ਸਿੱਖ ਪੰਥ ਅੰਦਰ ਪਿਛਲੇ ਲੰਮੇ ਸਮੇਂ ਤੋਂ ਪੰਥ ਪ੍ਰਵਾਨਤ ਮਰਿਯਾਦਾ ਦੇ ਵਿਸ਼ੇ ਨੂੰ ਲੈ ਕੇ ਸੰਵਾਦ, ਤਕਰਾਰ ਤੇ ਵਿਚਾਰਧਾਰਕ ਟਰਕਾਅ ਲਗਾਤਾਰ ਬਣਿਆ ਹੋਇਆ ਹੈ। ਜਿਸ ਕਰਕੇ ਅਨੇਕਾਂ ਵਾਰ ਇਹ ਸੰਵਾਦ ਤੇ ਵਿਚਾਰਕ ਤਕਰਾਰ ਦੇ ਟਕਰਾਅ ਕਾਰਨ ਸਿੱਖ ਪ੍ਰਚਾਰਕਾਂ ਦੇ ਨਾਲ ਸਿੱਖਾਂ ਵੱਲੋਂ ਹੀ ਮੰਦਭਾਗੀਆਂ ਘਟਨਾਵਾਂ ਹੋਈਆਂ ਹਨ। ਕਈ ਵਾਰ ਇਸ ਕਾਰਨ ਸਿੱਖ ਪ੍ਰਚਾਰਕਾਂ ਦੀਆਂ ਗੁਰਦਵਾਰਿਆਂ ਦੇ ਅੰਦਰ ਪੱਗਾਂ ਵੀ ਉਛਾਲੀਆਂ ਗਈਆਂ। ਜਿਵੇਂ ਕਿ ਥੋੜੇ ਦਿਨ ਪਹਿਲਾਂ ਇੰਗਲੈਂਡ ਵਿੱਚ ਨਾਮੀਂ ਤੇ ਸਤਿਕਾਰਤ ਸਿੱਖ ਪ੍ਰਚਾਰਕ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਸਿੱਖਾਂ ਵੱਲੋਂ ਹੀ ਪੱਗ ਉਛਾਲੀ ਗਈ ਹੈ।

ਇਸੇ ਪੰਥ ਪ੍ਰਵਾਨਤ ਮਰਿਯਾਦਾ ਨੂੰ ਲੈ ਕੇ ਪੰਥ ਦੇ ਵੱਖ-ਵੱਖ ਤਖਤ ਸਾਹਿਬਾਨ ਤੇ ਪੰਥ ਵਿੱਚ ਵਿਚਰ ਰਹੇ ਬਾਬਿਆਂ, ਸੰਪਰਦਾਵਾਂ ਤੇ ਡੇਰਿਆਂ ਵਿੱਚ ਵੀ ਗੰਭੀਰ ਮੱਤਭੇਦ ਹਨ। ਇਸ ਬਾਰੇ ਜੇ ਮੌਜੂਦਾ ਸਮੇਂ ਵਿੱਚ ਗੱਲ ਕਰ ਲਈਏ ਤਾਂ ਕੁਝ ਸਮਾਂ ਪਹਿਲਾਂ ਸਿੱਖ ਪੰਥ ਦੀ ਸਨਮਾਨਤ ਸੰਪਰਦਾ ਦਮਦਮੀ ਟਕਸਾਲ ਦੇ ਇੱਕ ਧੜੇ ਵੱਲੋਂ ਵੀ ਇਸ ਮੱਤਭੇਦ ਨੂੰ ਖੂਨੀ ਰੰਗਤ ਦਿਤੀ ਗਈ ਹੈ। ਜਿਸ ਕਾਰਨ ਇਸ ਘਟਨਾ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਜੋ ਮਸ਼ਹੂਰ ਤੇ ਸਤਿਕਾਰਤ ਸਿੱਖ ਪ੍ਰਚਾਰਕ ਹਨ ਅਤੇ ਆਪਣੇ ਡੇਰੇ ਦੇ ਮੁਖੀ ਵੀ ਹਨ, ਉਨਾਂ ਉਪਰ ਦਮਦਮੀ ਟਕਸਲ ਦੇ ਇੱਕ ਧੜੇ ਵੱਲੋਂ ਹਮਲਾ ਕੀਤਾ ਗਿਅ ਸੀ ਜਿਸ ਵਿੱਚ ਉਨਾਂ ਦਾ ਇੱਕ ਸਾਥੀ ਭਾਈ ਭੁਪਿੰਦਰ ਸਿੰਘ ਮਾਰਿਆ ਗਿਆ ਸੀ। ਇਹ ਟਕਰਾਅ ਭਾਵੇਂ ਮੁੱਖ ਰੂਪ ਵਿੱਚ ਵਿਚਾਰਧਾਰਕ ਟਕਰਾਅ ਹੈ ਪਰ ਇਸ ਵਿੱਚ ਕਿਧਰੇ ਸ਼ਖਸ਼ੀਅਤਾਂ ਦੀ ਆਪਸੀ ਖਹਿਬਾਜੀ ਵੀ ਦਿਖਾਈ ਦਿੰਦੀ ਹੈ। ਇਹ ਵਿਵਾਦ ਹੁਣ ਫੇਰ ਦੁਬਾਰਾ ਸਿੱਖ ਪੰਥ ਅੰਦਰ ਛਿੜਿਆ ਹੋਇਆ ਹੈ। ਇਸੇ ਕਾਰਨ ਦਮਦਮੀ ਟਕਸਾਲ ਦੇ ਇੱਕ ਧੜੇ ਦੇ ਬੁਲਾਰੇ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਨੂੰ ਦੁਬਾਰਾ ਗੋਲੀਆਂ ਮਾਰਨ ਦੀ ਧਮਕੀ ਇੱਕ ਜਨਤਕ ਧਾਰਮਿਕ ਦੀਵਾਨ ਦੌਰਾਨ ਦਿਤੀ ਗਈ ਹੈ। ਇਸ ਕਰਕੇ ਇਨਾਂ ਵਿਵਾਦਾਂ ਕਾਰਨ ਤੇ ਆਪਣੀਆਂ ਸ਼ਖਸ਼ੀਅਤਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਅਕਸਰ ਹੀ ਡੇਰਿਆਂ ਦੇ ਮੁਖੀ ਸਰਕਾਰੀ ਸਰਪ੍ਰਸਤੀ ਹੇਠ ਵਿਚਰਦੇ ਦਿਖਾਈ ਦਿੰਦੇ ਹਨ। ਜਦਕਿ ਉਹ ਉਪਦੇਸ਼ਾ ਰਾਹੀਂ ਗੁਰਬਾਣੀ ਦੀ ਪਰਿਭਾਸ਼ਾ ਅਧੀਨ ਸਿੱਖ ਪੰਥ ਨੂੰ ਕਿਸੇ ਖੌਫ ਜਾਂ ਡਰ ਤੋਂ ਉਪਰ ਉੱਠ ਕੇ ਵਿਚਰਨ ਦਾ ਸੰਦੇਸ਼ ਦਿੰਦੇ ਹਨ।

ਸਿੱਖ ਪੰਥ ਦੀ ਇਹ ਮਰਿਯਾਦਾ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਲੰਮਾ ਅਰਸਾ ਬਾਅਦ ਅਪ੍ਰੈਲ ੧੯੩੧ ਵਿੱਚ ਜਾਰੀ ਕੀਤੀ ਗਈ ਸੀ। ਉਸ ਸਮੇਂ ਵੀ ਇਸ ਪ੍ਰਤੀ ਸਿੱਖ ਪੰਥ ਅੰਦਰ ਵਖਰੇਵੇਂ ਸਨ ਜਿਸ ਕਾਰਨ ਇਸਦੇ ਕਈ ਵਿਸ਼ੇ ਅਣਛੋਹੇ ਹੀ ਛੱਡ ਦਿੱਤੇ ਗਏ ਸਨ।
ਦਸਵੇਂ ਗੁਰੂ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੇ ਪਹਿਲਾਂ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਦਿੱਤੀ ਸੀ। ਉਸ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਿੱਖ ਪੰਥ ਨੂੰ ਹਾਜ਼ਰ ਹਜੂਰ ਗੁਰੂ ਮੰਨਣ ਦਾ ਸੰਦੇਸ਼ ਦਿੱਤਾ ਗਿਆ ਸੀ।

ਸਿੱਖ ਵਿਦਵਾਨ ਅਨੁਸਾਰ ਦਸਵੇਂ ਗੁਰੁ ਸਾਹਿਬ ਨੇ ਕਿਸੇ ਵੀ ਰੂਪ ਵਿੱਚ ਦਸਮ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਗ੍ਰੰਥ ਨੂੰ ਮਾਨਤਾ ਦਿੱਤੀ ਸੀ। ਇਸਦੇ ਬਾਵਜੂਦ ਪੰਥ ਦੀ ਮਰਿਯਾਦਾ ਤੇ ਗੁਰੂ ਸਾਹਿਬ ਦੇ ਉਪਦੇਸ਼ ਤੋਂ ਪਰੇ ਹਟ ਕੇ ਅੱਜ ਵੀ ਤਖਤ ਹਜੂਰ ਸਾਹਿਬ ਵਿਖੇ ਦਸਮ ਗ੍ਰੰਥ ਨੂੰ ਪੂਰਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਇਸੇ ਤਰਾਂ ਹੀ ਕਈ ਸਿੱਖ ਸੰਪਰਦਾਵਾਂ ਵਿੱਚ ਵੀ ਹੋ ਰਿਹਾ ਹੈ। ਇਸੇ ਦੁਬਿਧਾ ਕਾਰਨ ਪੰਥਕ ਮਰਿਯਾਦਾ ਦੀ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਜਿਸ ਕਰਕੇ ਅੰਮ੍ਰਿਤ ਸੰਚਾਰ ਸਮੇਂ ਦੱਸੀਆਂ ਜਾਂਦੀਆਂ ਬਾਣੀਆਂ ਵੀ ਵਿਵਾਦਤ ਹੋ ਗਈਆਂ। ਅੰਮ੍ਰਿਤ ਸੰਚਾਰ ਦੀ ਰੀਤ ਵੀ ਪੰਥਕ ਮਰਿਯਾਦਾ ਤੋਂ ਹਟ ਕੇ ਬਾਬਿਆਂ, ਡੇਰਿਆਂ ਕਾਰਨ ਅਲੱਗ-ਥਲੱਗ ਹੋ ਚੁੱਕੀ ਹੈ। ਪੰਥ ਮਰਿਯਾਦਾ ਦੀ ਅਹਿਮ ਲੜੀ ਅਕਾਲ ਤਖਤ ਸਾਹਿਬ ਤੇ ਇਸਦੇ ਮੁੱਖ ਜਥੇਦਾਰਾਂ ਪ੍ਰਤੀ ਵੀ ਪੰਥ ਅੰਦਰ ਸੰਵਾਦ ਉੱਠ ਰਿਹਾ ਹੈ। ਮੌਜੂਦਾ ਸਮੇਂ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਮੇਂ ਸਮੇਂ ਜਾਰੀ ਕੀਤੇ ਜਾਂਦੇ ਹੁਕਮਨਾਮੇ ਵੀ ੧੯੮੪ ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਕਿੰਤੂ ਪ੍ਰੰਤੂ ਦਾ ਕਾਰਨ ਬਣ ਗਏ। ਹੁਣ ਬਰਗਾੜੀ ਦੇ ਦੁਖਦਾਇਕ ਕਾਂਡ ਤੋਂ ਬਾਅਦ ਪੰਥ ਵਿੱਚ ਜਥੇਦਾਰੀ ਵੀ ਵੰਡੀ ਗਈ ਹੈ। ਇਸੇ ਤਰਾਂ ਹੋਰ ਵੀ ਪੰਥਕ ਮਰਿਯਾਦਾ ਤੋਂ ਹਟ ਕੇ ਅਨੇਕਾਂ ਵਿਵਾਦਤ ਵਿਸੇ ਹਨ – ਜਿਵੇਂ ਕਿ ਅਖੰਡ ਪਾਠ ਸਾਹਿਬ ਦੀਆਂ ਲੜੀਆਂ, ਸੰਪਟ ਪਾਠ, ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿਖੇ ਕੀਰਤਨ ਤੋਂ ਵਰਜਿਤ ਕਰ ਦੇਣਾ, ਆਰਤੀ ਵਰਗੀਆਂ ਰਸਮਾਂ ਵੀ ਵਿਵਾਦਾਂ ਦੇ ਘੇਰੇ ਵਿੱਚ ਹਨ ਜਿਸ ਕਾਰਨ ਇੱਕ ਸਧਾਰਨ ਸਿੱਖ ਅੰਦਰ ਸੰਪੂਰਨ ਦਿਸ਼ਾ – ਨਿਰਦੇਸ਼ਾਂ ਵਾਲੀ ਮਰਿਯਾਦਾ ਨੂੰ ਲੈ ਕੇ ਦੁਬਿਧਾ ਬਣੀ ਹੋਈ ਹੈ।

ਪੰਥ ਦੀ ਮਰਿਯਾਦਾ ਦੇ ਵਿਸ਼ੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਿਰਮੌਰ ਸਿੱਖ ਸੰਸਥਾ ਐਸ.ਜੀ.ਪੀ.ਸੀ. ਨੂੰ ਸਿੱਖ ਬੁਧੀਜੀਵੀਆਂ ਦੀ ਇਕੱਤਰਤਾ ਸੱਦ ਕੇ ਪੰਥ ਦੀ ਮਰਿਯਾਦਾ ਪ੍ਰਤੀ ਦੁਬਾਰਾ ਸੰਵਾਦ ਕਰਕੇ ਇਸਨੂੰ ਗੁਰੂ ਸਾਹਿਬ ਦੇ ਉਪਦੇਸ਼ ਨੂੰ ਮੁੱਖ ਰੱਖਦੇ ਹੋਵੇ ਤੇ ਪੰਥਕ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਮੁੱਢ ਤੋਂ ਨਵੇਂ – ਦਿਸ਼ਾ ਨਿਰਦੇਸ਼ ਵਾਲੀ ਮਰਿਯਾਦਾ ਨੂੰ ਉਲੀਕਣਾ ਚਾਹੀਦਾ ਹੈ ਤਾਂ ਜੋ ਪੰਥ ਅੰਦਰ ਵੱਧ ਰਹੇ ਬਾਬਿਆਂ, ਡੇਰਿਆਂ ਦੇ ਪ੍ਰਭਾਵ ਤੋਂ ਸਿੱਖ ਪੰਥ ਨੂੰ ਬਚਾਅ ਕੇ ਇੱਕ ਮਰਿਯਾਦਾ ਅਧੀਨ ਵਿਚਰਨ ਲਈ ਅਗਵਾਈ ਦਿੱਤੀ ਜਾ ਸਕੇ ਅਤੇ ਇਨਾਂ ਮੱਤਭੇਦਾਂ ਦੇ ਵਖਰੇਵੇਂ ਕਾਰਨ ਸਿੱਖ ਇੱਕ ਦੂਸਰੇ ਦੀਆਂ ਪੱਗਾਂ ਦੀ ਇੱਜ਼ਤ ਕਰ ਸਕਣ ਦੇ ਸਮਰਥ ਹੋ ਸਕਣ।