਵੱਡਾ ਕਾਰਨ ਬਣਿਆ ਹੋਇਆ ਹੈ। ਹਿਟਲਰ ਦੀ ਨਸਲਕੁਸ਼ੀ ਦਾ ਸ਼ਿਕਾਰ ਯਹੂਦੀ ਕੌਮ ਵੱਲ਼ੋਂ ਉਸਾਰੇ ਗਏ ਆਪਣੇ ਘਰ ਦੇ ਗਵਾਂਢ ਵਿੱਚ ਰਹਿ ਰਹੇ ਫਲਸਤੀਨੀਆਂ ਨਾਲ ਮੁੱਢ ਤੋਂ ਹੀ ਧੱਕਾ ਹੋ ਰਿਹਾ ਹੈ। ਇਜ਼ਰਾਈਲ ਨਾਲ ਸਾਂਝ ਹੋਣ ਕਾਰਨ ਅਮਰੀਕਾ ਅਤੇ ਹੋਰ ਪੱਛਮੀ ਤਾਕਤਾਂ ਵੀ ਇਜ਼ਰਾਈਲ ਵੱਲ਼ੋਂ ਲਗਾਤਾਰ ਫਲਸਤੀਨ ਦੀ ਜਮੀਨ ਤੇ ਕੀਤੇ ਜਾ ਰਹੇ ਕਬਜੇ ਵਿਰੁੱਧ ਮੂੰਹ ਖੋਲ਼੍ਹਣ ਤੋਂ ਕਤਰਾਉਂਦੀਆਂ ਰਹੀਆਂ ਹਨ। ਅਮਰੀਕੀ ਦੋਸਤੀ ਦੇ ਓਹਲੇ ਹੇਠ ਇਜ਼ਰਾਈਲ ਨੇ ਆਪਣੇ ਆਪ ਨੂੰ ਤਕਨੀਕੀ ਅਤੇ ਫੌਜੀ ਤੌਰ ਤੇ ਏਨਾ ਮਜਬੂਤ ਕਰ ਲਿਆ ਹੈ ਕਿ ਉਹ ਫਲਸਤੀਨੀ ਲੋਕਾਂ ਤੇ ਜੁਲਮ ਕਰਕੇ ਵੀ ਕਿਸੇ ਦੋਸ਼ ਤੋਂ ਸਾਫ ਬਚ ਜਾਂਦਾ ਰਿਹਾ ਹੈ। ਇਜ਼ਰਾਈਲ ਦੇ ਇਸ ਰਵੱਈਏ ਦੇ ਖਿਲਾਫ ਫਲਸਤੀਨੀਆਂ ਨੇ ਹਥਿਆਰਬੰਦ ਸੰਘਰਸ਼ ਅਰੰਭ ਕਰ ਦਿੱਤਾ। ਇਸ ਤਰ੍ਹਾਂ ਦੋਵਾਂ ਪਾਸਿਆਂ ਤੋਂ ਗੋਲੀਆਂ ਅਤੇ ਬੰਬ ਤਾਂ ਚਲਦੇ ਰਹੇ ਪਰ ਕਿਸੇ ਨੇ ਦੋਵਾਂ ਧਿਰਾਂ ਦਰਮਿਆਨ ਸਮਝੌਤਾ ਕਰਵਾਉਣ ਦਾ ਯਤਨ ਨਾ ਕੀਤਾ।

ਪਿਛਲੇ ਸਮੇਂ ਦੌਰਾਨ ਜੋ ਇੱਕਾ ਦੁੱਕਾ ਯਤਨ ਹੋਏ ਵੀ ਉਨ੍ਹਾਂ ਵਿੱਚ ਇਜ਼ਰਾਈਲ ਦੀ ਧੌਂਸ ਦਾ ਜਿਆਦਾ ਖਿਆਲ ਰੱਖਿਆ ਗਿਆ ਓਧਰ ਫਲਸਤੀਨੀਆਂ ਦੀਆਂ ਰੀਝਾਂ ਨੂੰ ਕਿਸੇ ਨੇ ਧੇਲੇ ਵੱਟੇ ਵੀ ਨਾ ਗੌਲਿਆ। ਇਸੇ ਕਰਕੇ ਮੱਧ-ਪੂਰਬ ਦਾ ਇਹ ਮਸਲਾ ਕੌਮਾਂਤਰੀ ਅੱਤਵਾਦ ਦਾ ਕੇਂਦਰੀ ਧੁਰਾ ਬਣ ਗਿਆ ਹੈ। ਬੇਸ਼ੱਕ ਅਲ-ਕਾਇਦਾ ਵਰਗੀਆਂ ਜਥੇਬੰਦੀਆਂ ਅਤੇ ਬਿਨ ਲਾਦੇਨ ਵਰਗੇ ਲੋਕਾਂ ਦੇ ਹੋਂਦ ਵਿੱਚ ਆਉਣ ਦੇ ਹੋਰ ਵੀ ਕਈ ਕਾਰਨ ਹੋਣਗੇ, ਪਰ ਫਲਸਤੀਨ ਦੇ ਲੋਕਾਂ ਤੇ ਹੋ ਰਹੇ ਜੁਲਮ ਇਨ੍ਹਾਂ ਦੀ ਵਿਚਾਰਧਾਰਾ ਦਾ ਕੇਂਦਰੀ ਨੁਕਤਾ ਬਣ ਗਏ ਹਨ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲ਼ਿੰਟਨ ਨੇ ਆਪਣੇ ਕਾਰਜਕਾਲ ਦੌਰਾਨ ਇਸ ਮਸਲੇ ਨੂੰ ਹੱਲ ਕਰਨ ਦਾ ਗੰਭੀਰ ਯਤਨ ਕੀਤਾ। ਓਸਲੋ ਸਮਝੌਤੇ ਦੇ ਰੂਪ ਵਿੱਚ ਉਨ੍ਹਾਂ ਦੋਵਾਂ ਧਿਰਾਂ ਨੂੰ ਇੱਕ ਦੂਜੇ ਦੇ ਕੌਮੀ ਸਰੂਪ ਨੂੰ ਮੰਨਣ ਅਤੇ ਸਤਿਕਾਰ ਦੇਣ ਦੇ ਯਤਨ ਕੀਤੇ, ਪਰ ਇਜ਼ਰਾਈਲ ਦੇ ਕੱਟੜਪੰਥੀਆਂ ਨੂੰ ਇਹ ਸਮਝੌਤਾ ਰਾਸ ਨਾ ਆਇਆ ਅਤੇ ਉਨ੍ਹਾਂ ਕੁਝ ਦੇਰ ਬਾਅਦ ਹੀ ਆਪਣੇ ਮੁਲਕ ਦੇ ਰਾਸ਼ਟਰਪਤੀ ਇਤਜ਼ਕ ਰਾਬੀਨ ਦਾ ਕਤਲ ਕਰ ਦਿੱਤਾ। ਗੱਲ ਫੇਰ ਆਈ ਗਈ ਹੋ ਗਈ। ਜਾਰਜ ਬੁਸ਼ ਨੇ ਵੀ ਗੰਭਰਿਤਾ ਨਾਲ ਇਸ ਪਾਸੇ ਵੱਲ ਯਤਨ ਕੀਤੇ । ਉਨ੍ਹਾਂ ਨੇ ਟੋਨੀ ਬਲੇਅਰ ਨੂੰ ਮੱਧ ਪੂਰਬ ਦਾ ਨੁਮਾਇੰਦਾ ਵੀ ਨਿਯੁਕਤ ਕੀਤਾ, ਪਰ ਇਹ ਯਤਨ ਵੀ ਇਜ਼ਰਾਈਲ ਮੁਖੀ ਹੀ ਸਿੱਧ ਹੋਏ। ਆਪਣੇ ਕਾਰਕਾਲ ਦੌਰਾਨ ਜਾਰਜ ਬੁਸ਼ ਨੇ ਡੁਬਈ ਦੇ ਇੱਕ ਹੋਟਲ ਵਿੱਚ ਹੋਏ ਸੰਮੇਲਨ ਦੌਰਾਨ ਆਪਣੇ ਭਾਸ਼ਣ ਵਿੱਚ ਵੀ ਫਲਸਤੀਨੀ ਲੋਕਾਂ ਦੇ ਅਜ਼ਾਦੀ ਦੇ ਹੱਕ ਦੀ ਗੱਲ ਕੀਤੀ ਪਰ ਉਸ ਵਿੱਚ ਫਿਰ ਇਜ਼ਰਾਈਲੀ ਸੁਰ ਭਾਰੂ ਹੋ ਗਈ।

ਕੁਝ ਸਮਾਂ ਪਹਿਲਾਂ ਪ੍ਰਧਾਨ ਬਾਰਕ ਓਬਾਮਾ ਨੇ ਵੀ ਮੱਧ-ਪੂਰਬ ਦਾ ਦੌਰਾ ਕੀਤਾ ਸੀ। ਉਨ੍ਹਾਂ ਫਲਸਤੀਨੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ “ਅਜ਼ਾਦੀ ਦੇ ਨਿੱਘ ਵਰਗਾ ਕੋਈ ਨਿੱਘ ਨਹੀ ਹੁੰਦਾ। ਇਸ ਲਈ ਇਜ਼ਰਾਈਲ ਨੂੰ ਫਲਸਤੀਨੀ ਲੋਕਾਂ ਦੀ ਅਜ਼ਾਦੀ ਦੀ ਮੰਗ ਨੂੰ ਪਰਵਾਨ ਕਰਨਾ ਚਾਹੀਦਾ ਹੈ।” ਇੱਥੇ ਅਸੀਂ ਪ੍ਰਧਾਨ ਬਾਰਕ ਓਬਾਮਾ ਦੇ ਸ਼ਬਦਾਂ ਨੂੰ ਹੂ-ਬ-ਹੂ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ ਤਾਂ ਕਿ ਓਬਾਮਾਂ ਦੀ ਭਾਵਨਾ ਸਮਝ ਆ ਸਕੇ।

Israel must recognise that continuous settlement activity is counter-productive to the cause of peace, and an independent Palestine must be viable with real borders that have to be drawn. No single step is going to erase years of history and propaganda, but progress with the Palestine is a powerful way to begin.” Obama further said that just as Israel built a state in their homeland, Palestinians also have the right to be a free people in their own land. “The Palestinian people’s right to self determination and their justice must also be recognised. Put yourself in their shoes. It is not fair that a Palestinian child cannot grow up in a state of her own.

ਇਸੇ ਦਿਸ਼ਾ ਵਿੱਚ ਕੰਮ ਕਰਦਿਆਂ ਪ੍ਰਧਾਨ ਓਬਾਮਾਂ ਨੇ ਅਮਰੀਕਾ ਦੀ ਵਿਦੇਸ਼ ਨੀਤੀ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ। ਉਹ ਹੁਣ ਜਾਰਜ ਬੁਸ਼ ਦੀ ਵਿਰਾਸਤ ਤੋਂ ਖਹਿੜਾ ਛੁਡਾ ਕੇ ਅਮਰੀਕਾ ਨੂੰ ਜੰਗ ਦੇ ਮੁਹਾਜ ਤੇ ਹੀ ਨਹੀ ਧੱਕੀ ਰੱਖਣਾਂ ਚਾਹੁੰਦੇ। ਅਫਗਾਨਿਸਤਾਨ ਨੂੰ ਅਲਵਿਦਾ ਕਹਿਣ, ਇਰਾਨ ਨਾਲ ਸਮਝੌਤਾ ਕਰਨ ,ਸੀਰੀਆ ਵਿੱਚ ਕੋਈ ਦਖਲਅੰਦਾਜ਼ੀ ਨਾ ਕਰਨ ਤੋਂ ਬਾਅਦ ਹੁਣ ਉਹ ਫਲਸਤੀਨ ਦੇ ਮਸਲੇ ਨੂੰ ਕਿਸੇ ਤਣ-ਪੱਤਣ ਲਾਉਣ ਲਈ ਯਤਨਸ਼ੀਲ ਨਜ਼ਰ ਆ ਰਹੇ ਹਨ। ਇਸੇ ਲਈ ਅਮਰੀਕੀ ਸੈਕਟਰੀ ਆਫ ਸਟੇਟ ਜਾਨ ਕੈਰੀ ਲਗਾਤਾਰ ਵਾਸ਼ਿੰਗਟਨ ਅਤੇ ਮੱਧ-ਪੂਰਬ ਦਰਮਿਆਨ ਸਫਰ ਕਰ ਰਹੇ ਹਨ। ਪਿਛਲੇ ਇੱਕ ਸਾਲ ਦੌਰਾਨ ਹੀ ਉਨ੍ਹਾਂ ਨੇ ਦਸ ਤੋਂ ਜਿਆਦਾ ਗੇੜੇ ਮੱਧ-ਪੂਰਬ ਦੇ ਲਗਾਏ ਹਨ। ਇਸ ਤੋਂ ਪਤਾ ਲਗਦਾ ਹੈ ਕਿ ਪ੍ਰਧਾਨ ਓਬਾਮਾਂ ਫਲਸਤੀਨੀ ਮਸਲੇ ਦੇ ਹੱਲ ਲਈ ਕਾਫੀ ਗੰਭੀਰ ਹਨ।

ਜਾਨ ਕੈਰੀ ਅਨੁਸਾਰ ਇਸ ਮਸਲੇ ਦੇ ਹੱਲ ਲਈ ਮੁੱਢਲਾ ਖਰੜਾ ਲਗਭਗ ਤਿਆਰ ਹੋ ਗਿਆ ਹੈ ਜੋ ਰਾਸ਼ਟਰਪਤੀ ਨੂੰ ਜਲਦ ਪੇਸ਼ ਕੀਤਾ ਜਾਵੇਗਾ। ਇਜ਼ਰਾਈਲ ਵੀ ਆਪਣੇ ਹੱਠ ਤੇ ਕਾਇਮ ਰਹਿਣ ਦੇ ਬਾਵਜੂਦ ਕੁਝ ਨਰਮੀ ਦਿਖਾ ਰਿਹਾ ਪ੍ਰਤੀਤ ਹੋ ਰਿਹਾ ਹੈ। ਪਿਛਲੇ ਦਿਨੀ ਇਜ਼ਰਾਈਲ ਦੀਆਂ ਜੇਲ਼੍ਹਾਂ ਵਿੱਚੋਂ ੨੬ ਫਲਸਤੀਨੀਆ ਦੀ ਰਿਹਾਈ ਇਜ਼ਰਾਈਲ ਦੀ ਨਰਮੀ ਦੀ ਬਾਤ ਪਾਉਂਦੇ ਹਨ।

ਦੱਸਿਆ ਜਾਂਦਾ ਹੈ ਕਿ ਇਜ਼ਰਾਈਲ ਫਲਸਤੀਨ ਨਾਲ ਕਿਸੇ ਪੱਕੇ ਸਮਝੌਤੇ ਦੇ ਇਵਜ਼ ਵਿੱਚ ਇੱਕ ਇਜ਼ਰਾਈਲੀ ਸੂਹੀਆ ਏਜੰਟ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਜੋ ੨੮ ਸਾਲ ਤੋਂ ਅਮਰੀਕਾ ਦੀ ਜੇਲ਼੍ਹ ਵਿੱਚ ਬੰਦ ਹੈ। ਜੋਨਾਥਨ ਪੋਲਾਰਡ ਨਾ ਦਾ ਇਹ ਅਮਰੀਕੀ ਫੌਜੀ ਅਫਸਰ ਇਜ਼ਰਾਈਲ ਲਈ ਜਸੂਸੀ ਕਰਨ ਲੱਗ ਪਿਆ ਸੀ ਅਤੇ ੧੯੮੫ ਤੋਂ ਪਹਿਲਾਂ ਉਸਨੇ ੧੦ ਲੱਖ ਅਹਿਮ ਦਸਤਾਵੇਜ਼ ਇਜ਼ਰਾਈਲ ਨੂੰ ਪਹੁੰਚਾਏ ਸਨ। ਅਮਰੀਕਾ ਵਿੱਚ ਉਸਤੇ ਦੇਸ਼ ਧ੍ਰੋਹ ਦਾ ਮੁਕੱਦਮਾਂ ਚੱਲਿਆ ਸੀ।

ਹਲਾਂਕਿ ਇਹ ਖਬਰਾਂ ਹਨ ਕਿ ਸੀ.ਆਈ.ਏ. ਪੋਲਾਰਡ ਦੀ ਰਿਹਾਈ ਦਾ ਵਿਰੋਧ ਕਰ ਰਹੀ ਹੈ ਪਰ ਬਾਰਕ ਓਬਾਮਾਂ ਫਲਸਤੀਨ ਮਸਲੇ ਦੇ ਸਥਾਈ ਹੱਲ ਲਈ ਇਹ ਰਿਸਕ ਲੈਣ ਲਈ ਵੀ ਤਿਆਰ ਦੱਸੇ ਜਾਂਦੇ ਹਨ।
ਜੇ ਇਜ਼ਰਾਈਲ ਨਾਲ ਕਿਸੇ ਸਮਝੌਤੇ ਤੇ ਸਹੀ ਪੈ ਜਾਂਦੀ ਹੈ ਤਾਂ ਇਹ ਅਮਰੀਕੀ ਪ੍ਰਸ਼ਾਸ਼ਨ ਅਤੇ ਖਾਸ ਕਰਕੇ ਬਾਰਕ ਓਬਾਮਾਂ ਦੀ ਰਣਨੀਤੀ ਦੀ ਵੱਡੀ ਜਿੱਤ ਹੋਵੇਗੀ, ਜਿਸਦੀ ਕਿ ਅੱਜ ਕੱਲ਼੍ਹ ਸੰਸਾਰ ਡਿਪਲੋਮੈਟਿਕ ਖੇਤਰਾਂ ਵਿੱਚ ਕਾਫੀ ਆਲੋਚਨਾਂ ਹੋ ਰਹੀ ਹੈ।