ਮੀਡੀਆ ਅਤੇ ਖਾਸ ਕਰਕੇ ਸ਼ੋਸ਼ਲ ਮੀਡੀਆ ਦੀ ਘਨੇੜੀ ਚੜ੍ਹਕੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਹੁਣ ਮੀਡੀਆ ਨੂੰ ਹੀ ਡਰਾਉਣ ਲੱਗ ਪਈ ਹੈ। ਜਿਹੜੇ ਲੋਕ ਇਹ ਦਾਅਵਾ ਕਰਦੇ ਸਨ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸਿਆਸੀ ਲੀਡਰਾਂ ਸਾਹਮਣੇ ਸੁਆਲ ਕਰਨ ਲਗਾ ਦਿੱਤਾ ਹੈ ਉਹ ਹੁਣ ਆਪ ਨੂੰ ਹੋਣ ਵਾਲੇ ਸਵਾਲਾਂ ਤੋਂ ਡਰਨ ਲੱਗ ਪਏ ਹਨ। ਆਪਣੀ ਹੋਂਦ ਦੇ ਦਿਨਾ ਤੋਂ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਸੀ ਕਿ ਉਸਨੇ ਆਮ ਲੋਕਾਂ ਵਿੱਚ ਜੁਅਰਤ ਭਰੀ ਹੈ ਅਤੇ ਉਹ ਸਿਆਸੀ ਲੋਕਾਂ ਦੇ ਵਾਅਦਿਆਂ ਅਤੇ ਉਨ੍ਹਾਂ ਦੀ ਪੂਰਤੀ ਦਰਮਿਆਨ ਫਰਕ ਦੇਖਣ ਲੱਗ ਪਏ ਹਨ ਅਤੇ ਸਿਆਸੀ ਲੀਡਰਾਂ ਨੂੰ ਸੁਆਲ ਕਰਨ ਦੀ ਜੁਅਰਤ ਕਰਨ ਲੱਗ ਪਏ ਹਨ।
ਇਸ ਵਿੱਚ ਵੱਧ ਯੋਗਦਾਨ ਆਮ ਆਦਮੀ ਪਾਰਟੀ ਦਾ ਹੈ ਜਾਂ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਵਿਚਾਰ ਪਰਗਟਾਉਣ ਦੀ ਮਿਲੀ ਅਜ਼ਾਦੀ ਦਾ ਹੈ। ਪਹਿਲਾਂ ਸਿੱਖ ਸਰੋਕਾਰਾਂ ਬਾਰੇ ਰਵਾਇਤੀ ਮੀਡੀਆ ਸਰਕਾਰਾਂ ਦੀ ਬੋਲੀ ਬੋਲ ਜਾਂਦਾ ਸੀ ਜਾਂ ਖਰੀਦਿਆ ਜਾਂਦਾ ਸੀ ਪਰ ਸ਼ੋਸ਼ਲ ਮੀਡੀਆ ਦੀ ਆਮਦ ਨੇ ਰਵਾਇਤੀ ਮੀਡੀਆ ਦੀ ਇਜਾਰੇਦਾਰੀ ਖਤਮ ਕਰ ਦਿੱਤੀ ਅਤੇ ਪੰਜਾਬ ਦਾ ਭਲਾ ਚਾਹੁੰਣ ਵਾਲਿਆਂ ਨੂੰ ਅਜਿਹਾ ਮੰਚ ਮੁਹੱਈਆ ਕਰਵਾਇਆ ਕਿ ਉ੍ਹਹ ਆਪਣੇ ਪੰਥਕ ਸਰੋਕਾਰਾਂ ਨੂੰ ਖੁੱਲ੍ਹ ਕੇ ਪਰਗਟਾਉਣ ਲੱਗ ਪਏ। ਇਸਦੇ ਨਾਲ ਹੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਪੰਜਾਬ ਮਾਰੂ ਨੀਤੀਆਂ ਸਭ ਦੇ ਸਾਹਮਣੇ ਬੇਨਕਾਬ ਕਰਨ ਲੱਗ ਪਏ। ਅਕਾਲੀ ਦਲ ਅਤੇ ਕਾਂਗਰਸ ਨੇ ਬਹੁਤ ਜੋਰ ਲਗਾਇਆ ਕਿ ਸ਼ੋਸ਼ਲ ਮੀਡੀਆ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਾਬੂ ਕੀਤਾ ਜਾਵੇ ਅਤੇ ਲੋਕਾਂ ਦੀ ਜਾਗਰਤੀ ਦੀ ਮੁਹਿੰਮ ਨੂੰ ਠੱਲ੍ਹਿਆ ਜਾਵੇ। ਪਰ ਉਹ ਕਾਮਯਾਬ ਨਹੀ ਹੋਏ। ਅਕਾਲੀ ਦਲ ਅਤੇ ਕਾਂਗਰਸ ਦੀ ਪੰਜਾਬ ਅਤੇ ਸਿੱਖ ਵਿਰੋਧੀ ਨੀਤੀ ਕਾਰਨ ਹੀ ਲੋਕ ਆਮ ਆਦਮੀ ਪਾਰਟੀ ਵੱਲ ਨੂੰ ਉਲਰ ਪਏ ਅਤੇ ਉਨ੍ਹਾਂ ਦੀ ਸਰਕਾਰ ਬਣਾ ਦਿੱਤੀ।
ਪਰ ਹੁਣ ਸਰਕਾਰ ਬਣਾਕੇ ਆਮ ਆਦਮੀ ਪਾਰਟੀ ਵੀ ਉਸੇ ਰਾਹ ਚੱਲਣ ਲੱਗ ਪਈ ਹੈ ਜਿਸ ਰਾਹ ਤੇ ਅਕਾਲੀ ਦਲ ਅਤੇ ਕਾਂਗਰਸ ਚੱਲਦੇ ਸਨ। ਜਿਹੜੀ ਪਾਰਟੀ ਇਹ ਦਾਅਵੇ ਕਰਦੀ ਸੀ ਕਿ ਉਸਨੇ ਲੋਕਾਂ ਵਿੱਚ ਅਕਾਲੀਆਂ ਅਤੇ ਕਾਂਗਰਸੀਆਂ ਬਾਰੇ ਜਾਗਰਤੀ ਲਿਆਂਦੀ ਹੁਣ ਉਹ ਹੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਆਪਣੇ ਵਿਰੁੱਧ ਲਾਮਬੰਦ ਅਤੇ ਜਾਗਰਤ ਹੋਣ ਤੋਂ ਰੋਕਣ ਦੇ ਯਤਨ ਕਰਨ ਲੱਗ ਪਈ ਹੈ।
ਪੰਜਾਬ ਦੇ ਬਹੁਤ ਸਾਰੇ ਅਖਬਾਰਾਂ ਅਤੇ ਚੈਨਲਾਂ ਨਾਲ ਸਰਕਾਰ ਨੇ ਸੌਦਾ ਕਰ ਲਿਆ ਹੈ। ਖ਼ਬਰਾਂ ਮੁਤਾਬਕ ਇੱਕ ਚੈਨਲ ਨੂੰ 18 ਕਰੋੜ ਰੁਪਏ ਸਾਲਾਨਾ ਦੇਣ ਦਾ ਸੌਦਾ ਹੋ ਗਿਆ ਹੈ। ਉਹ ਆਮ ਆਦਮੀ ਪਾਰਟੀ ਦੇ ਵਿਰੁੱਧ ਕੋਈ ਖਬਰ ਨਸ਼ਰ ਨਹੀ ਕਰੇਗਾ। ਮੁਹਾਲੀ ਤੋਂ ਛਪਦੇ ਇੱਕ ਅਖਬਾਰ ਨਾਲ ਸਬੰਧਤ ਇੱਕ ਬੀਬੀ ਨਾਲ ਵੀ ਇਸੇ ਤਰਜ਼ ਤੇ ਸੌਦਾ ਹੋ ਗਿਆ ਹੈ। ਬੜੇ ਦੁਖ ਨਾਲ ਕਹਿਣਾਂ ਪੈ ਰਿਹਾ ਹੈ ਕਿ ਪੰਜਾਬੀ ਵੈਬ ਚੈਨਲਾਂ ਵਿੱਚ ਸਭ ਤੋਂ ਵਧੀਆ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਜਿਸਨੇ ਆਪਣੇ ਚੈਨਲ ਦਾ ਨਾਅ ਵੀ ਪੰਜਾਬ ਹਿਤੈਸ਼ੀ’ ਰੱਖਿਆ ਹੋਇਆ ਹੈ ਉਹ ਵੀ ਪੰਜਾਬ ਸਰਕਾਰ ਦੀ ਸੌਦੇਬਾਜ਼ੀ ਦਾ ਸ਼ਿਕਾਰ ਹੋ ਗਿਆ ਹੈ। ਸਾਡੇ ਲਈ ਇਹ ਸਭ ਤੋਂ ਵੱਧ ਦੁਖਦਾਈ ਖਬਰ ਹੈ। ਸਾਨੂੰ ਨਿੱਜੀ ਤੌਰ ਤੇ ਉਸ ਪੱਤਰਕਾਰ ਤੇ ਬੜਾ ਮਾਣ ਸੀ ਕਿ ਉਹ ਆਪਣੇ ਚੈਨਲ ਦੇ ਨਾਅ ਦੀ ਲਾਜ ਰੱਖੇਗਾ ਪਰ ਉਹ ਸ਼ਖਸ਼ ਵੀ ਹੁਣ ਪੰਜਾਬ ਸਰਕਾਰ ਦੇ ਸੋਹਲੇ ਗਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਉਸ ਪੱਤਰਕਾਰ ਵਿੱਚ ਬਹੁਤ ਅੱਗੇ ਵਧਣ ਦੀਆਂ ਸੰਭਾਵਨਾਵਾਂ ਹਨ।
ਜਿੱਥੇ ਪੰਜਾਬ ਸਰਕਾਰ ਮੀਡੀਆ ਅਦਾਰਿਆਂ ਨੂੰ ਖਰੀਦਣ ਤੇ ਲੱਕ ਬੰਨ੍ਹਕੇ ਤੁਰ ਪਈ ਹੈ ਉੱਥੇ ਹੀ ਸਰਕਾਰੀ ਬੋਲੀ ਬੋਲਣ ਤੋਂ ਆਕੀ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇ ਸਰਕਾਰ ਦੇ ਹੱਕ ਵਿੱਚ ਬੋਲਣ ਦੀ ਆਦਤ ਨਾ ਪਾਈ ਤਾਂ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਰੋਪੜ ਜਿਲ੍ਹੇ ਦੇ ਇੱਕ ਸੀਨੀਅਰ ਪੱਤਰਕਾਰ ਨੂੰ ਅਜਿਹੀ ਧਮਕੀ ਮਿਲ ਚੁੱਕੀ ਹੈ। ਇੰਗਲੈਂਡ ਤੋਂ ਚੱਲਦੇ ਇੱਕ ਪਰਮੁੱਖ ਪੰਜਾਬੀ ਚੈਨਲ ਦੇ ਪੰਜਾਬ ਸਥਿਤ ਨੁਮਾਇੰਦੇ ਨੂੰ ਸਰਕਾਰੀ ਧਿਰ ਵੱਲੋਂ ਸੁਨੇਹਾ ਮਿਲਿਆ ਕਿ ਸਾਨੂੰ ਚੰਡੀਗੜ੍ਹ ਆਕੇ ਮਿਲੋ। ਆਪਣੇ ਬਾਗੀਆਨਾ ਸੁਭਾਅ ਮੁਤਾਬਕ ਉਸ ਪੱਤਰਕਾਰ ਨੇ ਮਿਲਣਾਂ ਜਰੂਰੀ ਨਾ ਸਮਝਿਆ ਤਾਂ ਅਗਲੇ ਦਿਨ ਹੀ ਉਸ ਚੈਨਲ ਦਾ ਫੇਸਬੁੱਕ ਤੇ ਫੈਲਾਅ ਰੋਕ ਦਿੱਤਾ ਗਿਆ ਅਤੇ ਮਿਲ ਮਿਲਾ ਕੇ ਪਾਬੰਦੀ ਲਗਵਾ ਦਿੱਤੀ ਗਈ।
ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਸਰਕਾਰ ਵਿੱਚ ਨਵਾਂ ਅਤੇ ਨਰੋਆ ਕੁਝ ਨਹੀ ਹੈ ਇਹ ਵੀ ਸੁਖਬੀਰ ਬਾਦਲ ਅਤੇ ਮਜੀਠੀਆ, ਕੈਪਟਨ ਦੇ ਹੀ ਭਰਾ ਹਨ। ਇਹ ਹਰ ਹੀਲੇ ਪੰਜਾਬ ਦੀ ਸੱਤਾ ਦੇ ਪਾਵੇ ਨੂੰ ਘੁੱਟਕੇ ਹੱਥ ਪਾਈ ਰੱਖਣ ਤੱਕ ਹੀ ਸੀਮਤ ਹਨ। ਮੀਡੀਆ ਨੂੰ ਖਰੀਦਣਾਂ, ਧਮਕੀਆਂ ਦੇਣੀਆਂ ਅਤੇ ਹਰ ਰੋਜ਼ ਸਰਕਾਰੀ ਖਜਾਨਾ ਲੁਟਾ ਕੇ ਇਸ਼ਤਿਹਾਰ ਦੇਣੇ ਇਹ ਸਾਰੇ ਸੁਖਬੀਰ ਮਾਰਕਾ ਰਾਜਨੀਤੀ ਦੇ ਪਹਿਲੂ ਹਨ। ਕੋਈ ਨਵੀ ਅਤੇ ਨਰੋਈ ਰਾਜਨੀਤੀ ਦੇ ਨਹੀ। ਪੰਜਾਬ ਦੇ ਲੋਕ ਖਾਸ ਕਰ ਸਿੱਖ ਸੁਚੇਤ ਰਹਿਣ।