ਖਾਲਸਾ ਪੰਥ ਦੇ ਸੁਹਿਰਦ ਖੇਮਿਆਂ ਵਿੱਚ ਅੱਜਕੱਲ ੍ਹਇੱਕ ਮੰਦਭਾਗਾ ਵਿਵਾਦ ਚੱਲ ਰਿਹਾ ਹੈੈੈ। ਸਿੱਖ ਸੰਘਰਸ਼ ਦਾ ਹਿੱਸਾ ਰਹੀ ਇੱਕ ਧਿਰ, ਆਪਣੇ ਹੀ ਹਮਸਫਰ ਦੂਜੀ ਧਿਰ ਦੇ ਵੀਰਾਂ ਤੇ ਦੋਸ਼ ਲਗਾ ਰਹੀ ਹੈੈੈ। ਦੁਖਦਾਈ ਗੱਲ ਇਹ ਹੈ ਕਿ ਦੋਸ਼ ਲਗਾਉਣ ਦੀ ਇਸ ਸਰਗਰਮੀ ਵਿੱਚ ਖਾਲਸਾਈ ਸੱਭਿਅਤਾ ਦੀਆਂ ਰਵਾਇਤਾਂ ਗਵਾਚ ਰਹੀਆਂ ਹਨ। ਜਿਸ ਬਿਪਰਨ ਕੀ ਰੀਤ ਤੋਂ ਮੁਕਤੀ ਹਾਸਲ ਕਰਨ ਲਈ ਅਸੀਂ ਸੰਘਰਸ਼ ਕਰ ਰਹੇ ਹਾਂ,ਵਾਰ ਵਾਰ ਉਸ ਬਿਪਰਨ ਕੀ ਰੀਤ ਦੇ ਗੁਲਾਮ ਬਣਦੇ ਜਾ ਰਹੇ ਹਾਂ। ਇਹ ਵਾਰ ਵਾਰ ਹੋ ਰਿਹਾ ਹੈੈ। ਇੱਕ ਤਾਂ ਇਹ ਇੱਕੋ ਮਸਲਾ ਵਾਰ ਵਾਰ ਥੋੜ੍ਹੇ ਕੁ ਸਮੇਂ ਤੋਂ ਬਾਅਦ ਲਗਾਤਾਰ ਉਛਾਲਿਆ ਜਾ ਰਿਹਾ ਹੈ ਦੂਜਾ ਹਰ ਵਾਰ ਇਸ ਨੂੰ ਉਛਾਲਣ ਵੇਲੇ ਅਸੀਂ ਤਹਿਜ਼ੀਬ ਦੀਆਂ ਨਿਵਾਣਾਂ ਛੁੰਹਦੇ ਦੇਖੇ ਜਾ ਸਕਦੇ ਹਾਂ।
ਜਿਹੋ ਜਿਹਾ ਹਾਲ ਵਿਦੇਸ਼ਾਂ ਵਿੱਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵੇਲੇ ਇੱਕ ਦੂਜੇ ਦੇ ਖਿਲਾਫ ਅਤੇ ਇੱਥੋਂ ਤੱਕ ਕਿ ਇੱਕ ਦੂਜੇ ਦੀਆਂ ਔਰਤਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਵਾਲੀਆਂ ਗੁੰਮਨਾਮ ਚਿੱਠੀਆਂ ਵੰਡਣ ਵੇਲੇ ਹੁੰਦਾ ਹੈ, ਉਹ ਹਾਲ ਖਾਲਸਾ ਪੰਥ ਨੂੰ ਕੋਈ ਸੁਹਿਰਦ ਭਵਿੱਖ ਦੇਣ ਦਾ ਦਾਅਵਾ ਕਰਨ ਵਾਲੀਆਂ ਧਿਰਾਂ ਵੱਲੋਂ ਹੋ ਰਿਹਾ ਹੈੈ। ਇਹ ਬਹੁਤ ਦੁਖਦਾਈ ਹੈੈ। ਸਾਡੀ ਦੋਵਾਂ ਧਿਰਾਂ ਨੂੰ ਹੱਥ ਬੰਨ੍ਹਕੇ ਬੇਨਤੀ ਹੈ ਕਿ, ਉਨ੍ਹਾਂ ਸ਼ਹੀਦਾਂ ਦੀਆਂ ਰੂਹਾਂ ਦਾ ਧਿਆਨ ਧਰਕੇ ਖਾਲਸਾਈ ਮਿਆਰਾਂ ਤੋਂ ਗਿਰੀ ਹੋਈ ਦੂਸ਼ਣਬਾਜ਼ੀ ਬੰਦ ਕਰ ਦੇਣ।
ਅਸਲ ਮੁੱਦਾ ਭਾਈ ਅਜਮੇਰ ਸਿੰਘ ਦੀਆਂ ਲਿਖਤਾਂ ਅਤੇ ਉਨ੍ਹਾਂ ਵੱਲੋਂ ਲਈ ਗਈ ਸਿਆਸੀ ਲੀਹ ਤੇ ਕੇਂਦਰਿਤ ਹੋ ਰਿਹਾ ਹੈੈੈ। ਭਾਈ ਅਜਮੇਰ ਸਿੰਘ ਉੱਤੇ ਦੋਸ਼ ਲਉਣ ਵਾਲੀ ਧਿਰ ਇਹ ਆਖ ਰਹੀ ਹੈ ਕਿ ਉਹ ਆਪਣੀ ਇਤਿਹਾਸਕਾਰੀ ਰਾਹੀਂ ਸਿੱਖਾਂ ਨੂੰ, ਭਾਰਤੀ ਸਟੇਟ ਦੇ ਗਲਬੇ ਅਧੀਨ ਕਰਨਾ ਚਾਹੁੰਦੇ ਹਨ। ਦੋਸ਼ ਲਾਉਣ ਵਾਲੀ ਧਿਰ ਦਾ ਕੇਂਦਰੀ ਨੁਕਤਾ ਇਹ ਹੈ ਕਿ ਭਾਈ ਅਜਮੇਰ ਸਿੰਘ ਸਪਸ਼ਟ ਰੂਪ ਵਿੱਚ ਇਹ ਨਹੀ ਆਖ ਰਹੇ ਕਿ ਸਿੱਖਾਂ ਨੂੰ ਆਪਣੀ ਵੱਖਰੀ ਸਟੇਟ ਜਾਂ ਦੇਸ਼ ਚਾਹੀਦਾ ਹੈ।
ਮੂਲ ਮੁੱਦਾ ਇਹ ਹੀ ਹੈ ਜਿੰਨਾ ਕੁ ਸਾਨੂੰ ਸਮਝ ਆਇਆ ਹੈੈ। ਪਰ ਜਿਸ ਤਰ੍ਹਾਂ ਇਸ ਨੂੰ ਪੇਸ਼ ਕੀਤਾ ਗਿਆ ਹੈ ਜਾਂ ਉਛਾਲਿਆ ਗਿਆ ਹੈ ਉਹ ਬਹੁਤ ਭੱਦਾ ਅਤੇ ਗਲਤ ਹੈੈੈ। ਭਾਈ ਅਜਮੇਰ ਸਿੰਘ ਨੂੰ ਅਨਪੜ੍ਹ ਆਖਕੇ ਉਨ੍ਹਾਂ ਦੀ ਕਿਰਦਾਰਕਸ਼ੀ ਕਰਨ ਦਾ ਯਤਨ ਕੀਤਾ ਗਿਆ ਹੈੈੈ। ਇਹ ਆਖਿਆ ਗਿਆ ਹੈ ਕਿ ਸਿੱਖ ਆਪਣਾਂ ਇਤਿਹਾਸ ਅਨਪੜ੍ਹਾਂ ਤੋਂ ਲਿਖਾਉਂਦੇ ਹਨ ਜਦੋਂ ਕਿ ਡਾਕਟਰ ਅਤੇ ਵਕੀਲ ਚੋਟੀ ਦੇ ਕਰਦੇ ਹਨ।
ਇਸ ਤਰ੍ਹਾਂ ਤਾਂ ਫੇਰ ਸੰਤ ਜਰਨੈਲ ਸਿੰਘ ਜੀ ਦੀ ਲੀਡਰਸ਼ਿੱਪ ਵੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੀ ਹੈੈੈ ਕਿਉਂਕਿ ਭਾਈ ਅਮਰੀਕ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਸੰਧੂ ਵਰਗੇ ਉੱਚ ਵਿਦਿਆ ਪ੍ਰਾਪਤ ਨੌਜਵਾਨਾਂ ਦੇ ਹੁੰਦਿਆਂ ਕੌਮ ਦੀ ਅਗਵਾਈ 5 ਪੜ੍ਹੇ ਜਰਨੈਲ ਸਿੰਘ ਨੂੰ ਦੇ ਕੇ ਕੌਮ ਨੇ ਵੱਡੀ ਗਲਤੀ ਕਰ ਲਈ ਹੈੈੈ। ਇਸ ਤਰ੍ਹਾਂ ਦੇ ਹੀ ਹੋਰ ਵੀ ਕੁਝ ਸੁਆਲ ਭਾਈ ਅਜਮੇਰ ਸਿੰਘ ਦੇ ਇਤਿਹਾਸਕ ਲੇਖਣੀ ਦੇ ਕਾਰਜਾਂ ਬਾਰੇ ਕੀਤੇ ਗਏ ਹਨ, ਪਰ ਬਹੁਤ ਅਸੱਭਿਅਕ ਢੰਗ ਨਾਲ।
ਭਾਈ ਅਜਮੇਰ ਸਿੰਘ ਨੇ ਜਦੋਂ ਖਾੜਕੂ ਲਹਿਰ ਦੇ ਇਤਿਹਾਸ ਨੂੰ ਕਲਮਬੱਧ ਕਰਨ ਦਾ ਕਾਰਜ ਅਰੰਭ ਕੀਤਾ ਉਸ ਵੇਲੇ ਸਮੁੱਚੀ ਸਿੱਖ ਕੌਮ ਸਰੀਰਕ ਅਤੇ ਵਿਚਾਰਧਾਰਕ ਤੌਰ ਤੇ ਭਾਰਤੀ ਸਟੇਟ ਦੇ ਜੁਲਮਾਂ ਨਾਲ ਭੰਨੀ ਪਈ ਸੀ। ਜਿਸ ਕਿਸਮ ਦੀ ਦਹਿਸ਼ਤ ਅਤੇ ਵਿਚਾਰਧਾਰਕ ਹਮਲੇ ਦੀ ਲਗਾਤਾਰਤਾ ਸਿੱਖ ਕੌਮ ਤੇ ਹਾਵੀ ਹੋਈ ਪਈ ਸੀ ਉਸ ਹਾਲਤ ਵਿੱਚ ਭਾਈ ਅਜਮੇਰ ਸਿੰਘ ਦਾ ਇਤਿਹਾਸਕਾਰੀ ਦਾ ਕਾਰਜ ਇੱਕ ਬਹੁਤ ਦਲੇਰਰਾਨਾ ਅਤੇ ਮਾਅਰਕੇ ਵਾਲਾ ਕਾਰਜ ਸੀ। ਉਨ੍ਹਾਂ ਦੁੀ ਪਹਿਲੀ ਕਿਤਾਬ ਨੇ ਹੀ ਖਾਲਸਾ ਪੰਥ ਨੂੰ ਸੰਤ ਜਰਨੈਲ ਸਿੰਘ ਦੀ ਸ਼ਖਸ਼ੀਅਤ ਅਤੇ ਉਸਦੀ ਖਾਲਸਾਈ ਇਤਿਹਾਸ ਵਿੱਚ ਥਾਂ ਬਾਰੇ ਦਰਸਾਇਆ। ਸਿੱਖ ਇਤਿਹਾਸਕਾਰੀ ਵਿੱਚ ਸੰਤ ਜਰਨੈਲ ਸਿੰਘ ਦੀ ਸਤਿਕਾਰਤ ਥਾਂ ਨੂੰ ਉਨ੍ਹਾਂ ਦੇ ਕਾਰਜ ਨੇ ਹੀ ਨਿਸਚਿਤ ਕੀਤਾ। ਸਿਰਫ ਸੰਤ ਜੀ ਦੀ ਸ਼ਖਸ਼ੀਅਤ ਨੂੰ ਹੀ ਨਹੀ ਬਲਕਿ ਖਾਲਸਾ ਲਹਿਰ ਨੂੰ ਵੀ ਵਿਚਾਰਧਾਰਕ ਤੌਰ ਤੇ ਪਰਵਾਨਤ ਰੁਖ ਮੁਹੱਈਆ ਕਰਵਾਇਆ। ਆਪਾਂ ਸਾਰੇ ਜੋ ਉਸ ਵੇਲੇ ਮਾਰੇ ਮਾਰੇ ਫਿਰ ਰਹੇ ਸੀ ਕਿਸੇ ਠੁੰਮਣੇ ਦੀ ਭਾਲ ਵਿੱਚ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਲਹਿਰ ਨੂੰ ਕਿਸੇ ਦਿਸ਼ਾ ਵਿੱਚ justify ਕੀਤਾ ਜਾ ਸਕਦਾ ਹੈੈੈ।
ਬਹੁਤ ਦੇਰ ਬਾਅਦ ਜੇ.ਪੀ. ਲਾਰਸਨ ਦੀ ਕਿਤਾਬ-ਅੰਡਰਸਟੈਂਡਿੰਗ ਰਿਲੀਜੀਅਸ ਵਾਇਲੰਸ ਨੂੰ ਪੜ੍ਹਕੇ ਉਹ ਅਹਿਸਾਸ ਹੋਇਆ ਸੀ ਜੋ ਉਸ ਵੇਲੇ, ਭਾਈ ਅਜਮੇਰ ਸਿੰਘ ਦੀ ਪਹਿਲੀ ਕਿਤਾਬ ਪੜ੍ਹਕੇ ਹੋਇਆ। ਇੱਕ ਜਗਿਆਸਾ ਜਾਗੀ ਅਤੇ ਸਿਦਕ ਉਗਮਿਆ ਕਿ ਅਸੀਂ ਘਾਟੇ ਵਾਲੀ ਸਥਿਤੀ ਵਿੱਚ ਨਹੀ ਹਾਂ। ਉਸ ਕਿਤਾਬ ਨੇ ਕੁਝ ਅੱਗੇ ਵਧਣ ਦਾ ਅਹਿਸਾਸ ਜਗਾਇਆ।
ਕਿਸ ਬਿਧ ਰੁਲੀ ਪਾਤਸ਼ਾਹੀ ਨੇ ਸਿੱਖ ਇਤਿਹਾਸਕਾਰੀ ਵਿੱਚ ਨਵੇਂ ਮੀਲ ਪੱਥਰ ਗੱਡੇ। ਪਹਿਲੀ ਕਿਤਾਬ ਜੇ ਕੇਂਦਰੀ ਨੁਕਤੇ ਪੱਖੋਂ ਰਾਜਸੀ ਸੀ ਤਾਂ ਦੂਜੀ ਕਿਤਾਬ ਨੇ ਅਜਮੇਰ ਸਿੰਘ ਦੀ ਇਤਿਹਾਸਕਾਰੀ ਨੂੰ ਸਿਧਾਂਤਕ ਪੱਖੋਂ ਹੋਰ ਪ੍ਰੋੜਤਾ ਬਖ਼ਸ਼ੀ। ਇਸੇ ਲੜੀ ਵਿੱਚ ਬਾਕੀ ਕਿਤਾਬਾਂ ਨੇ ਸਾਨੂੰ ਹਾਲਾਤ ਨੂੰ ਸਮਝਣ ਲਈ ਕੁਝ ਨਵੇਂ ਰਾਹ ਦਿਖਾਏ।
ਭਾਈ ਅਜਮੇਰ ਸਿੰਘ ਨੇ ਆਪਣੇ ਵਿੱਤ ਮੁਤਾਬਕ ਸਰਦੀ ਬਣਦੀ ਭੂਮਿਕਾ ਨਿਭਾ ਦਿੱਤੀ ਹੈੈ।
ਹੁਣ ਸੁਆਲਾਂ ਦਾ ਸੁਆਲ ਇਹ ਹੈ ਕਿ ਕੀ 1947 ਤੋਂ ਬਾਅਦ ਦੀ ਸਿੱਖ ਤੜਪ ਅਤੇ ਸਿਆਸੀ ਰੀਝ ਨੂੰ ਸਮਝਣ ਲਈ ਸਿਰਫ ਦੋ-ਤਿੰਨ ਕਿਤਾਬਾਂ ਹੀ ਕਾਫੀ ਹਨ? ਏਨੀ ਵੱਡੀ ਲਹੂ-ਵੀਟਵੀਂ ਲੜਾਈ ਜਿਸ ਵਿੱਚ ਖਾਲਸਾ ਪੰਥ ਨੇ ਆਪਣੇ ਕਿਰਦਾਰ ਦੀ ਬੁਲੰਦੀ ਅਤੇ ਬਹਾਦਰੀ ਦੀ ਗਾਥਾ ਲਿਖੀ ਹੋਵੇਂ ਨੂੰ ਕੀ ਸਿਰਫ ਦੋ-ਤਿੰਨ ਕਿਤਾਬਾਂ ਨਾਲ ਹੀ ਸਮਝਿਆ ਜਾ ਸਕਦਾ ਹੈ?
ਸਾਡੀ ਜਿੰਮੇਵਾਰੀ ਕੀ ਹੈੈ? ਹਾਲੇ ਤੱਕ ਲਹਿਰ ਬਾਰੇ ਕੋਈ ਵੀ ਗਹਿਰ ਗੰਭੀਰ ਨਾਵਲ ਨਹੀ ਆਇਆ, ਕੋਈ ਸਿਰਜਣਾਂ ਭਰਪੂਰ ਕਵਿਤਾ ਨਹੀ। ਬਲਵਿੰਦਰ ਕੌਰ ਬਰਾੜ ਦੀਆਂ ਕਹਾਣੀਆਂ ਤੋਂ ਬਾਅਦ ਲਹਿਰ ਦੀ ਕਹਾਣੀ ਪਰੰਪਰਾ ਵੀ ਖਤਮ। ਜਿਸ ਲਹਿਰ ਬਾਰੇ ਹੁਣ ਤੱਕ ਉੱਚ ਪਾਏ ਦੀਆਂ ਹਜਾਰਾਂ ਕਿਤਾਬਾਂ ਛਪਣੀਆਂ ਚਾਹੀਦੀਆਂ ਸਨ ਅਤੇ ਕਈ ਮੈਗਜ਼ੀਨ ਉਸ ਲਹਿਰ ਦੇ ਸਿਧਾਂਤਕ ਪੱਖਾਂ ਦੀ ਖੋਜ ਕਰਨ ਲਈ ਸਾਹਮਣੇ ਆਉਣੇ ਚਾਹੀਦੇ ਸਨ, ਉਹ ਲਹਿਰ ਹਾਲੇ ਵੀ 4-5 ਕਿਤਾਬਾਂ ਤੋਂ ਅੱਗੇ ਨਹੀ ਵਧੀ। ਅਸੀਂ ਜਿਨ੍ਹਾਂ ਨੇ ਅਜਮੇਰ ਸਿੰਘ ਵੱਲੋਂ ਜਗਾਈ ਮਸ਼ਾਲ ਨੂੰ ਚੁੱਕਕੇ ਅੱਗੇ ਭੱਜਣਾਂ ਸੀ ਉਹ ਮਾੜੀ ਮੋਟੀ ਜਗਦੀ ਮਸ਼ਾਲ ਨੂੰ ਹੀ ਤੋੜਣ ਵੱਲ ਰੁਚਿਤ ਹੋ ਗਏ ਹਾਂ।
ਜਿਹੜੇ ਮੇਰੇ ਵੀਰ ਸੁਆਲ ਉਠਾ ਰਹੇ ਹਨ, ਵਾਹਿਗੁਰੂ ਨੇ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਸ਼ਰੇਸ਼ਟ ਯੂਨੀਵਰਸਿਟੀਆਂ ਵਿੱਚ ਸਿਖਿਆ ਲੈਣ ਦਾ ਮਾਣ ਬਖਸ਼ਿਆ ਸੀ। ਉੱਥੇ ਵਿਦਿਅਕ ਸਾਧਨਾਂ ਅਤੇ ਸਰੋਤਾਂ ਦੀ ਕੋਈ ਕਮੀ ਨਹੀ ਹੈੈ। ਇੱਕ ਵਾਰ ਉਨ੍ਹਾਂ ਯੂਨੀਵਰਸਿਟੀਆਂ ਵਿੱਚ ਵੜਿਆ ਬੰਦਾ ਮੁੜਕੇ ਕਿਸੇ ਕੌਮ ਦਾ ਸ਼ਾਹਕਾਰ ਬਣਕੇ ਨਿਕਲਦਾ ਹੈੈ। ਪਰ ਸਾਡੀ ਬਦਕਿਸਮਤੀ ਕਿ ਅਸੀਂ ਕੋਈ ਸ਼ਾਹਕਾਰ ਨਹੀ ਸਿਰਜ ਸਕੇ।
ਸਿਰਫ ਗਾਲੀ ਗਲੋਚ ਕਰਨ ਜੋਗੇ ਰਹਿ ਗਏ ਹਾਂ। ਇਸ ਤਰ੍ਹਾਂ ਲਗਦਾ ਹੈ ਕਿ ਅਸੀਂ ਦਹਾਕਿਆਂ ਤੱਕ ਕੋਈ ਸਿਰਜਣਾਂ ਨਹੀ ਕਰ ਸਕਾਂਗੇ। ਜਦੋਂ ਦੁਸ਼ਮਣ ਸਾਡੇ ਦਰਵਾਜ਼ੇ ਤੇ ਖੜ੍ਹਾ ਲਲਕਾਰ ਰਿਹਾ ਹੈ ਉਸ ਵੇਲੇ ਅਸੀਂ ਆਪਣੀ ਮਸ਼ਾਲ ਬੁਝਾਉਣ ਲਈ ਯਤਨਸ਼ੀਲ ਹਾਂ।
ਦੁਨੀਆਂ ਦਾ ਕੋਈ ਵੀ ਸਿਧਾਂਤਕਾਰ ਜਾਂ ਇਤਿਹਾਸਕਾਰ ਪੂਰਾ ਨਹੀ ਹੁੰਦਾ। ਉਸਦੀ ਆਪਣੀ ਸੀਮਾ ਹੁੰਦੀ ਹੈੈ। ਜਾਹਨ ਆਰਮਸਟਰਾਂਗ ਦੀ ਇੱਕ ਕਿਤਾਬ ਹੈੈ – ਨੇਸ਼ਨ ਬਿਫੋਰ ਨੈਸ਼ਨਲਇਜ਼ਮ (Nation Before Nationalism)। ਬਹੁਤ ਉੱਚ ਪਾਏ ਦੀ ਕਿਤਾਬ ਹੈ, ਕੌਮਾਂ ਦੀ ਉਤਪਤੀ ਅਤੇ ਵਿਕਾਸ ਬਾਰੇ। ਪਰੋਫੈਸਰ ਐਂਥਨੀ ਸਮਿੱਥ ਆਖਦਾ ਹੈ ਕਿ ਉਸ ਕਿਤਾਬ ਨੇ ਮੇਰੇ ਮਨ ਦੇ ਕਪਾਟ ਖੋਲ੍ਹ ਦਿੱਤੇ ਹਨ। ਉਹ ਵਾਰ ਵਾਰ ਜੌਹਨ ਆਰਮਸਟਰਾਂਗ ਦਾ ਧੰਨਵਾਦ ਕਰਦਾ ਨਹੀ ਥੱਕਦਾ। ਪਰ ਐਡਰੇਅਨ ਹੇਸਟਿੰਗਜ਼ ਆਪਣੀ ਕਿਤਾਬ ‘The Construction of Nationhood’ ਵਿੱਚ ਆਖਦਾ ਹੈ ਕਿ ਆਰਮਸਟਰਾਂਗ ਦੀ ਕਿਤਾਬ ਇੱਕ ਭੰਬਲਭੂਸੇ ਤੋਂ ਵੱਧ ਕੁਝ ਨਹੀ ਹੈੈ। ਇਤਿਹਾਸਕਾਰੀ ਵਿੱਚ ਵੱਖਰੇ ਵਿਚਾਰਾਂ ਦਾ ਹੋਣਾਂ ਮਾੜੀ ਗੱਲ ਨਹੀ ਹੈ। ਇਹ ਇਤਿਹਾਸਕਾਰੀ ਦਾ ਪਹਿਲਾ ਗੁਣ ਹੈੈ। ਐਂਥਨੀ ਸਮਿੱਥ, ਅਜ਼ਰ ਗੈਟ, ਵਾਕਰ ਕੋਨਰ, ਐਡਰੇਅਨ ਹੇਸਟਿੰਗਜ਼ ਅਤੇ ਫਰੈਡਰਿਕ ਹਰਟਜ਼ ਵਰਗੇ ਵਿਦਵਾਨਾਂ ਨੇ ਜਾਹਨ ਬਰੀਉੂਲੇ, ਹਾਬਸਬਾਮ, ਪਾਲ ਬਰਾਸ ਅਤੇ ਐਡਵਰਡ ਸਈਅਦ ਵਰਗੇ ਵਿਦਵਾਨਾਂ ਦੇ ਕੌਮੀਅਤਾਂ ਬਾਰੇ ਵਿਚਾਰਾਂ ਨੂੰ ਸਿਧਾਂਤਕ ਤੌਰ ਤੇ ਰੱਦ ਕੀਤਾ ਹੈੈ। ਪਰ ਇਤਿਹਾਸ ਦੇ ਵਿਦਿਆਰਥੀ ਦੋਵਾਂ ਪਾਸਿਆਂ ਦੀਆਂ ਕਿਤਾਬਾਂ ਪੜ੍ਹਦੇ ਹਨ ਅਤੇ ਆਪਣੇ ਅਨੁਸਾਰ ਸਿੱਟੇ ਕੱਢਦੇ ਹਨ।
ਕਿਸੇ ਵਿਦਵਾਨ ਦੀ ਇਤਿਹਾਸਕਾਰੀ ਨਾਲ ਸਹਿਮਤ ਨਾ ਹੋਣ ਦਾ ਮਤਲਬ ਇਹ ਨਹੀ ਕਿ ਤੁਸੀਂ ਉਸਦੀ ਕਿਰਦਾਰਕੁਸ਼ੀ ਉੱਤੇ ਉਤਰ ਆਓ। ਉਸਤੋਂ ਵੱਖਰਾ ਅਤੇ ਉਸਤੋਂ ਉਤਮ ਸਾਹਿਤ ਰਚੋ। ਆਪਣੇ ਵਿਚਾਰਧਾਰਕ ਪਹਿਲੂ ਕਿਸੇ ਵੱਡੇ ਸੰਵਾਦ ਦੇ ਪਰਿਪੇਖ ਤੋਂ ਸਾਹਮਣੇ ਲਿਆਓ, ਪਰ ਗਾਲੀ ਗਲੋਚ ਨਾ ਕਰੋ।
ਅਸੀਂ ਨਿੱਜੀ ਤੌਰ ਤੇ ਅਜਮੇਰ ਸਿੰਘ ਦੇ ਨੇਸ਼ਨ ਸਟੇਟ ਬਾਰੇ ਵਿਚਾਰਾਂ ਦੇ ਹਮਾਇਤੀ ਨਹੀ ਹਾਂ। ਪਰ ਅਸੀਂ ਉਸਦੀ ਕਿਰਦਾਰਕੁਸ਼ੀ ਨਹੀ ਕਰਦੇ। ਲਗਾਤਾਰ ਪੜ੍ਹ ਰਹੇ ਹਾਂ। ਜਦੋਂ ਅਸੀਂ ਕਿਸੇ ਸਪਸ਼ਟ ਨਤੀਜੇ ਉੱਤੇ ਪਹੁੰਚ ਗਏ ਤਾਂ ਕੁਝ ਲਿਖ ਦੇਵਾਂਗੇ। ਇਹ ਵੀ ਹੋ ਸਕਦਾ ਹੈ ਕਿ ਅਸੀਂ ਜੋ ਸੋਚ ਰਹੇ ਹਾਂ, ਭਾਈ ਅਜਮੇਰ ਸਿੰਘ ਉਸ ਤੋਂ ਬਹੁਤ ਅਗਾਂਹ ਹੋਣ ਅਤੇ ਉਨ੍ਹਾਂ ਵਾਲੀ ਸਿਧਾਂਤਕ ਪਹੁੰਚ ਸਾਡੇ ਅਧੂਰੇ ਗਿਆਨ ਦੀ ਪਕੜ ਵਿੱਚ ਨਾ ਆਈ ਹੋਵੇ।
ਸਾਡਾ ਦੂਜਾ ਨੁਕਸ ਇਹ ਹੈ ਕਿ ਅਸੀਂ ਕਿਸੇ ਇਤਿਹਾਸਕਾਰ ਤੋਂ ਹੀ ਕੌਮ ਦੀ ਸਿਆਸੀ ਅਗਵਾਈ ਵੀ ਭਾਲਦੇ ਹਾਂ। ਅਸੀਂ ਇਹ ਮੰਨੀ ਬੈਠੇ ਹਾਂ ਕਿ ਭਾਈ ਅਜਮੇਰ ਸਿੰਘ ਹੀ ਸਾਰੇ ਕੰਮ ਕਰ ਸਕਦਾ ਹੈੈ। ਉਹ ਕਿਤਾਬਾਂ ਵੀ ਲਿਖੇ, ਥਾਂ-ਥਾਂ ਲੈਕਚਰ ਵੀ ਦੇਵੇ ਅਤੇ ਕੌਮ ਦੇ ਭਵਿੱਖੀ ਫੈਸਲੇ ਵੀ ਉਹ ਹੀ ਕਰੇ। ਫਿਰ ਬਾਕੀ ਕੌਮ ਕੀ ਕਰ ਰਹੀ ਹੈੈੈ? ਏਨੀਆਂ ਵੱਡੀਆਂ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਕਿਉਂ ਨਹੀ ਕੌਮ ਦਾ ਭਵਿੱਖ ਸ਼ਿੰਗਾਰ ਰਹੀਆਂ।
ਭਾਈ ਅਜਮੇਰ ਸਿੰਘ ਤੋਂ ਕੌਮ ਦੇ ਸਾਰੇ ਮਸਲੇ ਹੱਲ ਕਰਵਾਉਣ ਦੀ ਸਾਡੀ ਕਮਜ਼ੋਰੀ ਹੀ ਇਹ ਸੰਕਟ ਪੈਦਾ ਕਰ ਰਹੀ ਹੈੈ। ਉਹ ਹੁਣ ਬਜ਼ੁਰਗ ਹੋ ਗਏ ਹਨ। ਆਪਣੇ ਵਿੱਤ ਅਨੁਸਾਰ ਉਨ੍ਹਾਂ ਨੇ ਆਪਣੀ ਜਿੰਮੇਵਾਰੀ ਨਿਭਾ ਦਿੱਤੀ ਹੈੈ। ਹੁਣ ਇਹ ਰਿਲੇਅ ਦੌੜ ਨੂੰ ਅਗਲੀ ਪੀੜ੍ਹੀ ਦੌੜੇ। ਇੱਕ ਪਾਸੇ ਅਸੀਂ ਉਸਦੇ ਸਿਧਾਂਤ ਨਾਲ ਸਹਿਮਤ ਨਹੀ ਦੂਜੇ ਪਾਸੇ ਅਸੀਂ ਮੰਗ ਕਰ ਰਹੇ ਹਾਂ ਕਿ ਉਹ ਆਪਣੀ ਇਤਿਹਾਸਕਾਰੀ ਵਿੱਚ ਤਬਦੀਲੀ ਕਰੇ। ਕਿੳਂੁ?
ਜਦੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਉਹ ਆਪਣੀ ਸਿਆਸੀ ਲੀਹ ਬਦਲੇ ਤਾਂ ਸਪਸ਼ਟ ਹੈ ਕਿ ਅਸੀਂ ਉਸਨੂੰ ਹੀ ਆਗੂ ਅਤੇ ਇਤਿਹਾਸਕਾਰ ਮੰਨਦੇ ਹਾਂ ਅਤੇ ਸਾਡੇ ਆਪਣੇ ਵਿੱਚ ਕੁਝ ਕਰਨ ਦੀ ਸਮਰਥਾ ਹੀ ਨਹੀ ਹੈੈੈ।
ਅਗਲੀ ਗੱਲ।
ਘਬਰਾਓ ਨਾ ਇਹੋ ਜਿਹੇ ਸੰਕਟ ਸਿਰਫ ਸਾਡੀ ਲਹਿਰ ਵਿੱਚ ਹੀ ਨਹੀ ਆਏ, ਬਲਕਿ ਸਾਰੀਆਂ ਲਹਿਰਾਂ ਵਿੱਚ ਆਏ ਹਨ। ਪਰ ਅਫਸੋਸ ਹੈ ਕਿ ਅਸੀਂ ਬਾਕੀਆਂ ਤੋਂ ਨਿਆਰੇ ਹਾਂ। ਸਾਡੀ ਲਹਿਰ ਵਿੱਚ ਇਹ ਸੰਕਟ ਨਹੀ ਸੀ ਆਉਣੇ ਚਾਹੀਦੇ। ਅਸੀਂ ਸੰਸਾਰ ਦੇ ਇਤਿਹਾਸ ਵਿੱਚ ਰੂਸ ਦੇ ਕਮਿਊਨਿਸਟ ਇਨਕਲਾਬ ਨੂੰ ਸਭ ਤੋਂ ਜਾਨਦਾਰ ਅਤੇ ਮਜਬੂਤ ਮੰਨਦੇ ਹਾਂ।
ਕਮਿਊਨਿਸਟ ਇਨਕਲਾਬ ਵਿੱਚ ਇਹ ਸਭ ਕੁਝ ਜੋ ਅੱਜ ਸਾਡੇ ਸਾਹਮਣੇ ਆ ਰਿਹਾ ਹੈ- ਇਸੇ ਤਰ੍ਹਾਂ ਹੀ ਵਾਪਰਿਆ। ਆਪਣੇ ਸਮੇਂ ਦੀ ਮਹਾਨ ਸ਼ੋਸ਼ਲਿਸਟ ਬੀਬਾ ਰੋਜ਼ਾ ਲਕਸ਼ਮਬਰਗ ਨੇ ਬਿਲਕੁਲ ਇਸੇ ਤਰ੍ਹਾਂ ਦੇ ਸੁਆਲ ਲੈਨਿਨ ਦੀ ਅਗਵਾਈ ਹੇਠਲੇ ਬਾਲਸ਼ਵਿੱਕ ਇਨਕਲਾਬ ਦੇ ਮੋਹਰੀਆਂ ਨੂੰ ਉਠਾਏ ਸਨ। ਰੋਜ਼ਾ ਲਕਸ਼ਮਬਰਗ ਨਾ ਕੇਵਲ ਇੱਕ ਇਮਾਨਦਾਰ ਸ਼ੋਸ਼ਲਿਸਟ ਸੀ ਬਲਕਿ ਉੱਚ ਕੋਟੀ ਦੀ ਅਰਥ ਸ਼ਾਸ਼ਤਰੀ ਅਤੇ ਬਹੁਤ ਤੇਜ਼ ਤਰਾਰ ਰਾਜਨੀਤਿਕ ਸੀ। ਉਸਨੇ ਦਰਜਨਾਂ ਕਿਤਾਬਾਂ ਰਾਹੀਂ ਲੈਨਿਨ ਨੂੰ ਆਖਿਆ ਸੀ ਕਿ ਤੁਹਾਡੀ ਆਰਥਕ ਨੀਤੀ ਵੀ ਖਤਰਨਾਕ ਹੈ ਅਤੇ ਸਿਆਸੀ ਨੀਤੀ ਵੀ। ਉਸਨੇ ਹਿੱਕ ਦੀ ਜੋਰ ਤੇ ਆਖਿਆ ਕਿ, ਲੈਨਿਨ ਦੀ ਅਗਵਾਈ ਹੇਠਲਾ ਟੋਲਾ ਸਿਰਫ ਸੱਤਾ ਦਾ ਭੁੱਖਾ ਹੈੈ। ਉਹ ਹਰ ਹੀਲੇ ਸੱਤਾ ਹਥਿਆਉਣੀ ਚਾਹੁੰਦੇ ਹਨ। ਬੀਬੀ ਲਕਸ਼ਮਬਰਗ ਨੇ ਨਾ ਕੇਵਲ ਬਾਲਸ਼ਵਿੱਕਾਂ ਦੀ ਸੱਤਾ ਦੀ ਭੁੱਖ ਨੂੰ ਵਕਤ ਤੋਂ ਪਹਿਲਾਂ ਉਜਾਗਰ ਕਰ ਦਿੱਤਾ ਸੀ ਬਲਕਿ, ਸਟਾਲਿਨ ਵੱਲੋਂ ਕੀਤੇ ਜਾਣ ਵਾਲੇ ਕਤਲਾਂ ਬਾਰੇ ਵੀ ਆਪਣੇ ਵਿਚਾਰਾਂ ਵਿੱਚ ਸ਼ੱਕ ਪ੍ਰਗਟਾ ਦਿੱਤੇ ਸਨ। ਇੱਥੇ ਹੀ ਬੱਸ ਨਹੀ । ਘੱਟ-ਗਿਣਤੀਆਂ ਦੇ ਸੁਆਲ ਬਾਰੇ ਲਿਖੀ ਗਈ ਆਪਣੀ ਦੁਰਲੱਭ ਕਿਤਾਬ ਵਿੱਚ ਬੀਬੀ ਲਕਸ਼ਮਬਰਗ ਨੇ ਲੈਨਿਨ ਨੂੰ ਦੱਸ ਦਿੱਤਾ ਸੀ ਕਿ ਭਵਿੱਖ ਵਿੱਚ ਤੁਹਾਡਾ ਇਨਕਲਾਬ ਖੱਖੜੀਆਂ ਹੋ ਜਾਵੇਗਾ ਕਿਉਂਕਿ ਰੂਸ ਵਿੱਚ ਘੱਟ-ਗਿਣਤੀਆਂ ਦੇ ਸੁਆਲ ਨੂੰ ਕਮਿਊਨਿਸਟ ਸੰਬੋਧਨ ਨਹੀ ਹੋ ਰਹੇ।
1989 ਤੋਂ 1991 ਤੱਕ ਪੂਰਬੀ ਯੂਰਪ ਅਤੇ ਰੂਸ ਦਾ ਜੋ ਹਾਲ ਹੋਇਆ ਉਹ ਬੀਬੀ ਰੋਜ਼ਾ ਲਕਸ਼ਮਬਰਗ ਦੀਆਂ ਪੇਸ਼ਨੀਗੋਈਆਂ ਅਨੁਸਾਰ ਹੀ ਹੋਇਆ।
ਹਾਲਾਤ ਦੀ ਸਿਤਮਜ਼ਰੀਫੀ ਦੇਖੋ ਕਿ ਉਸ ਮਹਾਨ ਸ਼ੋਸ਼ਲਿਸਟ ਅਤੇ ਅਸਲ ਇਨਕਲਾਬੀ ਬੀਬੀ ਨੂੰ ਆਪਣੇ ਇਮਾਨਦਾਰ ਵਿਚਾਰਾਂ ਕਾਰਨ ਪਹਿਲਾਂ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਅਤੇ ਫਿਰ ਮਹਾਨ ਇਨਕਲਾਬੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਆਪਣੀ ਜਾਨ ਦੇ ਕੇ ਵੀ ਉਸਨੇ ਇਨਕਲਾਬ ਦੀ ਸੁੱਚੀ ਭਾਵਨਾ ਨੂੰ ਪਿੱਠ ਨਹੀ ਦਿਖਾਈ।
ਜੇਲ੍ਹ ਵਿੱਚੋਂ ਲੈਨਿਨ ਨੂੰ ਲਿਖੀਆਂ ਚਿੱਠੀਆਂ ਬੀਬੀ ਲਕਸ਼ਮਬਰਗ ਦੀ ਇਤਿਹਾਸ, ਆਰਥਿਕਤਾ ਅਤੇ ਘੱਟ-ਗਿਣਤੀਆਂ ਬਾਰੇ ਪਹੁੰਚ ਦੀ ਬਾਤ ਪਾਉਂਦੀਆਂ ਹਨ।
ਹਰ ਲਹਿਰ ਵਿੱਚ ਹਰ ਹੀਲੇ ਸੱਤਾ ਹਥਿਆਉਣ ਲਈ ਕਾਹਲੇ ਲੋਕਾਂ ਦੀਆਂ ਭੀੜਾਂ ਹੁੰਦੀਆਂ ਹਨ। ਜੋ ਸਿਧਾਂਤ ਦੀ ਗੱਲ ਨਹੀ ਸੁਣਦੀਆਂ। ਕਈ ਵਾਰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਹਲਣੀਆਂ ਪੈਂਦੀਆਂ ਹਨ।
ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਓ-ਸਿਰ ਜੋੜ ਕੇ ਬੈਠੀਏ। ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈ ਕੇ ਭਾਈ ਅਜਮੇਰ ਸਿੰਘ ਤੋਂ ਅਧੂਰੇ ਰਹਿ ਗਏ ਕਾਰਜ ਨੂੰ ਅੱਗੇ ਵਧਾਈਏ।
ਇਸ ਵਿੱਚ ਬਹੁਤ ਸਾਰੇ ਵਿਚਾਰ ਸਾਹਮਣੇ ਆਉਣਗੇ। ਪਰ ਵਿਚਾਰਾਂ ਦੇ ਮਿਆਰ ਅਤੇ ਭਾਸ਼ਾ ਦੀ ਸੁੱਚਤਾ ਨਾ ਵਿਸਾਰੀਏ। ਗੁਰੂ ਮਹਾਰਾਜ ਹਰ ਮੈਦਾਨ ਫਤਹਿ ਬਖਸ਼ਣਗੇ।