ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਨੂੰ ਮਨਾਉਂਦਿਆਂ ਭਾਰਤ ਸਰਕਾਰ ਨੇ ਪਿਛਲੇ ਦਿਨੀ ਖਬਰ ਨਸ਼ਰ ਕੀਤੀ ਹੈ ਕਿ ਉਹ ਭਾਰਤ ਦੀਆਂ ਜੇਲ੍ਹਾਂ ਵਿੱਚ ਬਹੁਤ ਲੰਬੇ ਸਮੇਂ ਤੋਂ ਬੰਦ ਸਿੰਘਾਂ ਦੀ ਰਿਹਾਈ ਤੇ ਵਿਚਾਰ ਕਰ ਰਹੀ ਹੈੈ। ਭਾਰਤ ਸਰਕਾਰ ਦੀ ਗ੍ਰਹਿ ਵਜ਼ਾਰਤ ਵੱਲੋਂ ਜਾਰੀ ਇੱਕ ਬਿਆਨ ਵਿੱਚ ਆਖਿਆ ਗਿਆ ਹੈ ਕਿ ਸਰਕਾਰ 8 ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਕਰ ਚੁੱਕੀ ਹੈ ਅਤੇ ਇੱਕ ਫਾਂਸੀ ਦੀ ਸਜ਼ਾਯਾਫਤਾ ਸਿੰਘ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਣ ਦਾ ਐਲਾਨ ਵੀ ਕਰ ਦਿੱਤਾ ਹੈੈ।

ਬੇਸ਼ੱਕ ਮੀਡੀਆ ਨੇ ਭਾਰਤ ਸਰਕਾਰ ਦੇ ਹਵਾਲੇ ਨਾਲ ਇਹ ਖਬਰ ਪਰਕਾਸ਼ਿਤ ਕੀਤੀ ਹੈ ਪਰ ਇਸਤੋਂ ਬਾਅਦ ਹਾਲੇ ਤੱਕ ਇਹ ਪਤਾ ਨਹੀ ਚੱਲ ਸਕਿਆ ਕਿ ਭਾਰਤ ਸਰਕਾਰ ਉਨ੍ਹਾਂ ਕਿਹੜੇ 8 ਸਿੰਘਾਂ ਦੀ ਰਿਹਾਈ ਕਰਨ ਜਾ ਰਹੀ ਹੈ। ਵੱਖ ਵੱਖ ਅਖਬਾਰਾਂ ਅਤੇ ਟੀ.ਵੀ. ਚੈਨਲਾਂ ਨੇ ਆਪਣੇ ਅੰਦਾਜ਼ੇ ਅਨੁਸਾਰ ਹੀ 8 ਸਿੰਘਾਂ ਦੇ ਨਾਅ ਜਾਰੀ ਕਰ ਦਿੱਤੇ ਹਨ, ਜੋ ਕਿ ਸਪਸ਼ਟ ਨਹੀ ਹਨ। ਇਨ੍ਹਾਂ ਵਿੱਚੋਂ ਕੁਝ ਸਿੰਘ ਤਾਂ ਪਹਿਲਾਂ ਹੀ ਰਿਹਾ ਹੋ ਗਏ ਆਖੇ ਜਾਂਦੇ ਹਨ।

ਜੇ ਕਰ ਭਾਰਤ ਸਰਕਾਰ ਨੇ ਸਿਧਾਂਤਕ ਤੌਰ ਤੇ ਇਹ ਫੈਸਲਾ ਲੈ ਲਿਆ ਹੈ ਕਿ ਉਹ ਗੁਰੂ ਬਾਬਾ ਜੀ ਦੇ ਪਰਕਾਸ਼ ਪੁਰਬ ਤੇ ਕੁਝ ਬੰਦੀ ਸਿੰਘਾਂ ਨੂੰ ਰਿਹਾ ਕਰ ਰਹੀ ਹੈ ਤਾਂ ਅਸੀਂ ਇਸਦਾ ਸਵਾਗਤ ਕਰਦੇ ਹਾਂ। ਅਸੀਂ ਮਹਿਸੂਸ ਕਰਦੇ ਹਾਂ ਕਿ ਭਾਰਤ ਸਰਕਾਰ ਨੇ ਇਹ ਫੈਸਲਾ ਬਹੁਤ ਦੇਰ ਨਾਲ ਲਿਆ ਹੈ ਪਰ ਦਰੁਸਤ ਫੈਸਲਾ ਹੈੈ।

ਜੂਨ 1984 ਵਿੱਚ ਸਮੇਂ ਦੀ ਭਾਰਤੀ ਹਕੂਮਤ ਵੱਲੋਂ ਖਾਲਸਾ ਪੰਥ ਦੀ ਗੈਰਤ ਤੇ ਕੀਤੇ ਗਏ ਘਿਨਾਉਣੇ ਹਮਲੇ ਤੋਂ ਬਾਅਦ, ਖਾਲਸਾ ਜੀ ਦੇ ਇੱਕ ਵੱਡੇ ਹਿੱਸੇ ਨੇ ਆਪਣੇ ਆਪਣੇ ਢੰਗ ਨਾਲ ਵਿਰੋਧ ਪਰਗਟ ਕੀਤਾ। ਕੁਝ ਲੋਕ ਉਸ ਭਿਆਨਕ ਹਮਲੇ ਵਿੱਚੋਂ ਵੀ ਵੋਟਾਂ ਭਾਲਣ ਲੱਗੇ ਪਰ ਅਣਖ ਅਤੇ ਗੈਰਤ ਵਾਲੇ ਸਿੰਘ ਆਪਣੇ ਇਤਿਹਾਸ ਦੇ ਰਸਤੇ ਪੈ ਗਏ ਅਤੇ ਉਨ੍ਹਾਂ ਉਸ ਹਮਲੇ ਦਾ ਟਾਕਰਾ ਖਾਲਸਾ ਪੰਥ ਦੀਆਂ ਰਵਾਇਤਾਂ ਅਨੁਸਾਰ ਕਰਨ ਦਾ ਫੈਸਲਾ ਲੈ ਲਿਆ।

ਆਪਣੀ ਆਤਮਾ ਦੀ ਅਵਾਜ਼ ਨਾਲ ਤੁਰਦੇ ਹੋਏ ਉਹ ਆਪਣੇ ਰੋਹ ਦਾ ਪਰਗਟਾਵਾ ਕਰਦੇ ਰਹੇ। ਲਗਭਗ 10 ਸਾਲ ਚੱਲੀ ਉਸ ਭਿਆਨਕ ਜੰਗ ਵਿੱਚ ਬਹੁਤ ਸਾਰੇ ਗੁਰੂ ਪਿਆਰੇ ਸ਼ਹਾਦਤਾਂ ਪ੍ਰਾਪਤ ਕਰ ਗਏ ਅਤੇ ਬਹੁਤ ਸਾਰੇ ਗ੍ਰਿਫਤਾਰ ਕਰ ਲਏ ਗਏ।

ਵਰਤਮਾਨ ਸਮੇਂ ਜਿਹੜੇ ਸਿੰਘ ਜੇਲ੍ਹਾਂ ਵਿੱਚ ਹਨ ਉਹ ਉਨ੍ਹਾਂ ਗ੍ਰਿਫਤਾਰ ਹੋਏ ਸਿੰਘਾਂ ਵਿੱਚੋਂ ਹਨ ਜਿਹੜੇ ਆਪਣੇ ਗੁਰੂ ਨੂੰ ਨਤਮਸਤਕ ਹੋਏ ਅਤੇ ਪੰਥ ਪਿਆਰੇ ਤੇ ਪਈਆਂ ਭੀੜਾਂ ਵੇਲੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਅੱਗੇ ਵਧਦੇ ਰਹੇ। ਇਹ ਸਿੰਘ ਬਹੁਤ ਦੇਰ ਤੋਂ ਜੇਲ੍ਹਾਂ ਵਿੱਚ ਹਨ। ਇਹ ਕੋਈ ਸਮਾਜਕ ਅਪਰਾਧੀ ਨਹੀ ਹਨ ਬਲਕਿ ਆਪਣੇ ਗੁਰੂ ਦੇ ਰੰਗ ਵਿੱਚ ਰੰਗੇ ਹੋਏ ਹਨ। ਇਨ੍ਹਾਂ ਦੀ ਪਹਿਲੀ ਵਫਾਦਾਰੀ ਆਪਣੇ ਪੰਜਾਬ ਅਤੇ ਪੰਥ ਨਾਲ ਹੈੈ।

ਹੁਣ ਜਦੋਂ ਉਸ ਘਲੂਘਾਰੇ ਨੂੰ ਬੀਤਿਆਂ ਬਹੁਤ ਦੇਰ ਹੋ ਚੁੱਕੀ ਹੈ ਤਾਂ ਜਿੰਮੇਵਾਰ ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸਿੱਖ ਕੌਮ ਦੀ ਮਾਨਸਿਕਤਾ ਤੇ ਲੱਗੇ ਅਤੀਤ ਦੇ ਜ਼ਖਮਾਂ ਨੂੰ ਭਰਨ ਦੇ ਯਤਨ ਕਰਨ ਅਤੇ ਕੁਝ ਅਜਿਹੀਆਂ ਪਹਿਲ- ਕਦਮੀਆਂ ਕਰਨ ਜਿਨ੍ਹਾਂ ਨਾਲ ਸਿੱਖਾਂ ਵਿੱਚੋਂ ਬੇਗਾਨਗੀ ਦੀ ਭਾਵਨਾ ਖਤਮ ਹੋ ਸਕੇ। ਹੁਣ ਤੱਕ ਵਾਰ ਵਾਰ ਸਿੱਖਾਂ ਨੂੰ ਕਦਮ-ਕਦਮ ਤੇ ਇਹ ਹੀ ਜਤਾਇਆ ਜਾਂਦਾ ਸੁੀ ਕਿ ਅਸੀਂ ਤੁਹਾਡੀ ਕੋਈ ਪਰਵਾਹ ਨਹੀ ਕਰਦੇ ਅਤੇ ਅਸੀਂ ਤਾਂ ਉਵੇਂ ਹੀ ਚੱਲਾਂਗੇ ਜਿਵੇਂ ਇੰਦਰਾ ਗਾਂਧੀ ਚੱਲਦੀ ਸੀ।

ਪਰ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਕੀਤੇ ਗਏ ਇਸ ਐਲਾਨ ਨੇ ਕਿਸੇ ਹੱਦ ਤੱਕ ਇਹ ਪਰਭਾਵ ਦੇਣ ਦਾ ਯਤਨ ਕੀਤਾ ਹੈ ਕਿ ਉਹ ਦਹਾਕਿਆਂ ਦੀ ਦੁਸ਼ਮਣੀ ਤੋਂ ਬਾਅਦ ਸਿੱਖਾਂ ਨਾਲ ਇੱਕ ਚੰਗਾ ਰਿਸ਼ਤਾ ਗੰਢਣਾਂ ਚਾਹੰੁਦੀ ਹੈੈ। ਗੁਰੂ ਨਾਨਕ ਸਾਹਿਬ ਜੀ ਦਾ ਪਰਕਾਸ਼ ਪੁਰਬ ਅਜਿਹਾ ਨਵਾਂ ਰਿਸ਼ਤਾ ਗੰਢਣ ਲਈ ਸਭ ਤੋਂ ਢੁਕਵਾਂ ਸਮਾਂ ਹੈੈ। ਅਸੀਂ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਜੋਰਦਾਰ ਸਵਾਗਤ ਕਰਦੇ ਹਾਂ ਅਤੇ ਅਪੀਲ ਕਰਦੇ ਹਾਂ ਕਿ ਉਹ ਬਾਕੀ ਦੇ ਬੰਦੀ ਸਿੰਘਾਂ ਦੀ ਰਿਹਾਈ ਤੇ ਵੀ ਵਿਚਾਰ ਕਰੇ ਤਾਂ ਕਿ ਸਾਰੇ ਸਿੰਘ ਜਿਨ੍ਹਾਂ ਸਮੇਂ ਦੀਆਂ ਸਰਕਾਰਾਂ ਦੇ ਕਸ਼ਟ ਭੋਗੇ ਹੁਣ ਆਪਣੇ ਘਰਾਂ ਨੂੰ ਪਰਤ ਸਕਣ।

ਇਸ ਸਬੰਧ ਵਿੱਚ ਅਸੀਂ ਹਰ ਉਸ ਪੰਥ ਦਰਦੀ ਅਤੇ ਪੰਜਾਬ ਦਰਦੀ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਮੇਂ ਸਮੇਂ ਤੇ ਆਪਣੇ ਵਿੱਚ ਅਨੁਸਾਰ, ਇਮਾਨਦਾਰੀ ਨਾਲ ਸਿੰਘਾਂ ਦੀ ਰਿਹਾਈ ਲਈ ਯਤਨ ਕੀਤੇ। ਉਮੀਦ ਕਰਦੇ ਹਾਂ ਕਿ ਹਰ ਸੱਚੇ ਪੰਥ ਦਰਦੀ ਦੀਆਂ ਅਰਦਾਸਾਂ ਨਾਲ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘ ਆਪਣੇ ਘਰ ਪਰਤ ਸਕਣਗੇ।