ਨਵੰਬਰ ੨੫ ਨੂੰ ਦੁਨੀਆਂ ਭਰ ਵਿੱਚ ਔਰਤਾਂ ਤੇ ਹੁੰਦੀ ਹਿੰਸਾ ਦੇ ਖਿਲਾਫ ਦਿਨ ਮਨਾਇਆ ਗਿਆ। ਪਰ ਅਫਸੋਸ ਦੀ ਗੱਲ ਹੈ ਕਿ ਇਸ ਮੁੱਦੇ ਬਾਰੇ ਨਿਰਭੈਅ ਕਾਂਡ ਵਾਗੂੰ ਔਰਤਾਂ ਦਾ ਇੱਕਠ ਸਾਹਮਣੇ ਨਹੀਂ ਆਇਆ। ਭਾਵੇਂ ਇੱਕਾ ਦੁੱਕਾ ਥਾਵਾਂ ਤੇ ਇਸ ਸਮਾਜਿਕ ਪੱਖ ਬਾਰੇ ਲੋਕ ਵਿਖਾਣਾ ਜਰੂਰ ਹੋਇਆ ਹੈ। ਔਰਤਾਂ ਤੇ ਸਰੀਰਿਕ ਤੇ ਮਾਨਸਿਕ ਅੱਤਿਆਚਾਰ ਦੁਨੀਆਂ ਦੀ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ ਹੈ। ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਅਨਤੋਨੀਉ ਗਟੇਰਸ ਦਾ ਕਹਿਣਾ ਹੈ ਕਿ ਔਰਤਾਂ ਅਤੇ ਕੁੜੀਆਂ ਖਿਲਾਫ ਹਿੰਸਾ ਤੇ ਜਿਸਮਾਨੀ ਸ਼ੋਸ਼ਣ ਦੀਆਂ ਜੜ੍ਹਾਂ ਸਦੀਆਂ ਤੋਂ ਮਰਦ ਪ੍ਰਧਾਨ ਚੱਲੇ ਆ ਰਹੇ ਮਰਦ ਪ੍ਰਧਾਨ ਸਮਾਜ ਦੇ ਹਿੱਸੇ ਪੈਦੀਆਂ ਹਨ। ਸੰਯੁੱਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਔਰਤਾਂ ਖਿਲਾਫ ਹੋ ਰਹੀ ਹਿੰਸਾ ਨੂੰ ਸੁਰਖੀਆਂ ਵਿੱਚ ਲਿਆਉਣ ਲਈ ੨੫ ਨਵੰਬਰ ਨੂੰ ਅੰਤਰਾਸ਼ਟਰੀ ਪੱਧਰ ਤੇ ਔਰਤਾਂ ਖਿਲਾਫ ਹੁੰਦੀ ਹਿੰਸਾ ਦੇ ਦਿਨ ਵਜੋਂ ਰਾਖਵਾਂ ਰੱਖਿਆ ਹੈ। ਕਈ ਸਾਲ ਪਹਿਲਾਂ ਅਮਰੀਕਾ ਤੋਂ ਆਈ ਇੱਕ ਕੁੜੀ ਜੋ ਭਾਰਤ ਦੇਖਣ ਆਈ ਸੀ ਨੇ ਆਪਣੇ ਤਜਰਬੇ ਅਨੁਸਾਰ ਅਮਰੀਕਾ ਦੇ ਅਖਬਾਰ ਵਿੱਚ ਇਹ ਲਿਖਿਆ ਸੀ ਕਿ ਭਾਰਤ ਅੰਦਰ ਔਰਤ ਸਭ ਨਾਲੋਂ ਮਜ਼ਬੂਰ ਹੈ ਤੇ ਉਸ ਉੱਪਰ ਜਿਸਮਾਨੀ ਸ਼ੋਸ਼ਣ ਦਾ ਹਮੇਸ਼ਾ ਦਬਾਅ ਬਣਿਆ ਰਹਿੰਦਾ ਹੈ। ਥੋੜੇ ਦਿਨ ਪਹਿਲਾਂ ਹੈਦਰਾਬਾਦ ਜੋ ਭਾਰਤ ਦਾ ਮੁੱਖ ਸ਼ਹਿਰ ਹੈ, ਦੇ ਨੇੜੇ ਇੱਕ ਵੈਟਨਰੀ ਡਾਕਟਰ ਜੋ ੨੬ ਸਾਲਾਂ ਦੀ ਸੀ ਨਾਲ ਯੋਜਨਾਬੱਧ ਤਰੀਕੇ ਨਾਲ ਚਾਰ ਮਰਦਾਂ ਵੱਲੋਂ ਘਿਨਾਉਣਾ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਸਨੂੰ ਜਿੰਦਾ ਜਲਾ ਦਿੱਤਾ ਗਿਆ। ਇਸ ਘਟਨਾ ਬਾਰੇ ਔਰਤਾਂ ਭੈ-ਭੀਤ ਹਨ ਅਤੇ ਹੈਦਰਾਬਾਦ ਵਿੱਚ ਇਸ ਘਟਨਾ ਕਰਕੇ ਔਰਤਾਂ ਤੇ ਕੁੜੀਆਂ ਵੱਲੋਂ ਰੋਸ ਵਿਖਾਵੇ ਵੀ ਹੋ ਰਹੇ ਹਨ। ਪੰਜਾਬ ਅੰਦਰ ਵੀ ਨਿੱਤ ਦਿਹਾੜੀ ਘਰਾਂ ਦੀਆਂ ਚਾਰਦੀਵਾਰੀਆਂ ਅੰਦਰ ਔਰਤਾਂ ਤੇ ਅੱਤਿਆਚਾਰ ਹੁੰਦਾ ਹੈ ਤੇ ਬਹੁਤ ਵਾਰੀ ਉਹਨਾਂ ਦੀ ਮਰਜੀ ਤੋਂ ਬਗੈਰ ਜਬਰ ਜਿਨਾਹ ਕੀਤਾ ਜਾਂਦਾ ਹੈ। ਉਹ ਸਮਾਜਕ ਦਬਾਅ ਤੇ ਹਿੰਸਾ ਦੇ ਡਰੋਂ ਇੰਨ੍ਹਾਂ ਵਾਕਿਆਂ ਬਾਰੇ ਕਿਸੇ ਨੂੰ ਦੱਸਦੀਆਂ ਨਹੀਂ ਹਨ। ਸਭ ਤੋਂ ਵੱਡਾ ਸਰੀਰਕ ਸ਼ੋਸਣ ਔਰਤਾਂ ਲਈ ਉਹਨਾਂ ਦੀ ਮਰਜੀ ਤੋਂ ਬਗੈਰ ਕੁੱਖ ਵਿੱਚ ਕੁੜੀ ਦਾ ਕਤਲ ਕੀਤਾ ਜਾਣਾ ਹੈ। ਜਿਸ ਕਾਰਨ ਇਹ ਸਮਾਜ ਮਰਦ ਪ੍ਰਧਾਨ ਬਣ ਕੇ ਰਹਿ ਗਿਆ ਹੈ। ਇਥੋਂ ਤੱਕ ਕਿ ਬਿਰਧ ਔਰਤਾਂ ਵੀ ਜਿਸਮਾਨੀ ਸ਼ੋਸਣ ਅਤੇ ਸਰੀਰਿਕ ਅੱਤਿਆਚਾਰ ਤੋਂ ਮੁਕਤ ਨਹੀਂ ਹਨ। ਪਿਛਲੇ ਦਿਨੀ ਪੰਜਾਬ ਅੰਦਰ ਦੋ ਵਾਕਿਆ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਇੱਕ ਘਰੇਲੂ ਔਰਤ ਉਪਰ ਉਸਦੇ ਪਤੀ ਵੱਲੋਂ ਤੇਜਾਬ ਸੁੱਟ ਕੇ ਮਾਰਨ ਦਾ ਹੈ ਤੇ ਦੂਸਰੇ ਵਿੱਚ ਆਪਣੀ ਘਰਵਾਲੀ ਨੂੰ ਗਰਮ ਸਰੀਏ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਇੰਨ੍ਹਾ ਸਾਰੀਆਂ ਘਟਨਾਵਾਂ ਦਾ ਮੁੱਖ ਕਾਰਨ ਸਹੁਰੇ ਪਰਿਵਾਰ ਵੱਲੋਂ ਦਾਜ ਪ੍ਰਥਾ ਦੀ ਲਾਲਸਾ ਹੈ ਤੇ ਆਰਥਿਕ ਦਬਾਅ ਕਾਰਨ ਮੁੰਡਾ ਪੈਦਾ ਕਰਨਾ ਵੱਡਾ ਸ਼ਗਨ ਮੰਨਿਆ ਗਿਆ ਹੈ। ਇੰਨ੍ਹਾ ਸਾਰੀਆਂ ਹਰ ਰੋਜ਼ ਵਾਪਰ ਰਹੀਆਂ ਦੁਖਦਾਇਕ ਘਟਨਾਵਾਂ ਨੂੰ ਦੇਖਦਿਆਂ ਇਸ ਸਮੇਂ ਭਾਰਤ ਦੇ ਤਾਕਤਵਰ ਸੰਘ ਆਰ.ਐਸ.ਐਸ. ਦੇ ਮੁੱਖੀ ਮੋਹਨ ਭਾਗਵਤ ਨੇ ਅਖਬਾਰਾਂ ਰਾਹੀਂ ਇਹ ਕਿਹਾ ਹੈ ਕਿ ਭਾਰਤ ਵਿੱਚ ਔਰਤ ਨੂੰ ਸਨਮਾਨ ਦੇ ਕੇ ਕਿਸੇ ਤਰ੍ਹਾਂ ਦੀ ਵੀ ਹਿੰਸਾ ਤੋਂ ਮੁਕਤ ਕਰਨਾ ਜਰੂਰੀ ਹੈ। ੰe ਟੋ ਵਰਗੀਆਂ ਦੁਨੀਆਂ ਭਰ ਦੀਆਂ ਔਰਤਾਂ ਵੱਲੋਂ ਉਹਨਾਂ ਨਾਲ ਹੁੰਦੀ ਹਿੰਸਾ ਤੇ ਨਾ ਬਰਾਬਰੀ ਨੂੰ ਲੈ ਕੇ ਜੋਰਦਾਰ ਮੁੰਹਿਮ ਚਲਾਈ ਗਈ ਸੀ ਕਿਸ ਅਸਰ ਭਾਰਤ ਦੇ ਕੁਝ ਸ਼ਹਿਰਾਂ ਵਿੱਚ ਹੈ। ਭਾਰਤ ਅੰਦਰ ਔਰਤਾਂ ਖਿਲਾਫ ਹੁੰਦੇ ਜੁਲਮ ਨੂੰ ਰੋਕਣ ਲਈ ਆਰਥਿਕ ਨਾ ਬਰਾਬਰੀ ਨੂੰ ਖਤਮ ਕਰਨਾ, ਦਾਜ ਪ੍ਰਥਾ ਤੋਂ ਛੁਟਕਾਰਾ ਤੇ ਕੁੱਖਾਂ ਨੂੰ ਸੁਨਾਂ ਕਰਨ ਤੋਂ ਵਰਜਣਾ ਹੋਵੇਗਾ।