ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਉ ਅੰਬੇਦਕਰ ਨੇ ਇੱਕ ਵਾਰ ਕਿਹਾ ਸੀ ਕਿ ਭਾਵੇਂ ਅਸੀਂ ਜ਼ਮਹੂਰੀਅਤ ਦਾ ਸੰਵਿਧਾਨ ਲਿਖ ਰਹੇ ਹਾਂ, ਇਸ ਨਾਲ ਧਰਾਤਲ ਤੇ ਤਾਂ ਜਰੂਰ ਭਾਰਤ ਇੱਕ ਵੱਡੀ ਜ਼ਮਹੂਰੀਅਤ ਜਾਪ ਰਿਹਾ ਹੈ ਪਰ ਧਰਾਤਲ ਤੋਂ ਹੇਠਾਂ ਜੇ ਘੋਖ ਕੀਤੀ ਜਾਵੇ ਤਾਂ ਇਹ ਇੱਕ ਬਹੁਤ ਵੱਡਾ ਭਰਮ ਹੈ ਅਤੇ ਭਾਰਤ ਬੁਨਿਆਦੀ ਤੌਰ ਤੇ ਜ਼ਮਹੂਰੀਅਤ ਤੋਂ ਕੋਰਾ ਦੇਸ਼ ਹੈ ਜਿੱਥੇ ਹਜ਼ਾਰਾਂ ਸਾਲਾਂ ਤੋਂ ਜਾਤ-ਪਾਤ ਦੇ ਅਧਾਰ ਤੇ ਬੰਦੇ ਦੀ ਪਛਾਣ ਕੀਤੀ ਜਾਂਦੀ ਹੈ। ਅੱਜ ਸ਼ਾਹੀਂਨ ਬਾਗ ਦੇ ਵਿੱਚ ਔਰਤਾਂ ਵੱਲੋਂ ਲਾਏ ਗਏ ਮੋਰਚੇ ਨੂੰ ੪੯ ਦਿਨ ਹੋ ਚੱਲੇ ਹਨ। ਜਿਸ ਵਿੱਚ ਬਜ਼ੁਰਗ ਔਰਤਾਂ ਤੋਂ ਲੈ ਕੇ ਨੌਜਵਾਨ ਵਿਦਿਆਰਥੀ ਕੁੜੀਆਂ ਅਤੇ ਇਥੋਂ ਤੱਕ ਕੇ ਬੱਚਿਆਂ ਨੂੰ ਕੁਛੜ ਚੁੱਕ ਕੇ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹਨ। ਇੰਨਾਂ ਦੀ ਮੁੱਖ ਮੰਗ ਭਾਰਤ ਦੀ ਪਾਰਲੀਮੈਂਟ ਵੱਲੋਂ ਭਾਜਪਾ ਤੇ ਮੌਜੂਦਾ ਰਾਜਸੱਤਾ ਵਿੱਚ ਬਹੁਮੱਤ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜੋ ਨਾਗਰਿਕਤਾ ਸੋਧ ਬਿੱਲ ਨੂੰ ਭਾਰਤ ਅੰਦਰ ਲਾਗੂ ਕਰਨ ਦਾ ਫੁਰਮਾਨ ਜਾਰੀ ਕੀਤਾ ਹੈ, ਦਾ ਵਿਰੋਧ ਕਰਨਾ ਹੈ। ਜਦੋਂ ਪ੍ਰਧਾਨ ਨਰਿੰਦਰ ਮੋਦੀ ਤੋਂ ਪਹਿਲਾਂ ਦੀ ਸਰਕਾਰ ਸੀ ਤਾਂ ਉਸ ਵੇਲੇ ਦੁਨੀਆਂ ਦੇ ਮਸ਼ਹੂਰ ਮੈਗਜ਼ੀਨ ‘ਠਹe ਓਚੋਨੋਮਸਿਟ’ ਨੇ ਟਿੱਪਣੀ ਕੀਤੀ ਸੀ ਕਿ ਭਾਰਤ ਛੇਤੀ ਹੀ ਚੀਨ ਤੋਂ ਤਰੱਕੀ ਵਿੱਚ ਅੱਗੇ ਨਿਕਲ ਜਾਵੇਗਾ। ਜਦਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਸਰਕਾਰ ਸ਼ੁਰੂ ਹੋਣ ਵੇਲੇ ਇਹ ਟਿੱਪਣੀ ਕੀਤੀ ਸੀ ਕਿ ਸਾਨੂੰ ਖਦਸ਼ਾ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਦੇਸ਼ ਨੂੰ ਬਚਾਆ ਸਕੇਗਾ ਜਾਂ ਤੋੜਨ ਦੇ ਕੰਢੇ ਲੈ ਜਾਵੇਗਾ। ਇਸੇ ਤਰ੍ਹਾਂ ਹੁਣ ਪਏ ਤਾਜਾ ਅੰਕ ਵਿੱਚ ਇਸੇ ਮੈਗਜ਼ੀਨ ਨੇ ਮੁੱਖ ਰੂਪ ਵਿੱਚ ਕਿਹਾ ਹੈ ਕਿ ਭਾਰਤ ਇਸ ਨਾਗਰਿਕਤਾ ਕਾਨੂਨ ਕਰਕੇ ਇੱਕ ਨਫਰਤ ਵਾਲਾ ਅਤੇ ਗੈਰ-ਜ਼ਮਹੂਰੀਅਤ ਵਾਲਾ ਮੁਲਕ ਬਣ ਰਿਹਾ ਹੈ। ਸ਼ਹੀਨ ਬਾਗ ਦਿੱਲੀ ਵਾਂਗ ਪਟਨਾ ਦਾ ਸਬਜੀ ਬਾਗ, ਕਲਕੱਤਾ ਦੀ ਪਾਰਕ ਸਰਕਸ ਅਤੇ ਹੋਰ ਬਹੁਤ ਥਾਵਾਂ ਜਿਵੇਂ ਕਿ ਮੁੰਬਈ ਵਿੱਚ ਵਿਦਿਆਰਥੀਆਂ ਦਾ ਇਕੱਠ ਇਹ ਜ਼ਾਹਰ ਕਰ ਰਿਹਾ ਹੈ ਕਿ ਅੱਜ ਭਾਰਤ ਅੰਦਰ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਜੋਰਦਾਰ ਅਵਾਜ਼ ਉੱਠੀ ਹੈ ਜਿਸਦੀ ਬਾਗਡੋਰ ਚੰਗੇ ਕਾਲਜਾਂ ਦੀਆਂ ਵਿਦਿਆਰਥੀ ਕੁੜੀਆਂ ਤੇ ਭਾਰਤ ਦੀਆਂ ਆਮ ਨਾਗਰਿਕ ਔਰਤਾਂ ਨੇ ਅੱਗੇ ਲੱਗ ਕੇ ਚੁੱਕੀ ਹੈ। ਇਸ ਸੰਘਰਸ਼ ਨੂੰ ਕਈ ਫਿਲਮੀ ਹਸਤੀਆਂ ਨੇ ਵੀ ਹਮਾਇਤ ਕੀਤੀ ਹੈ ਜਿੰਨ੍ਹਾਂ ਵਿੱਚ ਕਈ ਨਾਮੀ ਫਿਲਮ ਸਿਤਾਰੇ, ਅਭਿਨੇਤਰੀਆਂ ਅਤੇ ਨਾਮੀ ਫਿਲਮੀ ਨਿਰਮਾਤਮਾਂ ਨੇ ਆਪਣੀ ਸ਼ਾਮੂਲੀਅਤ ਇੰਨਾਂ ਇੱਕਠ ਵਿੱਚ ਕਰ ਕੇ ਆਪਣੀ ਹਮਾਇਤ ਦਾ ਐਲਾਨ ਕੀਤਾ ਹੈ। ਇਸ ਸੰਘਰਸ਼ ਦਾ ਮੁੱਢ ਭਾਰਤ ਦੇ ਤਿੰਨ ਨਾਮੀ ਵਿਸ਼ਵਵਿਦਿਆਲਿਆਂ ਤੋਂ ਚੱਲਿਆ ਸੀ। ਜਿਸ ਨੂੰ ਦਬਾਉਣ ਲਈ ਸਰਕਾਰ ਨੇ ਆਪਣੀ ਪੁਲੀਸ ਦੀ ਵਰਤੋਂ ਕੀਤੀ। ਇਥੋਂ ਤੱਕ ਕੇ ਰਾਤ ਦੇ ਹਨੇਰੇ ਵਿੱਚ ਨਕਾਬਪੋਸ਼ ਗੁੰਡਿਆਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਦਾਖਲ ਹੋ ਕੇ ਵਿਦਿਆਰਥੀਆਂ ਅਤੇ ਉਥੋਂ ਦੇ ਪ੍ਰੋਫੈਸਰਾਂ ਨੂੰ ਵੀ ਆਪਣੇ ਅੱਤਿਆਚਾਰ ਦਾ ਸ਼ਿਕਾਰ ਬਣਾਇਆ ਤੇ ਉਥੇ ਖੁਲੇ ਆਮ ਭੰਨਤੋੜ ਕੀਤੀ। ਇਸੇ ਤਰ੍ਹਾਂ ਦਾ ਵਰਤਾਰਾ ਪੁਲੀਸ ਵੱਲੋਂ ਵੀ ਦੋ ਹੋਰ ਨਾਮੀਂ ਵਿਸ਼ਵਵਿਦਿਆਲਿਆਂ ਵਿੱਚ ਕੀਤਾ ਗਿਆ ਤੇ ਅਨੇਕਾਂ ਵਿਦਿਆਰਥੀ, ਵਿਦਿਆਰਣਾਂ ਤੇ ਇਸ ਸੰਘਰਸ਼ ਵਿੱਚ ਮੋਹਰੀ ਭਾਗ ਨਿਭਾਉਣ ਕਰਕੇ ਦੇਸ਼ ਧ੍ਰੋਹ ਦੇ ਮਾਮਲੇ ਦਰਜ ਕੀਤੇ ਗਏ ਹਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਟੂਡੈਟਸ ਯੂਨੀਵਰਸਿਟੀ ਦੀ ਪ੍ਰਧਾਨ ਆਇਸ਼ੀ ਘੋਸ਼ ਦੇ ਵੀ ਸੱਟਾਂ ਮਾਰੀਆਂ ਗਈਆਂ ਅਤੇ ਅੱਜ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਸਗੋਂ ਆਇਸ਼ੀ ਘੋਸ਼ ਤੇ ਹੀ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇਤਿਹਾਸ ਦੇ ਵਿਦਿਆਰਥੀ ਸ਼ਰਜੀਲ ਇਮਾਮ ਜੋ ਸਕਾਲਰ ਵੀ ਹੈ, ਉਤੇ ਵੀ ਸ਼ਾਹੀਨ ਬਾਗ ਵਿਖੇ ਭਾਸ਼ਨ ਦੇਣ ਕਰਕੇ ਕਈ ਸੂਬਿਆਂ ਵਿੱਚ ਉਸਦੇ ਖਿਲਾਫ ਦੇਸ਼ ਧ੍ਰੋਹੀ ਦੇ ਮੁਕੱਦਮੇ ਦਾਇਰ ਕੀਤੇ ਗਏ ਹਨ ਅਤੇ ਉਸਦੇ ਕੀਤੇ ਆਤਮ ਸਮਰਪਣ ਨੂੰ ਵੀ ਪੁਲੀਸ ਨੇ ਨਕਾਰ ਦਿੱਤਾ ਹੈ। ਸ਼ਾਹੀਨ ਬਾਗ ਤੋਂ ਉਠੀ ਅਵਾਜ਼ ਹੌਲੀ ਹੌਲੀ ਪੰਜਾਬ ਵਿੱਚ ਸੁਲਗਣ ਲੱਗੀ ਹੈ ਜਿਸਦਾ ਮੁੱਖ ਕੇਂਦਰ ਮਲੇਰਕੋਟਲਾ ਦਾ ਇੱਕ ਬਾਗ ਬਣ ਰਿਹਾ ਹੈ ਅਤੇ ਇਸ ਵਿੱਚ ਕਈ ਜ਼ਮਹੂਰੀ ਪਸੰਦ ਸੰਗਠਨ ਸ਼ਾਮਿਲ ਹੋ ਰਹੇ ਹਨ। ਇਸ ਨਾਗਰਿਕਤਾ ਸੋਧ ਬਿੱਲ ਦਾ ਭਾਵੇਂ ਅੱਜ ਅਸਰ ਮੁਸਲਮਾਨਾਂ ਤੇ ਹੀ ਹੈ ਪਰ ਕੱਲ ਨੂੰ ਇਹ ਹਿਟਲਰ ਦੀ ਜਰਮਨੀ ਵਾਂਗ ਬਾਕੀ ਘੱਟ ਗਿਣਤੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਵੇਗਾ। ਪਰ ਅਫਸੋਸ ਹੈ ਕਿ ਸਦਾ ਵਾਂਗ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਆਖਣ ਵਾਲੀ ਸ਼੍ਰੋਮਣੀ ਅਕਾਲੀ ਦਲ ਹਿੱਕ ਠੋਕ ਕੇ ਨਾਗਰਿਕਤਾ ਸੋਧ ਬਿੱਲ ਦੀ ਹਮਾਇਤ ਕਰ ਰਹੀ ਹੈ ਅਤੇ ਭਾਰਤੀ ਜਨਤਾ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਇਹ ਤਾਂ ਹੀ ਸੰਭਵ ਹੈ ਕਿ ਸਿੱਖਾਂ ਵਿੱਚ ਪੰਥਕ ਧਿਰਾਂ ਦਾ ਅਧਾਰ ਖਤਮ ਹੋ ਰਿਹਾ ਹੈ।