ਮਾਰਫਾ ਰਬਕੋਵਾ, ਜਿਸ ਦਾ ਜਨਮ ੬ ਜਨਵਰੀ ੧੯੯੫ ਨੂੰ ਹੋਇਆ, ਬੇਲਾਰੂਸ ਨਾਲ ਸੰਬੰਧਿਤ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਅਤੇ ਵਿਆਸਨਾ ਮਨੁੱਖੀ ਅਧਿਕਾਰ ਕੇਂਦਰ ਦਾ ਹਿੱਸਾ ਹੈ।੨੦੨੦ ਵਿਚ ਉਸ ਨੂੰ ਆਪਣੀਆਂ ਗਤੀਵਿਧੀਆਂ ਲਈ ਬੇਲਾਰੂਸ ਅਧਿਕਾਰੀਆਂ ਦੁਆਰਾ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਨੂੰ ਮੁਕੱਦਮੇ ਤੋਂ ਪਹਿਲੀ ਜੇਲ੍ਹ ਸਾਈਜ਼ ਨੰਬਰ ਇਕ ਵਿਚ ਭੇਜ ਦਿੱਤਾ ਗਿਆ।੨੦੨੧ ਵਿਚ ਉਸ ਨੂੰ ਬੇਲਾਰੂਸ ਦੇ ਹੀ ਤਿੰਨ ਹੋਰ ਗ੍ਰਿਫਤਾਰ ਕਾਰਕੁੰਨਾਂ ਨਾਲ ਸਾਂਝੇ ਰੂਪ ਵਿਚ ਹੋਮੋ ਹੋਮਿਨੀ ਸਨਮਾਨ ਦਿੱਤਾ ਗਿਆ।ਉਸ ਨੇ ਬੇਲਾਰੂਸ ਦੀ ਸਟੇਟ ਪੈਡਾਗੋਜੀਕਲ ਯੂਨੀਵਰਸਿਟੀ ਵਿਚ ਦਾਖਲਾ ਲਿਆ ਸੀ, ਪਰ ਯੂਨੀਵਰਸਿਟੀ ਇਮਾਰਤ ਦੇ ਨੇੜੇ ਹੀ ਮਾਰਚ ਵਿਚ ਹਿੱਸਾ ਲੈਣ ਕਰਕੇ ਉਸ ਨੂੰ ਯੂਨੀਵਰਸਿਟੀ ਛੱਡਣ ਲਈ ਮਜਬੂਰ ਕੀਤਾ ਗਿਆ।ਇਸ ਤੋਂ ਬਾਅਦ ਉਸ ਨੇ ਏ. ਕੁਲੇਸ਼ੋਵ ਮੋਗੀਲੇਵ ਸਟੇਟ ਯੂਨੀਵਰਸਿਟੀ ਵਿਚ ਦਾਖਲਾ ਲਿਆ, ਪਰ ਉਸ ਨੇ ਦਾਅਵਾ ਕੀਤਾ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਵਿਚ ਨਾਕਾਮਯਾਬ ਰਹੀ ਅਤੇ ਅਧਿਕਾਰੀਆਂ ਦੇ ਦਬਾਅ ਕਰਕੇ ਉਸ ਨੂੰ ਨੌਕਰੀ ਲੱਭਣ ਲਈ ਮਜਬੂਰ ਹੋਣਾ ਪਿਆ।੨੦੧੭ ਵਿਚ ਉਸ ਨੇ ਯੂਰੋਪੀਅਨ ਹਿਊਮੈਨਟੀਜ਼ ਯੂਨੀਵਰਸਿਟੀ ਵਿਚ ਦਾਖਲਾ ਲਿਆ।੨੦੧੯ ਵਿਚ ਉਹ ਬੇਲਾਰੂਸ ਵਿਚ ਵਿਆਸਨਾ ਮਨੁੱਖੀ ਅਧਿਕਾਰ ਦੇ ਵਲੰਟੀਅਰ ਨੈਟਵਰਕ ਨੂੰ ਸੰਭਾਲਣ ਲੱਗੀ।੨੦੨੦ ਵਿਚ ਬੇਲਾਰੂਸ ਵਿਚ ਰਾਸ਼ਟਰਪਤੀ ਦੀਆਂ ਚੋਣਾਂ ਦੇ ਸਮੇਂ ਦੌਰਾਨ ਵੀ ਉਸ ਨੇ ਵਿਆਸਨਾ ਮਨੁੱਖੀ ਅਧਿਕਾਰ ਕੇਂਦਰ ਨਾਲ ਵਲ਼ੰਟੀਅਰ ਦੇ ਰੂਪ ਵਿਚ ਕੰਮ ਕੀਤਾ।
ਸਮੂਹਿਕ ਅੰਦੋਲਨਾਂ ਦੀ ਸ਼ੁਰੂਆਤ ਸਮੇਂ ਉਸ ਨੇ ਬੇਲਾਰੂਸ ਦੇ ਅਧਿਕਾਰੀਆਂ ਦੁਆਰਾ ਕੀਤੇ ਜਾਂਦੇ ਤਸ਼ੱਦਦ ਅਤੇ ਜ਼ੁਲਮਾਂ ਨੂੰ ਦਰਜ ਕਰਨਾ ਸ਼ੁਰੂ ਕਰ ਦਿੱਤਾ।ਉਸ ਨੂੰ ੧੭ ਸਤੰਬਰ ੨੦੨੦ ਨੂੰ ਗ੍ਰਿਫਤਾਰ ਕੀਤਾ ਗਿਆ।੧੯ ਸਤੰਬਰ ਨੂੰ ਹੀ ਉਸ ਨੂੰ ਮਿੰਸਕ ਵਿਚ ਸਾਈਜ਼ ਨੰ. ੧ ਵਿਚ ਭੇਜ ਦਿੱਤਾ ਗਿਆ।ਬੇਲਾਰੂਸ ਦੇ ਬਹੁਤ ਸਾਰੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਉਸ ਨੂੰ ਰਾਜਨੀਤਿਕ ਕੈਦੀ ਦੇ ਰੂਪ ਵਿਚ ਮਾਨਤਾ ਦਿੱਤੀ।ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ, ਐਮਨੇਸਟੀ ਇੰਟਰਨੈਸ਼ਨਲ, ਫਰੰਟਲਾਈਨ ਡਿਫੈਂਡਰਸ, ਅਤੇ ਮਨੁੱਖੀ ਅਧਿਕਾਰਾਂ ਉੱਪਰ ਨਿਗਰਾਨੀ ਰੱਖਣ ਵਾਲੀ ਸੰਸਥਾ ਓਬਜ਼ਰਵੇਟਰੀ ਨੇ ਉਸ ਦੀ ਰਿਹਾਈ ਦੀ ਮੰਗ ਉਠਾਈ।ਅਗਨੀਜ਼ਸਕਾ ਬਰੱਗਰ ਉਸ ਦਾ ‘ਗੌਡਫਾਦਰ’ ਬਣ ਗਿਆ।ਮੁਕੱਦਮੇ ਤੋਂ ਪਹਿਲਾਂ ਉਸ ਦੀ ਸਿਹਤ ਵਿਗੜ ਗਈ। ਉਸ ਨੇ ਪੇਟ ਦਰਦ, ਦੰਦਾਂ ਵਿਚ ਦਰਦ ਅਤੇ ਲਸਿਕਾ ਕੋਸ਼ਕਾਵਾਂ ਵਿਚ ਜਲਨ ਦੀ ਸ਼ਿਕਾਇਤ ਕੀਤੀ, ਪਰ ਉਸ ਨੂੰ ਕੋਈ ਮੈਡੀਕਲ ਸਹਾਇਤਾ ਨਹੀਂ ਦਿੱਤੀ ਗਈ।ਉਸ ਦੇ ਪਤੀ ਅਨੁਸਾਰ ਜੇਲ੍ਹ ਵਿਚ ਉਸ ਦਾ ਵੀਹ ਕਿਲੋ ਵਜ਼ਨ ਘੱਟ ਗਿਆ, ਉਸ ਨੂੰ ਕੋਰੋਨਾ ਹੋ ਗਿਆ ਅਤੇ ਉਸ ਨੂੰ ਬਲੱਡ ਪਰੈਸਰ ਘਟਣ ਅਤੇ ਚੱਕਰ ਆਉਣ ਦੀ ਸਮੱਸਿਆ ਆਉਣ ਲੱਗੀ।ਉਸ ਨੂੰ ਆਪਣੇ ਪਿਤਾ ਦੀਆਂ ਆਖਰੀ ਰਸਮਾਂ ਵਿਚ ਸ਼ਾਮਿਲ ਹੋਣ ਦੀ ਇਜ਼ਾਜਤ ਵੀ ਨਹੀਂ ਦਿੱਤੀ ਗਈ।
ਮਾਰਫਾ ਰਬਕੋਵਾ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਅਤੇ ਵਿਆਸਨਾ ਦੇ ਮਨੁੱਖੀ ਅਧਿਕਾਰ ਕੇਂਦਰ ਦੀ ਪ੍ਰਬੰਧਕ ਹੈ।ਵਿਆਸਨਾ ਦੇ ਹੋਰ ਵਲੰਟੀਅਰਾਂ ਦੇ ਨਾਲ ਉਹ ਸ਼ਾਂਤੀਪੂਰਵਕ ਅਸੈਂਬਲੀਆਂ ਕਰਦੀ ਰਹੀ ਹੈ ਜੋ ਕਿ ਪੂਰੇ ਬੇਲਾਰੂਸ ਵਿਚ ਫੈਲ ਗਈਆਂ।ਉਸ ਨੇ ਦੂਜੇ ਕੈਦੀਆਂ ਉੱਪਰ ਹੁੰਦੇ ਤਸ਼ੱਦਦ ਅਤੇ ਜ਼ੁਲਮਾਂ ਨੂੰ ਦਰਜ ਵੀ ਕੀਤਾ ਹੈ।ਉਸ ਨੇ ਅਜ਼ਾਦ ਚੋਣਾਂ ਦੇ ਪ੍ਰਚਾਰ “ਅਜ਼ਾਦ ਚੋਣਾਂ ਲਈ ਮਨੁੱਖੀ ਅਧਿਕਾਰਾਂ” ਦੀ ਰਾਖੀ ਵਿਚ ਸਰਗਰਮ ਭੂਮਿਕਾ ਅਦਾ ਕੀਤੀ।੧੯੯੪ ਵਿਚ ਤਾਨਾਸ਼ਾਹੀ ਰਾਜਨੀਤਿਕ ਸੱਤਾ ਦੇ ਆਉਣ ਤੋਂ ਬਾਅਦ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਲਈ ਬੇਲਾਰੂਸ ਵਿਚ ਮਾਹੌਲ਼ ਲਗਾਤਾਰ ਖਰਾਬ ਹੋਇਆ ਹੈ।
ਅੰਤਰਰਾਸ਼ਟਰੀ ਗੈਰ-ਸਰਕਾਰੀ ਨੈਟਵਰਕ ਦ ਸਿਵਿਕ ਸੌਲੇਡੇਰਟੀ ਪਲੇਟਫਾਰਮ ਨੇ ਰਬਕੋਵਾ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਅਤੇ ਉਸ ਵਿਰੁੱਧ ਲਗਾਏ ਗਏ ਸਾਰੇ ਦੋਸ਼ਾਂ ਨੂੰ ਖਤਮ ਕਰਕੇ ਉਸ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।ਮਨੁੱਖੀ ਅਧਿਕਾਰ ਕੇਂਦਰ “ਵਿਆਸਨਾ” ਦ ਸਿਵਿਕ ਸੌਲੇਡੇਰਟੀ ਪਲੇਟਫਾਰਮ ਦੀ ਹੀ ਮੈਂਬਰ ਸੰਸਥਾ ਹੈ ਅਤੇ ਇਸ ਨੂੰ ੨੦੨੦ ਵਿਚ ਲੋਕਤੰਤਰ ਦੀ ਰੱਖਿਆ ਕਰਨ ਵਾਲੇ ਵਜੋਂ ਸਨਮਾਨ ਮਿਲਿਆ।ਮਾਰਫਾ ਰਬਕੋਵਾ ਅਤੇ ਉਸ ਦੇ ਪਤੀ ਵਾਦਜ਼ਿਮ ਜ਼ਾਰੋਮਸਕੀ ਨੂੰ ਮਿੰਸਕ ਦੇ ਅਧਿਕਾਰੀਆਂ ਦੁਆਰਾ ੧੭ ਸਤੰਬਰ ੨੦੨੦ ਨੂੰ ਜੁਰਮ ਅਤੇ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਅੰਦਰੂਨੀ ਮੰਤਰਾਲੇ ਦੁਆਰਾ ਗ੍ਰਿਫਤਾਰ ਕੀਤਾ ਗਿਆ।ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਪੈਸਾ ਅਤੇ ਨਿੱਜੀ ਚੀਜ਼ਾਂ ਜਬਤ ਕਰ ਲਈਆਂ ਗਈਆਂ।ਜ਼ਾਰੋਮਸਕੀ ਨੂੰ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ, ਪਰ ਮਾਰਫਾ ਰਬਕੋਵਾ ਦਾ ਧਾਰਾ ੨੯੨(੩) ਦੇ ਅਧਾਰ ’ਤੇ ਰਿਮਾਂਡ ਲੈ ਲਿਆ ਗਿਆ ਜਿਸ ਤਹਿਤ ਦੰਗਾ ਭੜਕਾਉਣ, ਅਗਜ਼ਨੀ ਅਤੇ ਅਜਿਹੀਆਂ ਗਤੀਵਿਧੀਆਂ ਨੂੰ ਫੰਡ ਕਰਨ ਜਿਹੇ ਜ਼ੁਰਮਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ।ਇਸ ਵਿਚ ਤਿੰਨ ਸਾਲ ਤੱਕ ਦੀ ਸਜ਼ਾ ਵਿਅਕਤੀ ਨੂੰ ਹੋ ਸਕਦੀ ਹੈ।੧੯ ਸਤੰਬਰ ਨੂੰ ਉਸ ਨੂੰ ਮਿੰਸਕ ਵਿਚ ਸਾਈਜ਼ ਨੰ. ੧ ਜੇਲ੍ਹ ਵਿਚ ਭੇਜ ਦਿੱਤਾ ਗਿਆ ਜਿੱਥੇ ਉਹ ਹੁਣ ਵੀ ਬੰਦ ਹੈ।
੨੫ ਸਤੰਬਰ ਨੂੰ ਉਸ ਉੱਪਰ ਅਧਿਕਾਰਕ ਰੂਪ ਵਿਚ ਧਾਰਾ ੨੯੨(੩) ਲਗਾਈ ਗਈ।ਬੇਲਾਰੂਸ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਰਬਕੋਵਾ ਨੂੰ ਰਾਜਨੀਤਿਕ ਕੈਦੀ ਮੰਨਦੀਆਂ ਹਨ।ਐਮਨਸਟੀ ਇੰਟਰਨੈਸ਼ਨਲ ਨੇ ਵੀ ਉਸ ਨੂੰ ਚੇਤਨਾ ਵਾਲਾ ਕੈਦੀ ਮੰਨਿਆ ਹੈ।੨੦੨੦ ਵਿਚ ੯ ਅਗਸਤ ਨੂੰ ਰਾਸ਼ਟਰਪਤੀ ਚੋਣਾਂ ਦੀ ਘੋਸ਼ਣਾ ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਬੇਲਾਰੂਸ ਵਿਚ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਕਾਰਕੁੰਨਾਂ ਖਿਲਾਫ ਕਾਰਵਾਈਆਂ ਹੋਈਆਂ। ਇਹਨਾਂ ਕਾਰਵਾਈਆਂ ਦਾ ਮਨੁੱਖੀ ਅਧਿਕਾਰ ਸੰਸਥਾਵਾਂ ਉੱਪਰ ਸਿੱਧੇ ਰੂਪ ਵਿਚ ਪ੍ਰਭਾਵ ਪਵੇਗਾ।ਬੇਲਾਰੂਸ ਦੇ ਮਨੁੱਖੀ ਅਧਿਕਾਰ ਕਾਰਕੁੰਨ ਮੰਨਦੇ ਹਨ ਕਿ ਰਬਕੋਵਾ ਨੂੰ ਉਸ ਸ਼ਾਂਤੀਪੂਰਵਕ ਅਤੇ ਵੈਧ ਮਨੁੱਖੀ ਅਧਿਕਾਰ ਕੰਮਾਂ ਲਈ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਵਿਚ ਧਰਨੇ ਲਾਉਣੇ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਵੇਂ ਕਿ ਕੈਦੀਆਂ ਨਾਲ ਦੁਰਵਿਵਹਾਰ, ਦੀਆਂ ਘਟਨਾਵਾਂ ਨੂੰ ਦਰਜ ਕਰਨਾ ਜਿਹੀਆਂ ਗਤੀਵਿਧੀਆਂ ਸ਼ਾਮਿਲ ਹਨ।ਰਬਕੋਵਾ ਨੇ ਕੋਈ ਅਪਰਾਧ ਨਹੀਂ ਕੀਤਾ ਹੈ ਅਤੇ ਉਸ ਉੱਪਰ ਇੰਝ ਕਾਨੂੰਨੀ ਕਾਰਵਾਈ ਕਰਨ ਦਾ ਕੋਈ ਅਧਾਰ ਨਹੀਂ ਹੈ।ਉਸ ਦੀ ਗ੍ਰਿਫਤਾਰੀ ਅਤੇ ਅੱਤਿਆਚਾਰ ਉਸ ਦੇ ਮਨੁੱਖੀ ਅਧਿਕਾਰਾਂ ਕਈ ਕੰਮ ਕਰਨ ਦਾ ਹੀ ਸਿੱਟਾ ਹੈ ਅਤੇ ਇਹ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ।ਮਨੁੱਖੀ ਅਧਿਕਾਰਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਂਦਿਆਂ ਰਬਕੋਵਾ ਨੇ ਵਿਆਸਨਾ ਵਲੰਟੀਅਰਾਂ ਨਾਲ ਸ਼ਾਂਤੀਪੂਰਵਕ ਅਸੈਂਬਲੀਆਂ ਕੀਤੀਆਂ।ਉਸ ਦੇ ਸਹਿਯੋਗੀਆਂ ਅਨੁਸਾਰ ਉਸ ਨੇ ਸੈਂਕੜੇ ਲੋਕਾਂ ਨੂੰ ਜੱਥੇਬੰਦ ਕੀਤਾ ਅਤੇ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ।ਵਿਆਸਨਾ ਨਾਲ ਕੰਮ ਕਰਦੇ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਅਗਰ ਰਬਕੋਵਾ ਨੂੰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਵੀਹ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।ਰਬਕੋਵਾ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਰਾਜਨੀਤੀ ਤੋਂ ਪ੍ਰੇਰਿਤ ਹੈ।