ਦੁਨੀਆਂ ਵਿੱਚ ੨੦੧੬ ਦਾ ਵਰ੍ਹਾਂ ਪੱਤਰਕਾਰੀ ਪੇਸ਼ੇ ਲਈ ਪਿਛਲੇ ਸਾਲਾਂ ਵਾਂਗ ਕਾਫੀ ਘਾਤਕ ਸਿੱਧ ਹੋਇਆ ਹੈ। ਨਿਊਯਾਰਕ ਸਥਿਤ ਪੱਤਰਕਾਰ ਸੁਰੱਖਿਆ ਕਮੇਟੀ ਦੀ ਤਾਜਾ ਰਿਪੋਰਟ ਅਨੁਸਾਰ ਇਸ ਵਰ੍ਹੇ ੪੮ ਪੱਤਰਕਾਰ ਮਾਰੇ ਗਏ ਹਨ। ਇੰਨਾਂ ਵਿੱਚ ੧੮ ਦਾ ਕਤਲ ਹੋਇਆ ਤੇ ੨੬ ਆਹਮੋ-ਸਾਹਮਣੇ ਗੋਲੀ ਵਿੱਚ ਮਾਰੇ ਗਏ। ਚਾਰ ਤਣਾਅ ਪੂਰਨ ਸਥਿਤੀ ਦੇ ਵਿਚਕਾਰ ਘਿਰੇ ਹੋਏ ਮਾਰੇ ਗਏ। ਇਸੇ ਤਰ੍ਹਾਂ ਇਸ ਸਾਲ ਭਾਰਤ ਜੋ ਪੱਤਰਕਾਰੀ ਦੇ ਖੇਤਰ ਲਈ ਇੱਕ ਖਤਰਨਾਕ ਸਥਾਨ ਮੰਨਿਆ ਗਿਆ ਹੈ, ਅੰਦਰ ਵੀ ਦੋ ਪੱਤਰਕਾਰ ਯੂ.ਪੀ. ਤੇ ਬਿਹਾਰ ਵਿੱਚ ਮਾਰੇ ਗਏ। ਇਸੇ ਤਰਾਂ ਸਭ ਤੋਂ ਵੱਧ ਪੱਤਰਕਾਰ ਸੀਰੀਆ ਦੀ ਲੜਾਈ ਵਿੱਚ ਅਫਗਾਨਿਸਤਾਨ ਵਿੱਚ ੪, ਸੋਮਾਲੀਆਂ ਵਿੱਚ ੩, ਲੀਥੀਆ ਵਿੱਚ ੩, ਪਾਕਿਸਤਾਨ, ਤੁਰਕੀ-ਮੈਕਸੀਕੋ ਵਿੱਚ ੨, ਬਰਾਜ਼ੀਲ, ਮੀਆਂਮਾਰ, ਗੀਨੀ ਤੇ ਯੂਕਰੇਨ ਵਿੱਚ ਇੱਕ ਇੱਕ ਪੱਤਰਕਾਰ ਮਾਰਿਆ ਗਿਆ ਹੈ।

ਇਸੇ ਤਰਾਂ ਪੱਤਰਕਾਰ ਸੁਰਖਿਆ ਕਮੇਟੀ ਦੇ ਦੱਸਣ ਮੁਤਾਬਕ ਸਾਲ ੨੦੧੬ ਵਿੱਚ ਸਭ ਤੋਂ ਵੱਧ ਪੱਤਰਕਾਰ ਜੇਲ ਬੰਦ ਕੀਤੇ ਗਏ ਹਨ। ਇੰਨਾ ਦਾ ਕੁੱਲ ਨੰਬਰ ੨੫੯ ਬਣਦਾ ਹੈ। ਜਿਸ ਵਿੱਚ ਸਭ ਤੋਂ ਜ਼ਿਆਦਾ ਪੱਤਰਕਾਰ ਜਿੰਨਾਂ ਦੀ ਗਿਣਤੀ ੮੧ ਹੈ ਤੁਰਕੀ ਦੇਸ਼ ਵਿੱਚ ਬੰਦ ਹਨ। ਇਸੇ ਤਰਾਂ ਸਭ ਤੋਂ ਵੱਧ ਪੱਤਰਕਾਰ ਜਿਵੇਂ ਕਿ ਚੀਨ ਵਿੱਚ ੩੮, ਮਿਸਰ ਵਿੱਚ ੨੫, ਐਰੀਟਰੀਆ ਵਿੱਚ ੧੭, ਈਥੋਪੀਆ ਵਿੱਚ ੧੬, ਈਰਾਨ ਵਿੱਚ ੮, ਵੀਅਤਨਾਮ ਵਿੱਚ ੮, ਸੀਰੀਆ ੭, ਬਹਿਰੀਨ ੭, ਸਾਊਦੀ ਅਰਬ ੬, ਰੂਸ ਨਾਲੋਂ ਟੁੱਟੇ ਦੋ ਮੁਲਕ ਅਜਰੇਬਾਇਜਾਨ ਅਤੇ ਉਜੇਬਿਕਸਤਾਨ ਵਿੱਚ ੫ ਪੱਤਰਕਾਰ ਨਜ਼ਰਬੰਦ ਹਨ।

ਪੱਤਰਕਾਰ ਸੁਰੱਖਿਆ ਕਮੇਟੀ ਜੋ ਕਿ ੧੯੯੨ ਵਿੱਚ ਹੋਂਦ ਵਿੱਚ ਆਈ ਸੀ ਦੇ ਦੱਸਣ ਮੁਤਾਬਕ ਅੱਜ ਤੱਕ ੧੨੨੮ ਪੱਤਰਕਾਰ ਦੋ ਤਰਫੀ ਜੰਗ ਵਿੱਚ ਮਾਰੇ ਗਏ ਹਨ। ਜਿੰਨਾਂ ਵਿੱਚ ੧੫੨ ਪੱਤਰਕਾਰ ਇੱਕਲੇ ਫੋਟੋਗਰਾਫੀ ਕਰਦੇ ਹੀ ਗੋਲਾਬਾਰੀ ਵਿੱਚ ਮਾਰੇ ਗਏ ਹਨ। ਜਿਹੜੇ ਅੱਜ ਸੰਸਾਰ ਦੇ ਸਭ ਤੋਂ ਖਤਰਨਾਕ ਦੇਸ਼ ਪੱਤਰਕਾਰਾਂ ਲਈ ਮੰਨੇ ਗਏ ਹਨ (ਪੱਤਰ ਸੁਰੱਖਿਆ ਕਮੇਟੀ ਅਨੁਸਾਰ) ਉਨਾਂ ਵਿੱਚ ਭਾਰਤ ਦਾ ਨਾਮ ਵੀ ਸ਼ਾਮਲ ਹੈ। ਮਾਰੇ ਜਾਣ ਦੀ ਗਿਣਤੀ ਅਨੁਸਾਰ ਪਿਛਲੇ ੨੪ ਸਾਲਾਂ ਦੌਰਾਨ ਸਭ ਤੋਂ ਵੱਧ ਪੱਤਰਕਾਰ ਇਰਾਕ ਦੀ ਖਾੜੀ ਜੰਗ, ਜਿੰਨਾਂ ਦੀ ਗਿਣਤੀ ੧੭੮ ਹੈ, ਹੁਣ ਤੱਕ ਮਾਰੇ ਜਾ ਚੁੱਕੇ ਹਨ। ਇਸ ਤੋਂ ਬਾਅਦ ਪਿਛਲੇ ਛੇ ਸਾਲਾਂ ਵਿੱਚ ਸੀਰੀਆ ਦੀ ਖਾਨਾ ਜੰਗੀ ਦੌਰਾਨ ੧੦੭ ਪੱਤਰਕਾਰ ਮਾਰੇ ਜਾ ਚੁੱਕੇ ਹਨ। ਇਸੇ ਤਰਾਂ ਕ੍ਰਮਵਾਰ ਵੱਖ-ਵੱਖ ਅੰਦਰੂਨੀ ਦੇਸ਼-ਵਿਆਪੀ ਲੜਾਈਆਂ ਵਿੱਚ ਮਾਰੇ ਗਏ ਪੱਤਰਕਾਰਾਂ ਦੀ ਗਿਣਤੀ ਹੈ – ਫਿਲੀਪੀਨ ੭੭, ਸੌਮਾਲੀਆ ੬੨, ਅਲਜ਼ੀਰੀਆਂ ਵਿੱਚ, ਪਾਕਿਸਤਾਨ ੫੯, ਰੂਸ ੫੬, ਕੋਲੰਬੀਆ ੪੭, ਭਾਰਤ ੪੦, ਬਰਾਜ਼ੀਲ ੩੯, ਮੈਕਸੀਕੋ ੩੭, ਅਫਗਾਨਿਸਤਾਨ ੩੧, ਭਾਰਤ ੪੦, ਬਰਾਜ਼ੀਲ ੩੯, ਮੈਕਸੀਕੋ ੩੭, ਅਫਗਾਨਿਸਤਾਨ ੩੧, ਤੁਰਕੀ ੨੫, ਬੰਗਲਾਦੇਸ਼ ੨੦, ਸ੍ਰੀਲੰਕਾ ੧੯, ਬੋਸਨੀਆਂ ੧੯, ਰੋਬਾਂਡਾਂ ੧੭, ਤਜਾਕਿਸਤਾਨ ੧੭, ਸੀਰਾ-ਲੀਓਨ ੧੬, ਇਜ਼ਰਾਈਲ ਵਿੱਚ ਵੀ ੧੬ ਪੱਤਰਕਾਰ ਹੁਣ ਤੱਕ ੨੪ ਸਾਲਾਂ ਵਿੱਚ ਮਾਰੇ ਜਾ ਚੁੱਕੇ ਹਨ।

ਇਸੇ ਤਰਾਂ ਪੱਤਰਕਾਰੀ ਦੇ ਪੇਸ਼ੇ ਨੂੰ ਹੋਰ ਦਰਪੇਸ਼ ਮੁਸ਼ਕਲਾਂ ਵਿੱਚ ਹੈ ਕਿ ਦੂਸਰੇ ਮੁਲਕਾਂ ਵਿੱਚ ਉਨਾਂ ਨੂੰ ਵੀ ਸ਼ਰਨਾਰਥੀ ਬਣਨਾ ਪੈ ਰਿਹਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ੪੫੨ ਪੱਤਰਕਾਰ ਵਿਦੇਸ਼ਾਂ ਵਿੱਚ ਸ਼ਰਨਾਰਥੀ ਬਣੇ ਬੈਠੇ ਹਨ। ਜਿਸ ਵਿੱਚੋਂ ਮੁੱਖ ਰੂਪ ਵਿੱਚ ਇੰਨਾਂ ਦਾ ਸਬੰਧ ਮੱਧ ਪੂਰਵੀ ਤੇ ਉਤਰੀ ਅਫਰੀਕੀ ਦੇਸ਼ਾਂ ਨਾਲ ਹੈ। ਭਾਰਤ ਭਾਵੇਂ ਪੱਤਰਕਾਰੀ ਦੇ ਸਬੰਧ ਵਿੱਚ ਇੱਕ ਨਿਰਪੱਖ, ਖੋਜੀ ਤੇ ਮੁਹਿੰਮਕਾਰੀ ਦੇ ਵਜੋਂ ਜਾਣਿਆ ਜਾਂਦਾ ਹੈ ਪਰ ਇਥੇ ਅੱਜ ਦੇ ਹਾਲਾਤਾਂ ਅਨੁਸਾਰ ਅਜ਼ਾਦ ਪੱਤਰਕਾਰੀ ਕਰਨੀ, ਕਹਿਣ ਦੀਆਂ ਹੀ ਗੱਲਾਂ ਹਨ। ਇਥੇ ਨਾਮੀ ਤੇ ਮਸ਼ਹੂਰ ਲੇਖਕਾ ਅਰੁਣਾਦਿੱਤੀ ਰਾਏ ਜਿਸ ਨੂੰ ਦੁਨੀਆਂ ਦੇ ਵੱਖ ਵੱਖ ਖੇਤਰਾਂ ਵਿੱਚ ਲੇਖਕਾਂ ਵਜੋਂ ਸਨਮਾਨਿਆ ਗਿਆ ਹੈ, ਉਤੇ ਵੀ ਇੱਕ ਖੁੱਲਾ ਲੇਖ ਲਿਖਣ ਕਾਰਨ ਦੇਸ਼ ਧ੍ਰੋਹ ਦੇ ਮਾਮਲੇ ਦਾ ਸਾਹਮਣਾ ਕਰਨਾ ਪਿਆ। ਭਾਰਤ ਤੇ ਬਹੁਤੇ ਅਖਬਾਰ ਤੇ ਟੈਲੀਵੀਜਨ ਮੁੱਖ ਰੂਪ ਵਿੱਚ ਆਪਣੀਆਂ ਰਿਪੋਰਟਾਂ ਦੌਰਾਨ ਆਪਣੇ ਆਰਥਿਕ ਹਿਤਾਂ ਨੂੰ ਵਧੇਰੇ ਤਰਜ਼ੀਹ ਦਿੰਦੇ ਹਨ ਤੇ ਆਪਣੇ ਸਿਆਸੀ ਅਹਿਲਕਾਰਾਂ ਨੂੰ ਵੀ ਅੱਖੋਂ ਪਰੋਖੇ ਕਰਨ ਤੋਂ ਗੁਰੇਜ਼ ਕਰਦੇ ਹਨ। ਇਹ ਦੁਨੀਆਂ ਦੇ ਪੱਤਰਕਾਰ ਹੀ ਹਨ ਜਿੰਨਾ ਬਦੌਲਤ ਅੱਜ ਦੁਨੀਆਂ ਦੀਆਂ ਤਾਕਤਾਂ ਨੂੰ ਜਾਗਣਾ ਪਿਆ ਹੈ ਤੇ ਇੱਕ ਧਿਰ ਹੋ ਕਿ ਪਿਛਲੇ ਛੇ ਸਾਲਾਂ ਤੋਂ ਚਲੀ ਆ ਰਹੀ ਸ਼ੀਰੀਆ ਦੀ ਖਾਨਾਜੰਗੀ (੩੦ ਦਸੰਬਰ), ਅੱਜ ਦੇ ਦਿਨ ਤੋਂ ਪੂਰੇ ਮੁਲਕ ਵਿੱਚ ਸਾਂਤੀ ਬਣਾਈ ਰੱਖਣ ਲਈ ਸਾਰੀਆਂ ਲੜ ਰਹੀਆਂ ਧਿਰਾਂ ਵੱਲੋਂ ਸਹਿਮਤੀ ਬਣਾਈ ਗਈ ਹੈ। ਇਹ ਪੱਤਰਕਾਰ ਹੀ ਹਨ ਜੋ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਦੁਨੀਆਂ ਦੀਆਂ ਅੱਖਾਂ ਤੇ ਕੰਨ ਬਣਦੇ ਹਨ ਤਾਂ ਜੋ ਦੁਨੀਆਂ ਵਿੱਚ ਵਾਪਰ ਰਹੇ ਭਿਆਨਕ ਤੇ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਬਾਰੇ ਦੁਨੀਆਂ ਨੂੰ ਜਾਣਕਾਰੀ ਮਿਲ ਸਕੇ। ਇਸ ਕਰਕੇ ਇਹ ਵਰ੍ਹਾਂ (ਸਾਲ) ਮੁੱਖ ਰੂਪ ਵਿੱਚ ਪੱਤਰਕਾਰੀ ਨੂੰ ਹੀ ਸਮਰਪਤ ਚਾਹੀਦਾ ਹੈ।