ਜਿਸ ਵੇਲੇ ਭਾਰਤ ਦੇ ਵਰਤਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਸੀ ਉਨ੍ਹਾਂ ਐਲਾਨ ਕੀਤਾ ਸੀ ਕਿ ਭਾਰਤ ਨੂੰ ਚੀਨ ਵਾਂਗ ਦੁਨੀਆਂ ਦੀ ਫੈਕਟਰੀ ਬਣਾਉਣ ਦਾ ਯਤਨ ਕੀਤਾ ਜਾਵੇਗਾ। ਮਹਿਜ਼ ਯਤਨ ਹੀ ਨਹੀ ਬਲਕਿ ਉਨ੍ਹਾਂ ਨੇ ਦੁਨੀਆਂ ਭਰ ਦੇ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਸੀ ਕਿ ਚੀਨ ਨੂੰ ਭੁੱਲਕੇ ਹੁਣ ਉਹ ਭਾਰਤ ਵੱਲ ਆਪਣਾਂ ਰੁਖ ਕਰ ਲੈਣ। ਜਿਨ੍ਹਾਂ ਨੇ ਨਰਿੰਦਰ ਮੋਦੀ ਨੂੰ ਕਿਸੇ ਉਮੀਦ ਨਾਲ ਵੋਟਾਂ ਪਾਈਆਂ ਸਨ ਅਤੇ ਜੋ ਨਰਿੰਦਰ ਮੋਦੀ ਵੱਲ ਕਿਸੇ ਬਹੁਤ ਵੱਡੀ ਉਮੀਦ ਨਾਲ ਵੇਖ ਰਹੇ ਸਨ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੇ ਸੁਪਨਿਆਂ ਦਾ ਲੀਡਰ ਉਨ੍ਹਾਂ ਨੂੰ ਮਿਲ ਗਿਆ ਹੈ ਅਤੇ ਹੁਣ ਆਰਥਕ ਤੌਰ ਤੇ ਭਾਰਤ ਚਨਿ ਵਾਂਗ ਖੁਸ਼ਹਾਲ ਬਣ ਜਾਵੇਗਾ।

ਪਿਛਲੇ ਲਗਭਗ ਡੇਢ ਸਾਲ ਦੀ ਭਾਰਤੀ ਸਰਕਾਰ ਅਤੇ ਭਾਜਪਾ ਦੀ ਕਾਰਗੁਜ਼ਾਰੀ ਕਿਸੇ ਹੋਰ ਸਥਿਤੀ ਦੀ ਹੀ ਭਿਣਕ ਦੇਂਦੀ ਪ੍ਰਤੀਤ ਹੋ ਰਹੀ ਹੈ। ਭਾਰਤ ਨੂੰ ਚੀਨ ਬਣਾਉਣ ਦਾ ਸੁਪਨਾ ਦਿਖਾਉਣ ਵਾਲੇ ਇਸ ਦੇਸ਼ ਨੂੰ ਪਾਕਿਸਤਾਨ ਬਣਾਉਣ ਵੱਲ ਵਧ ਰਹੇ ਹਨ। ਕੌਮੀਂ ਅਤੇ ਕੌਮਾਂਤਰੀ ਤੌਰ ਤੇ ਭਾਰਤ ਸਰਕਾਰ ਜਿਸ ਕਿਸਮ ਦੀ ਕੂਟਨੀਤੀ ਤੇ ਚੱਲ ਰਹੀ ਹੈ ਉਹ ਭਾਰਤ ਦੇ ਪਾਕਿਸਤਾਨੀਕਰਨ ਦੇ ਇਰਾਦਿਆਂ ਦੀ ਸੂਹ ਦੇਂਦਾ ਹੈ। ਜਿਸ ਕਿਸਮ ਦੀਆਂ ਕਾਰਵਾਈਆਂ ੧੯੮੦ਵਿਆਂ ਵਿੱਚ ਜਨਰਲ ਜ਼ਿਆਉਲ ਹੱਕ ਨੇ ਪਾਕਿਸਤਾਨ ਵਿੱਚ ਚਲਾਈਆਂ ਸਨ ਇਸ ਵੇਲੇ ਦਾ ਭਾਰਤ ਬਿਲਕੁਲ ਉਨ੍ਹਾਂ ਨੀਤੀਆਂ ਤੇ ਚੱਲ ਰਿਹਾ ਹੈ।

ਜਨਰਲ ਜ਼ਿਆਉਲ ਹੱਕ ਨੇ ਸੱਤਾ ਸੰਭਾਲਦਿਆਂ ਹੀ ਕੱਟੜਪੰਥੀ ਮੁਲਾਣਿਆਂ ਨੂੰ ਅਜਿਹੀ ਖੁੱਲ਼੍ਹੀ ਛੁੱਟੀ ਦਿੱਤੀ ਕਿ ਉਹ ਧਰਮ ਪਰਚਾਰ ਦਾ ਕੰਮ ਵਿੱਚੇ ਛੱਡਕੇ ਸਰਕਾਰ ਦੀ ਦੇਸ਼ ਅਤੇ ਵਿਦੇਸ਼ ਨੀਤੀ ਦੇ ਬੁਲਾਰੇ ਬਣਨ ਲੱਗੇ। ਹਰ ਨਵੇਂ ਦਿਨ ਨਾ ਕੇਵਲ ਉਹ ਕਾਫਰ ਸਮਝੇ ਜਾਂਦੇ ਲੋਕਾਂ ਦਾ ਕੁਟ-ਕੁਟਾਪਾ ਅਤੇ ਕਤਲੇਆਮ ਕਰਨ ਲੱਗੇ ਬਲਕਿ ਸਰਕਾਰ ਦੀਆਂ ਨੀਤੀਆਂ ਨੂੰ ਵੀ ਆਪਣੇ ਫਿਰਕੂਪੁਣੇ ਦੀ ਸਿਆਸਤ ਨਾਲ ਪ੍ਰਭਾਵਿਤ ਕਰਨ ਲੱਗੇ। ਸਰਕਾਰ ਦੀ ਹਰ ਗੱਲ ਵਿੱਚ ਨਿੱਤ ਦਿਨ ਦਖਲ ਦੇਣਾਂ ਅਤੇ ਸਰਕਾਰ ਨੂੰ ਆਪਣੇ ਅਨੁਸਾਰ ਨੀਤੀਆਂ ਬਣਾਉਣ ਲਈ ਮਜਬੂਰ ਕਰਨਾ ਉਨ੍ਹਾਂ ਦਾ ਨਿੱਤ ਦਿਨ ਦਾ ਕੰਮ ਬਣ ਗਿਆ ਸੀ।

ਬਿਲਕੁਲ ਅੱਜ ਉਸੇ ਤਰ੍ਹਾਂ ਭਾਰਤ ਵਿੱਚ ਹੋ ਰਿਹਾ ਹੈ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਦਿਆਂ ਹੀ ਫਿਰਕੂ ਕਿਸਮ ਦੇ ਕੱਟੜਪੰਥੀ ਆਪਣੀਆਂ ਖੁੱਡਾਂ ਵਿੱਚੋਂ ਬਾਹਰ ਨਿਕਲਕੇ ਸਰਕਾਰ ਦੇ ਬੁਲਾਰੇ ਬਣਨ ਲੱਗ ਪਏ ਹਨ। ਹਰ ਰੋਜ ਘੱਟ-ਗਿਣਤੀਆਂ ਦਾ ਕੁਟ-ਕੁਟਾਪਾ ਅਤੇ ਉਨ੍ਹਾਂ ਦੇ ਖਿਲਾਫ ਫਿਰਕੂ ਜ਼ਹਿਰ ਪੂਰੀ ਰੀਝ ਨਾਲ ਉਗਲੀ ਜਾ ਰਹੀ ਹੈ। ਧਰਮ ਦਾ ਲਿਬਾਸ ਪਾਕੇ ਬੈਠੇ ਲੋਕ ਆਪਣੇ ਆਪ ਨੂੰ ਸਾਰੇ ਭਾਰਤ ਦੇ ਮਾਲਕ ਸਮਝਣ ਲੱਗ ਪਏ ਹਨ।

ਜਨਰਲ ਜ਼ੀਆਉਲ ਹੱਕ ਦੇ ਸਮੇਂ ਵੀ ਪਾਕਿਸਤਾਨ ਵਿੱਚ ਬਿਲਕੁਲ ਅਜਿਹਾ ਹੀ ਹੁੰਦਾ ਸੀ। ਸਰਕਾਰ ਕਿਸੇ ਵੀ ਮੁੱਲਾਂ-ਮੁਲਾਣੇ ਦੇ ਖਿਲਾਫ ਕੋਈ ਕਾਰਵਾਈ ਨਹੀ ਸੀ ਕਰਦੀ। ਭਾਰਤ ਸਰਕਾਰ ਨੇ ਵੀ ਅੱਜ ਸਾਰੇ ਹਿੰਦੂ ਕੱਟੜਪੰਥੀਆਂ ਨੂੰ ਖੁੱਲ਼੍ਹੀ ਛੁੱਟੀ ਦੇ ਰੱਖੀ ਹੈ। ਉਹ ਕਨੂੰਨ ਅਤੇ ਸਰਕਾਰ ਦੇ ਕਿਸੇ ਡਰ ਤੋਂ ਬਿਨਾ ਬੇਖੌਫ ਹੋਕੇ ਆਪਣੀ ਜ਼ਹਿਰੀਲੀ ਰਾਜਨੀਤੀ ਨੂੰ ਅੱਗੇ ਵਧਾ ਰਹੇ ਹਨ। ਉਹ ਆਪਣੇ ਆਪ ਨੂੰ ਗ੍ਰਹਿ ਅਤੇ ਵਿਦੇਸ਼ ਵਜ਼ਾਰਤ ਦੇ ਬੁਲਾਰੇ ਸਮਝ ਕੇ ਪੂਰੇ ਦਾਅਵੇ ਨਾਲ ਬਿਆਨ ਜਾਰੀ ਕਰ ਰਹੇ ਹਨ। ਕਨੂੰਨ ਅਤੇ ਨਿਆਂ ਦਾ ਉਨ੍ਹਾਂ ਨੂੰ ਕੋਈ ਡਰ ਭੈਅ ਨਹੀ ਰਿਹਾ।

ਕੌਮਾਂਤਰੀ ਤੌਰ ਤੇ ਵੀ ਭਾਰਤ ਬਿਲਕੁਲ ਉਸ ਜਾਲ ਵਿੱਚ ਫਸ ਰਿਹਾ ਹੈ ਜਿਸ ਵਿੱਚ ਪਾਕਿਸਤਾਨ ਫਸ ਗਿਆ ਸੀ। ਜਿਵੇਂ ਅਮਰੀਕਾ ਨੇ ਸੋਵੀਅਤ ਸੰਘ ਨੂੰ ਕਾਬੂ ਕਰਨ ਲਈ ਪਾਕਿਸਤਾਨ ਨੂੰ ਆਪਣਾਂ ਅੱਡਾ ਬਣਾਇਆ ਅਤੇ ਉਸ ਮੁਲਕ ਦਾ ਬੁਰਾ ਹਾਲ ਕਰ ਦਿੱਤਾ ਹੁਣ ਚੀਨ ਨੂੰ ਕਾਬੂ ਕਰਨ ਲਈ ਉਹ ਹੀ ਖੇਡ ਅਮਰੀਕਾ ਭਾਰਤ ਨਾਲ ਖੇਡਣ ਲੱਗ ਪਿਆ ਹੈ। ਪਾਕਿਸਤਾਨ ਨਾਲ ਆਪਣੀ ਰਵਾਇਤੀ ਦੁਸ਼ਮਣੀ ਪੂਰੀ ਕਰਨ ਦੇ ਮਨਸ਼ੇ ਨਾਲ ਭਾਰਤ ਸਰਕਾਰ ਅਮਰੀਕਾ ਦੀ ਹਰ ਗੱਲ ਮੰਨਦੀ ਜਾ ਰਹੀ ਹੈ। ਹੁਣੇ ਜਿਹੇ ਭਾਰਤ ਸਰਕਾਰ ਨੇ ਆਪਣੀਆਂ ਹਵਾਈ ਪੱਟੀਆਂ ਅਮਰੀਕਾ ਨੂੰ ਅਜ਼ਾਦਾਨਾ ਤੌਰ ਤੇ ਵਰਤਣ ਦੀ ਸਹਿਮਤੀ ਦੇ ਦਿੱਤੀ ਹੈ। ਇਹ ਕਦਮ ਕਮਜ਼ੋਰ ਕਹੇ ਜਾਣ ਵਾਲੇ ਡਾਕਟਰ ਮਨਮੋਹਣ ਸਿੰਘ ਨੇ ਵੀ ਨਹੀ ਸੀ ਪੁੱਟਿਆ। ਉਨ੍ਹਾਂ ਅਮਰੀਕਾ ਨੂੰ ਸਾਫ ਆਖ ਦਿੱਤਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਭਾਰਤ ਦੀ ਹਵਾਈ ਪ੍ਰਭੂਸੱਤਾ ਦੀ ਉਲੰਘਣਾਂ ਹੋਵੇਗੀ। ਪਰ ੫੬ ਇੰਚ ਦੀ ਛਾਤੀ ਵਾਲੇ ਨੇ ਅਮਰੀਕਾ ਦੀ ਗੱਲ ਸਹਿਜੇ ਹੀ ਮੰਨਕੇ ਅਮਰੀਕਾ ਨੂੰ ਭਾਰਤ ਵਿੱਚ ਆਪਣਾਂ ਅੱਡਾ ਸਥਾਪਤ ਕਰਨ ਦੀ ਸਹਿਮਤੀ ਦੇ ਦਿੱਤੀ ਹੈ।

ਚੀਨ ਬਣਾਉਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੀ ਸਰਕਾਰ ਮੁਲਕ ਨੂੰ ਪਾਕਿਸਤਾਨ ਬਣਾਉਣ ਵੱਲ ਵੱਧ ਰਹੀ ਪ੍ਰਤੀਤ ਹੋ ਰਹੀ ਹੈ।