ਦਿੱਲੀ ਦੀ ਸਰਹੱਦ ਉੱਤੇ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਕਿਸੇ ਸ਼ਰਾਰਤੀ ਅਨਸਰ ਨੇ ਜਦੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਮੌਜੂਦ ਨਿਹੰਗ ਸਿੰਘਾਂ ਨੇ ਉਸਨੂੰ ਖਾਲਸਾਈ ਰਵਾਇਤਾਂ ਅਨੁਸਾਰ ਸਜ਼ਾ ਦੇ ਦਿੱਤੀ। ਨਿਹੰਗ ਸਿੰਘਾਂ ਦੀ ਇਸ ਕਾਰਵਾਈ ਦੇ ਖਿਲਾਫ ਮੁੱਖਧਾਰਾਈ ਮੀਡੀਆ ਅਤੇ ਸ਼ੋਸ਼ਲ ਮੀਡੀਆ ਉੱਤੇ ਇੱਕ ਬਹੁਤ ਹੀ ਘਟੀਆ ਮੁਹਿੰਮ ਚਲਾਈ ਜਾ ਰਹੀ ਹੈ। ਮੀਡੀਆ ਦੇ ਨਾਅ ਤੇ ਦੁਕਾਨਾਂ ਖੋਲ੍ਹ ਕੇ ਬੈਠੇ ਬਹੁਤ ਸਾਰੇ ਲੋਕ, ਉਸ ਦੋਸ਼ੀ ਦੇ ਕਿਰਦਾਰ ਬਾਰੇ ਕੋਈ ਰਿਪੋਰਟ ਪੇਸ਼ ਨਹੀ ਕਰ ਰਹੇ ਜਿਸਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਖਾਲਸਾਈ ਰਵਾਇਤਾਂ ਅਨੁਸਾਰ ਉਸ ਨਾਲ ਇਨਸਾਫ ਕਰਨ ਵਾਲੇ ਸਿੰਘਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ।

ਗੁਰੂ ਕੀਆਂ ਲਾਡਲੀਆਂ ਫੌਜਾਂ ਖਾਲਸਾ ਪੰਥ ਦਾ ਅਨਿੱਖੜਵਾਂ ਅੰਗ ਹਨ। ਇਹ ਸਾਡੇ ਉਹ ਜੁਝਾਰੂ ਜਥੇ ਹਨ ਜਿਹੜੇ ਕੇਵਲ ਤੇ ਕੇਵਲ ਆਪਣੇ ਗੁਰੂ ਅਤੇ ਅਕਾਲ ਪੁਰਖ ਨੂੰ ਜਵਾਬਦੇਹ ਹਨ। ਇਹ ਅਕਾਲ ਪੁਰਖ ਕੀਆਂ ਫੌਜਾਂ ਹਨ। ਯਹੂਦੀ ਮਤ ਵਿੱਚ ਜੋ ਚੁਣੇ ਹੋਏ ਲੋਕਾਂ (Chosen People)  ਦੀ ਇਤਿਹਾਸਕ ਰਵਾਇਤ ਹੈ, ਨਿਹੰਗ ਸਿੰਘ ਫੌਜਾਂ ਵੀ ਉਸੇ ਰਵਾਇਤ ਵਿੱਚੋਂ ਪਰਗਟ ਹੋਈਆਂ ਹਨ। ਵੈਸੇ ਤਾਂ ਇਤਿਹਾਸਕ ਹਵਾਲੇ ਇਹ ਸਿੱਧ ਕਰਦੇ ਹਨ ਕਿ ਸਮੁੱਚੀ ਸਿੱਖ ਕੌਮ ਹੀ ਅਕਾਲ ਪੁਰਖ ਦੇ ਚੁਣੇ ਹੋਏ ਲੋਕਾਂ ਵੱਜੋਂ ਸਾਜੀ ਗਈ ਹੈ,ਪਰ ਸਿੱਖ ਕੌਮ ਵਿੱਚ ਵੀ ਨਿਹੰਗ ਸਿੰਘ ਫੌਜਾਂ ਉਹ ਅਲਬੇਲਾ ਸਮੂਹ ਹੈ ਜੋ ਗੁਰੂ ਦੀ ਖਾਸ ਬਖਸ਼ਿਸ਼ ਦਾ ਮਾਣ ਪਰਾਪਤ ਹੈ।  ਜਿਵੇਂ ਸਿੱਖ ਕੌਮ ਦੇ ਜਿੰਮੇ ਵਾਹਿਗੁਰੂ ਨੇ ਮਨੁੱਖਤਾ ਦੇ ਭਲੇ ਅਤੇ ਮਨੁੱਖਤਾ ਦੀ ਸਮੂਹਕ ਅਜ਼ਾਦੀ ਦਾ ਵੱਡਾ ਕਾਰਜ ਅਰਪਣ ਕੀਤਾ ਗਿਆ ਹੈ, ਉਸੇ ਤਰ੍ਹਾਂ ਗੁਰੂ ਖਾਲਸੇ ਦੀਆਂ ਰਵਾਇਤਾਂ ਦੀ ਰਾਖੀ ਲਈ ਨਿਹੰਗ ਸਿੰਘ ਫੌਜਾਂ ਦੀ ਬਖਸ਼ਿਸ਼ ਸਿੱਖ ਕੌਮ ਨੂੰ ਕੀਤੀ ਗਈ ਹੈ। ਜੇਮਜ਼ ਸੀ ਸਕਾਟ ਨੇ ਦੱਖਣੀ ਏਸ਼ੀਆ ਦੇ ਕੁਝ ਸਮੂਹਾਂ ਬਾਰੇ ਕਿਤਾਬ ਲਿਖੀ ਹੈ ਜਿਸਦਾ ਸਿਰਲੇਖ ਹੈ,ਜਿਹੜੇ ਕਿਸੇ ਦੀ ਅਧੀਨਗੀ ਨਹੀ ਸਹਿੰਦੇ।

ਨਿਹੰਗ ਸਿੰਘ ਫੌਜਾਂ ਵੀ ਉਸ ਇਤਿਹਾਸਕ ਸਮੂਹ ਦਾ ਹਿੱਸਾ ਹਨ ਜਿਹੜੇ ਕਿਸੇ ਵੀ ਕਿਸਮ ਦੇ ਸਰਕਾਰੀ ਤੰਤਰ ਦੀ ਅਧੀਨਗੀ ਨਹੀ ਸਹਿੰਦੇ। ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਵਰਗੇ ਜਰਵਾਣਿਆਂ ਨੂੰ ਜੇ ਪਿਛਲੇ ਪੈਰੀ ਮੁੜਨ ਲਈ ਮਜਬੂਰ ਕੀਤਾ ਤਾਂ ਉਹ ਇਨ੍ਹਾਂ ਨਿਹੰਗ ਸਿੰਘ ਫੌਜਾਂ ਨੇ ਹੀ ਕੀਤਾ। ਫਿਰੰਗੀਆਂ ਨੂੰ ਜੇ ਸਭਰਾਵਾਂ ਅਤੇ ਚੇਲਿਆਂਵਾਲੀ ਦੇ ਮੈਦਾਨ ਵਿੱਚ ਸਲਾਦ ਵਾਂਗ ਕੱਟਿਆ ਤਾਂ ਉਹ ਇਨ੍ਹਾਂ ਨਿਹੰਗ ਸਿੰਘ ਫੌਜਾਂ ਨੇ ਹੀ ਕੱਟਿਆ ਸੀ। ਇਹ ਸਮੂਹ ਪੰਥ ਦੀ ਆਨ ਅਤੇ ਸ਼ਾਨ ਹੈ। ਇਸਦੇ ਸਿਰ ਵੱਡੀਆਂ ਜਿੰਮੇਵਾਰੀਆਂ ਹਨ।

ਅੱਜ ਜਦੋਂ ਆਪਣੇ ਆਪ ਨੂੰ ਦੇਸ਼ ਦੇ ਮਾਲਕ ਸਮਝਣ ਵਾਲੇ ਲੋਕ, ਨਿਹੰਗ ਸਿੰਘਾਂ ਖਿਲਾਫ ਕਿਰਦਾਰਕੁਸ਼ੀ ਦੀ ਮੁਹਿੰਮ ਚਲਾ ਰਹੇ ਹਨ ਤਾਂ ਇਸਦੇ ਨਾਲ ਹੀ ਸਿੱਖ ਹਲਕਿਆਂ ਵਿੱਚੋਂ ਵੀ ਕੁਝ ਭੁੱਲੜ ਵੀਰ ਅਜਿਹੇ ਹਨ ਜੋ ਸਰਕਾਰ ਦੀ ਬੋਲੀ ਬੋਲ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤੇ ਉਹ ਹਨ ਜਿਨ੍ਹਾਂ ਨੇ ਰਾਜਨੀਤੀ ਵਿੱਚ ਕੋਈ ਹਿੱਸਾ ਵੰਡਾਉਣਾਂ ਹੈ। ਕਿਰਦਾਰਕੁਸ਼ੀ ਦੀ ਇਸ ਮੁਹਿੰਮ ਵਿੱਚ ਕੁਝ ਨਿਹੰਗ ਸਿੰਘਾਂ ਦੇ ਨਿੱਜੀ ਜੀਵਨ ਦੀਆਂ ਘਟਨਾਵਾਂ ਦਾ ਵੇਰਵਾ ਦੱਸਕੇ ਉਨ੍ਹਾਂ ਖਿਲਾਫ ਧੂੰਆਧਾਰ ਪਰਚਾਰ ਕੀਤਾ ਜਾ ਰਿਹਾ ਹੈ। ਇੱਕ ਸਿੰਘ ਦੀ ਕੇਂਦਰੀ ਮੰਤਰੀ ਨਰਿੰਦਰ ਤੋਮਰ ਨਾਲ ਫੋਟੋ ਦਾ ਬਹਾਨਾ ਲਗਾ ਕੇ ਉਸਦੇ ਖਿਲਾਫ ਕੂੜ ਪਰਚਾਰ ਕੀਤਾ ਜਾ ਰਿਹਾ ਹੈ।

ਕੇਂਦਰੀ ਮੰਤਰੀ ਤੋਮਰ ਅਤੇ ਸਮੁੱਚੀ ਸਰਕਾਰ ਦਾ ਜੋਰ ਲੱਗਾ ਹੋਇਆ ਹੈ ਕਿ ਕਿਸੇ ਹੀਲੇ ਖਾਲਸਾਈ ਫੌਜਾਂ ਨੂੰ ਕਿਸਾਨ ਮੋਰਚੇ ਵਿੱਚੋਂ ਹਟਾ ਦਿੱਤਾ ਜਾਵੇ ਫਿਰ ਬਾਕੀ ਧਿਰਾਂ ਤੇ ਜਬਰ ਦ ਕੁਹਾੜਾ ਚਲਾਇਆ ਜਾਵੇ,ਜਾਂ ਉਨ੍ਹਾਂ ਨੂੰ ਲਾਲਚ ਦੇ ਕੇ ਮੋਰਚਾ ਖਤਮ ਕਰਵਾ ਦਿੱਤਾ ਜਾਵੇ। ਇਸੇ ਲਈ ਉਹ ਖਾਲਸਾਈ ਫੌਜਾਂ ਨੂੰ ਲਾਲਚ ਦੇਕੇ ਆਪਣੇ ਰਾਹ ਦਾ ਕੰਡਾ ਕੱਢਣਾਂ ਚਾਹੁੰਦੇ ਹਨ।

ਇੱਥੇ ਇਸ ਗੱਲ ਦੀ ਦਾਦ ਦੇਣੀ ਬਣਦੀ ਹੈ ਕਿ ਆਪਣੇ ਨਿੱਜੀ ਜਿੰਦਗੀ ਦੇ ਕੁਝ ਔਗਣਾਂ ਦੇ ਬਾਵਜੂਦ ਖਾਲਸਾਈ ਫੌਜਾਂ ਨੇ ਆਪਣੇ ਗੁਰੂ ਅਤੇ ਗੁਰੂ ਦੇ ਸਾਜੇ ਹੋਏ ਖਾਲਸਾ ਪੰਥ ਨੂੰ ਪਿੱਠ ਨਹੀ ਦਿੱਤੀ। ਉਨ੍ਹਾਂ ਸਰਕਾਰ ਦੇ ਸਾਰੇ ਲਾਲਚ ਠੁਕਰਾ ਕੇ, ਇਹ ਮੰਗ ਰੱਖੀ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ।

ਜਿਹੜੀ ਧਿਰ ਆਪਣੇ ਗੁਰੂ ਨਾਲ, ਗੁਰੂ ਖਾਲਸਾ ਪੰਥ ਨਾਲ ਅਤੇ ਮਾਂ ਧਰਤੀ ਪੰਜਾਬ ਨਾਲ ਧੋਖਾ ਨਹੀ ਕਰਦੀ ਉਸ ਦੀ ਸਾਨੂੰ ਹਮਾਇਤ ਕਰਨੀ ਚਾਹੀਦੀ ਹੈ। ਨਿੱਜੀ ਜਿੰਦਗੀ ਵਿੱਚ ਆਪਣੇ ਸਾਰਿਆਂ ਤੋਂ ਕੁਝ ਗਲਤੀਆਂ ਹੋ ਜਾਂਦੀਆਂ ਹਨ ਪਰ ਸਿੱਖ ਦਾ ਅਸਲ ਕਿਰਦਾਰ ਆਪਣੇ ਗੁਰੂ ਨਾਲ ਨਿਭਾਈ ਗਈ ਪਰੀਤ ਤੋਂ ਪਰਖਿਆ ਜਾਂਦਾ ਹੈ। ਸੋ ਆਓ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਆਪਣੀਆਂ ਲਾਡਲੀਆਂ ਫੌਜਾਂ ਦੇ ਹੱਕ ਵਿੱਚ ਖੜ੍ਹੀਏ।