ਜਿਉਂ ਹੀ ਪੰਜਾਬ ਵਿੱਚ ਕਿਸੇ ਚੋਣ ਦਾ ਮੌਸਮ ਆਉਂਦਾ ਹੈ ਤਿਵੇਂ ਹੀ ਇੱਕਦਮ ਖਿੰਡੇ ਖਿੱਲਰੇ ਅਤੇ ਇੱਕ ਦੂਜੇ ਨੂੰ ਕੈਰੀ ਅੱਖ ਨਾਲ ਦੇਖਣ ਵਾਲੇ ਪੰਥਕ ਧੜੇ ਏਕਤਾ ਦੀ ਮੁਹਾਰਨੀ ਪੜ੍ਹਨ ਲੱਗ ਜਾਂਦੇ ਹਨ। ਚੋਣਾਂ ਤੋਂ ੬-੭ ਮਹੀਨੇ ਪਹਿਲਾਂ ਏਕਤਾ ਲਈ ਸਰਗਰਮੀਆਂ ਅਰੰਭ ਹੁੰਦੀਆਂ ਹਨ ਅਤੇ ਚੋਣਾਂ ਨੇੜੇ ਆਉਣ ਤੱਕ ਇਹ ਕੋਸ਼ਿਸਾਂ ਵੀ ਮੁੱਕ ਜਾਂਦੀਆਂ ਹਨ ਅਤੇ ਏਕਤਾ ਵੀ। ਏਕਤਾ ਕੇਵਲ ਮੁੱਕਦੀ ਹੀ ਨਹੀ ਬਲਕਿ ਬਹੁਤ ਹੀ ਗੰਭੀਰ ਦੁਸ਼ਮਣੀ ਵਿੱਚ ਬਦਲ ਜਾਂਦੀ ਹੈ। ਜਿਸ ਕਾਰਨ ਇੱਕ ਧੜੇ ਦਾ ਲੀਡਰ ਦੂਜੇ ਧੜੇ ਦੇ ਪੰਥਕ ਲੀਡਰ ਨੂੰ ਕਿਸੇ ਕੇਸ ਵਿੱਚ ਫਸਾਉਣ ਜਾਂ ਉਸਦਾ ਕੋਈ ਹੋਰ ਨੁਕਸਾਨ ਕਰਵਾਉਣ ਦੇ ਰਾਹ ਪੈ ਜਾਂਦਾ ਹੈ। ਪਿਛਲੇ ੨੫ ਸਾਲਾਂ ਤੋਂ ਅਸੀਂ ਪੰਥਕ ਅਖਵਾਉਣ ਵਾਲੇ ਧੜਿਆਂ ਦੀ ਇਹੋ ਹੀ ਚਾਲ-ਢਾਲ ਦੇਖ ਰਹੇ ਹਾਂ।

ਹੁਣ ਫਿਰ ੨੦੧੭ ਦੀਆਂ ਵਿਧਾਨ ਸਭਾ ਚੋਣਾਂ ਅਤੇ ੨੦੧੬ ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਮੁੱਖ ਰੱਖਕੇ ਪੰਥਕ ਏਕਤਾ ਲਈ ਸਰਗਰਮੀਆਂ ਅਰੰਭ ਹੋ ਗਈਆਂ ਹਨ। ਪਿਛਲੇ ਦਿਨੀ ਚੰਡੀਗੜ੍ਹ ਵਿੱਚ ਇਸ ਸਬੰਧੀ ਇੱਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਸਾਰੇ ਪੰਥਕ ਧੜਿਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਹ ਇਕੱਤਰਤਾ ਸਿੱਖ ਬੁਧੀਜੀਵੀਆਂ ਡਾਕਟਰ ਗੁਰਦਰਸ਼ਨ ਸਿੰਘ ਢਿੱਲ਼ੋਂ ਅਤੇ ਪ੍ਰੋਫੈਸਰ ਗੁਰਤੇਜ ਸਿੰਘ ਦੀਆਂ ਕੋਸ਼ਿਸਾਂ ਸਦਕਾ ਬੁਲਾਈ ਗਈ ਦੱਸੀ ਜਾਂਦੀ ਹੈ। ਇਸ ਵਿੱਚ ਵੱਖ ਵੱਖ ਪੰਥਕ ਧੜਿਆਂ ਦੇ ਨੁਮਾਇੰਦੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਭਾਈ ਬਲਵੰਤ ਸਿੰਘ ਨੰਦਗੜ੍ਹ ਨੂੰ ਇਸ ਵਾਰ ਪੰਥ ਦੀ ਕਮਾਨ ਸੌਂਪਣ ਦੀ ਗੱਲ ਆਖੀ ਹੈ। ਦੱਸਿਆ ਜਾਂਦਾ ਹੈ ਕਿ ਸ੍ਰ ਸਿਮਰਨਜੀਤ ਸਿੰਘ ਮਾਨ ਵੀ ਭਾਈ ਬਲਵੰਤ ਸਿੰਘ ਨੰਦਗੜ੍ਹ ਦੀ ਅਗਵਾਈ ਹੇਠ ਚੱਲਣ ਲਈ ਰਾਜ਼ੀ ਹੋ ਗਏ ਹਨ।

ਸਿੱਖ ਹਲਕਿਆਂ ਵਿੱਚ ਇਹ ਸਵਾਲ ਵਾਰ ਵਾਰ ਉਠਦਾ ਹੈ ਕਿ ਜੇ ਪੰਥਕ ਅਖਵਾਉਣ ਵਾਲੀਆਂ ਧਿਰਾਂ ਦਾ ਅੰਤਮ ਨਿਸ਼ਾਨਾ ਇੱਕ ਹੈ ਫਿਰ ਇਹ ਉਸ ਤਰ੍ਹਾਂ ਨਾਲ ਜਥੇਬੰਦ ਹੋਕੇ ਇੱਕ ਮਜਬੂਤ ਵਿਰੋਧੀ ਧਿਰ ਵੱਜੋਂ ਕਿਉਂ ਨਹੀ ਸਾਹਮਣੇ ਆਉਂਦੀਆਂ। ਕਿਉਂ ਹਰ ਵਾਰ ਲੋਕਾਂ ਨੂੰ ਕੁੱਟਣ ਅਤੇ ਲ਼ੁੱਟਣ ਵਾਲੀਆਂ ਧਿਰਾਂ ਹੀ ਪੰਜਾਬ ਤੇ ਕਾਬਜ ਹੋਈ ਜਾਂਦੀਆਂ ਹਨ?

ਅਸੀਂ ਸਮਝਦੇ ਹਾਂ ਕਿ ਪੰਥਕ ਧਿਰਾਂ ਜੋ ਆਪਣੇ ਆਪ ਨੂੰ ਖਾੜਕੂ ਸਿੱਖ ਲਹਿਰ ਦੀਆਂ ਨੁਮਾਇੰਦਾ ਜਮਾਤਾਂ ਅਖਵਾਉਂਦੀਆਂ ਹਨ ਅਸਲ ਵਿੱਚ ਖਾੜਕੂ ਲਹਿਰ ਦਾ ਨਾਅ ਆਪਣੇ ਨਿੱਜੀ ਸਿਆਸੀ ਮੁਫਾਦਾਂ ਲਈ ਵਰਤਕੇ ਸੌਖੇ ਤਰੀਕੇ ਨਾਲ ਸੱਤਾ ਦੇ ਡੰਡੇ ਨੂੰ ਹੱਥ ਪਾਉਣ ਦਾ ਰਾਹ ਲੱਭ ਰਹੀਆਂ ਹਨ। ਪੰਜਾਬ ਵਿੱਚ ਕਿਉਂਕਿ ਸਿੱਖ ਲਹਿਰ ਲਈ ਹਮਦਰਦੀ ਅਤੇ ਦਰਦ ਹਾਲੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਹੈ ਇਸ ਲਈ ਇਹ ਸਾਰੀਆਂ ਪੰਥਕ ਧਿਰਾਂ ਉਸ ਹਮਦਰਦੀ ਨੂੰ ਆਪਣੇ ਨਿੱਜੀ ਸਿਆਸੀ ਜੀਵਨ ਲਈ ਕੈਸ਼ ਕਰਨ ਦੀ ਲੋਚਾ ਹੀ ਰੱਖਦੀਆਂ ਹਨ। ਖ਼ਾੜਕੂ ਲਹਿਰ ਦੀ ਵਿਚਾਰਧਾਰਾ ਜਾਂ ਉਸ ਲਹਿਰ ਦੇ ਜੀਵਨ ਵਰਗੀ ਪਵਿੱਤਰਤਾ ਇਨ੍ਹਾਂ ਦੇ ਨੇੜੇ ਤੇੜੇ ਵੀ ਨਹੀ ਹੈ। ਅਸਲ ਜਿੰਦਗੀ ਵਿੱਚ ਇਹ ਧਿਰਾਂ ਬਾਦਲ ਮਾਰਕਾ ਰਾਜਨੀਤੀਵਾਨਾਂ ਵਰਗੀ ਲਾਲਚੀ ਅਤੇ ਹਵਸੀ ਪਹੁੰਚ ਹੀ ਰੱਖਦੀਆਂ ਹਨ, ਬਸ ਸਿਆਸਤ ਦੇ ਡੰਡੇ ਨੂੰ ਹੱਥ ਪਾਉਣ ਲਈ ਸਿਰਫ ਖਾੜਕੂ ਲਹਿਰ ਦਾ ਨਾਅ ਵਰਤ ਰਹੀਆਂ ਹਨ। ਉਹ ਉ%ਚ ਪਾਏ ਦਾ ਜੀਵਨ, ਉਹ ਕੁਰਬਾਨੀ ਦੀ ਭਾਵਨਾ, ਉਹ ਤਿਆਗ ਦੇ ਮੁਜੱਸਮੇ, ਉਹ ਗੁਰਬਾਣੀ ਦੇ ਰੰਗ ਵਿ%ਚ ਰੰਗੀਆਂ ਰੂਹਾਂ ਅਤੇ ਆਪਣੇ ਪੰਥ ਲਈ ਜਿੰਦੜੀਆਂ ਵਾਰ ਦੇਣ ਦਾ ਚਾਅ, ਕਿਸੇ ਵੀ ਪੰਥਕ ਅਖਵਾਉਣ ਵਾਲੇ ਧੜੇ ਵਿੱਚ ਨਹੀ ਹੈ। ਰੰਚਕ ਮਾਤਰ ਵੀ ਨਹੀ। ਕਿਸੇ ਵੀ ਲੀਡਰ ਦਾ ਚਿਹਰਾ ਪੜ੍ਹ ਲਓ, ਕਿਸੇ ਦੀ ਸਰੀਰਕ ਭਾਸ਼ਾ ਦੇਖ ਲਓ ਕਿਸੇ ਵਿੱਚੋਂ ਵੀ ਗੁਰਬਾਣੀ ਦੇ ਰੰਗ ਵਿੱਚ ਰੰਗੀ ਹੋਈ ਉਸ ਮਹਾਨ ਆਤਮਾ ਦੇ ਦਰਸ਼ਨ ਨਹੀ ਹੋਣਗੇ ਜੋ ਸਿੱਖ ਲਹਿਰ ਦੇ ਨੁਮਾਇੰਦਿਆਂ ਵਿੱਚ ਹੋਣੇ ਚਾਹੀਦੇ ਹਨ। ਬਹੁਤ ਹੀ ਬੌਣੇ ਲੋਕ ਆਪਣੇ ਛੋਟੇ ਛੋਟੇ ਸਿਆਸੀ ਮੁਫਾਦਾਂ ਲਈ ਕੁਝ ਚਿਰ ਲਈ ਇਕੱਤਰ ਹੋਣ ਦਾ ਡਰਾਮਾ ਕਰਦੇ ਹਨ। ਖ਼ਾਲਸਾ ਜੀ ਦੇ ਦਰਦ ਦੀ ਗਹਿਰਾਈ ਦਾ ਨਾ ਕਿਸੇ ਨੂੰ ਅਨੁਮਾਨ ਹੈ ਅਤੇ ਨਾ ਹੀ ਉਸ ਪਾਸੇ ਕੋਈ ਜਾਣਾਂ ਹੀ ਚਾਹੁੰਦਾ ਹੈ, ਕਿਉਂਕਿ ਉਹ ਮਾਰਗ ਬਹੁਤ ਕਠਿਨ ਹੈ। ਉਹ ਕੁਰਬਾਨੀ ਮੰਗਦਾ ਹੈ। ਰਾਜਗੱਦੀਆਂ ਪੇਸ਼ ਨਹੀ ਕਰਦਾ। ਇਹ ਸੰਕਟ ੧੯੯੨ ਵਿੱਚ ਵੀ ਸੀ ਅਤੇ ਅੱਜ ਵੀ ਉ%ਥੇ ਹੀ ਖੜ੍ਹਾ ਹੈ। ੧੯੯੨ ਵਿੱਚ ਜੋ ਲੋਕ ਖਾੜਕੂ ਲਹਿਰ ਦੇ ਨੁਮਾਇੰਦੇ ਬਣਕੇ ਸਾਹਮਣੇ ਆ ਰਹੇ ਸਨ ਉਹ ਵੀ ਇਹੋ ਜਿਹੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਸਨ। ਉਨ੍ਹਾਂ ਨੇ ਵੀ ਆਮ ਆਦਮੀ ਪਾਰਟੀ ਵਾਂਗ ਕੁਝ ਸਮੇ ਬਾਅਦ ਹੀ ਖੱਖੜੀਆਂ ਕਰੇਲੇ ਹੋ ਜਾਣਾਂ ਸੀ ਅਤੇ ਫਿਰ ਆਪਣੀ ਆਪਣੀ ਗੱਦੀ ਬਚਾਉਣ ਲਈ ਆਪਣੇ ਹੀ ਭਰਾਵਾਂ ਦੇ ਕਤਲ ਕਰਵਾਉਣੇ ਸਨ।

ਜਦੋਂ ਤੁਸੀਂ ਲਹਿਰ ਦੇ ਸਿਧਾਂਤ ਨਾਲ ਇੱਕਮਿੱਕ ਨਹੀ ਹੁੰਦੇ, ਜਦੋਂ ਤੁਹਾਡੇ ਮਨ ਵਿੱਚ ਰਾਜਗੱਦੀਆਂ ਭੋਗਣ ਦੀ ਲਾਲਸਾ ਹੁੰਦੀ ਹੈ, ਕੁਰਬਾਨੀ ਦੀ ਭਾਵਨਾ ਜਦੋਂ ਮੁੱਕ ਜਾਂਦੀ ਹੈ ਉਸ ਵੇਲੇ ਅਜਿਹੇ ਸੰਕਟ ਹਰ ਲਹਿਰ ਦੇ ਸਾਹਮਣੇ ਆਉਂਦੇ ਹਨ।

ਪੰਜਾਬ ਵਿੱਚ ਅਸਲੀ ਪੰਥਕ ਧਿਰ ਦੀ ਹਾਲੇ ਲੋਕਾਂ ਨੂੰ ਉਡੀਕ ਹੈ। ਉਹ ਪੰਥਕ ਧਿਰ ਜੋ ਬਾਦਲ ਦਲ ਦੀ ਕਾਪੀ ਨਾ ਹੋਵੇ ਬਲਕਿ ਜਿਸਦੀ ਲੀਡਰਸ਼ਿੱਪ ਦਾ ਜੀਵਨ ਗੁਰਬਾਣੀ ਦੇ ਰੰਗ ਵਿੱਚ ਰੰਗਿਆ ਹੋਵੇ ਅਤੇ ਜੋ ਸਟੇਟ ਦਾ ਹਰ ਜਬਰ ਸਿਦਕਦਿਲੀ ਨਾਲ ਜਰਨ ਦੀ ਇੱਛਾਸ਼ਕਤੀ ਰੱਖਦੀ ਹੋਵੇ। ਉਸ ਵੇਲੇ ਤੱਕ ਪੰਥਕ ਧਿਰ ਦਾ ਹਾਲ ਖੱਖੜੀਆਂ ਕਰੇਲਿਆਂ ਵਰਗਾ ਹੀ ਰਹੇਗਾ।